ਕੀ ਮੁਹੰਮਦ ਬਿਨ ਸਲਮਾਨ ਵੀ ਹੈਨਰੀ-V999 ਵਾਂਗ ਤਬਦੀਲੀ ਲਿਆਉਣ ''ਚ ਸਫਲ ਹੋਣਗੇ

Friday, Nov 24, 2017 - 07:29 AM (IST)

ਕੀ ਮੁਹੰਮਦ ਬਿਨ ਸਲਮਾਨ ਵੀ ਹੈਨਰੀ-V999 ਵਾਂਗ ਤਬਦੀਲੀ ਲਿਆਉਣ ''ਚ ਸਫਲ ਹੋਣਗੇ

ਪਿਛਲੇ ਕੁਝ ਦਿਨਾਂ ਤੋਂ ਸਾਊਦੀ ਅਰਬ ਵਿਚ ਵਾਪਰ ਰਹੀਆਂ ਹੈਰਾਨੀਜਨਕ ਘਟਨਾਵਾਂ ਸੰਸਾਰਕ ਬਹਿਸ ਦਾ ਹਿੱਸਾ ਬਣ ਰਹੀਆਂ ਹਨ। ਸਾਊਦੀ ਅਰਬ ਦੀ ਸਲਤਨਤ ਦੇ ਐਲਾਨੇ ਉਤਰਾਧਿਕਾਰੀ ਮੁਹੰਮਦ ਬਿਨ ਸਲਮਾਨ ਦੇ ਵਧਦੇ ਸਿਆਸੀ ਦਖਲ ਦਰਮਿਆਨ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਅਲ-ਵਲੀਦ ਬਿਨ ਤਲਾਲ ਸਮੇਤ ਦਰਜਨਾਂ ਸ਼ਹਿਜ਼ਾਦਿਆਂ, ਮੰਤਰੀਆਂ ਅਤੇ ਚੋਟੀ ਦੇ ਅਧਿਕਾਰੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। 
ਕਥਿਤ ਤੌਰ 'ਤੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ 200 ਤੋਂ ਜ਼ਿਆਦਾ ਲੋਕਾਂ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਇਸ ਇਸਲਾਮੀ ਰਾਸ਼ਟਰ ਦੇ ਯੁਵਰਾਜ ਮੁਹੰਮਦ ਬਿਨ ਸਲਮਾਨ ਨੇ ਕਈ ਹੋਰ ਐਲਾਨ ਵੀ ਕੀਤੇ, ਜਿਸ ਨਾਲ ਦੁਨੀਆ ਦਾ ਮੁਸਲਿਮ ਭਾਈਚਾਰਾ ਸ਼ਸ਼ੋਪੰਜ ਵਾਲੀ ਸਥਿਤੀ ਵਿਚ ਹੈ। ਬਿਨਾਂ ਸ਼ੱਕ ਜੋ ਫੈਸਲੇ ਸਾਊਦੀ ਅਰਬ ਦੇ ਸ਼ਾਹੀ ਪਰਿਵਾਰ ਨੇ ਲਏ ਹਨ, ਉਨ੍ਹਾਂ ਦਾ ਨਾ ਸਿਰਫ ਸਾਊਦੀ ਅਰਬ, ਸਗੋਂ ਬਾਕੀ ਦੁਨੀਆ 'ਤੇ ਵੀ ਡੂੰਘਾ ਅਸਰ ਪਵੇਗਾ। ਇਸ ਦੇ ਤਿੰਨ ਪ੍ਰਮੁੱਖ ਕਾਰਨ ਹਨ।
ਪਹਿਲਾ—ਸਾਊਦੀ ਅਰਬ ਵਿਚ ਪੈਗੰਬਰ ਸਾਹਿਬ ਦਾ ਜਨਮ ਹੋਇਆ ਤੇ ਕੁਰਾਨ ਵੀ ਇਥੇ ਹੀ ਲਿਖੀ ਗਈ। ਦੂਜਾ-ਮੱਕਾ-ਮਦੀਨਾ ਵੀ ਇਥੇ ਹੀ ਸਥਿਤ ਹੈ, ਜਿਸ ਦੇ ਸਰਪ੍ਰਸਤ ਸਾਊਦੀ ਅਰਬ ਦੇ ਬਾਦਸ਼ਾਹ ਹਨ ਅਤੇ ਤੀਜਾ-ਦੁਨੀਆ ਦੇ ਮੁਸਲਿਮ ਸਮਾਜ 'ਤੇ ਅਰਬ ਸੱਭਿਅਤਾ ਦਾ ਡੂੰਘਾ ਪ੍ਰਭਾਵ ਹੈ। 
ਮੁਹੰਮਦ ਬਿਨ ਸਲਮਾਨ ਨੇ ਦੇਸ਼ ਵਿਚ 'ਉਦਾਰ ਇਸਲਾਮ' ਦੀ ਪਾਲਣਾ ਦਾ ਸੰਕਲਪ ਪ੍ਰਗਟਾਇਆ ਹੈ। 24 ਅਕਤੂਬਰ ਨੂੰ ਰਿਆਦ ਵਿਚ ਐੱਫ. ਆਈ. ਆਈ. ਨਾਮੀ ਇਕ ਵੱਡਾ ਆਰਥਿਕ ਸੰਮੇਲਨ ਆਯੋਜਿਤ ਕੀਤਾ ਗਿਆ ਸੀ, ਜਿਸ ਦਾ ਮੂਲ ਉਦੇਸ਼ ਤੇਲ ਦੀ ਵਿਕਰੀ ਤੋਂ ਹੋਣ ਵਾਲੀ ਆਮਦਨ 'ਤੇ ਸਾਊਦੀ ਅਰਬ ਦੀ ਨਿਰਭਰਤਾ ਨੂੰ ਘੱਟ ਕਰਨਾ ਸੀ।
ਸਲਮਾਨ ਨੇ 'ਵਿਜ਼ਨ 2030' ਪੇਸ਼ ਕਰਦਿਆਂ ਕਿਹਾ, ''ਅਸੀਂ ਉਸ ਪਾਸੇ ਪਰਤ ਰਹੇ ਹਾਂ, ਜੋ ਅਸੀਂ ਪਹਿਲਾਂ ਸੀ, ਭਾਵ ਉਦਾਰ ਇਸਲਾਮ ਵਾਲਾ ਦੇਸ਼, ਜੋ ਸਾਰੇ ਧਰਮਾਂ ਅਤੇ ਦੁਨੀਆ ਲਈ ਖੁੱਲ੍ਹਾ ਹੋਵੇ। ਅਸੀਂ ਆਪਣੀ ਜ਼ਿੰਦਗੀ ਦੇ ਅਗਲੇ 30 ਸਾਲ ਤਬਾਹਕੁੰਨ ਵਿਚਾਰਾਂ ਨਾਲ ਨਹੀਂ ਬਿਤਾਉਣਾ ਚਾਹੁੰਦੇ। ਅਸੀਂ ਛੇਤੀ ਹੀ ਅੱਤਵਾਦ ਨੂੰ ਖਤਮ ਕਰਾਂਗੇ।''
ਇਸੇ ਏਜੰਡੇ ਦੇ ਤਹਿਤ ਸਾਊਦੀ ਅਰਬ ਦੀਆਂ ਔਰਤਾਂ ਨੂੰ ਸਟੇਡੀਅਮ ਵਿਚ ਜਾਣ ਅਤੇ ਕਾਰਾਂ ਆਦਿ ਚਲਾਉਣ ਦੀ ਇਜਾਜ਼ਤ ਦੇਣ ਵਰਗੇ ਫੈਸਲੇ ਲਏ ਗਏ ਹਨ। ਇਸੇ ਲੜੀ ਵਿਚ ਯੋਗਾ ਨੂੰ ਗੈਰ-ਇਸਲਾਮੀ ਦੱਸਣ ਵਾਲੇ ਸਾਊਦੀ ਅਰਬ ਨੇ ਹੁਣ ਇਸ ਨੂੰ ਖੇਡ ਦਾ ਦਰਜਾ ਦੇ ਦਿੱਤਾ ਹੈ ਅਤੇ ਨਾਲ ਹੀ ਲੋਕਾਂ ਨੂੰ ਯੋਗਾ ਸਿਖਾਉਣ ਦਾ ਫੈਸਲਾ ਵੀ ਕੀਤਾ ਹੈ। 
17 ਅਕਤੂਬਰ ਨੂੰ ਸ਼ਾਹੀ ਪਰਿਵਾਰ ਨੇ ਇਸਲਾਮੀ ਵਿਦਵਾਨਾਂ ਦੀ ਇਕ ਕੌਮਾਂਤਰੀ ਬਾਡੀ ਦਾ ਗਠਨ ਕੀਤਾ, ਜੋ ਹਦੀਸਾਂ ਦੀ ਸਮੀਖਿਆ ਕਰ ਕੇ ਉਨ੍ਹਾਂ ਕੱਟੜਵਾਦੀ ਅਤੇ 'ਫਰਜ਼ੀ ਗੱਲਾਂ' ਤੋਂ ਇਲਾਵਾ ਅਜਿਹੀ ਸਮੱਗਰੀ ਨੂੰ ਹਟਾਏਗੀ, ਜਿਸ ਦਾ ਇਸਤੇਮਾਲ ਅਪਰਾਧੀ, ਕਾਤਲ ਅਤੇ ਅੱਤਵਾਦੀ ਆਪਣੀਆਂ ਕਰਤੂਤਾਂ ਨੂੰ ਜਾਇਜ਼ ਠਹਿਰਾਉਣ ਲਈ ਕਰਦੇ ਹਨ। 
ਇਕ ਇੰਟਰਵਿਊ ਵਿਚ ਸਲਮਾਨ ਨੇ ਸ਼ੀਆ ਬਹੁਲਤਾ ਵਾਲੇ ਈਰਾਨ ਨੂੰ ਸਾਊਦੀ ਅਰਬ ਸਮੇਤ ਇਸਲਾਮੀ ਦੁਨੀਆ ਵਿਚ ਫੈਲੀ ਮਜ਼੍ਹਬੀ ਅਸਹਿਣਸ਼ੀਲਤਾ ਲਈ ਦੋਸ਼ੀ ਠਹਿਰਾਇਆ ਹੈ। ਉਨ੍ਹਾਂ ਮੁਤਾਬਿਕ, ''ਪਿਛਲੇ 3 ਦਹਾਕਿਆਂ ਵਿਚ ਜੋ ਕੁਝ ਹੋਇਆ, ਉਸ ਦਾ ਸਾਊਦੀ ਅਰਬ ਨਾਲ ਕੋਈ ਲੈਣਾ-ਦੇਣਾ ਨਹੀਂ ਅਤੇ ਨਾ ਹੀ ਮੱਧ ਪੂਰਬ ਨਾਲ। 1979 ਵਿਚ ਈਰਾਨ ਦੀ ਇਸਲਾਮੀ ਕ੍ਰਾਂਤੀ ਤੋਂ ਬਾਅਦ ਲੋਕਾਂ ਨੇ ਇਸ ਨੂੰ ਆਪਣੇ ਦੇਸ਼ਾਂ ਵਿਚ ਦੁਹਰਾਉਣਾ ਚਾਹਿਆ। ਇਨ੍ਹਾਂ ਵਿਚ ਸਾਊਦੀ ਅਰਬ ਵੀ ਸ਼ਾਮਿਲ ਹੈ ਪਰ ਹੁਣ ਇਸ ਤੋਂ ਛੁਟਕਾਰਾ ਪਾਉਣ ਦਾ ਸਮਾਂ ਆ ਗਿਆ ਹੈ।''
ਯੁਵਰਾਜ ਸਲਮਾਨ ਦਾ ਬਿਆਨ ਅੱਧੇ ਸੱਚ ਅਤੇ ਅੱਧੇ ਝੂਠ ਦੇ ਕਾਕਟੇਲ ਤੋਂ ਘੱਟ ਨਹੀਂ। ਉਨ੍ਹਾਂ ਮੁਤਾਬਿਕ 1979 ਦੀ ਇਤਿਹਾਸਿਕ ਘਟਨਾ ਤੋਂ ਬਾਅਦ ਸਾਊਦੀ ਅਰਬ ਕੱਟੜਪੰਥੀ ਬਣਿਆ, ਜਦਕਿ ਪਹਿਲਾਂ ਇਹ ਉਦਾਰਵਾਦੀ ਸੀ। ਕੀ 1979 ਤੋਂ ਪਹਿਲਾਂ ਸਾਊਦੀ ਅਰਬ ਸੱਚਮੁੱਚ ਇਕ ਉਦਾਰਵਾਦੀ ਦੇਸ਼ ਸੀ? ਸੁੰਨੀ ਇਸਲਾਮ ਦੇ ਕੱਟੜ ਸਰੂਪ ਵਾਲੇ ਵਹਾਬੀਵਾਦ ਵਾਲੇ ਦੇਸ਼ ਸਾਊਦੀ ਅਰਬ ਵਲੋਂ ਦੁਨੀਆ ਵਿਚ ਆਈ. ਐੱਸ., ਜੈਸ਼-ਏ-ਮੁਹੰਮਦ, ਹਿਜ਼ਬੁਲ ਮੁਜਾਹਿਦੀਨ ਵਰਗੇ ਇਸਲਾਮੀ ਅੱਤਵਾਦੀ ਸੰਗਠਨਾਂ ਨੂੰ ਸਮਰਥਨ ਦਿੱਤਾ ਜਾਂਦਾ ਹੈ। ਕੀ ਇਸ ਦੇਸ਼ ਦੀ ਸਮਾਜਿਕ ਤਬਦੀਲੀ 'ਤੇ ਭਰੋਸਾ ਕੀਤਾ ਜਾ ਸਕਦਾ ਹੈ?
ਈਰਾਨ ਦੀ ਇਸਲਾਮਿਕ ਕ੍ਰਾਂਤੀ ਦਾ ਸੰਬੰਧ ਉਸ ਘਟਨਾ ਨਾਲ ਹੈ, ਜਦੋਂ ਈਰਾਨ ਦੇ ਆਖਰੀ ਸ਼ਾਹ ਮੁਹੰਮਦ ਰਜ਼ਾ ਪਹਿਲਵੀ ਨੂੰ ਗੱਦੀਓਂ ਲਾਹ ਕੇ ਅਯਾਤੁੱਲਾ ਖੁਮੈਨੀ ਨੇ ਇਸਲਾਮੀ ਗਣਤੰਤਰ ਦੀ ਸਥਾਪਨਾ ਕੀਤੀ ਸੀ। ਅਮਰੀਕਾ ਦੇ ਨੇੜੇ ਹੋਣ ਕਾਰਨ ਪਹਿਲਵੀ ਨੂੰ ਲਗਾਤਾਰ ਕੱਟੜ ਮੌਲਵੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਸਥਿਤੀ ਨਾਲ ਨਜਿੱਠਣ ਲਈ ਪਹਿਲਵੀ ਨੇ ਇਸਲਾਮ ਦੀ ਭੂਮਿਕਾ ਨੂੰ ਘੱਟ ਕਰਨ ਲਈ ਈਰਾਨੀ ਸੱਭਿਅਤਾ ਨੂੰ ਤਰਜੀਹ ਦਿੱਤੀ ਤੇ ਆਪਣੇ ਦੇਸ਼ ਨੂੰ ਆਧੁਨਿਕ ਬਣਾਉਣ ਦੀ ਦਿਸ਼ਾ ਵਿਚ ਫੈਸਲਾ ਲੈਣਾ ਸ਼ੁਰੂ ਕਰ ਦਿੱਤਾ। 
ਇਸਲਾਮੀ ਕੱਟੜਪੰਥੀਆਂ ਸਮੇਤ ਖੁਮੈਨੀ ਵੀ ਪਹਿਲਵੀ ਦੇ ਸੁਧਾਰਾਂ ਦੇ ਸਖਤ ਵਿਰੋਧੀ ਸਨ। ਮਜ਼੍ਹਬੀ ਬੇਸੰਤੋਖੀ, ਭ੍ਰਿਸ਼ਟਾਚਾਰ, ਦਮਨ ਅਤੇ ਹਿੰਸਾ ਦੇ ਪਿਛੋਕੜ ਵਿਚ ਖੁਮੈਨੀ ਨੇ ਅੰਤ੍ਰਿਮ ਸਰਕਾਰ ਦਾ ਗਠਨ ਕਰ ਦਿੱਤਾ। 
ਸਾਊਦੀ ਅਰਬ ਵਿਚ ਸੌੜੀ ਵਹਾਬੀ ਵਿਚਾਰਧਾਰਾ ਦੀ ਉਤਪਤੀ 13ਵੀਂ ਸਦੀ ਵਿਚ ਜਨਮੇ ਇਬਨ-ਤੈਮੀਆ ਨਾਮੀ ਇਸਲਾਮੀ ਆਲਿਮ ਨਾਲ ਹੋਈ। ਜਦੋਂ ਮੰਗੋਲ ਹਮਲਾਵਰ ਅਰਬ ਪਹੁੰਚੇ ਤਾਂ ਉਨ੍ਹਾਂ ਨੇ ਇਸਲਾਮ ਕਬੂਲ ਕਰ ਲਿਆ ਪਰ ਆਪਣੀਆਂ ਮੂਲ ਜੜ੍ਹਾਂ ਤੇ ਰਵਾਇਤਾਂ ਨਾਲੋਂ ਨਾਤਾ ਨਹੀਂ ਤੋੜ ਸਕੇ। ਤੈਮੀਆ ਨੇ ਇਸ ਨੂੰ 'ਇਸਲਾਮ ਵਿਚ ਮਿਲਾਵਟ' ਕਹਿ ਕੇ ਇਸ ਵਿਰੁੱਧ ਹਿੰਸਕ ਰੁਖ਼ ਅਪਣਾਇਆ। ਉਸ ਦੀ ਵਿਚਾਰਧਾਰਾ ਨੂੰ 18ਵੀਂ ਸਦੀ ਵਿਚ ਮੁਹੰਮਦ ਇਬਨ-ਅਬਦ-ਅਲ-ਵਹਾਬ (1703-1792) ਨੇ ਅਪਣਾਇਆ ਅਤੇ ਉਸੇ ਦੇ ਨਾਂ 'ਤੇ ਵਹਾਬੀਵਾਦ ਵਿਚਾਰਧਾਰਾ ਦਾ ਜਨਮ ਹੋਇਆ। ਮੁਹੰਮਦ ਵਹਾਬ ਦਾ ਸਾਊਦੀ ਅਰਬ ਦੇ ਬਾਨੀ ਮੁਹੰਮਦ ਬਿਨ ਸਾਊਦ ਨਾਲ ਸਮਝੌਤਾ ਹੋਇਆ ਸੀ। 
'ਏ ਹਿਸਟਰੀ ਆਫ ਸਾਊਦੀ ਅਰਬ' ਅਨੁਸਾਰ ਆਪਣੀ ਪਹਿਲੀ ਮੁਲਾਕਾਤ ਦੌਰਾਨ ਸਾਊਦੀ ਸ਼ਾਸਕ ਮੁਹੰਮਦ ਬਿਨ ਸਾਊਦ ਨੇ ਵਹਾਬ ਨੂੰ ਕਿਹਾ, ''ਇਹ ਨਖ਼ਲਿਸਤਾਨ (ਮਾਰੂਥਲ) ਤੁਹਾਡਾ ਹੈ, ਆਪਣੇ ਦੁਸ਼ਮਣਾਂ ਤੋਂ ਨਾ ਡਰੋ। ਅੱਲ੍ਹਾ ਦੀ ਸਹੁੰ, ਜੇ ਸਾਊਦੀ ਅਰਬ ਵਿਚ ਰਹਿਣ ਵਾਲੇ ਸਾਰੇ ਲੋਕ ਵੀ ਤੁਹਾਨੂੰ ਇਥੋਂ ਬਾਹਰ ਕੱਢਣਾ ਚਾਹੁਣ ਤਾਂ ਅਸੀਂ ਅਜਿਹਾ ਨਹੀਂ ਹੋਣ ਦਿਆਂਗੇ।'' ਵਹਾਬ ਦਾ ਜਵਾਬ ਸੀ, ''ਤੁਸੀਂ ਅਕਲਮੰਦ ਵਿਅਕਤੀ ਹੋ। ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਨਾਲ ਵਾਅਦਾ ਕਰੋ ਕਿ ਕਾਫਿਰਾਂ ਵਿਰੁੱਧ ਜੇਹਾਦ ਕਰੋ, ਬਦਲੇ ਵਿਚ ਤੁਸੀਂ ਮੁਸਲਿਮ ਭਾਈਚਾਰੇ ਦੇ ਮੁਖੀ ਹੋਵੋਗੇ ਤੇ ਮੈਂ ਮਜ਼੍ਹਬੀ ਮਾਮਲੇ ਦੇਖਾਂਗਾ।'' 
1744 ਵਿਚ ਇਹੋ ਸਮਝੌਤਾ ਸੱਤਾ ਦੀ ਵੰਡ ਦੀ ਵਿਵਸਥਾ ਬਣਿਆ, ਜੋ ਅੱਜ ਤਕ ਸਾਊਦੀ ਅਰਬ ਦੇ ਵੰਸ਼ਵਾਦੀ ਸ਼ਾਸਨਤੰਤਰ ਦਾ ਆਧਾਰ ਬਣਿਆ ਹੋਇਆ ਹੈ। 1960 ਦੇ ਦਹਾਕੇ ਵਿਚ ਸਾਊਦੀ ਅਰਬ ਨੇ ਕੱਟੜਪੰਥੀ  ਵਹਾਬੀ ਇਸਲਾਮ ਦੀ ਪਸਾਰ ਮੁਹਿੰਮ ਦੇ ਤਹਿਤ ਭਾਰਤੀ ਉਪ-ਮਹਾਦੀਪ ਸਮੇਤ ਬਾਕੀ ਦੁਨੀਆ ਦੇ ਸੈਂਕੜੇ ਮਦਰੱਸਿਆਂ ਅਤੇ ਮਸਜਿਦਾਂ ਨੂੰ ਲੱਗਭਗ 100 ਅਰਬ ਡਾਲਰ ਤੋਂ ਜ਼ਿਆਦਾ ਦੀ ਮਾਲੀ ਸਹਾਇਤਾ ਭੇਜੀ ਹੈ। 
ਇਹ ਸਥਾਪਿਤ ਸੱਚ ਹੈ ਕਿ ਦੁਨੀਆ ਭਰ ਦੇ ਜ਼ਿਆਦਾਤਰ ਮਦਰੱਸਿਆਂ ਵਿਚ ਵਿਦਿਆਰਥੀਆਂ ਨੂੰ ਦੱਸਿਆ ਜਾਂਦਾ ਹੈ ਕਿ ਇਸਲਾਮੀ ਮਾਨਤਾਵਾਂ  ਸਰਵਉੱਚ ਹਨ ਅਤੇ ਗੈਰ-ਮੁਸਲਮਾਨ 'ਕਾਫਿਰ', ਜਿਨ੍ਹਾਂ ਕੋਲ ਸਿਰਫ 2 ਹੀ ਬਦਲ ਹੁੰਦੇ ਹਨ—ਜਾਂ ਤਾਂ ਉਹ ਇਸਲਾਮ ਕਬੂਲ ਕਰ ਲੈਣ ਜਾਂ ਫਿਰ ਮੌਤ ਨੂੰ ਗਲੇ ਲਾ ਲੈਣ।
ਜਨਵਰੀ 2016 ਵਿਚ ਅਮਰੀਕਾ ਦੇ ਚੋਟੀ ਦੇ ਸੀਨੇਟਰ ਕ੍ਰਿਸ ਮਰਫੀ ਨੇ ਦੱਸਿਆ ਸੀ ਕਿ ਪਾਕਿਸਤਾਨ ਵਿਚ ਸਥਿਤ 24 ਹਜ਼ਾਰ ਮਦਰੱਸਿਆਂ ਨੂੰ ਮਾਲੀ ਸਹਾਇਤਾ ਸਿੱਧੀ ਸਾਊਦੀ ਅਰਬ ਤੋਂ ਪਹੁੰਚਦੀ ਹੈ। ਦੂਜੀ ਸੰਸਾਰ ਜੰਗ ਤੋਂ ਬਾਅਦ ਦੁਨੀਆ ਵਿਚ ਸਾਮਵਾਦ ਦੀ ਦਹਿਸ਼ਤ ਨੂੰ ਖਤਮ ਕਰਨ ਲਈ ਅਮਰੀਕਾ ਨੇ  ਹਥਿਆਰਾਂ ਨਾਲ ਅਤੇ ਸਾਊਦੀ ਅਰਬ ਨੇ ਵਿੱਤੀ ਸਹਾਇਤਾ ਨਾਲ ਇਸਲਾਮੀ ਜੇਹਾਦ ਨੂੰ ਪਾਲਿਆ। 
1979-89 ਦੀ ਸੋਵੀਅਤ-ਅਫਗਾਨ ਜੰਗ ਨੂੰ ਇਸਲਾਮ 'ਤੇ ਹਮਲਾ ਦੱਸ ਕੇ ਅਤੇ ਸੋਵੀਅਤ ਸੰਘ ਦੀ ਫੌਜ ਨੂੰ 'ਕਾਫਿਰ' ਕਰਾਰ ਦੇ ਕੇ ਮੁਜਾਹਿਦੀਨਾਂ ਨੂੰ ਜੰਗ ਲਈ ਪ੍ਰੇਰਿਤ ਕੀਤਾ ਗਿਆ। ਇਸ ਘਟਨਾ ਨੇ ਅੱਜ ਪੂਰੇ ਖੇਤਰ ਨੂੰ ਜੇਹਾਦ ਦੀ ਫੈਕਟਰੀ ਵਿਚ ਬਦਲ ਦਿੱਤਾ ਹੈ, ਜਿਥੋਂ 9/11 ਅਤੇ 26/11 ਦੇ ਹਮਲਿਆਂ ਸਮੇਤ ਕਈ ਇਸਲਾਮੀ ਅੱਤਵਾਦੀ ਘਟਨਾਵਾਂ ਦੀ ਸਕ੍ਰਿਪਟ ਲਿਖੀ ਜਾ ਚੁੱਕੀ ਹੈ। 
ਭਾਰਤ ਵਿਚ ਵੀ ਮੁਸਲਿਮ ਭਾਈਚਾਰੇ ਇਸੇ ਵਹਾਬੀ ਇਸਲਾਮ ਦੀ ਜਕੜ ਵਿਚ ਫਸਦੇ ਜਾ ਰਹੇ ਹਨ। ਸੁਰੱਖਿਆ ਏਜੰਸੀਆਂ ਦੀ ਇਕ ਰਿਪੋਰਟ ਮੁਤਾਬਿਕ 2011 ਤੋਂ 2013 ਤਕ 25 ਹਜ਼ਾਰ ਵਹਾਬੀ ਉਪਦੇਸ਼ਕ ਭਾਰਤ ਪੁੱਜੇ ਅਤੇ ਵਹਾਬੀਵਾਦ ਦੇ ਪ੍ਰਚਾਰ ਲਈ ਲੱਗਭਗ 1700 ਕਰੋੜ ਰੁਪਏ ਖਰਚ ਕੀਤੇ ਗਏ। ਸਥਾਨਕ ਭਾਸ਼ਾਵਾਂ ਵਿਚ ਛਪਿਆ ਵਹਾਬੀ ਸਾਹਿਤ ਮੁਫਤ ਵੰਡਿਆ ਗਿਆ। ਅੱਜ ਜਨਤਕ ਥਾਵਾਂ 'ਤੇ, ਖਾਸ ਕਰਕੇ ਕੇਰਲਾ ਸਮੇਤ ਦੱਖਣ ਭਾਰਤ ਵਿਚ ਅਰਬੀ ਪਹਿਰਾਵੇ ਪ੍ਰਤੀ ਝੁਕਾਅ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ। 
ਮੁਹੰਮਦ ਬਿਨ ਸਲਮਾਨ ਦੇ ਯਤਨ 15ਵੀਂ-16ਵੀਂ ਸਦੀ ਵਿਚ ਯੂਰਪ ਦੇ ਉਸ ਧਰਮ ਸੁਧਾਰ ਅੰਦੋਲਨ ਦਾ ਚੇਤਾ ਕਰਵਾਉਂਦੇ ਹਨ, ਜਦੋਂ ਰੋਮਨ ਕੈਥੋਲਿਕ ਚਰਚ ਵਲੋਂ ਕੀਤੇ ਗਏ ਅੱਤਿਆਚਾਰਾਂ ਵਿਰੁੱਧ ਇੰਗਲੈਂਡ ਵਿਚ ਹੈਨਰੀ-V999 ਦੀ ਅਗਵਾਈ ਹੇਠ ਇਸਾਈਆਂ ਨੇ ਬਗਾਵਤ ਦਾ ਬਿਗੁਲ ਵਜਾਇਆ ਸੀ। 
ਕੈਥੋਲਿਕ ਚਰਚ ਵਲੋਂ ਮਜ਼੍ਹਬ ਦੇ ਨਾਂ ਹੇਠ ਹਜ਼ਾਰਾਂ ਵਿਰੋਧੀਆਂ ਨੂੰ 'ਅਧਰਮੀ' ਕਰਾਰ ਦੇ ਕੇ ਉਨ੍ਹਾਂ ਦਾ ਬੇਰਹਿਮੀ ਨਾਲ ਸ਼ੋਸ਼ਣ ਕੀਤਾ ਗਿਆ ਤੇ ਕਈਆਂ ਨੂੰ ਜ਼ਿੰਦਾ ਸਾੜ ਦਿੱਤਾ ਗਿਆ। ਅੱਜ ਇਸਲਾਮ ਦੇ ਨਾਂ 'ਤੇ ਜੋ ਕੁਝ ਆਈ. ਐੱਸ. ਦੇ ਅੱਤਵਾਦੀ ਕਰ ਰਹੇ ਹਨ, ਮੱਧ ਯੁੱਗ ਵਿਚ ਕੈਥੋਲਿਕ ਚਰਚ ਦਾ ਇਤਿਹਾਸ ਉਸ ਤੋਂ ਵੀ ਜ਼ਿਆਦਾ ਜ਼ੁਲਮਾਂ ਭਰਿਆ ਸੀ। 
ਹੈਨਰੀ-V999 ਦੀ ਅਗਵਾਈ ਹੇਠ ਹੋਈ ਬਗਾਵਤ ਨੇ ਰੋਮਨ ਕੈਥੋਲਿਕ ਚਰਚ ਨਾਲੋਂ ਇੰਗਲੈਂਡ ਦੇ ਵੱਖ ਹੋਣ ਦਾ ਰਾਹ ਪੱਧਰਾ ਕੀਤਾ ਅਤੇ ਨਾਲ ਹੀ ਸਮਾਂ ਪਾ ਕੇ ਇਸਾਈ ਭਾਈਚਾਰੇ 'ਤੇ ਵੈਟੀਕਨ ਦੇ ਪ੍ਰਭਾਵ ਨੂੰ ਵੀ ਘੱਟ ਕੀਤਾ। ਕੀ ਹੁਣ ਮੁਹੰਮਦ ਬਿਨ ਸਲਮਾਨ ਆਪਣੇ ਦੇਸ਼ ਵਿਚ ਅਜਿਹੀ ਤਬਦੀਲੀ ਲਿਆਉਣ ਵਿਚ ਸਫਲ ਹੋਣਗੇ?        (punjbalbir0gmail.com)


Related News