ਦੀਪਤੀ ਤੇ ਰੇਣੂਕਾ ਸਮੇਤ 277 ਖਿਡਾਰਨਾਂ ਡਬਲਯੂ. ਪੀ. ਐੱਲ. ਨਿਲਾਮੀ ’ਚ

Saturday, Nov 22, 2025 - 12:21 PM (IST)

ਦੀਪਤੀ ਤੇ ਰੇਣੂਕਾ ਸਮੇਤ 277 ਖਿਡਾਰਨਾਂ ਡਬਲਯੂ. ਪੀ. ਐੱਲ. ਨਿਲਾਮੀ ’ਚ

ਨਵੀਂ ਦਿੱਲੀ– ਭਾਰਤ ਦੀ ਵਿਸ਼ਵ ਕੱਪ ਸਟਾਰ ਦੀਪਤੀ ਸ਼ਰਮਾ ਸਮੇਤ ਦੁਨੀਆ ਭਰ ਦੀਆਂ 277 ਖਿਡਾਰਨਾਂ ਇੱਥੇ 27 ਨਵੰਬਰ ਨੂੰ ਮਹਿਲਾ ਪ੍ਰੀਮੀਅਰ ਲੀਗ ਵਿਚ 73 ਸਥਾਨਾਂ ਲਈ ਹੋਣ ਵਾਲੀ ਨਿਲਾਮੀ ਦਾ ਹਿੱਸਾ ਹੋਣਗੀਆਂ। ਨਿਲਾਮੀ ਪੂਲ ਵਿਚ ਸ਼ਾਮਲ ਖਿਡਾਰਨਾਂ ਦਾ ਐਲਾਨ ਕਰਦੇ ਹੋਏ ਡਬਲਯੂ. ਪੀ. ਐੱਲ. ਦੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ 19 ਖਿਡਾਰਨਾਂ ਨੇ 50 ਲੱਖ ਦੀ ਸ਼੍ਰੇਣੀ ਲਈ, 11 ਨੇ 40 ਲੱਖ ਤੇ 88 ਖਿਡਾਰਨਾਂ ਨੇ 30 ਲੱਖ ਦੀ ਸ਼੍ਰੇਣੀ ਲਈ ਨਾਂ ਦਿੱਤੇ ਹਨ।

ਬਿਆਨ ਵਿਚ ਕਿਹਾ ਗਿਆ ਹੈ, ‘‘ਨਿਲਾਮੀ ਸੂਚੀ ਵਿਚ 194 ਭਾਰਤੀ ਖਿਡਾਰੀ ਹਨ, ਜਿਨ੍ਹਾਂ ਵਿਚ 52 ਰਾਸ਼ਟਰੀ ਤੇ 142 ਘਰੇਲੂ ਖਿਡਾਰਨਾਂ ਸ਼ਾਮਲ ਹਨ। ਉੱਥੇ ਹੀ, ਵਿਦੇਸ਼ੀ ਖਿਡਾਰਨਾਂ ਵਿਚ 66 ਕੌਮਾਂਤਰੀ ਕ੍ਰਿਕਟਰ ਤੇ 17 ਅਜਿਹੀਆਂ ਕ੍ਰਿਕਟਰ ਸ਼ਾਮਲ ਹਨ, ਜਿਨ੍ਹਾਂ ਨੇ ਆਪਣੇ ਦੇਸ਼ ਲਈ ਨਹੀਂ ਖੇਡਿਆ ਹੈ। ਵਿਦੇਸ਼ੀ ਖਿਡਾਰਨਾਂ ਲਈ 23 ਸਥਾਨ ਉਪਲੱਬਧ ਹਨ।’’

ਭਾਰਤ ਦੀ ਚਮਤਕਾਰੀ ਆਲਰਾਊਂਡਰ ਦੀਪਤੀ, ਹਰਲੀਨ ਦਿਓਲ, ਪ੍ਰਤਿਕਾ ਰਾਵਲ, ਪੂਜਾ ਵਸਤ੍ਰਾਕਰ, ਓਮਾ ਸ਼ੇਤਰੀ ਤੇ ਕ੍ਰਾਂਤੀ ਗੌੜ 50 ਲੱਖ ਵਾਲੀ ਸ਼੍ਰੇਣੀ ਵਿਚ ਹਨ। ਨਿਊਜ਼ੀਲੈਂਡ ਦੀ ਸੋਫੀ ਡਿਵਾਈਨ ਤੇ ਐਮੇਲੀਆ ਕੇਰ, ਇੰਗਲੈਂਡ ਦੀ ਸੋਫੀ ਐਕਲੇਸਟੋਨ, ਆਸਟ੍ਰੇਲੀਆ ਦੀ ਐਲਿਸਾ ਹੀਲੀ ਤੇ ਮੈਗ ਲੈਨਿੰਗ ਵੀ 50 ਲੱਖ ਵਾਲੀ ਸ਼੍ਰੇਣੀ ਵਿਚ ਹੈ।

ਟੀਮਾਂ ਨੇ 7 ਵਿਦੇਸ਼ੀ ਖਿਡਾਰਨਾਂ ਸਮੇਤ 17 ਖਿਡਾਰਨਾਂ ਰੱਖੀਆਂ ਹਨ। 5 ਟੀਮਾਂ ਕੋਲ ਕੁੱਲ 41.1 ਕਰੋੜ ਰੁਪਏ ਦਾ ਪਰਸ ਹੈ। ਨਿਲਾਮੀ ਦੀ ਸ਼ੁਰੂਆਤ ਮਾਰਕੀ ਖਿਡਾਰਨਾਂ ਨਾਲ ਹੋਵੇਗੀ, ਜਿਨ੍ਹਾਂ ਵਿਚ ਦੀਪਤੀ, ਰੇਣੂਕਾ ਸਿੰਘ, ਸੋਫੀ ਡਿਵਾਈਨ, ਸੋਫੀ ਐਕਲੇਸਟੋਨ, ਐਲਿਸਾ ਹੀਲੀ, ਅਮੇਲੀਆ ਕੇਰ, ਮੈਗ ਲੈਨਿੰਗ ਤੇ ਲੌਰਾ ਵੋਲਵਾਰਡਟ ਸ਼ਾਮਲ ਹਨ।


author

Tarsem Singh

Content Editor

Related News