AUS v PAK, 3rd Test : ਕਮਿੰਸ ਦੀਆਂ 5 ਵਿਕਟਾਂ, ਪਾਕਿਸਤਾਨ ਨੇ 313 ਦੌੜਾਂ ਬਣਾਈਆਂ

Wednesday, Jan 03, 2024 - 07:22 PM (IST)

AUS v PAK, 3rd Test : ਕਮਿੰਸ ਦੀਆਂ 5 ਵਿਕਟਾਂ, ਪਾਕਿਸਤਾਨ ਨੇ 313 ਦੌੜਾਂ ਬਣਾਈਆਂ

ਸਿਡਨੀ–ਆਸਟ੍ਰੇਲੀਆ ਦੇ ਕਪਤਾਨ ਪੈਟ ਕਮਿੰਸ ਨੇ ਲਗਾਤਾਰ ਤੀਜੀ ਵਾਰ ਪਾਰੀ ਦੀਆਂ 5 ਵਿਕਟਾਂ ਲੈ ਕੇ ਪਾਕਿਸਤਾਨ ਦੇ ਚੋਟੀਕ੍ਰਮ ਨੂੰ ਝੰਜੋੜ ਕੇ ਰੱਖ ਦਿੱਤਾ ਪਰ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਦੇ ਜੁਝਾਰੂ ਪ੍ਰਦਰਸ਼ਨ ਦੇ ਦਮ ’ਤੇ ਮਹਿਮਾਨ ਟੀਮ ਨੇ ਤੀਜੇ ਤੇ ਆਖਰੀ ਟੈਸਟ ਦੇ ਪਹਿਲੇ ਦਿਨ 313 ਦੌੜਾਂ ਬਣਾਈਆਂ। ਲੰਚ ਤੋਂ ਬਾਅਦ ਪਾਕਿਸਤਾਨ ਦਾ ਸਕੋਰ 5 ਵਿਕਟਾਂ ’ਤੇ 96 ਦੌੜਾਂ ਸੀ ਤੇ ਲੱਗ ਰਿਹਾ ਸੀ ਕਿ ਟੀਮ ਸਸਤੇ ਵਿਚ ਸਿਮਟ ਜਾਵੇਗੀ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਕੀਤਾ ਸੀ। ਵਿਕਟਕੀਪਰ ਮੁਹੰਮਦ ਰਿਜ਼ਵਾਨ ਨੇ 88 ਦੌੜਾਂ, ਆਗਾ ਸਲਮਾਨ ਤੇ ਆਮਿਰ ਜਮਾਲ ਦੇ ਅਰਧ ਸੈਂਕੜਿਆਂ ਦੀ ਬਦੌਲਤ ਪਾਕਿਸਤਾਨ ਨੇ ਵਾਪਸੀ ਕੀਤੀ। ਆਸਟ੍ਰੇਲੀਆ ਨੇ ਪਹਿਲੇ ਦਿਨ ਦੀ ਖੇਡ ਖਤਮ ਹੋਣ ’ਤੇ ਬਿਨਾਂ ਕਿਸੇ ਨੁਕਸਾਨ ਦੇ 6 ਦੌੜਾਂ ਬਣਾਈਆਂ ਸਨ। ਆਪਣਾ ਆਖਰੀ ਟੈਸਟ ਖੇਡ ਰਹੇ ਡੇਵਿਡ ਵਾਰਨਰ ਤੇ ਉਸਮਾਨ ਖਵਾਜ਼ਾ ਨੂੰ ਸਪਿਨਰ ਸਾਜਿਦ ਖਾਨ ਨੇ ਕਾਫੀ ਪ੍ਰੇਸ਼ਾਨ ਕੀਤਾ।

ਇਹ ਵੀ ਪੜ੍ਹੋ-  ਰੋਹਿਤ ਨੇ ਕੀਤਾ ਗਿੱਲ ਦਾ ਸਮਰਥਨ, ਕਿਹਾ- ਉਹ ਨੰਬਰ 3 'ਤੇ ਭਾਰਤ ਲਈ ਚੰਗਾ ਪ੍ਰਦਰਸ਼ਨ ਕਰ ਸਕਦੇ ਹਨ
ਵਾਰਨਰ ਨੇ ਪਹਿਲੀ ਗੇਂਦ ’ਤੇ ਚੌਕਾ ਲਾਇਆ ਪਰ ਅਗਲੀ ਗੇਂਦ ’ਤੇ ਵਾਲ-ਵਾਲ ਬਚਿਆ। ਇਸ ਟੈਸਟ ਵਿਚ ਪੂਰਾ ਫੋਕਸ ਭਾਵੇਂ ਵਾਰਨਰ ’ਤੇ ਹੀ ਹੋਵੇ ਪਰ ਤੇਜ਼ ਗੇਂਦਬਾਜ਼ਾਂ ਨੇ ਪਹਿਲੇ ਦਿਨ ਸੁਰਖੀਆਂ ਬਟੋਰੀਆਂ। ਮਿਸ਼ੇਲ ਸਟਾਰਕ ਤੇ ਜੋਸ਼ ਹੇਜ਼ਲਵੁਡ ਨੇ ਪਹਿਲੇ ਦੋਵੇਂ ਓਵਰਾਂ ਵਿਚ ਵਿਕਟਾਂ ਲਈਆਂ। ਇਸ ਤੋਂ ਬਾਅਦ ਕਮਿੰਸ ਨੇ ਮੋਰਚਾ ਸੰਭਾਲਿਆ ਜਿਹੜਾ ਮੈਲਬੋਰਨ ਵਿਚ ਬਾਕਸਿੰਗ ਡੇ ਟੈਸਟ ਵਿਚ 10 ਵਿਕਟਾਂ ਲੈ ਚੁੱਕਾ ਹੈ। ਉਸ ਨੇ ਬਾਬਰ ਆਜ਼ਮ ਸਮੇਤ ਦੋ ਕੀਮਤੀ ਵਿਕਟਾਂ ਲਈਆਂ। ਸਟਾਰਕ ਨੇ ਸ਼ਫੀਕ ਨੂੰ ਦੂਜੀ ਸਲਿਪ ਵਿਚ ਸਟੀਵ ਸਮਿਥ ਹੱਥੋਂ ਕੈਚ ਕਰਵਾਇਆ। ਉੱਥੇ ਹੀ, ਅਗਲੇ ਓਵਰ ਵਿਚ ਹੇਜ਼ਲਵੁਡ ਨੇ ਪਹਿਲਾ ਟੈਸਟ ਖੇਡ ਰਹੇ ਸੈਮ ਅਯੂਬ ਨੂੰ ਐਲਕਸ ਕੈਰੀ ਦੇ ਹੱਥੋਂ ਕੈਚ ਆਊਟ ਕਰਵਾਇਆ। 2 ਵਿਕਟਾਂ 4 ਦੌੜਾਂ ’ਤੇ ਡਿੱਗਣ ਤੋਂ ਬਾਅਦ ਬਾਬਰ ਤੇ ਸ਼ਾਨ ਮਸੂਦ ਨੇ ਮੋਰਚਾ ਸੰਭਾਲਿਆ। ਕਮਿੰਸ ਨੇ ਬਾਬਰ (26) ਨੂੰ ਆਊਟ ਕਰਕੇ ਪਾਕਿਸਤਾਨ ਨੂੰ ਕਰਾਰਾ ਝਟਕਾ ਦਿੱਤਾ। ਮੈਦਾਨੀ ਅੰਪਾਇਰਾਂ ਨੇ ਪਹਿਲਾਂ ਬੱਲੇਬਾਜ਼ ਦੇ ਪੱਖ ਵਿਚ ਫੈਸਲਾ ਦਿੱਤਾ ਸੀ।

ਇਹ ਵੀ ਪੜ੍ਹੋ- ਓਸਾਕਾ ਬ੍ਰਿਸਬੇਨ ਇੰਟਰਨੈਸ਼ਨਲ ਦੇ ਦੂਜੇ ਦੌਰ 'ਚ ਹਾਰੀ

ਕਪਤਾਨ ਮਸੂਦ ਤੇ ਰਿਜ਼ਵਾਨ ਨੇ 49 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਨੂੰ ਤੋੜਦੇ ਹੋਏ ਮਿਸ਼ੇਲ ਮਾਰਸ਼ ਨੇ ਮਸੂਦ ਨੂੰ ਪੈਵੇਲੀਅਨ ਭੇਜਿਆ। ਰਿਜਵਾਨ ਨੇ ਇਸ ਵਿਚਾਲੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਪਰ ਸੈਂਕੜਾ ਬਣਾਉਣ ਤੋਂ ਖੁੰਝ ਗਿਆ ਤੇ ਕਮਿੰਸ ਦੀ ਗੇਂਦ ’ਤੇ ਹੇਜ਼ਲਵੁਡ ਨੂੰ ਕੈਚ ਦੇ ਬੈਠਾ। ਸਾਜਿਦ ਨੂੰ ਮਿਡਵਿਕਟ ’ਤੇ ਨਾਥਨ ਲਿਓਨ ਦੇ ਹੱਥੋਂ ਕੈਚ ਕਰਵਾ ਕੇ ਕਮਿੰਸ ਨੇ ਆਪਣੀ ਚੌਥੀ ਵਿਕਟ ਲਈ। ਉੱਥੇ ਹੀ, ਹਸਨ ਅਲੀ (0) ਉਸਦਾ 5ਵਾਂ ਸ਼ਿਕਾਰ ਬਣਿਆ, ਜਿਸ ਨੂੰ ਡੀਪ ਵਿਚ ਸਟਾਰਕ ਨੇ ਕੈਚ ਆਊਟ ਕੀਤਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Aarti dhillon

Content Editor

Related News