41ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ : ਇੰਡੀਅਨ ਆਇਲ ਮੁੰਬਈ ਸੈਮੀਫਾਈਨਲ ’ਚ ਪਹੁੰਚੀ
Thursday, Oct 24, 2024 - 02:51 PM (IST)
ਜਲੰਧਰ, (ਮਹੇਸ਼)- ਸਾਬਕਾ ਜੇਤੂ ਇੰਡੀਅਨ ਆਇਲ ਮੁੰਬਈ ਨੇ ਭਾਰਤੀ ਏਅਰ ਫੋਰਸ ਨੂੰ ਸਖਤ ਮੁਕਾਬਲੇ ਮਗਰੋਂ 1-0 ਦੇ ਫਰਕ ਨਾਲ ਹਰਾ ਕੇ 41ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਸੈਮੀਫਾਈਨਲ ’ਚ ਪ੍ਰਵੇਸ਼ ਕਰ ਲਿਆ। ਦੂਜੇ ਮੈਚ ’ਚ ਪੰਜਾਬ ਪੁਲਸ ਜਲੰਧਰ ਅਤੇ ਭਾਰਤ ਪੈਟਰੋਲੀਅਮ ਮੁੰਬਈ ਦੀਆਂ ਟੀਮਾਂ 1-1 ਨਾਲ ਬਰਾਬਰ ਰਹੀਆਂ ਅਤੇ ਇਕ-ਇਕ ਅੰਕ ਹਾਸਲ ਕੀਤਾ। ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ’ਚ ਚਲ ਰਹੇ ਟੂਰਨਾਮੈਂਟ ਦੇ ਪੰਜਵੇਂ ਦਿਨ ਲੀਗ ਦੌਰ ਦੇ ਦੋ ਮੈਚ ਖੇਡੇ ਗਏ।
ਪਹਿਲਾ ਮੈਚ ਪੂਲ ਏ ’ਚ ਸਾਬਕਾ ਜੇਤੂ ਇੰਡੀਅਨ ਆਇਲ ਮੁੰਬਈ ਅਤੇ ਭਾਰਤੀ ਏਅਰ ਫੋਰਸ ਦਰਮਿਆਨ ਸੰਘਰਸ਼ਪੂਰਨ ਰਿਹਾ। ਖੇਡ ਦੇ ਪਹਿਲੇ ਤਿੰਨ ਕੁਆਰਟਰ ਬਿਨਾਂ ਕਿਸੇ ਗੋਲ ਦੇ ਬਰਾਬਰ ਰਹੇ। ਖੇਡ ਦੇ ਚੌਥੇ ਕੁਆਰਟਰ ’ਚ 53ਵੇਂ ਮਿੰਟ ’ਚ ਇੰਡੀਅਨ ਆਇਲ ਨੂੰ ਪੈਨਲਟੀ ਸਟਰੋਕ ਮਿਲਿਆ, ਜਿਸ ਨੂੰ ਅੰਤਰਰਾਸ਼ਟਰੀ ਖਿਡਾਰੀ ਗੁਰਜਿੰਦਰ ਸਿੰਘ ਨੇ ਗੋਲ ’ਚ ਬਦਲ ਕੇ ਜੇਤੂ ਗੋਲ ਕੀਤਾ। ਇੰਡੀਅਨ ਆਇਲ ਨੇ ਲੀਗ ਮੈਚਾਂ ’ਚ ਪਹਿਲਾਂ ਬੀ.ਐੱਸ.ਐੱਫ. ਨੂੰ ਹਰਾਇਆ ਸੀ। ਲੀਗ ਦੌਰ ’ਚ ਦੋ ਮੈਚ ਜਿੱਤ ਕੇ 6 ਅੰਕ ਹਾਸਲ ਕਰ ਕੇ ਪੂਲ ਏ ’ਚ ਪਹਿਲਾ ਸਥਾਨ ਹਾਸਲ ਕੀਤਾ।
ਦੂਜਾ ਮੈਚ ਪੂਲ ਬੀ ’ਚ ਪੰਜਾਬ ਪੁਲਸ ਜਲੰਧਰ ਅਤੇ ਭਾਰਤ ਪੈਟਰੋਲੀਅਮ ਮੁੰਬਈ ਦਰਮਿਆਨ ਖੇਡਿਆ ਗਿਆ। ਖੇਡ ਦੇ ਪਹਿਲੇ ਦੋ ਕੁਆਰਟਰਾਂ ’ਚ ਕੋਈ ਵੀ ਟੀਮ ਗੋਲ ਨਾ ਕਰ ਸਕੀ। ਖੇਡ ਦੇ 42ਵੇਂ ਮਿੰਟ ’ਚ ਭਾਰਤ ਪੈਟਰੋਲੀਅਮ ਦੇ ਦੀਪਸਾਨ ਟਿਰਕੀ ਨੇ ਪੈਨਲਟੀ ਕਾਰਨਰ ਨੂੰ ਗੋਲ ’ਚ ਬਦਲ ਕੇ ਸਕੋਰ 1-0 ਕੀਤਾ। ਖੇਡ ਦੇ 45ਵੇਂ ਮਿੰਟ ’ਚ ਪੰਜਾਬ ਪੁਲਸ ਵੱਲੋਂ ਓਲੰਪੀਅਨ ਰੁਪਿੰਦਰਪਾਲ ਸਿੰਘ ਨੇ ਪੈਨਲਟੀ ਕਾਰਨਰ ਨੂੰ ਗੋਲ ’ਚ ਬਦਲ ਕੇ ਸਕੋਰ 1-1 ਕੀਤਾ। ਮੈਚ ਬਰਾਬਰ ਰਹਿਣ ਕਰ ਕੇ ਭਾਰਤ ਪੈਟਰੋਲੀਅਮ ਮੁੰਬਈ ਦੇ ਦੋ ਲੀਗ ਮੈਚਾਂ ’ਚ 2 ਅੰਕ ਹਨ ਕਿਉਂਕਿ ਭਾਰਤ ਪੈਟਰਲੀਅਮ ਦੇ ਦੋਵੇਂ ਮੈਚ ਬਰਾਬਰ ਰਹੇ ਹਨ। ਜਦ ਕਿ ਪੰਜਾਬ ਪੁਲਸ ਦੇ ਖਾਤੇ ’ਚ ਇਕ ਅੰਕ ਹੈ ਅਤੇ ਉਸ ਦਾ ਰੇਲ ਕੋਚ ਫੈਕਟਰੀ ਕਪੂਰਥਲਾ ਖਿਲਾਫ ਮੈਚ ਬਾਕੀ ਹੈ, ਜੋ ਕਿ ਬੀਤੇ ਦਿਨ ਫਲੱਡ ਲਾਈਟਾਂ ਦੀ ਤਕਨੀਕੀ ਖਰਾਬੀ ਕਾਰਨ ਬਾਕੀ ਰਹਿ ਗਿਆ ਸੀ, ਜੋ ਕਿ 24 ਅਕਤੂਬਰ ਨੂੰ ਖੇਡਿਆ ਜਾਵੇਗਾ, ਉਸ ਤੋਂ ਬਾਅਦ ਪੂਲ ਬੀ ਦੀ ਸਥਿਤੀ ਸਾਫ ਹੋਵੇਗੀ।
ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਅਤੇ ਸਾਬਕਾ ਵਿਧਾਇਕ ਪਵਨ ਟੀਨੂੰ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ। ਇਸ ਮੌਕੇ ਤਰਲੋਕ ਸਿੰਘ ਭੁੱਲਰ (ਕੈਨੇਡਾ), ਰਣਬੀਰ ਸਿੰਘ ਰਾਣਾ ਟੁੱਟ, ਨੱਥਾ ਸਿੰਘ ਗਾਖਲ (ਗਾਖਲ ਗਰੁੱਪ), ਰਾਮ ਸਰਨ, ਦਲਜੀਤ ਸਿੰਘ ਆਈ.ਆਰ.ਐੱਸ., ਲਖਵਿੰਦਰ ਪਾਲ ਸਿੰਘ ਖਹਿਰਾ, ਰਾਮ ਪ੍ਰਤਾਪ, ਗੁਰਵਿੰਦਰ ਸਿੰਘ ਗੁੱਲੂ, ਇਕਬਾਲ ਸਿੰਘ ਸੰਧੂ, ਲਖਬੀਰ ਸਿੰਘ ਨਾਰਵੇ, ਓਲੰਪੀਅਨ ਰਜਿੰਦਰ ਸਿੰਘ, ਸੁਰਿੰਦਰ ਸਿੰਘ ਭਾਪਾ, ਗੁਰਚਰਨ ਸਿੰਘ ਚੰਨੀ, ਦੀਪਕ ਬਾਲੀ, ਵਰਿੰਦਰਪ੍ਰੀਤ ਸਿੰਘ, ਤੇਜਾ ਸਿੰਘ, ਨਿਤਿਸ਼ ਵਿੱਜ, ਰਾਜੀਵ ਵਰਮਾ, ਕੁਲਵਿੰਦਰ ਸਿੰਘ ਥਿਆੜਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।