ਕੀ ਨਰੇਸ਼ ਗੋਇਲ ''ਜੈੱਟ ਏਅਰਵੇਜ਼'' ਨੂੰ ਬਚਾ ਸਕਣਗੇ
Tuesday, Aug 21, 2018 - 07:20 AM (IST)

ਜੈੱਟ ਏਅਰਵੇਜ਼ ਦੇ ਬਾਨੀ ਚੇਅਰਮੈਨ 69 ਸਾਲਾ ਨਰੇਸ਼ ਗੋਇਲ ਆਪਣੇ ਜੀਵਨ ਦੀ ਸਭ ਤੋਂ ਵੱਡੀ ਲੜਾਈ ਲੜ ਰਹੇ ਹਨ। ਇਹ ਲੜਾਈ ਹੈ ਆਪਣੀ ਵਿਰਾਸਤ ਅਤੇ ਏਅਰਲਾਈਨ ਨੂੰ ਬਚਾਉਣ ਦੀ, ਜਿਸ ਨੂੰ ਉਨ੍ਹਾਂ ਨੇ 25 ਸਾਲਾਂ ਤਕ ਚਲਾਇਆ ਹੈ।
ਉਲਟ ਸਥਿਤੀਆਂ ਜੈੱਟ ਏਅਰਵੇਜ਼ ਦੇ ਜਹਾਜ਼ਾਂ ਨੂੰ ਆਸਾਨੀ ਨਾਲ ਉਡਾਣ ਭਰਨ ਵਿਚ ਮਦਦ ਨਹੀਂ ਕਰ ਰਹੀਆਂ। ਕੁਝ ਸਮਾਂ ਪਹਿਲਾਂ ਇਸ ਏਅਰਲਾਈਨ ਨੇ ਆਪਣੇ ਪਾਇਲਟਾਂ ਅਤੇ ਇੰਜੀਨੀਅਰਾਂ ਨੂੰ ਆਪਣੀ ਤਨਖਾਹ 30 ਫੀਸਦੀ ਕਟੌਤੀ ਨਾਲ ਲੈਣ ਲਈ ਕਿਹਾ ਸੀ। ਸਥਿਤੀ ਦੀ ਅਨਿਸ਼ਚਿਤਤਾ ਦੱਸਣ ਲਈ ਇਕ ਸੀਨੀਅਰ ਕਾਰਜ ਅਧਿਕਾਰੀ ਨੇ ਹੋਰਨਾਂ ਕਾਰਜ ਅਧਿਕਾਰੀਆਂ ਨੂੰ 60 ਦਿਨਾਂ ਦੀ ਇਕ ਸੂਚੀ ਸੌਂਪੀ ਤੇ ਬਾਅਦ ਵਿਚ ਏਅਰਲਾਈਨ ਨੇ ਕਿਹਾ ਕਿ ਕਾਰਜ ਸੂਚੀ ਵਿਚ ਬਹੁਤੀ ਲੋੜ ਦੀ ਭਾਵਨਾ ਨੂੰ ਵਧਾ-ਚੜ੍ਹਾਅ ਕੇ ਪੇਸ਼ ਕੀਤਾ ਗਿਆ ਸੀ।
ਪਰ ਕੋਈ ਵੀ ਇਹ ਦੱਸਣ ਨੂੰ ਤਿਆਰ ਨਹੀਂ ਕਿ ਜੈੱਟ ਏਅਰਵੇਜ਼ ਗੰਭੀਰ ਮਾਲੀ ਸੰਕਟ ਦਾ ਸਾਹਮਣਾ ਕਰ ਰਹੀ ਹੈ। ਇਸ ਦੇ 8100 ਕਰੋੜ ਰੁਪਏ ਦੇ ਕਰਜ਼ੇ ਦੀ ਲਾਗਤ ਬਹੁਤ ਜ਼ਿਆਦਾ ਹੈ। ਦੂਜੇ ਪਾਸੇ ਤੇਲ ਦੀਆਂ ਕੀਮਤਾਂ ਆਸਮਾਨ ਨੂੰ ਛੂਹ ਰਹੀਆਂ ਹਨ ਅਤੇ ਤਨਖਾਹਾਂ ਵੀ ਪ੍ਰਤੀਯੋਗੀ ਬਾਜ਼ਾਰ ਵਿਚ ਹਨ। ਘੱਟ ਲਾਗਤ ਵਾਲੀਆਂ ਤੇ ਹੋਰਨਾਂ ਏਅਰਲਾਈਨਜ਼ ਵਲੋਂ ਮਿਲਣ ਵਾਲੀ ਟੱਕਰ ਵੀ ਜੈੱਟ ਏਅਰਵੇਜ਼ ਦੀਆਂ ਕੀਮਤਾਂ ਦੇ ਲੋੜੀਂਦੇ ਪੱਧਰ ਨੂੰ ਬਣਾਈ ਰੱਖਣ ਦੀ ਇੱਛਾ ਵਿਚ ਰੁਕਾਵਟ ਬਣ ਰਹੀ ਹੈ।
ਸੰਖੇਪ ਵਿਚ ਕਿਹਾ ਜਾਵੇ ਤਾਂ ਭਾਰਤੀ ਆਸਮਾਨ ਵਿਚ ਕਈ ਖਿਡਾਰੀ ਹਨ, ਜੋ ਲੰਮੇ ਸਮੇਂ ਤਕ ਟਿਕੇ ਰਹਿਣਾ ਚਾਹੁੰਦੇ ਹਨ। ਦਾਅ 'ਤੇ ਇਕ ਏਅਰਲਾਈਨ ਹੈ, ਜਿਸ ਨੂੰ ਨਰੇਸ਼ ਗੋਇਲ ਨੇ ਬਣਾਇਆ ਅਤੇ ਇਕ ਅਜਿਹੇ ਉਪ-ਮਹਾਦੀਪ ਵਿਚ 25 ਸਾਲ ਉਡਾਈ ਰੱਖਿਆ, ਜਿਥੇ ਬਹੁਤ ਸਾਰੀਆਂ ਪ੍ਰਾਈਵੇਟ ਏਅਰਲਾਈਨਜ਼ ਖਤਮ ਹੋ ਚੁੱਕੀਆਂ ਹਨ।
ਜੈੱਟ ਏਅਰਲਾਈਨਜ਼ ਦੇ ਘੱਟਗਿਣਤੀ ਵਾਲੇ ਨਿਵੇਸ਼ਕਾਂ ਨੇ ਕਦੇ ਵੀ ਪੈਸਾ ਨਹੀਂ ਕਮਾਇਆ। 2005 ਵਿਚ ਪ੍ਰਤੀ ਸ਼ੇਅਰ 1100 ਰੁਪਏ ਦਾ ਆਈ. ਪੀ. ਓ. ਜਾਂ ਆਬੂਧਾਬੀ ਦੀ ਏਅਰਲਾਈਨ ਏਤਹਾਦ, ਜਿਸ ਦੀ 24 ਫੀਸਦੀ ਸ਼ੇਅਰ ਹਿੱਸੇਦਾਰੀ ਹੈ, ਨੂੰ ਅਪ੍ਰੈਲ 2013 ਵਿਚ 2050 ਕਰੋੜ ਰੁਪਏ ਵਿਚ ਅਕਵਾਇਰ ਕੀਤਾ ਗਿਆ, ਨੇ ਸਿਰਫ ਜੈੱਟ ਏਅਰਲਾਈਨਜ਼ ਦੇ ਸ਼ੇਅਰਾਂ ਦੀ ਕੀਮਤ ਵਿਚ ਗਿਰਾਵਟ ਹੀ ਦੇਖੀ।
ਇਸ ਦੀ ਟ੍ਰੇਡਿੰਗ ਦੇ ਪਹਿਲੇ ਦਿਨ ਜੈੱਟ ਏਅਰਵੇਜ਼ ਦੀ ਕੀਮਤ 11266 ਕਰੋੜ ਰੁਪਏ ਸੀ। ਜੈੱਟ ਦਾ ਬਾਜ਼ਾਰ ਪੂੰਜੀਕਰਨ ਹੁਣ 3419 ਕਰੋੜ ਰੁਪਏ ਹੈ। ਇਸ ਦੇ ਮੁਢਲੇ ਸੂਚੀਬੱਧ ਮੁਲਾਂਕਣ ਦਾ ਲੱਗਭਗ 30 ਫੀਸਦੀ। ਅਜਿਹੀ ਸਥਿਤੀ ਵਿਚ ਨਵੇਂ ਨਿਵੇਸ਼ ਹਾਸਿਲ ਕਰਨਾ ਸੱਚਮੁੱਚ ਇਕ ਚੁਣੌਤੀ ਹੋਵੇਗੀ।
ਅਜਿਹਾ ਨਹੀਂ ਹੈ ਕਿ ਸਿਰਫ ਜੈੱਟ ਏਅਰਵੇਜ਼ ਨੂੰ ਹੀ ਤਕਲੀਫ ਸਹਿਣ ਕਰਨੀ ਪੈ ਰਹੀ ਹੈ। ਕੋਟਕ ਇੰਸਟੀਚਿਊਸ਼ਨਲ ਇਕਵਿਟੀਜ਼ ਨੇ ਆਪਣੀ 6 ਅਗਸਤ ਦੀ ਰਿਪੋਰਟ ਵਿਚ ਕਿਹਾ ਸੀ ਕਿ ਉਹ ਕਾਫੀ ਦੁਚਿੱਤੀ ਵਿਚ ਹਨ। ਬ੍ਰੋਕਰੇਜ ਫਰਮ ਨੇ ਕਿਹਾ ਕਿ ਭਾਰਤੀ ਹਵਾਬਾਜ਼ੀ ਕੰਪਨੀਆਂ ਅਜਿਹੇ ਸਮੇਂ 'ਤੇ ਆਪਣੀਆਂ ਕੀਮਤਾਂ ਵਧਾਉਣ ਵਿਚ ਅਸਫਲ ਰਹੀਆਂ ਹਨ, ਜਦੋਂ ਘਰੇਲੂ ਯਾਤਰਾ ਫੀਸ ਵਿਚ ਮਜ਼ਬੂਤ ਵਾਧਾ ਜਾਰੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪ੍ਰਮੁੱਖ ਹਵਾਬਾਜ਼ੀ ਕਪਨੀਆਂ ਤਾਂ ਪਿਛਲੇ 2 ਸਾਲਾਂ ਦੌਰਾਨ ਸਿੱਕੇ ਦੇ ਪਸਾਰ ਨਾਲ ਆਪਣੀ ਰਫਤਾਰ ਵੀ ਨਹੀਂ ਬਣਾਈ ਰੱਖ ਸਕੀਆਂ, ਇਨਪੁਟ ਲਾਗਤਾਂ ਵਿਚ ਵਾਧੇ ਨੂੰ ਤਾਂ ਛੱਡ ਹੀ ਦਿਓ।
ਇਸ ਲਈ ਇਹ ਸਿਰਫ ਗੋਇਲ ਦੀ ਸਮੱਸਿਆ ਨਹੀਂ ਹੈ। ਉਨ੍ਹਾਂ ਦੇ ਉਲਟ ਇੰਡੀਗੋ ਦੀ ਮੂਲ ਇੰਟਰਗਲੋਬ ਐਵੀਏਸ਼ਨ, ਟਾਟਾ-ਸੀਆ ਦੀ ਏਅਰਵਿਸਤਾਰਾ ਅਤੇ ਇਥੋਂ ਤਕ ਕਿ ਸਰਕਾਰੀ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਵਰਗੇ ਜੈੱਟ ਏਅਰਵੇਜ਼ ਦੇ ਸਹਿਯੋਗੀਆਂ ਦੇ ਪ੍ਰਮੋਟਰ ਕਾਫੀ ਅਮੀਰ ਹਨ ਅਤੇ ਭਾਰਤੀ ਆਸਮਾਨ ਵਿਚ ਆਖਰੀ ਦਮ ਤੋੜਨ ਤੋਂ ਪਹਿਲਾਂ ਕਾਫੀ ਲੰਮੀ ਲੜਾਈ ਲੜ ਸਕਦੇ ਹਨ ਪਰ ਜੈੱਟ ਏਅਰਵੇਜ਼ ਨੂੰ ਨੁਕਸਾਨ ਇਹ ਹੈ ਕਿ ਇਸ ਦੀ ਭਾਈਵਾਲ 'ਏਤਹਾਦ' ਬਹੁਤ ਬੁਰੀ ਤਰ੍ਹਾਂ ਪੱਛੜ ਰਹੀ ਹੈ ਅਤੇ ਭਾਰੀ ਘਾਟਾ ਉਠਾ ਰਹੀ ਹੈ।
ਗੋਇਲ ਮੁਸ਼ਕਿਲ ਸੌਦੇ ਕਰਨ ਲਈ ਜਾਣੇ ਜਾਂਦੇ ਹਨ। ਜਦੋਂ ਉਹ ਕਿਸੇ ਚੀਜ਼ 'ਤੇ ਆਪਣਾ ਧਿਆਨ ਕੇਂਦ੍ਰਿਤ ਕਰ ਲੈਂਦੇ ਹਨ ਤਾਂ ਆਪਣੇ ਵਲੋਂ 'ਬੈਸਟ' ਦਿੱਤੇ ਬਿਨਾਂ ਪਿੱਛੇ ਨਹੀਂ ਹਟਦੇ। ਇਸ ਲਈ ਹੁਣ ਚਰਚਾ ਲਾਇਲਟੀ ਪ੍ਰੋਗਰਾਮ ਜੈੱਟ ਪ੍ਰੀਵੀਲੇਜ ਦੀ ਹਿੱਸੇਦਾਰੀ ਨਿੱਜੀ ਇਕਵਿਟੀ ਫਰਮਾਂ ਨੂੰ ਵੇਚਣ ਦੀ ਹੈ ਪਰ ਅਜਿਹਾ ਨਹੀਂ ਲਗਦਾ ਕਿ ਇਹ ਏਅਰਲਾਈਨ ਨੂੰ ਬਚਾਉਣ ਲਈ ਕਾਫੀ ਹੋਵੇਗਾ।
ਪਿਛਲੇ ਸਾਲ ਦੇ ਆਖਰੀ ਸਮੇਂ ਵਿਚ ਗੋਇਲ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਨਵੇਂ ਗੱਠਜੋੜ ਬਣਾਉਣੇ ਪੈਣਗੇ। ਇੰਡੀਗੋ ਤੇ ਏਅਰਵਿਸਤਾਰਾ ਵਰਗੀਆਂ ਪ੍ਰਾਈਵੇਟ ਕੰਪਨੀਆਂ ਲੰਮੀ ਦੂਰੀ ਤਕ ਉਡਾਣ ਭਰਨ ਲਈ ਜਾਣੀਆਂ ਜਾਂਦੀਆਂ ਹਨ। ਫਿਰ ਏਅਰ ਇੰਡੀਆ ਵੀ ਉਨ੍ਹਾਂ ਦੀ ਨਜ਼ਰ ਵਿਚ ਸੀ। ਉਨ੍ਹਾਂ ਨੇ ਛੇਤੀ ਤੋਂ ਛੇਤੀ ਆਪਣੀਆਂ ਹਿੱਸੇਦਾਰੀਆਂ ਬਦਲਣ ਦਾ ਫੈਸਲਾ ਲਿਆ।
ਪਿਛਲੇ ਸਾਲ ਨਵੰਬਰ ਦੇ ਅਖੀਰ ਵਿਚ ਗੋਇਲ ਆਖਿਰ ਏਅਰ ਫਰਾਂਸ-ਕੇ. ਐੱਲ. ਐੱਮ. ਨਾਲ ਇਕ ਵਪਾਰਕ ਸਮਝੌਤਾ ਕਰਨ ਵਿਚ ਸਫਲ ਰਹੇ, ਜਿਸ ਬਾਰੇ ਜੈੱਟ ਏਅਰਵੇਜ਼ 'ਤੇ ਨਜ਼ਰ ਰੱਖਣ ਵਾਲਿਆਂ ਦਾ ਮੰਨਣਾ ਹੈ ਕਿ ਇਸ ਨੂੰ ਹੋਰ ਵਿਸਤਾਰ ਦਿੱਤਾ ਜਾ ਸਕਦਾ ਹੈ। ਸਮਝੌਤੇ ਦਾ ਐਲਾਨ ਕਰਨ ਤੋਂ ਬਾਅਦ ਏਅਰ ਫਰਾਂਸ-ਕੇ. ਐੱਲ. ਐੱਮ. ਦੇ ਤੱਤਕਾਲੀ ਚੇਅਰਮੈਨ ਜੀਨ ਮਾਰਕ ਜਾਨੈਲਾਕ ਨੇ ਕਿਹਾ ਕਿ ਨਰੇਸ਼ ਗੋਇਲ ਸੌਦੇ ਕਰਨਾ ਪਸੰਦ ਕਰਦੇ ਹਨ ਤੇ ਇਸ ਮਾਮਲੇ ਵਿਚ ਪਿੱਛੇ ਨਹੀਂ ਹਟਦੇ। ਉਹ ਕਾਰੋਬਾਰ, ਆਪਣੀ ਕੰਪਨੀ ਨੂੰ ਜਾਣਦੇ ਹਨ ਅਤੇ ਇਹ ਵੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਉਨ੍ਹਾਂ ਨੂੰ ਕੀ ਚਾਹੀਦਾ ਹੈ। ਉਨ੍ਹਾਂ ਨੇ ਇਸ ਏਅਰਲਾਈਨ ਨੂੰ ਆਪਣੀ ਖ਼ੁਦ ਦੀ ਉੱਦਮਸ਼ੀਲ ਦੂਰਅੰਦੇਸ਼ੀ ਨਾਲ ਬਣਾਇਆ ਹੈ। ਇਸ ਨਜ਼ਰੀਏ ਤੋਂ ਅਸੀਂ ਚੰਗੀ ਤਰ੍ਹਾਂ ਸਮਝ ਸਕਦੇ ਹਾਂ ਕਿ ਉਹ ਕਿਸ ਤਰ੍ਹਾਂ ਸੌਦੇਬਾਜ਼ੀ ਕਰਦੇ ਹਨ।
ਇਹੋ ਗੱਲ ਏਤਹਾਦ ਦੇ ਮਾਮਲੇ ਵਿਚ ਵੀ ਸੱਚ ਸੀ। ਨਰੇਸ਼ ਗੋਇਲ ਨੇ ਜੈੱਟ ਏਅਰਵੇਜ਼ ਦਾ ਮੁੱਲ ਵਧਾ-ਚੜ੍ਹਾਅ ਕੇ ਦੱਸਿਆ ਤੇ ਇਕ ਕੀਮਤ (1.5 ਅਰਬ ਡਾਲਰ), ਜੋ ਏਤਹਾਦ ਵਲੋਂ ਪੇਸ਼ ਕੀਤੀ ਗਈ ਕੀਮਤ ਨਾਲੋਂ ਤਿੰਨ ਗੁਣਾ ਜ਼ਿਆਦਾ ਸੀ, 'ਤੇ ਸਮਝੌਤਾ ਕਰਨ ਤੋਂ ਪਹਿਲਾਂ 3.5 ਅਰਬ ਡਾਲਰ ਦਾ ਵੱਡਾ ਮੁਲਾਂਕਣ ਕਰਨ ਲਈ ਕਿਹਾ।
ਨਰੇਸ਼ ਗੋਇਲ ਦੇ ਨੇੜਲੇ ਇਸ ਗੱਲ ਤੋਂ ਇਨਕਾਰ ਕਰਦੇ ਹਨ ਕਿ ਉਹ ਆਪਣਾ ਹਿੱਸਾ ਵੇਚ ਰਹੇ ਹਨ। ਉਨ੍ਹਾਂ ਦੇ ਇਕ ਨੇੜਲੇ ਵਿਅਕਤੀ ਦਾ ਕਹਿਣਾ ਹੈ ਕਿ ਆਪਣੇ ਜਿਊਂਦੇ-ਜੀਅ ਉਹ ਇਸ ਨੂੰ ਕਦੇ ਨਹੀਂ ਵੇਚਣਗੇ ਕਿਉਂਕਿ ਉਸ ਏਅਰਲਾਈਨ ਨਾਲ ਉਨ੍ਹਾਂ ਨੂੰ ਕਾਫੀ ਭਾਵਨਾਤਮਕ ਲਗਾਅ ਹੈ, ਜਿਸ ਨੂੰ ਉਨ੍ਹਾਂ ਨੇ ਬਣਾਇਆ ਤੇ ਉਡਾਣ ਭਰਨ ਵਿਚ ਮਦਦ ਕੀਤੀ।
ਜ਼ਿਕਰਯੋਗ ਹੈ ਕਿ 1967 ਵਿਚ ਉਨ੍ਹਾਂ ਨੇ ਹਵਾਬਾਜ਼ੀ ਖੇਤਰ ਵਿਚ ਆਪਣਾ ਕੈਰੀਅਰ ਆਪਣੇ ਮਾਮੇ ਸੇਠ ਚਰਨਦਾਸ ਰਾਮਲਾਲ ਦੀ ਟ੍ਰੈਵਲ ਏਜੰਸੀ ਈਸਟ-ਵੈਸਟ ਏਜੰਸੀਜ਼ ਵਿਚ ਇਕ ਕੈਸ਼ੀਅਰ ਵਜੋਂ ਸ਼ੁਰੂ ਕੀਤਾ।
ਆਪਣੀ ਪਛਾਣ ਲੁਕਾਉਣ ਦੀ ਸ਼ਰਤ 'ਤੇ ਉਨ੍ਹਾਂ ਦੇ ਇਕ ਸਾਬਕਾ ਸਹਿਯੋਗੀ, ਜੋ ਹੁਣ ਇਕ ਮੁਕਾਬਲੇਬਾਜ਼ ਏਅਰਲਾਈਨ ਵਿਚ ਕੰਮ ਕਰਦੇ ਹਨ, ਨੇ ਦੱਸਿਆ ਕਿ ਅਸੀਂ ਉਸ ਵਿਅਕਤੀ ਨੂੰ ਜਾਣਦੇ ਹਾਂ ਅਤੇ ਜੇ ਕੋਈ ਜੈੱਟ ਏਅਰਲਾਈਨਜ਼ ਨੂੰ ਬਚਾ ਸਕਦਾ ਹੈ ਤਾਂ ਉਹ ਗੋਇਲ ਹਨ ਪਰ ਪ੍ਰੇਸ਼ਾਨੀ ਸਿਰਫ ਇਹ ਹੈ ਕਿ ਜਦੋਂ ਇੰਡਸਟਰੀ ਪਤਨ ਵੱਲ ਵਧ ਰਹੀ ਹੈ ਅਤੇ ਜਦੋਂ ਏਜੰਟ ਏਅਰਲਾਈਨ ਨੂੰ ਨਹੀਂ ਵੇਚਦੇ, ਯਾਤਰੀ ਟਿਕਟ ਨਹੀਂ ਖਰੀਦਦੇ ਤਾਂ ਨਕਦੀ ਦੇ ਵਹਾਅ ਦੀ ਜੀਵਨ ਰੇਖਾ ਰੁਕ ਜਾਵੇਗੀ ਪਰ ਅਹਿਮ ਸਵਾਲ ਇਹ ਹੈ ਕਿ ਕੀ ਨਰੇਸ਼ ਗੋਇਲ ਇਕ ਰਚਨਾਤਮਕ ਸੌਦਾ ਕਰ ਸਕਣਗੇ ਅਤੇ ਨਵੇਂ ਨਿਵੇਸ਼ਕਾਂ ਦੇ ਆਉਣ ਲਈ ਕੁਝ ਜਗ੍ਹਾ ਬਣਾ ਸਕਣਗੇ? (ਇਟਾ.)