ਸੈਂਚੁਰੀਅਨ ''ਚ ਵੀ 4 ਤੇਜ਼ ਗੇਂਦਬਾਜ਼ ਕਰਨਗੇ ਹਮਲਾ : ਗਿਬਸ

01/11/2018 2:39:05 AM

ਕੇਪਟਾਊਨ— ਭਾਰਤ ਵਿਰੁੱਧ ਪਹਿਲੇ ਟੈਸਟ ਵਿਚ ਮਿਲੀ ਸਫਲਤਾ ਤੋਂ ਉਤਸ਼ਾਹਿਤ ਦੱਖਣੀ ਅਫਰੀਕਾ ਦੇ ਕੋਚ ਓਟਿਸ ਗਿਬਸ ਨੇ ਕਿਹਾ ਹੈ ਕਿ ਉਹ ਸ਼ਨੀਵਾਰ ਤੋਂ ਸੇਂਚੁਰੀਅਨ 'ਚ ਸ਼ੁਰੂ ਹੋ ਰਹੇ ਦੂਸਰੇ ਟੈਸਟ ਵਿਚ ਵੀ ਮਹਿਮਾਨ ਟੀਮ ਖਿਲਾਫ 4 ਤੇਜ਼ ਗੇਂਦਬਾਜ਼ਾਂ ਨਾਲ ਹੀ ਹਮਲਾ ਕਰਨਗੇ। ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਸੈਂਚੁਰੀਅਨ ਦੇ ਸੁਪਰ ਸਪੋਰਟ ਪਾਰਕ 'ਚ ਸ਼ਨੀਵਾਰ ਤੋਂ ਦੂਸਰਾ ਟੈਸਟ ਸ਼ੁਰੂ ਹੋਵੇਗਾ। ਇਸ ਤੋਂ ਪਹਿਲਾਂ ਮੇਜ਼ਬਾਨ ਟੀਮ ਦੇ ਕੋਚ ਗਿਬਸ ਨੇ ਸੰਕੇਤ ਦਿੱਤੇ ਕਿ ਉਹ ਅੱਗੇ ਵੀ ਆਪਣੀ ਇਕ ਹੀ ਰਣਨੀਤੀ ਜਾਰੀ ਰੱਖਣਗੇ। ਮੇਜ਼ਬਾਨ ਟੀਮ ਨੇ ਕੇਪਟਾਊਨ ਵਿਚ ਪਹਿਲਾ ਮੈਚ 4 ਦਿਨਾ ਅੰਦਰ ਹੀ ਨਿਪਟਾਉਂਦੇ ਹੋਏ 72 ਦੌੜਾਂ ਨਾਲ ਜਿੱਤ ਆਪਣੇ ਨਾਂ ਕਰ ਲਈ ਸੀ। 
ਗਿਬਸ ਨੇ ਕਿਹਾ ਕਿ ਮੈਂ ਤੇਜ਼ ਗੇਂਦਬਾਜ਼ਾਂ ਨੂੰ ਖਿਡਾਉਣ ਦੇ ਪੱਖ 'ਚ ਰਿਹਾ ਹਾਂ। ਮੈਨੂੰ ਲੱਗਦਾ ਹੈ ਕਿ ਅੱਗੇ ਵੀ ਅਸੀਂ 4 ਤੇਜ਼ ਗੇਂਦਬਾਜ਼ਾਂ ਨੂੰ ਉਤਾਰਾਂਗੇ। ਅਸੀਂ ਮੈਚ ਦੇ ਹਿਸਾਬ ਨਾਲ ਹਾਲਾਤ ਦਾ ਜਾਇਜ਼ਾ ਲਵਾਂਗੇ, ਫਿਰ ਦੇਖਾਂਗੇ ਕਿ 4 ਤੇਜ਼ ਗੇਂਦਬਾਜ਼ਾਂ ਨੂੰ ਉਤਾਰਿਆ ਜਾ ਸਕਦਾ ਹੈ ਕਿ ਨਹੀਂ। ਨਹੀਂ ਤਾਂ ਵੱਖਰੀ ਤਰ੍ਹਾਂ ਕ੍ਰਮ ਤਿਆਰ ਕਰਾਂਗੇ। ਕੇਪਟਾਊਨ 'ਚ ਪਹਿਲੇ ਮੈਚ ਵਿਚ ਅਫਰੀਕੀ ਟੀਮ ਨੇ ਆਪਣੇ 4 ਸਭ ਤੋਂ ਮਜ਼ਬੂਤ ਤੇਜ਼ ਗੇਂਦਬਾਜ਼ਾਂ ਡੇਲ ਸਟੇਨ, ਵਰਨੇਨ ਫਿਲੈਂਡਰ, ਮੋਰਨੇ ਮੋਰਕਲ ਅਤੇ ਕੈਗਿਸੋ ਰਬਾਡਾ ਨੂੰ ਉਤਾਰਿਆ ਸੀ। ਹਾਲਾਂਕਿ ਸਟੇਨ ਮੈਚ ਵਿਚਾਲੇ ਹੀ ਜ਼ਖਮੀ ਹੋ ਕੇ ਬਾਹਰ ਹੋ ਗਿਆ ਅਤੇ ਫਿਲਹਾਲ ਪੂਰੀ ਸੀਰੀਜ਼ 'ਚੋਂ ਬਾਹਰ ਹੈ। ਦੱਖਣੀ ਅਫਰੀਕਾ ਦੀਆਂ ਪਿੱਚਾਂ ਨੂੰ ਤੇਜ਼ ਗੇਂਦਬਾਜ਼ਾਂ ਲਈ ਮਦਦਗਾਰ ਮੰਨਿਆ ਜਾਂਦਾ ਹੈ। ਉਮੀਦ ਹੈ ਕਿ ਅਗਲੇ ਮੈਚਾਂ ਵਿਚ ਵੀ ਪਿੱਚ ਇਸੇ ਤਰ੍ਹਾਂ ਉਛਾਲ ਭਰੀ ਅਤੇ ਤੇਜ਼ ਰਹੇਗੀ। ਇਸ ਕਾਰਨ ਅਫਰੀਕੀ ਕੋਚ ਕਿਸੇ ਤਰ੍ਹਾਂ ਦੇ ਬਦਲਾਅ ਦੇ ਪੱਖ 'ਚ ਨਹੀਂ ਹੈ। ਸਟੇਨ ਦੀ ਅੱਡੀ 'ਚ ਸੱਟ ਕਾਰਨ ਬਾਹਰ ਹੋਣ ਨਾਲ ਡੁਆਨੇ ਓਲੀਵੀਅਰ ਅਤੇ ਲੁੰਗੀ ਏਨਗਿਦੀ 'ਚੋਂ ਕੋਈ ਟੀਮ ਦਾ ਹਿੱਸਾ ਹੋ ਸਕਦਾ ਹੈ। 
ਗਿਬਸ ਨੇ ਕਿਹਾ ਕਿ ਜਦੋਂ ਤੁਸੀਂ ਘਰੇਲੂ ਮੈਦਾਨ 'ਤੇ ਖੇਡ ਰਹੇ ਹੁੰਦੇ ਹੋ ਤਾਂ ਤੁਹਾਨੂੰ ਆਪਣੀ ਤਾਕਤ ਬਾਰੇ ਪਤਾ ਹੁੰਦਾ ਹੈ। ਜੇਕਰ ਤੁਸੀਂ ਦੁਨੀਆ ਦੀ ਮਜ਼ਬੂਤ ਟੀਮ ਨੂੰ ਹਰਾਉਣਾ ਚਾਹੁੰਦੇ ਹੋ, ਜੋ ਫਿਲਹਾਲ ਭਾਰਤ ਹੈ ਤਾਂ ਨਿਸ਼ਚਿਤ ਹੀ ਸਾਨੂੰ ਪਹਿਲਾਂ ਤੋਂ ਕੁਝ ਵੱਖਰਾ ਕਰਨਾ ਪਵੇਗਾ। ਆਈ. ਸੀ. ਸੀ. ਰੈਂਕਿੰਗ ਵਿਚ ਭਾਰਤ ਦੁਨੀਆ ਦੀ ਨੰਬਰ ਇਕ, ਜਦਕਿ ਦੱਖਣੀ ਅਫਰੀਕਾ ਦੂਸਰੇ ਨੰਬਰ ਦੀ ਟੀਮ ਹੈ।  ਦੱਖਣੀ ਅਫਰੀਕਾ ਮੌਜੂਦਾ 3 ਮੈਚਾਂ ਦੀ ਸੀਰੀਜ਼ ਵਿਚ 1-0 ਨਾਲ ਅੱਗੇ ਹੈ। ਸੇਂਚੁਰੀਅਨ 'ਚ ਉਹ 2-0 ਨਾਲ ਸੀਰੀਜ਼ 'ਤੇ ਕਬਜ਼ਾ ਕਰਨ ਲਈ ਉਤਰੇਗੀ, ਜਦਕਿ ਭਾਰਤ ਲਈ ਇਹ 'ਕਰੋ ਜਾਂ ਮਰੋ' ਦਾ ਮੈਚ ਹੋਵੇਗਾ।


Related News