ਕੀ ਸਾਡੇ ਨੇਤਾ ਵੋਟ ਬੈਂਕ ਦੀ ਸਿਆਸਤ ਤੋਂ ਪਰ੍ਹੇ ਸੋਚਣਗੇ

Tuesday, May 07, 2019 - 06:31 AM (IST)

ਪੂਨਮ
ਲੋਕਤੰਤਰ ਹਿੱਤਾਂ ਦਾ ਟਕਰਾਅ ਹੈ ਅਤੇ ਇਸ ’ਤੇ ਤਿੱਖੇ, ਧੂੰਆਂਧਾਰ ਚੋਣ ਮੌਸਮ ’ਚ ਸਿਧਾਂਤਾਂ ਦੀ ਮੁਕਾਬਲੇਬਾਜ਼ੀ ਦਾ ਪਰਦਾ ਚੜ੍ਹਾ ਦਿੱਤਾ ਗਿਆ ਹੈ। ਇਹ ਸਾਡੇ ਨੇਤਾਵਾਂ ਦੇ ਝੂਠ ਦਾ ਪਰਦਾਫਾਸ਼ ਕਰਦਾ ਹੈ। ਉਹ ਇਕ-ਦੂਜੇ ਵਿਰੁੱਧ ਦੂਸ਼ਣਬਾਜ਼ੀ ਕਰ ਰਹੇ ਹਨ, ਧਮਕੀਆਂ ਦੇ ਰਹੇ ਹਨ ਅਤੇ ਜ਼ਹਿਰ ਉਗਲ ਰਹੇ ਹਨ। ਚੋਣਾਂ ਲਈ ਜ਼ਰੂਰੀ ਹੈ ਕਿ ਜਾਤ ਅਤੇ ਫਿਰਕੇ ਦਾ ਸਹੀ ਮਿਸ਼ਰਣ ਬਣਾ ਦਿੱਤਾ ਜਾਵੇ ਅਤੇ ਇਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਹਿੰਦੂ ਤੇ ਮੁਸਲਮਾਨ ਸਿੱਕੇ ਦੇ ਕਿਸ ਪਹਿਲੂ ਨਾਲ ਆਉਂਦੇ ਹਨ। ਚੋਣਾਂ ’ਚ ਪੈਸਿਆਂ ਦੀ ਖਣਕ ਸੁਣਾਈ ਦੇ ਰਹੀ ਹੈ, ਸੀਟੀਆਂ ਵਜਾਈਆਂ ਜਾ ਰਹੀਆਂ ਹਨ। ਸਾਡੇ ਉਮੀਦਵਾਰਾਂ ਵਲੋਂ ਜਨਤਕ ਤੌਰ ’ਤੇ ਜਿਨ੍ਹਾਂ ਅੱਪਸ਼ਬਦਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਉਨ੍ਹਾਂ ਤੋਂ ਸਪੱਸ਼ਟ ਹੈ ਕਿ ਸਿਆਸੀ ਚਰਚਾ ਭਾਵਨਾਵਾਂ ਨੂੰ ਭੜਕਾਉਣ ਵਾਲੀ ਬਣ ਗਈ ਹੈ। ਉਨ੍ਹਾਂ ’ਚ ਕੋਈ ਸਾਰ ਨਹੀਂ ਅਤੇ ਉਹ ਨਫਰਤ ਫੈਲਾ ਰਹੇ ਹਨ, ਫਿਰਕੂ ਮਤਭੇਦ ਵਧਾ ਰਹੇ ਹਨ। ਇਹ ਸਭ ਕੁਝ ਵੋਟਾਂ ਹਾਸਲ ਕਰਨ ਲਈ ਕੀਤਾ ਜਾ ਰਿਹਾ ਹੈ। ਇਸ ਸਿਲਸਿਲੇ ’ਚ ਪਹਿਲੇ ਨੰਬਰ ’ਤੇ ਯੂ. ਪੀ. ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਹਨ, ਜਿਨ੍ਹਾਂ ਨੇ ਹਿੰਦੂ-ਮੁਸਲਿਮ ਵੋਟਰਾਂ ਨੂੰ ਅਲੀ-ਬਜਰੰਗ ਬਲੀ ’ਚ ਬਦਲ ਦਿੱਤਾ ਅਤੇ ਸਪਾ ਦੇ ਉਮੀਦਵਾਰ ਨੂੰ ਬਾਬਰ ਦੀ ਔਲਾਦ ਤਕ ਕਹਿ ਦਿੱਤਾ। ਫਿਰ ਬਸਪਾ ਦੀ ਮਾਇਆਵਤੀ ਵੀ ਕਿੱਥੇ ਪਿੱਛੇ ਰਹਿਣ ਵਾਲੀ ਸੀ। ਮਾਇਆਵਤੀ ਨੇ ਕਿਹਾ ਕਿ ‘‘ਮੈਂ ਆਪਣੇ ਮੁਸਲਿਮ ਭਰਾਵਾਂ ਨੂੰ ਅਪੀਲ ਕਰਦੀ ਹਾਂ ਕਿ ਉਹ ਆਪਣੀ ਵੋਟ ਸਾਨੂੰ ਦੇਣ। ਅਲੀ ਵੀ ਸਾਡਾ ਹੈ ਅਤੇ ਬਜਰੰਗ ਬਲੀ ਵੀ ਸਾਡਾ ਹੈ।’’

ਇਸ ਸਿਲਸਿਲੇ ’ਚ ਪ੍ਰਧਾਨ ਮੰਤਰੀ ਵੀ ਅੱਗੇ ਆਏ ਅਤੇ ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਬਹੁਗਿਣਤੀ ਆਬਾਦੀ ਵਾਲੇ ਹਲਕੇ ’ਚ ਚੋਣ ਲੜਨ ਤੋਂ ਡਰ ਗਏ ਹਨ ਅਤੇ ਹੁਣ ਅਜਿਹੇ ਚੋਣ ਹਲਕੇ ਤੋਂ ਖੜ੍ਹੇ ਹਨ, ਜਿਥੇ ਬਹੁਗਿਣਤੀ ਥੋੜ੍ਹੇ ਹਨ ਅਤੇ ਹਿੰਦੂ ਕਾਂਗਰਸ ਨੂੰ ‘ਹਿੰਦੂ ਅੱਤਵਾਦ’ ਸ਼ਬਦ ਘੜਨ ਲਈ ਸਬਕ ਸਿਖਾਉਣਗੇ। ਇਹੋ ਨਹੀਂ, ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਹੈ ਕਿ ਰਾਹੁਲ ਦੀ ਵਾਇਨਾਡ ਰੈਲੀ ਭਾਰਤ ’ਚ ਸੀ ਜਾਂ ਪਾਕਿਸਤਾਨ? ਕਿਉਂਕਿ ਉਸ ਰੈਲੀ ’ਚ ਇੰਡੀਅਨ ਮੁਸਲਿਮ ਲੀਗ ਦੇ ਹਰੇ ਝੰਡੇ ਲਹਿਰਾ ਰਹੇ ਸਨ। ਉਸ ਤੋਂ ਬਾਅਦ ਉਨ੍ਹਾਂ ਨੇ ਟਵੀਟ ਕੀਤਾ ਕਿ ‘‘ਅਸੀਂ ਬੋਧੀਆਂ, ਹਿੰਦੂਆਂ ਤੇ ਸਿੱਖਾਂ ਨੂੰ ਛੱਡ ਕੇ ਹਰੇਕ ਘੁਸਪੈਠੀਏ ਨੂੰ ਬਾਹਰ ਖਦੇੜਾਂਗੇ।’’ ਕੇਂਦਰੀ ਮੰਤਰੀ ਮੇਨਕਾ ਗਾਂਧੀ ਨੇ ਕਿਹਾ ਕਿ ‘‘ਜੇ ਮੁਸਲਮਾਨ ਸਾਨੂੰ ਵੋਟ ਨਹੀਂ ਦੇਣਗੇ ਤਾਂ ਅਸੀਂ ਉਨ੍ਹਾਂ ਦਾ ਕੰਮ ਨਹੀਂ ਕਰਾਂਗੇ। ਮੈਂ ਚੋਣਾਂ ਜਿੱਤ ਰਹੀ ਹਾਂ ਪਰ ਜੇ ਮੈਂ ਮੁਸਲਮਾਨਾਂ ਦੀ ਸਹਾਇਤਾ ਤੋਂ ਬਿਨਾਂ ਚੋਣਾਂ ਜਿੱਤਦੀ ਹਾਂ ਅਤੇ ਮੁਸਲਮਾਨ ਮੇਰੇ ਕੋਲ ਕੰਮ ਲਈ ਆਉਂਦੇ ਹਨ ਤਾਂ ਫਿਰ ਮੈਨੂੰ ਸੋਚਣਾ ਪਵੇਗਾ।’’ ਅੱਜ ਵੋਟਰਾਂ ਦਾ ਕੰਮ ਵੀ ਵਪਾਰ ਬਣ ਗਿਆ ਹੈ। ਅੱਜ ਦੇ ਨੇਤਾ ਮਹਾਤਮਾ ਗਾਂਧੀ ਵਾਂਗ ਨਹੀਂ ਹਨ ਕਿ ਤੁਸੀਂ ਵੋਟਰਾਂ ਨੂੰ ਮਾਲ ਦਿੰਦੇ ਰਹੋ ਤੇ ਉਹ ਤੁਹਾਨੂੰ ਹਰਾਉਂਦੇ ਰਹਿਣ। ‘ਆਮ ਆਦਮੀ ਪਾਰਟੀ’ ਦੇ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਘੱਟਗਿਣਤੀਆਂ ਨੂੰ ਘੁਸਪੈਠੀਏ ਮੰਨਦੀ ਹੈ। ਗਊ ਹੱਤਿਆ ਅਤੇ ਗਊਆਂ ਦੀ ਚੋਰੀ ਦੇ ਨਾਂ ’ਤੇ ਭੀੜ ਵਲੋਂ ਹੱਤਿਆਵਾਂ ਕੀਤੀਆਂ ਜਾ ਰਹੀਆਂ ਹਨ, ਜੋ ਅਸਲ ’ਚ ਸੰਗਠਿਤ ਹੱਤਿਆਵਾਂ ਹਨ। ਇਸ ਸਿਲਸਿਲੇ ’ਚ ਤੇਲੰਗਾਨਾ ਦੇ ਮੁੱਖ ਮੰਤਰੀ ਚੰਦਰਸ਼ੇਖਰ ਰਾਓ ਨੇ ਕਿਹਾ ਕਿ ਇਹ ਆਪੇ ਬਣੇ ਹਿੰਦੂ ਬੇਕਾਰ ਹਨ, ਜੋ ਦੇਸ਼ ’ਚ ਅੱਗ ਭੜਕਾਉਣਾ ਚਾਹੁੰਦੇ ਹਨ।

ਪੰਜਾਬ ਦੇ ਕੈਬਨਿਟ ਮੰਤਰੀ ਸਿੱਧੂ ਇਕ ਕਦਮ ਅੱਗੇ ਵਧੇ ਅਤੇ ਉਨ੍ਹਾਂ ਨੇ ਮੁਸਲਮਾਨਾਂ ਤੋਂ ਵੋਟਾਂ ਮੰਗੀਆਂ। ਇਸੇ ਤਰ੍ਹਾਂ ਜੰਮੂ-ਕਸ਼ਮੀਰ ਦੇ ਨੇਤਾਵਾਂ ਨੇ ਵੀ ਇਕ ਵਿਸ਼ੇਸ਼ ਧਰਮ ਦੇ ਲੋਕਾਂ ਨੂੰ ਆਪਣੀ ਪਾਰਟੀ ਨੂੰ ਵੋਟ ਦੇਣ ਲਈ ਕਿਹਾ ਤਾਂ ਸਪਾ ਆਗੂ ਆਜ਼ਮ ਖਾਨ ਨੇ ਭਾਜਪਾ ਉਮੀਦਵਾਰ ਜਯਾ ਪ੍ਰਦਾ ’ਤੇ ਬਹੁਤ ਘਟੀਆ ਟਿੱਪਣੀ ਕੀਤੀ। ਕੀ ਇਨ੍ਹਾਂ ਟਿੱਪਣੀਆਂ ਨਾਲ ਤੁਸੀਂ ਦੁਖੀ ਨਹੀਂ ਹੁੰਦੇ? ਕੀ ਇਹ ਟਿੱਪਣੀਆਂ ਚੜ੍ਹਤ ਹਾਸਿਲ ਕਰਨ ਲਈ ਹਨ? ਟਿੱਪਣੀਆਂ ਜਿੰਨੀਆਂ ਘਟੀਆ ਹੋਣ, ਓਨੀਆਂ ਹੀ ਬਿਹਤਰ ਅਤੇ ਅਜਿਹਾ ਕਰ ਕੇ ਸਾਡੇ ਨੇਤਾਵਾਂ ਨੇ ਚੋਣ ਕਮਿਸ਼ਨ ਦੇ ਆਦਰਸ਼ ਜ਼ਾਬਤੇ ਦੇ ਉਸ ਨਿਯਮ ਨੂੰ ਫਜ਼ੂਲ ਬਣਾ ਦਿੱਤਾ, ਜਿਸ ’ਚ ਕਿਹਾ ਗਿਆ ਹੈ ਕਿ ਵੋਟਾਂ ਹਾਸਿਲ ਕਰਨ ਲਈ ਜਾਤ ਅਤੇ ਫਿਰਕੇ ਦੇ ਆਧਾਰ ’ਤੇ ਅਪੀਲ ਨਹੀਂ ਕੀਤੀ ਜਾਵੇਗੀ, ਮੰਦਰਾਂ, ਮਸਜਿਦਾਂ, ਗਿਰਜਾਘਰਾਂ ਅਤੇ ਹੋਰ ਧਾਰਮਿਕ ਅਸਥਾਨਾਂ ਦੀ ਵਰਤੋਂ ਚੋਣ ਪ੍ਰਚਾਰ ਲਈ ਨਹੀਂ ਕੀਤੀ ਜਾਵੇਗੀ। ਪਰ ਸਾਡੇ ਨੇਤਾ ਆਪਣੇ ਵਿਰੋਧੀਆਂ ਤੋਂ ਭਾਰਤ ਦੇ ਭਵਿੱਖ ਬਾਰੇ ਉਨ੍ਹਾਂ ਦੇ ਨਜ਼ਰੀਏ ਅਤੇ ਯੋਜਨਾਵਾਂ ਸਬੰਧੀ ਸਵਾਲ ਪੁੱਛਣ ਦੀ ਬਜਾਏ ਚੋਣਾਂ ਦੇ ਕੰਮਾਂ ’ਚ ਲੱਗੇ ਰਹਿੰਦੇ ਹਨ। ਕੋਈ ਵੀ ਇਸ ਗੱਲ ’ਤੇ ਧਿਆਨ ਨਹੀਂ ਦਿੰਦਾ ਕਿ ਚੋਣ ਚਰਚਾ ਇੰਨੀ ਜ਼ਹਿਰੀਲੀ ਕਿਉਂ ਬਣ ਗਈ ਹੈ? ਅਜਿਹੇ ਅੱਪਸ਼ਬਦਾਂ ਦੀ ਵਰਤੋਂ ਕਿਉਂ ਕੀਤੀ ਜਾ ਰਹੀ ਹੈ, ਜਿਸ ਨਾਲ ਧਾਰਮਿਕ ਮਤਭੇਦ ਵਧ ਰਹੇ ਹਨ? ਕੀ ਇਸ ਨੂੰ ਜੋਸ਼ ’ਚ ਕਹੇ ਗਏ ਸ਼ਬਦ ਮੰਨ ਕੇ ਉਨ੍ਹਾਂ ਨੂੰ ਮੁਆਫ ਕਰ ਦਿੱਤਾ ਜਾਵੇ? ਜਾਂ ਇਹ ਮੰਨਿਆ ਜਾਵੇ ਕਿ ਜੰਗ ਤੇ ਪਿਆਰ ’ਚ ਸਭ ਜਾਇਜ਼ ਹੈ?

ਇਸ ਦੇ ਲਈ ਸਾਡੀਆਂ ਸਿਆਸੀ ਪਾਰਟੀਆਂ ਦੋਸ਼ੀ ਹਨ, ਜੋ ਵਿਰੋਧੀਆਂ ਦੀ ਚੋਣ ਕਮਿਸ਼ਨ ਕੋਲ ਤੁਰੰਤ ਸ਼ਿਕਾਇਤ ਕਰ ਦਿੰਦੀਆਂ ਹਨ ਪਰ ਖ਼ੁਦ ਉਸ ਦੀ ਪਾਲਣਾ ਨਹੀਂ ਕਰਦੀਆਂ ਅਤੇ ਚੋਣ ਕਮਿਸ਼ਨ ਵੀ ਚਿਤਾਵਨੀ ਦੇਣ ਅਤੇ ਚੋਣ ਪ੍ਰਚਾਰ ’ਤੇ ਇਕ-ਦੋ ਦਿਨਾਂ ਦੀ ਰੋਕ ਲਾਉਣ ਤੋਂ ਇਲਾਵਾ ਕੁਝ ਨਹੀਂ ਕਰਦਾ। ਅੱਜ ਸਾਡੇ ਨੇਤਾਵਾਂ ਨੇ ਸਮਾਜ ’ਚ ਜ਼ਹਿਰ ਫੈਲਾਉਣ ਲਈ ਅੱਪਸ਼ਬਦਾਂ ਦੀ ਵਰਤੋਂ ਕਰਨ ਦੀ ਕਲਾ ’ਚ ਮੁਹਾਰਤ ਹਾਸਿਲ ਕਰ ਲਈ ਹੈ। ਇਹ ਵੋਟ ਬੈਂਕ ਦੀ ਸਿਆਸਤ ਦੀ ਖਤਰਨਾਕ ਖੇਡ ਹੈ, ਜਿਸ ’ਚ ਹਿੰਦੂਆਂ ਨੂੰ ਮੁਸਲਮਾਨਾਂ ਦੇ ਵਿਰੁੱਧ ਖੜ੍ਹੇ ਕੀਤਾ ਜਾ ਰਿਹਾ ਹੈ ਅਤੇ ਅਜਿਹੇ ਫੁੱਟਪਾਊ ਰੁਝਾਨ ਪੈਦਾ ਕੀਤੇ ਜਾ ਰਹੇ ਹਨ, ਜਿਨ੍ਹਾਂ ਨਾਲ ਫਿਰਕੂ ਮਤਭੇਦ ਵਧ ਰਹੇ ਹਨ। ਕਾਂਗਰਸ ਨੇ ਭਾਜਪਾ ’ਤੇ ਦੋਸ਼ ਲਾਇਆ ਕਿ ਉਹ ਭਾਰਤ ’ਚ ਮੁਸਲਮਾਨਾਂ ਨੂੰ ਚੋਣ ਨਜ਼ਰੀਏ ਤੋਂ ਹਾਸ਼ੀਏ ’ਤੇ ਰੱਖ ਕੇ ਹਿੰਦੂ ਬਹੁਗਿਣਤੀ ਦੀ ਫਿਰਕਾਪ੍ਰਸਤੀ ਫੈਲਾ ਰਹੀ ਹੈ, ਗਊ ਰੱਖਿਆ ਅਤੇ ਲਵ-ਜੇਹਾਦ ਵਰਗੇ ਭਾਵਨਾਤਮਕ ਮੁੱਦਿਆਂ ’ਤੇ ਫਿਰਕੂ ਹਿੰਸਾ ਨੂੰ ਸ਼ਹਿ ਦੇ ਰਹੀ ਹੈ ਤਾਂ ਹਿੰਦੂਤਵ ਬ੍ਰਿਗੇਡ ਆਪਣੇ ਵਿਰੋਧੀਆਂ ਨੂੰ ਮੁਸਲਮਾਨਾਂ ਦੀ ਪਾਰਟੀ, ਟੁਕੜੇ-ਟੁਕੜੇ ਗੈਂਗ ਅਤੇ ਪਾਕਿਸਤਾਨ ਦੇ ਏਜੰਡੇ ’ਤੇ ਕੰਮ ਕਰਨ ਵਾਲੇ ਕਹਿ ਰਹੀ ਹੈ।

ਘੋਰ ਫਿਰਕਾਪ੍ਰਸਤੀ

ਕੁਲ ਮਿਲਾ ਕੇ ਦੇਸ਼ ’ਚ ਘੋਰ ਫਿਰਕਾਪ੍ਰਸਤੀ ਦੇਖਣ ਨੂੰ ਮਿਲ ਰਹੀ ਹੈ, ਜਿਸ ’ਚ ਸਾਡੇ ਨੇਤਾਵਾਂ ਨੇ ਰਾਸ਼ਟਰਵਾਦ ਅਤੇ ਹਿੰਦੂ-ਮੁਸਲਿਮ ਵੋਟ ਬੈਂਕ ਨੂੰ ਸਿਆਸਤ ਦਾ ਮੁੱਖ ਆਧਾਰ ਬਣਾ ਦਿੱਤਾ ਹੈ। ਅੱਜ ਹਰ ਨੇਤਾ ਫਿਰਕੂ ਸੁਹਿਰਦਤਾ ਦੀ ਆਪਣੀ ਥਾਲੀ ਪਰੋਸ ਰਿਹਾ ਹੈ, ਆਪਣੇ ਨਾਸਮਝ ਵੋਟਰਾਂ ਨੂੰ ਭਾਵਨਾਤਮਕ ਤੌਰ ’ਤੇ ਭੜਕਾ ਰਿਹਾ ਹੈ ਤਾਂ ਕਿ ਆਪਣੀ ਪਾਰਟੀ ਦਾ ਉੱਲੂ ਸਿੱਧਾ ਕੀਤਾ ਜਾ ਸਕੇ ਪਰ ਇਸ ’ਚ ਨੁਕਸਾਨ ਦੇਸ਼ ਦਾ ਹੀ ਹੈ। ਸਵਾਲ ਉੱਠਦਾ ਹੈ ਕਿ ਇਨ੍ਹਾਂ ਨਫਰਤ ਫੈਲਾਉਣ ਵਾਲਿਆਂ ਨੂੰ ਕਿਵੇਂ ਕਾਬੂ ਕੀਤਾ ਜਾਵੇ? ਕੀ ਸਾਡੇ ਰਾਜਨੇਤਾਵਾਂ ਨੂੰ ਇਸ ਦੇ ਪੈਣ ਵਾਲੇ ਪ੍ਰਭਾਵ ਦਾ ਪਤਾ ਹੈ? ਕੀ ਇਸ ਨਾਲ ਫਿਰਕੂ ਆਧਾਰ ’ਤੇ ਮੱਤਭੇਦ ਹੋਰ ਨਹੀਂ ਵਧਣਗੇ? ਪਰ ਪ੍ਰਤੀਯੋਗੀ ਲੋਕਤੰਤਰ ਦੇ ਮਾਹੌਲ ’ਚ ਜੇਕਰ ਜਾਤੀ ਅਤੇ ਫਿਰਕੂ ਸਿਆਸਤ ਨਾਲ ਚੋਣ ਲਾਭ ਮਿਲਦਾ ਹੈ, ਧਰਮ ’ਤੇ ਆਧਾਰਿਤ ਸਿਆਸਤ ਨਾਲ, ਨਫਰਤ ਭਰੇ ਭਾਸ਼ਣਾਂ ਨਾਲ ਵੋਟਰਾਂ ਦਾ ਧਰੁਵੀਕਰਨ ਹੁੰਦਾ ਹੈ ਤਾਂ ਫਿਰ ਇਸ ਦੀ ਕੌਣ ਪਰਵਾਹ ਕਰਦਾ ਹੈ? ਇਸ ਬਾਰੇ ਕੋਈ ਨਹੀਂ ਸੋਚਦਾ ਕਿ ਇਹ ਵਿਨਾਸ਼ਕਾਰੀ ਹੈ ਅਤੇ ਇਸ ਨਾਲ ਫਿਰਕੂ ਹਿੰਸਾ ਦੇ ਬੀਜ ਬੀਜੇ ਜਾਂਦੇ ਹਨ। ਲੋਕਤੰਤਰ ’ਚ ਉਨ੍ਹਾਂ ਲੋਕਾਂ ਨੂੰ ਕੋਈ ਥਾਂ ਨਹੀਂ ਦਿੱਤੀ ਜਾਣੀ ਚਾਹੀਦੀ, ਜੋ ਲੋਕਾਂ ਅਤੇ ਭਾਈਚਾਰਿਆਂ ’ਚ ਨਫਰਤ ਫੈਲਾਉਂਦੇ ਹਨ–ਚਾਹੇ ਉਹ ਹਿੰਦੂ ਮਸੀਹਾ ਹੋਵੇ ਜਾਂ ਮੁਸਲਿਮ ਮੁੱਲਾ, ਇਹ ਦੋਵੇਂ ਹੀ ਲੋਕਤੰਤਰ ਨੂੰ ਨਸ਼ਟ ਕਰ ਰਹੇ ਹਨ, ਜਿਸ ਦੀ ਕੋਈ ਧਾਰਮਿਕ ਪਛਾਣ ਨਹੀਂ ਹੁੰਦੀ।

ਸਾਡਾ ਨੈਤਿਕ ਗੁੱਸਾ ਵੀ ਚੋਣਾਤਮਕ ਨਹੀਂ ਹੋਣਾ ਚਾਹੀਦਾ। ਇਹ ਨਿਆਂਪਸੰਦ, ਸਨਮਾਨਜਨਕ ਅਤੇ ਇਕੋ ਜਿਹਾ ਹੋਣਾ ਚਾਹੀਦਾ ਹੈ। ਲਗਭਗ 130 ਕਰੋੜ ਲੋਕਾਂ ਦੇ ਦੇਸ਼ ’ਚ ਇੰਨੇ ਹੀ ਵਿਚਾਰ ਵੀ ਹੋਣਗੇ ਅਤੇ ਤੁਸੀਂ ਕਿਸੇ ਦੇ ਸਿਆਸੀ ਵਿਚਾਰਾਂ, ਅਧਿਕਾਰਾਂ ’ਤੇ ਰੋਕ ਨਹੀਂ ਲਾ ਸਕਦੇ। ਤੁਸੀਂ ਕਿਸੇ ਦੂਜੇ ਦੇ ਵਿਚਾਰ ਨਾ ਮੰਨਣ ਲਈ ਵੀ ਆਜ਼ਾਦ ਹੋ। ਤੁਹਾਨੂੰ ਜੇਕਰ ਕੋਈ ਟਿੱਪਣੀ ਇਤਰਾਜ਼ਯੋਗ ਲੱਗ ਰਹੀ ਹੋਵੇ ਤਾਂ ਹੋ ਸਕਦਾ ਹੈ ਦੂਜੇ ਨੂੰ ਉਹ ਸਾਧਾਰਨ ਲੱਗੇ ਪਰ ਕਿਸੇ ਨੂੰ ਵੀ ਨਫਰਤ ਫੈਲਾਉਣ, ਭਾਈਚਾਰਿਆਂ ’ਚ ਦੁਰਭਾਵਨਾ ਪੈਦਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਇਸ ਗੰਦੇ ਸਿਆਸੀ ਮਾਹੌਲ ’ਚ ਸਾਡੀ ਚੋਣ ਪ੍ਰਚਾਰ ਮੁਹਿੰਮ ਫਿਰਕੂ ਬਣਦੀ ਜਾ ਰਹੀ ਹੈ। ਖਤਰਨਾਕ ਵਿਚਾਰ ਪੇਸ਼ ਕੀਤੇ ਜਾ ਰਹੇ ਹਨ, ਫਿਰਕੂ ਭਾਸ਼ਾ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਇਸ ਲਈ ਸਮਾਂ ਆ ਗਿਆ ਹੈ ਕਿ ਹਰ ਕੀਮਤ ’ਤੇ ਸੱਤਾ ਦੀ ਇੱਛਾ ਰੱਖਣ ਵਾਲੇ ਸਾਡੇ ਨੇਤਾ ਵੋਟ ਬੈਂਕ ਦੀ ਸਿਆਸਤ ਤੋਂ ਪਰ੍ਹੇ ਸੋਚਣ ਅਤੇ ਆਪਣੇ ਅਜਿਹੇ ਬਿਆਨਾਂ ਦੇ ਖਤਰਨਾਕ ਅਸਰਾਂ ਬਾਰੇ ਵੀ ਵਿਚਾਰ ਕਰਨ। ਸਾਡੇ ਦੇਸ਼ ਸਾਹਮਣੇ ਅੱਜ ਹੋਂਦ ਦਾ ਸੰਕਟ ਹੈ। ਅੱਜ ਬਹੁਲਤਾਵਾਦੀ ਭਾਰਤ ਫਿਰਕੂ, ਫੁੱਟਪਾਊ ਚੋਣ ਪ੍ਰਚਾਰ ਦਾ ਸਾਹਮਣਾ ਕਰ ਰਿਹਾ ਹੈ। ਸੰਸਦ ’ਚ ਸਾਡੇ ਨਵੇਂ ਜਨ-ਪ੍ਰਤੀਨਿਧੀਆਂ ਨੂੰ ਹਮਲਾਵਰ ਅਤੇ ਫੁੱਟਪਾਊ ਭਾਸ਼ਾ ਨੂੰ ਬਿਲਕੁਲ ਵੀ ਸਹਿਣ ਨਹੀਂ ਕਰਨਾ ਚਾਹੀਦਾ ਅਤੇ ਸਪੱਸ਼ਟ ਸੰਦੇਸ਼ ਦੇਣਾ ਚਾਹੀਦਾ ਹੈ ਕਿ ਕਿਸੇ ਵੀ ਭਾਈਚਾਰੇ ਜਾਂ ਸਮੂਹ ਦਾ ਨੇਤਾ ਨਫਰਤ ਨਹੀਂ ਫੈਲਾ ਸਕਦਾ ਅਤੇ ਜੇ ਉਹ ਅਜਿਹਾ ਕਰਦੇ ਹਨ ਤਾਂ ਉਹ ਸੁਣਵਾਈ ਦੇ ਆਪਣੇ ਲੋਕਤੰਤਰਿਕ ਅਧਿਕਾਰ ਨੂੰ ਗੁਆ ਬੈਠਣਗੇ।

ਕੁਲ ਮਿਲਾ ਕੇ ਸਾਡੇ ਨੇਤਾਵਾਂ ਨੂੰ ਸਮਝਣਾ ਪਵੇਗਾ ਕਿ ਇਕ ਰਾਸ਼ਟਰ ਮੂਲ ਤੌਰ ’ਤੇ ਦਿਲਾਂ ਦਾ ਮੇਲ ਹੈ ਅਤੇ ਇਸ ਤੋਂ ਬਾਅਦ ਇਕ ਭੂਗੋਲਿਕ ਇਕਾਈ। ਭਾਰਤ ਇੰਨਾ ਵੱਡਾ ਦੇਸ਼ ਹੈ ਕਿ ਇਸ ’ਚ ਸਾਰੇ ਲੋਕ ਸ਼ਾਂਤੀ ਅਤੇ ਸਦਭਾਵਨਾ ਨਾਲ ਰਹਿ ਸਕਦੇ ਹਨ। ਉਦੇਸ਼ ਜਨਤਕ ਚਰਚਾ ਦਾ ਮਿਆਰ ਉੱਚਾ ਚੁੱਕਣ ਦਾ ਹੋਣਾ ਚਾਹੀਦਾ ਹੈ, ਨਾ ਕਿ ਇਸ ਨੂੰ ਡੇਗਣ ਦਾ। ਭਾਰਤ ਅਜਿਹੇ ਨੇਤਾਵਾਂ ਤੋਂ ਬਿਨਾਂ ਵੀ ਕੰਮ ਚਲਾ ਸਕਦਾ ਹੈ, ਜੋ ਸਿਆਸਤ ਨੂੰ ਵਿਗਾੜਦੇ ਹਨ ਤੇ ਲੋਕਤੰਤਰ ਨੂੰ ਨਸ਼ਟ ਕਰਦੇ ਹਨ। ਉਨ੍ਹਾਂ ਨੂੰ ਚੋਣ ਲਾਭ ਲਈ ਜਾਤ ਤੇ ਧਰਮ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਕੀ ਉਹ ਇਸ ’ਤੇ ਧਿਆਨ ਦੇਣਗੇ?


Bharat Thapa

Content Editor

Related News