ਓਲੰਪਿਕ ਲਈ ਭਾਰਤੀ ਟੇਬਲ ਟੈਨਿਸ ਦਲ ’ਚ 6 ਖਿਡਾਰੀਆਂ ਤੇ 9 ਸਹਿਯੋਗੀ ਸਟਾਫ ਮੈਂਬਰ

Monday, Jul 15, 2024 - 07:37 PM (IST)

ਓਲੰਪਿਕ ਲਈ ਭਾਰਤੀ ਟੇਬਲ ਟੈਨਿਸ ਦਲ ’ਚ 6 ਖਿਡਾਰੀਆਂ ਤੇ 9 ਸਹਿਯੋਗੀ ਸਟਾਫ ਮੈਂਬਰ

ਨਵੀਂ ਦਿੱਲੀ, (ਭਾਸ਼ਾ)–ਜਰਮਨੀ ਦੇ ਸਾਰਬ੍ਰੇਕਨ ਵਿਚ ਪੈਰਿਸ ਓਲੰਪਿਕ ਦੀਆਂ ਤਿਆਰੀਆਂ ਵਿਚ ਰੁੱਝੀ ਭਾਰਤੀ ਟੇਬਲ ਟੈਨਿਸ ਟੀਮ ਵਿਚ ਖਿਡਾਰੀਆਂ ਤੋਂ ਜ਼ਿਆਦਾ ਗਿਣਤੀ ਸਹਿਯੋਗੀ ਸਟਾਫ ਦੀ ਹੈ। ਓਲੰਪਿਕ ਤੋਂ ਪਹਿਲਾਂ ਤੀਜੀ ਵਾਰ ਭਾਰਤ ਦੇ ਮੁੱਖ ਕੋਚ ਦੇ ਤੌਰ ’ਤੇ ਪਰਤੇ ਇਟਲੀ ਦੇ ਮਾਸਸਿਮੋ ਕੋਂਸਟੇਂਟਿਨੀ ਦੇ ਨਾਲ ਰਾਸ਼ਟਰੀ ਕੋਚ ਦੇ ਤੌਰ ’ਤੇ ਸਾਬਕਾ ਖਿਡਾਰੀ ਸੌਰਭ ਚਕਰਵਰਤੀ ਹੈ। ਇਸ ਤੋਂ ਇਲਾਵਾ ਸਰਕਾਰ ਨੇ ਟੀਮ ਦੇ ਦ ਨਾਲ ਜਾਣ ਲਈ 4 ਨਿੱਜੀ ਕੋਚਾਂ ਨੂੰ ਮਨਜ਼ੂਰੀ ਦਿੱਤੀ ਹੈ ਕਿਉਂਕਿ ਮਹਿਲਾ ਟੀਮ ਦੀਆਂ ਤਿੰਨੇ ਮੈਂਬਰਾਂ ਨਿੱਜੀ ਕੋਚ ਲਿਜਾਣਾ ਚਾਹੁੰਦੀਆਂ ਹਨ।

9 ਮੈਂਬਰੀ ਸਹਿਯੋਗੀ ਸਟਾਫ ਵਿਚ 2 ਮਾਲਸ਼ੀਏ ਤੇ ਇਕ ਫਿਜ਼ੀਓ ਵੀ ਹੈ ਜਦਕਿ 6 ਖਿਡਾਰੀ (3 ਮਹਿਲਾ ਤੇ 3 ਪੁਰਸ਼) ਟੀਮ ਵਿਚ ਹਨ। ਸਟਾਰ ਖਿਡਾਰਨ ਮਣਿਕਾ ਬੱਤਰਾ, ਸ਼੍ਰੀਜਾ ਅਕੁਲਾ ਤੇ ਅਰਚਨਾ ਕਾਮਥ ਆਪਣੇ ਨਿੱਜੀ ਕੋਚ ਲੈ ਕੇ ਜਾਣਗੀਆਂ। 3 ਮੈਂਬਰੀ ਪੁਰਸ਼ ਟੀਮ ਵਿਚ ਭਾਰਤ ਦੇ ਝੰਡਾਬਰਦਾਰ ਅਚੰਤਾ ਸ਼ਰਤ ਕਮਲ ਦੇ ਨਾਲ ਉਸਦੇ ਕੋਚ ਕ੍ਰਿਸ ਪੇਈਫੇਰ ਹੋਣਗੇ। ਹਰਮੀਤ ਦੇਸਾਈ ਤੇ ਮਾਨਵ ਠੱਕਰ ਵੀ ਟੀਮ ਵਿਚ ਹਨ।

ਵੈਸੇ ਨਿੱਜੀ ਕੋਚਾਂ ਨੂੰ ਮੁਕਾਬਲੇਬਾਜ਼ੀ ਸਥਾਨ ’ਤੇ ਜਾਣ ਦੀ ਮਨਜ਼ੂਰੀ ਨਹੀਂ ਹੋਵੇਗੀ ਤੇ ਨਾ ਹੀ ਉਹ ਖੇਡ ਪਿੰਡ ਵਿਚ ਰਹਿ ਸਕਣਗੇ। ਟੋਕੀਓ ਓਲੰਪਿਕ 2021 ਵਿਚ ਭਾਰਤੀ ਟੇਬਲ ਟੈਨਿਸ ਟੀਮ ਵਿਵਾਦ ਵਿਚ ਘਿਰ ਗਈ ਸੀ ਜਦੋਂ ਮਣਿਕਾ ਨੇ ਰਾਸ਼ਟੀਰ ਕੋਚ ਸੌਮਯਦੀਪ ਰਾਏ ਤੋਂ ਮਦਦ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਬਾਅਦ ਵਿਚ ਉਸ ’ਤੇ ਮੈਚ ਫਿਕਸਿੰਗ ਦਾ ਦੋਸ਼ ਵੀ ਲਾਇਆ। ਪੈਰਿਸ ਓਲੰਪਿਕ ਤੋਂ ਪਹਿਲਾਂ ਸਾਰੇ ਨਿੱਜੀ ਕੋਚ ਪਿਛਲੇ ਹਫਤੇ ਟੀਮ ਦੇ ਨਾਲ ਸਾਰਬ੍ਰਕੇਨ ਰਵਾਨਾ ਹੋ ਗਏ ਹਨ। ਟੀਮ 21 ਜੁਲਾਈ ਨੂੰ ਪੈਰਿਸ ਲਈ ਰਵਾਨਾ ਹੋਵੇਗੀ।


author

Tarsem Singh

Content Editor

Related News