ਕੁਦਰਤ ਨਾਲ ਮੱਥਾ ਕੌਣ ਲਾਵੇ!

07/17/2023 3:51:06 PM

ਇਨ੍ਹਾਂ ਹੜ੍ਹਾਂ ਨੇ ਹਾੜ ਮਹੀਨੇ ਵਿਚ ਹੀ ਹੜ ਕੇ ਲੋਕਾਂ ਦੀਆਂ ਲਿਲਕੜੀਆਂ ਕਢਵਾ ਦਿੱਤੀਆਂ ਨੇ। ਜਿੱਧਰ ਵੇਖੋ, ਪਾਣੀ ਹੀ ਪਾਣੀ ਫਿਰਦਾ ਹੈ। ਕਈ ਜਾਨਾਂ ਲੈ ਗਿਆ ਇਹ ਆਪ-ਮੁਹਾਰਾ ਪਾਣੀ। ਲੋਕਾਂ ਲਈ ‘ਹੋਣੀ’ ਬਣ ਕੇ ਆਇਆ ਹੈ ਇਹ 2023 ਦਾ ਹੜ੍ਹ ਤੇ ਲੋਕਾਂ ਨੂੰ ਉਜਾੜ ਗਿਆ ਹੈ ਬੁਰੀ ਤਰ੍ਹਾਂ। ਪੰਜਾਬ ਦੇ ਜਿਸ ਮਾਲਵੇ ਖਿੱਤੇ ਵਿਚ ਮੈਂ ਰਹਿੰਦਾ ਹਾਂ, ਏਧਰ ਹਾਲੇ ਹੜ੍ਹਾਂ ਤੋਂ ਬੜੀ ਬੱਚਤ ਰਹੀ ਹੈ ਪਰ ਹੋਰਨਾਂ ਨੂੰ ਦੇਖ-ਦੇਖ ਕੇ ਦਿਲਾਂ ਨੂੰ ਡੋਬੂ ਪੈਂਦੇ ਨੇ, ਜਿਵੇਂ ਪਾਣੀ ਵਿਚ ਲੋਕ ਡੁੱਬੇ ਹਨ। ਹੜ੍ਹ ਤਾਂ ਪਹਿਲਾਂ ਵੀ ਆਉਂਦੇ ਰਹੇ, ਆਣ ਕੇ ਮੁੜ ਜਾਂਦੇ ਸਨ ਤੇ ਚਰਚਾ ਵੀ ਨਾਮਾਤਰ ਹੀ ਹੁੰਦੀ ਸੀ ਕਿਉਂਕਿ ਸੋਸ਼ਲ ਮੀਡੀਆ ਨਹੀਂ ਸੀ ਉਦੋਂ, ਤੇ ਬਹੁਤ ਕੁਝ ਅੱਖੋਂ ਪਰੋਖੇ ਤੇ ਦੱਬਿਆ ਹੀ ਰਹਿ ਜਾਂਦਾ ਸੀ। ਹੁਣ ਹਾਲਾਤ ਹੋਰ ਹਨ, ਜਿਥੇ ਜੋ ਵੀ ਹੁਸ਼ਦਾ ਹੈ, ਉਸਦੀ ਪਲ-ਪਲ ਦੀ ਜਾਣਕਾਰੀ ਸਾਂਝੀ ਹੁੰਦੀ ਰਹਿੰਦੀ ਹੈ। ਖੈਰ!

ਸਿਆਣੇ ਕਹਿੰਦੇ ਨੇ ਪਹਿਲਾ ਹੜ੍ਹ 1965 ਵਿਚ ਆਇਆ ਸੀ। ਮਾਲਵੇ ਦਾ ਨੁਕਸਾਨ ਹੋਣੋਂ ਬਚ ਗਿਆ ਸੀ ਉਦੋਂ ਵੀ। ਫਿਰ 1988-89 ਵਿਚ ਹੜ੍ਹ ਆਇਆ, ਉਦੋਂ ਮੇਰੀ ਉਮਰ 8 ਸਾਲਾਂ ਦੀ ਸੀ। ਬਾਰਡਰ ਜ਼ਿਲੇ ਫਿਰੋਜ਼ਪੁਰ ਦਾ ਬਹੁਤ ਨੁਕਸਾਨ ਹੋਇਆ ਸੀ ਤੇ ਸਾਡੇ ਪਿੰਡ ਵੀ ਪਾਣੀ ਆਇਆ ਸੀ। ਬਹੁਤੀ ਬੱਚਤ ਹੀ ਰਹੀ ਸੀ। ਉਦੋਂ ਕੁ ਜਿਹੇ ਮੈਂ ਸੁਣਿਆ ਸੀ ਕਿ ਪਾਣੀ ਤੋਂ ਜਾਨ ਬਚਾਉਣ ਲਈ ਇਕ ਬੰਦਾ ਕਿੱਕਰ ਉਤੇ ਚੜ੍ਹ ਗਿਆ। ਕਿੱਕਰ ਉਤੇ ਹੀ ਉਸਨੂੰ ਸੱਪ ਨੇ ਡੰਗ ਲਿਆ ਤੇ ਆਖਿਰ ਉਹ ਪਾਣੀ ਵਿਚ ਡਿੱਗ ਪਿਆ। ਉਸ ਬੰਦੇ ਦੀ ਪਾਣੀ ’ਚ ਡੁੱਬਣ ਕਰਕੇ ਹੀ ਮੌਤ ਹੋਈ ਸੀ। ਖੇਤਾਂ ’ਚੋਂ ਸੱਪ ਪਾਣੀ ਵਿਚ ਤਰ ਕੇ ਅੱਗੇ ਨਿਕਲ ਗਏ ਸਨ। ਸੱਪਾਂ ਦੀਆਂ ਖੁੱਡਾਂ ਵੀ ਪਾਣੀ ਪੀ ਗਿਆ ਸੀ। ਖੇਤਾਂ ਵਿਚੋਂ ਚਾਰ-ਚੁਫੇਰੇ ਮੁਸ਼ਕ ਮਾਰਦਾ ਸੀ, ਚੂਹੇ ਤੇ ਬਿੱਲੀਆਂ ਮਾਰੇ ਗਏ ਸਨ। ਫਿਰੋਜ਼ਪੁਰ ਜ਼ਿਲੇ ਵਿਚ ਕੁਝ ਪਿੰਡਾਂ ਵਿਚ ਪਾਣੀ ਨਾਲ ਪਸ਼ੂ ਵੀ ਮਰੇ ਸਨ।

ਮੈਨੂੰ ਅੱਜ ਵੀ ਯਾਦ ਹੈ ਕਿ ਬਹੁਤ ਦਿਨ ਮੀਂਹ ਨਹੀਂ ਸੀ ਹਟਿਆ। ਸਾਡੇ ਘਰ ਦੇ ਸਾਰੇ ਕਮਰੇ ਕੱਚੇ ਸਨ। ਛੱਤਾਂ ਸ਼ਤੀਰਾਂ ਤੇ ਕਾਨਿਆਂ ਦੀਆਂ ਸਨ। ਛੱਤਾਂ ਤ੍ਰਿਪ-ਤ੍ਰਿਪ ਚੋਣ ਲੱਗੀਆਂ ਸਨ, ਤਾਂ ਘਰ ਦੇ ਜੀਆਂ ਨੇ ਬੱਠਲ-ਬਾਲਟੀਆਂ ਚੋਂਦੇ ਪਾਣੀ ਹੇਠਾਂ ਰੱਖੇ। ਫਿਰ ਵੀ ਪਾਣੀ ਅੱਗੇ ਕੋਈ ਵਾਹ ਨਾ ਚੱਲੀ। ਪਾਣੀ ਨੱਕ ’ਚ ਦਮ ਕਰਨ ਲੱਗਾ। ਸਾਡੀ ਕੱਚੀ ਕੰਧ ਧੜੇਹ ਕਰਕੇ ਡਿੱਗ ਪਈ ਤੇ ਘਰ ਦੇ ਸਾਰੇ ਜੀਅ ਡਰ ਗਏ। ਮੇਰੀ ਮਾਸੀ ਦਾ ਘਰ ਸਾਡੇ ਘਰ ਦੇ ਨਾਲ ਹੀ ਸੀ ਤੇ ਉਨ੍ਹਾਂ ਦੇ ਕੁਝ ਕਮਰੇ ਪੱਕੇ ਸਨ। ਅਸੀਂ ਮੰਜੇ-ਬਿਸਤਰੇ ਚੁੱਕੇ ਤੇ ਮਾਸੀ ਕੇ ਘਰ ਜਾ ਕੇ ਸ਼ਰਨ ਲੈ ਲਈ। ਕਈ ਦਿਨ ਮੀਂਹ ਫਿਰ ਵੀ ਨਾ ਹਟਿਆ। ਲੋਕਾਂ ਨੇ ਸੁੱਖਾਂ ਸੁੱਖੀਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸਾਂ ਕੀਤੀਆਂ। ਕੋਈ ਅਸਰ ਨਾ ਹੋਇਆ। ਸਾਰੇ ਲੋਕ ਆਕਾਸ਼ ਵੱਲ ਮੂੰਹ ਕਰਕੇ ਦੇਖਦੇ ਰਹਿੰਦੇ ਕਿ ਕਦੋਂ ਦਰਸ਼ਨ ਦੇਵੇਗਾ ਸੂਰਜ ਦੇਵਤਾ? ਇਕ ਦਿਨ ਸਵੇਰੇ ਸੂਰਜ ਦੇਵਤਾ ਦੀ ਕਿਰਨ ਲਿਸ਼ਕੀ,

ਤਾਂ ਲੋਕ ਰੱਬ ਦਾ ਸ਼ੁਕਰਾਨਾ ਕਰਦੇ ਖੁਸ਼ ਹੋਣ ਲੱਗੇ। ਹੌਲੀ-ਹੌਲੀ ਪਾਣੀ ਸੁੱਕਣ ਲੱਗਿਆ ਤੇ ਲੋਕ ਖੇਤ ਵਗੈਰਾ ਨੂੰ ਜਾਣ ਲੱਗੇ। ਪਾਣੀ ਦੇ ਪੀਤੇ ਖੇਤਾਂ ਦਾ ਚਿਹਰਾ-ਮੋਹਰਾ ਬਿਲਕੁੱਲ ਬਦਲ ਗਿਆ ਸੀ। ਮੇਰੇ ਤਾਏ ਰਾਮ ਨੇ ਗੱਡੀ ਬੋਤੀ ਜੋੜੀ ਤੇ ਅਸੀਂ ਖੇਤ ਨੂੰ ਗਏ। ਖੇਤ ਪਛਾਣ ਵਿਚ ਨਹੀਂ ਸੀ ਆਉਂਦੇ। ਤਾਇਆ ਬੜਾ ਉਦਾਸ ਹੋਇਆ। ਵੱਟਾਂ, ਬੰਨੇ ਤੇ ਖਾਲੇ ਸਭ ਮਿਟ ਗਏ ਸਨ।

ਇਸ ਵਾਰੀ ਦੇ ਆਏ ਹੜ੍ਹਾਂ ਨੇ ਸਭ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਆਖਿਰ ਦੋਸ਼ ਕਿਸਦਾ ਹੈ? ਕੀ ਅਜੋਕੇ ਮਨੁੱਖ ਦਾ ਦੋਸ਼ ਹੈ, ਜੋ ਕੁਦਰਤ ਨਾਲ ਖਿਲਵਾੜ ਕਰਨੋਂ ਨਹੀਂ ਹਟ ਰਿਹਾ? ਕੀ ਸਰਕਾਰਾਂ ਦਾ ਦੋਸ਼ ਹੈ, ਜੋ ਪਹਿਲਾਂ ਤੋਂ ਹੀ ਢੁੱਕਵੇਂ ਪ੍ਰਬੰਧ ਨਹੀਂ ਕਰਦੀਆਂ? ਕੀ ਇੰਦਰ ਦੇਵਤੇ ਦਾ ਕਸੂਰ ਹੈ ਕਿ ਉਹ ਹਿਸਾਬ ਸਿਰ ਮੀਂਹ ਨਹੀ ਪਾਉਂਦਾ? ਅਜਿਹੇ ਸਵਾਲ ਲੋਕ ਸੋਸ਼ਲ ਮੀਡੀਆ ਉਤੇ ਇਕ-ਦੂਜੇ ਨੂੰ ਕਰ-ਕਰ ਕੇ ਪੁੱਛ ਰਹੇ ਹਨ।

ਇਕ ਖਬਰ ਨੇ ਮੈਨੂੰ ਬੜਾ ਉਦਾਸ ਕੀਤਾ ਹੈ ਕਿ ਨੇਤਾ ਲੋਕ ਕਿਹੋ-ਜਿਹੀ ਮਿੱਟੀ ਦੇ ਬਣੇ ਹੋਏ ਨੇ, ਲੋਕਾਂ ਉਤੇ ਕੁਦਰਤ ਨੇ ਬਿਪਤਾ ਪਾਈ ਹੈ ਤੇ ਇਹ ਸਿਆਸੀ ਰੋਟੀਆਂ ਸੇਕਣ ਲਈ ਇਕ-ਦੂਸਰੇ ਨਾਲ ਲੜ-ਭਿੜ ਰਹੇ ਹਨ। ਕੈਬਨਿਟ ਮੰਤਰੀ ਜੌੜੇਮਾਜਰਾ ਤੇ ਕੈਪਟਨ ਅਮਰਿੰਦਰ ਸਿੰਘ ਦੀ ਬੇਟੀ ਜੈਇੰਦਰ ਕੌਰ ਦੀ ਆਪਸ ਵਿਚ ‘ਤੂੰ-ਤੂੰ, ਮੈਮੈਂ’ ਕਿਉਂ ਹੋਈ? ਕੀ ਇਹੋ ਮੌਕਾ ਲੱਭਿਆ ਇਨ੍ਹਾਂ ਨੂੰ ਲੜਨ ਵਾਸਤੇ? ਸਿਆਸੀ ਧਿਰਾਂ ਨੂੰ ਇਸ ਸੰਕਟਮਈ ਸਮੇਂ ਏਕਾ ਕਰਨ ਦੀ ਲੋੜ ਹੈ, ਨਾ ਕਿ ਆਪੋ ਵਿਚ ਬਹਿਸਣ ਦੀ, ਜਾਂ ਫੋਕੀ ਵਾਹ-ਵਾਹ ਖੱਟਣ ਦੀ। ਆਪਣੀ ਡਾਇਰੀ ਦਾ ਪੰਨਾ ਲਿਖਦਿਆਂ ਮੈਂ ਬੇਹੱਦ ਉਦਾਸ ਹਾਂ। ਰੱਬ ਖੈਰ ਕਰੇ!

ਮੇਰੀ ਡਾਇਰੀਨਾਮਾ/ਨਿੰਦਰ ਘੁਗਿਆਣਵੀ


Rakesh

Content Editor

Related News