ਕੀ ਮੱਧ ਪ੍ਰਦੇਸ਼ ਵਿਚ ‘ਗਊ ਮੂਤਰ’ ਨਾਲ ਕਾਂਗਰਸ ਦੀ ਬੇੜੀ ਬੰਨੇ ਲੱਗ ਸਕੇਗੀ

11/28/2018 7:13:51 AM

10 ਦਸੰਬਰ 1949 ਨੂੰ ਆਪਣੇ ਪਿਤਾ ਨੂੰ ਲਿਖੀ ਇਕ ਚਿੱਠੀ ’ਚ ਸ਼੍ਰੀਮਤੀ ਇੰਦਰਾ ਗਾਂਧੀ ਨੇ ਖਦਸ਼ਾ ਪ੍ਰਗਟਾਇਆ ਸੀ ਕਿ ਉਨ੍ਹਾਂ ਨੂੰ ਖ਼ੁਦ ਨੂੰ ‘ਜ਼ੋਹਰਾ ਬੇਗਮ’ ਕਹਿਣ ਲਈ ਮਜਬੂਰ ਕੀਤਾ ਜਾ ਸਕਦਾ ਹੈ। ਉਨ੍ਹਾਂ ਦਾ ਇਹ ਪਲਟਵਾਰ ਕਾਂਗਰਸ ਦੇ ਸੀਨੀਅਰ ਆਗੂ ਪੁਰਸ਼ੋਤਮ ਦਾਸ ਟੰਡਨ ਦੀ ਥਾਵਾਂ ਦੇ ਨਾਂ ਬਦਲਣ ਦੀ ਯੋਜਨਾ ਦੇ ਬਦਲੇ ਵਜੋਂ ਸੀ।
ਇਹ ਚਿੱਠੀ ਉਦੋਂ ਲਿਖੀ ਗਈ, ਜਦੋਂ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਫਰੂਖਾਬਾਦ ਦੇ ਦੌਰੇ ’ਤੇ ਸਨ, ਜਿਸ ਦਾ ਨਾਂ ਪੁਰਸ਼ੋਤਮ ਦਾਸ ਟੰਡਨ ਬਦਲਣਾ ਚਾਹੁੰਦੇ ਸਨ। ਹਾਲਾਂਕਿ ਨਾਵਾਂ ਨੂੰ ਪੂਰੀ ਤਰ੍ਹਾਂ ਬਦਲਣ ਦੀ ਬਜਾਏ ਟੰਡਨ ਨੇ  ਪੜਾਅਵਾਰ ਰਾਹ ਅਪਣਾਉਣ ਦਾ ਸੁਝਾਅ ਦਿੱਤਾ। ਸਾਰੇ ਸ਼ਹਿਰਾਂ, ਨਗਰਾਂ ਜਾਂ ਪਿੰਡਾਂ, ਜਿਨ੍ਹਾਂ ਦਾ ਨਾਂ ‘ਬਾਦ’ ਨਾਲ ਖਤਮ ਹੁੰਦਾ ਹੋਵੇ (ਜਿਵੇਂ ਮਮੁਦਾਬਾਦ, ਮੁਰਾਦਾਬਾਦ, ਇਲਾਹਾਬਾਦ ਵਗੈਰਾ) ਦਾ ਅੰਤ ‘ਨਗਰ’ ਸ਼ਬਦ ਨਾਲ ਹੋਣਾ ਚਾਹੀਦਾ ਹੈ। 
ਟੰਡਨ ਦੇ ਯੋਜਨਾ ਢਾਂਚੇ ਅਨੁਸਾਰ ਨਾਂ ਅੱਲਾਨਗਰ, ਪ੍ਰਯਾਗਨਗਰ ਆਦਿ ਹੋਣੇ ਚਾਹੀਦੇ ਹਨ। ਟੰਡਨ ਦਾ ਨਜ਼ਰੀਆ ਇਕ ਨਵਾਂ ਹਿੰਦੂ ਰਾਜ ਬਣਾਉਣ ਲਈ  ਕਦਮ-ਦਰ-ਕਦਮ ਚੁੱਕਣਾ ਸੀ। ਜਦੋਂ ਉਨ੍ਹਾਂ ਨੂੰ ਇਸ ਸਬੰਧੀ ਨਹਿਰੂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ (ਕਿਸੇ ਹੋਰ ਤੋਂ ਨਹੀਂ) ਤਾਂ ਉਹ ਕੌਮੀ  ਭਾਸ਼ਾ ਵਰਗੇ ਇਕ ਵੱਡੇ ਮੁੱਦੇ ਨੂੰ ਲੈ ਕੇ ਸਾਹਮਣੇ ਆ ਗਏ, ਜਿਵੇਂ ਦੇਵਨਾਗਰੀ ਲਿੱਪੀ ਤੇ ਹਿੰਦੀ ਦਾ ਸੰਸਕ੍ਰਿਤੀਕਰਨ। 
ਇਥੋਂ ਤਕ ਕਿ ਮਹਾਤਮਾ ਗਾਂਧੀ ਨੇ ਵੀ ‘ਹਿੰਦੋਸਤਾਨੀ’ ਦਾ ਸੁਝਾਅ ਦਿੱਤਾ ਸੀ। 1950 ’ਚ ਜਦੋਂ ਉਹ ਨਹਿਰੂ ਦੀ ਇੱਛਾ ਦੇ ਵਿਰੋਧ ਦੇ ਬਾਵਜੂਦ ਕਾਂਗਰਸ ਦੇ ਪ੍ਰਧਾਨ ਬਣੇ ਤਾਂ ਸਪੱਸ਼ਟ ਹੋ ਗਿਆ ਸੀ ਕਿ ਕਾਂਗਰਸ ਅੰਦਰ ਉਨ੍ਹਾਂ ਨੂੰ ਸਮਰਥਨ ਹਾਸਿਲ ਸੀ। ਬੇਸ਼ੱਕ ਨਹਿਰੂ ਬਾਅਦ ’ਚ ਸਹਿਮਤ ਹੋ ਗਏ ਪਰ ਪਹਿਲਾਂ ਮਹਾਤਮਾ ਗਾਂਧੀ ਨੇ ਟੰਡਨ ਨੂੰ ‘ਰਾਜਰਿਸ਼ੀ’ ਦਾ ਖਿਤਾਬ ਦਿੱਤਾ ਸੀ। 
ਮੋਦੀ ਦਾ ਭਾਸ਼ਣ
ਮਈ 2014 ’ਚ ਸੰਸਦ ਵਿਚ ਆਪਣੇ ਪਹਿਲੇ ਹੀ ਭਾਸ਼ਣ ਦੌਰਾਨ ਨਰਿੰਦਰ ਮੋਦੀ ਨੇ ਕੁਝ ਅਜਿਹਾ ਕਿਹਾ, ਜੋ ਟੰਡਨ ਅਤੇ ਯਕੀਨੀ ਤੌਰ ’ਤੇ ਹਿੰਦੂਅਾਂ ਦੇ ਇਕ ਵੱਡੇ ਵਰਗ ਦੇ ਵਿਚਾਰਾਂ ਨਾਲ ਮੇਲ ਖਾਂਦਾ ਸੀ, ਜਿਨ੍ਹਾਂ ’ਚ ਵੱਡੀ ਗਿਣਤੀ ’ਚ ਕਾਂਗਰਸੀ ਵੀ ਸ਼ਾਮਿਲ ਸਨ ਪਰ ਉਹ ਅਣਕਹੇ ਪਾਰਟੀ ਅਨੁਸ਼ਾਸਨ ਦੇ ਤਹਿਤ ਚੁੱਪਚਾਪ ਇਸ ਸੱਚ ਨੂੰ ਪਾਲਦੇ ਰਹੇ। 
ਮੋਦੀ ਨੇ ਕਿਹਾ ਸੀ ਕਿ ਦੇਸ਼ ਨੂੰ ‘ਗੁਲਾਮੀ ਦੇ 1200 ਸਾਲਾਂ’ ਤੋਂ ਆਜ਼ਾਦ ਕਰਨਾ ਪਵੇਗਾ। ਇਹ ਇਕ ਇਤਿਹਾਸਿਕ ਬਿਆਨ ਸੀ, ਜਿਸ ਦੇ ਇਰਾਦੇ ਤਬਦੀਲੀ ਲਿਆਉਣ ਵਾਲੇ ਸਨ। ਪ੍ਰਧਾਨ ਮੰਤਰੀ ਨੂੰ ਛੱਡ ਦਿਓ, ਕਿਸੇ ਵੀ ਨੇਤਾ ਨੇ ‘ਮੁਸਲਿਮ ਕਾਲ’ (ਮੁਗਲਾਂ ਦਾ ਦੌਰ) ਦਾ ਜ਼ਿਕਰ ਵਿਦੇਸ਼ੀ ਸ਼ਾਸਨ ਵਜੋਂ ਨਹੀਂ ਕੀਤਾ। 
ਇਹ ਮੋਦੀ ਦੀ ਪਾਰੀ ਦੀ ਸ਼ੁਰੂਆਤ ਸੀ ਅਤੇ ਉਮੀਦ ਕੀਤੀ ਜਾ ਰਹੀ ਸੀ ਕਿ ਚੌਕਸ ਪੰਡਿਤ ਹਰੇਕ ਪ੍ਰਗਟਾਵੇ ਤੇ ਬਾਰੀਕੀ ਨੂੰ ਫੜ ਲੈਣਗੇ ਪਰ ਕਿਸੇ ਨੇ ਵੀ ਅਜਿਹਾ ਨਹੀਂ ਕੀਤਾ। ਇਸ ਦਾ ਕਾਰਨ ਇਹ ਮੰਨਿਆ ਜਾ ਸਕਦਾ ਹੈ ਕਿ ਮੋਦੀ ਨੇ ਜੋ ਕੁਝ ਵੀ ਕਿਹਾ, ਜ਼ਿਆਦਾਤਰ ਲੋਕ ਉਸ ’ਤੇ ਆਪਣੇ ਦਿਲੋਂ ਯਕੀਨ ਕਰਦੇ ਹਨ। ਇਥੇ ਮੈਂ ਗਾਲਿਬ ਦੀਅਾਂ ਲਿਖੀਅਾਂ ਸਤਰਾਂ ਦਾ ਜ਼ਿਕਰ ਕਰਨਾ ਚਾਹਾਂਗਾ :
ਦੇਖਨਾ ਤਕਰੀਰ ਕੀ ਲੱਜ਼ਤ ਕੀ ਜੋ ਉਸਨੇ ਕਹਾ,
ਮੈਂਨੇ ਯਹ ਜਾਨਾ ਕਿ ਗੋਯਾ ਯਹ ਭੀ ਮੇਰੇ ਦਿਲ ਮੇਂ ਹੈ।
ਦੂਜੇ ਸ਼ਬਦਾਂ ’ਚ ਮੋਦੀ ਨੇ ਉਹ ਕਹਿ ਦਿੱਤਾ, ਜੋ ਕਾਂਗਰਸੀ ਕਦੇ ਵੀ ਕਹਿਣ ਦੀ ਹਿੰਮਤ ਨਹੀਂ ਕਰ ਸਕਣਗੇ। ਸੰਯੋਜਨ ਦੀ ਸੱਭਿਅਤਾ ਤਾਂ ਹੀ ਦਿਲਖਿੱਚਵੀਂ ਲੱਗਦੀ ਹੈ, ਜਦੋਂ ਉਸ  ਨੂੰ ਚੰਗੀ ਤਰ੍ਹਾਂ ਸੁਰੱਖਿਅਤ ਢਾਂਚੇ ’ਚ ਅਪਣਾਇਆ ਗਿਆ ਹੋਵੇ। 1947 ਦੀ ਵੰਡ ਤੋਂ ਬਾਅਦ ਇਸ ਦੀ ਕਿਸਮਤ ’ਚ ਗੜਬੜ, ਪਤਨ ਲਿਖਿਆ ਸੀ। ਪ੍ਰੇਮ ਦੀਅਾਂ ਸ਼ਰਤਾਂ ਬਦਲਣੀਅਾਂ ਪਈਅਾਂ।
ਮੁਰਲੀ ਮਨੋਹਰ ਜੋਸ਼ੀ ਦੀ ਕਹਾਣੀ
ਹਰਿਆਣਾ ’ਚ ਜਦੋਂ ਗੁੱਸੇ ’ਚ ਆਈ ਭੀੜ ਨੇ 2 ਮੁਸਲਿਮ ਮੁੰਡਿਅਾਂ ਨੂੰ ਗਊ ਦਾ ਗੋਹਾ ਅਤੇ ਮੂਤਰ  ਨਿਗਲਣ ਲਈ ਮਜਬੂਰ ਕੀਤਾ ਤਾਂ ਉਨ੍ਹਾਂ ਨੇ ਉਲਟੀ ਕਰ ਦਿੱਤੀ। ਜਦੋਂ ਮੈਂ ਇਹ ਕਹਾਣੀ ਮੁਰਲੀ ਮਨੋਹਰ ਜੋਸ਼ੀ ਨੂੰ ਦੱਸੀ ਤਾਂ ਉਨ੍ਹਾਂ ਨੇ ਮੇਰੇ ਵੱਲ ਭਾਵਨਾਹੀਣ ਢੰਗ ਨਾਲ ਦੇਖਿਆ। ਉਨ੍ਹਾਂ ਨੇ ਤੱਥ ਦੱਸਣ ਦੇ ਤਰੀਕੇ ਨਾਲ ਕਿਹਾ : ‘‘ਮੁੰਡਿਅਾਂ ਨੇ ਉਲਟੀ ਇਸ ਲਈ ਕਰ ਦਿੱਤੀ ਕਿਉਂਕਿ ਉਨ੍ਹਾਂ ਨੂੰ ਗਊ ਦੇ ਗੋਹੇ ਤੇ ਮੂਤਰ ਦੇ ਮੈਡੀਕਲ ਗੁਣਾਂ ਬਾਰੇ ਨਹੀਂ ਪਤਾ ਸੀ। ਕੁਝ ਤਰ੍ਹਾਂ ਦੇ ਬੁਖਾਰ ਹੋਣ ’ਤੇ ਮੈਨੂੰ ਮੇਰੀ ਮਾਂ ਤਾਜ਼ਾ ਗੋਹੇ ਦੀ ਇਕ ਗੋਲੀ ਨਿਗਲਣ ਲਈ ਦਿੰਦੀ ਸੀ।’’
ਇਹ ਇਕ ਅਜਿਹੀ ਕਹਾਣੀ ਨਹੀਂ ਸੀ, ਜਿਸ ਨੂੰ ਭੁਲਾ ਦਿੱਤਾ ਜਾਵੇ। ਅਸਲ ’ਚ ਇਸ ਨੇ ਇਹ ਕਬੂਲਣ ਲਈ ਮੇਰੀਅਾਂ ਅੱਖਾਂ ਖੋਲ੍ਹ ਦਿੱਤੀਅਾਂ ਕਿ ਕਿੰਨੇ ਸਾਲਾਂ, ਸਦੀਅਾਂ ਜਾਂ ਦਹਿ-ਸਦੀਅਾਂ ਤੋਂ ਅਜਿਹੀਅਾਂ ਪਵਿੱਤਰ ਭੋਜਨ ਦੀਅਾਂ ਆਦਤਾਂ ਮੌਜੂਦ ਹਨ। ਮੇਰੇ ਯੋਗਾ ਟੀਚਰ ਨੂੰ ਯਾਦ ਹੈ ਕਿ ਬਿਹਾਰ ’ਚ ਕੜਾਕੇ ਦੀ ਠੰਡ ਦੌਰਾਨ ਗਊ ਮੂਤਰ ਕਿਵੇਂ ਉਨ੍ਹਾਂ ਨੂੰ ਗਰਮ ਰੱਖਦਾ ਸੀ। 
ਮੈਂ ਝਟਕੇ ਸਹਿਣ ਦੇ ਕਾਬਿਲ ਬਣ ਗਿਆ ਸੀ ਤੇ ਉਦੋਂ ਆਪਣੀਅਾਂ ਪਲਕਾਂ ਵੀ ਨਹੀਂ ਝਪਕਾ ਸਕਿਆ, ਜਦੋਂ ਮੇਰੇ ਰਸੋਈਏ, ਜੋ ਇਕ ਕੱਟੜ ਬ੍ਰਾਹਮਣ ਸੀ, ਨੇ ਕਈ ਰਸਮਾਂ ਦੀ ਸੂਚੀ ਗਿਣਾਈ, ਜੋ ਗਊ ਮੂਤਰ ਦੇ ਸੇਵਨ (ਚਾਹੇ ਜ਼ਰਾ ਜਿੰਨਾ ਸੰਕੇਤਕ ਤੌਰ ’ਤੇ ਹੀ ਕਿਉਂ ਨਾ ਹੋਵੇ) ਤੋਂ ਬਿਨਾਂ ਪੂਰੀਅਾਂ ਨਹੀਂ ਮੰਨੀਅਾਂ ਜਾਂਦੀਅਾਂ ਸਨ। ਕਾਂਗਰਸੀ ਨੇਤਾ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿੱਗਵਿਜੇ ਸਿੰਘ ਦੇ ਰੋਜ਼ਾਨਾ ਭੋਜਨ ’ਚ 2 ਲਿਟਰ ਗਊ ਮੂਤਰ ਵੀ ਇਕ ਹਿੱਸਾ ਹੁੰਦਾ ਸੀ। 
ਕਾਂਗਰਸ ਦਾ ਚੋਣ ਮਨੋਰਥ ਪੱਤਰ
ਕੋਈ ਹੈਰਾਨੀ ਨਹੀਂ ਕਿ ਦਿੱਗਵਿਜੇ ਸਿੰਘ, ਕਮਲਨਾਥ ਅਤੇ ਜਯੋਤਿਰਾਦਿੱਤਿਆ ਸਿੰਧੀਆ ਨੇ ਕਾਂਗਰਸ ਦੇ ਚੋਣ ਮਨੋਰਥ ਪੱਤਰ, ਜੋ ਉਨ੍ਹਾਂ ਨੇ ਪਿਛਲੇ ਦਿਨੀਂ ਭੋਪਾਲ ’ਚ ਮੀਡੀਆ ਨੂੰ ਜਾਰੀ ਕੀਤਾ, ਵਿਚ ਗਊ ਮੂਤਰ ਦੇ ਵਪਾਰਕ ਉਤਪਾਦਨ ਨੂੰ ਇਕ ਸਨਮਾਨਜਨਕ ਥਾਂ ਦਿੱਤੀ। ਇਸ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਲਈ ਹਰੇਕ ਪੰਚਾਇਤ ’ਚ ਗਊਸ਼ਾਲਾਵਾਂ ਖੋਲ੍ਹੀਅਾਂ ਜਾਣਗੀਅਾਂ। 
ਗਊ ਮੂਤਰ ਦੇ ਇੰਨੇ ਵੱਡੇ ਪੱਧਰ ’ਤੇ ਉੱਥਾਨ ਲਈ ਸਪੱਸ਼ਟ ਤੌਰ ’ਤੇ ‘ਅਮੂਲ’ ਦੇ ਬਾਨੀ ਵਰਗੀਜ਼ ਕੁਰੀਅਨ ਵਰਗੀ ਸਮਝ ਵਾਲੀ ਉੱਦਮਤਾ ਦੀ ਲੋੜ ਹੋਵੇਗੀ। ਜਦੋਂ ਮੈਂ ਸੋਸ਼ਲ ਮੀਡੀਆ ’ਤੇ ਖਪਤਕਾਰਾਂ ਨੂੰ ਗਊ ਮੂਤਰ ਸਿੱਧਾ ਆਪਣੇ ਹੱਥ ’ਚ ਲੈ ਕੇ ਪੀਂਦੇ ਦੇਖਣ ਲਈ ਵੀਡੀਓ ਦੇਖੇ ਤਾਂ ਮੈਨੂੰ ਸ਼ੱਕ ਹੋਇਆ। ਮੈਂ ਸੋਚਿਆ ਕਿ ਇਹ ਆਮ ਤੌਰ ’ਤੇ ਦਿਖਾਈਅਾਂ ਜਾਣ ਵਾਲੀਅਾਂ ਖ਼ਬਰਾਂ ਹਨ ਤਾਂ ਕਿ ਹਿੰਦੂ ਧਰਮ ਨੂੰ ਬਦਨਾਮ ਕੀਤਾ ਜਾ ਸਕੇ। ਮੈਨੂੰ ਬਹੁਤ ਘੱਟ ਜਾਣਕਾਰੀ ਸੀ ਕਿ ਇਹ ਪ੍ਰਮੋਸ਼ਨਲ ਵੀਡੀਓ ਸਨ। ਹੁਣ ਭੋਪਾਲ ’ਚ ਇਤਿਹਾਸਿਕ ਪ੍ਰੈੱਸ ਕਾਨਫਰੰਸ ਦੌਰਾਨ ਸੱਚ ਮੇਰੇ ਸਾਹਮਣੇ ਰੱਖ ਦਿੱਤਾ ਗਿਆ। 
ਹੁਣ ਇਹ ਚਿੱਟੇ ਦਿਨ ਵਾਂਗ ਸਾਫ ਹੈ ਕਿ ਜੇ ਕਾਂਗਰਸ ਮੱਧ ਪ੍ਰਦੇਸ਼ ’ਚ ਜਿੱਤਦੀ ਹੈ ਅਤੇ ਆਪਣੇ ਸ਼ਬਦਾਂ ’ਤੇ ਕਾਇਮ ਰਹਿੰਦੀ ਹੈ ਤਾਂ ਬੋਤਲਬੰਦ ਗਊ ਮੂਤਰ ਲਈ ਮਾਰਕੀਟ ’ਚੋਂ ਹੋਰਨਾਂ ਡ੍ਰਿੰਕਸ ਨੂੰ ਬਾਹਰ ਕੱਢਣ ਦੇ ਚੰਗੇ ਮੌਕੇ ਹਨ, ਖਾਸ ਕਰਕੇ ਜੇ ਮਹੰਤ ਤੇ ਸਾਧੂ ਮੂਲ ਪਦਾਰਥ ਦੀ ਮੌਲਿਕ ਸ਼ੁੱਧਤਾ ’ਚ ਮਿਲਾਵਟ ਕਰ ਕੇ ਵੱਖ-ਵੱਖ ਤਰ੍ਹਾਂ ਦੇ ਫਲੇਵਰ ਤਿਆਰ ਕਰਨ ਨੂੰ ਮਨਜ਼ੂਰੀ ਦੇ ਦਿੰਦੇ ਹਨ। 
ਜੇ ਕਾਂਗਰਸ ਮੱਧ ਪ੍ਰਦੇਸ਼ ’ਚ ਜਿੱਤ ਕੇ ਆਉਂਦੀ ਹੈ ਤਾਂ ਉਸ ਦੇ ਲਈ 2019 ਦੀ ਪ੍ਰਚਾਰ ਮੁਹਿੰਮ ’ਚ ਇਸ ਪੀਣ ਵਾਲੇ ਪਦਾਰਥ ਨੂੰ ਖਾਰਿਜ ਕਰਨਾ ਮੁਸ਼ਕਿਲ ਹੋ ਜਾਵੇਗਾ। ਅਸਲ ’ਚ ਜਨਤਕ ਤੌਰ ’ਤੇ ਇਸ ਦਾ ਸੇਵਨ ਕਰਨਾ ਕਾਂਗਰਸ ਲਈ ਚੋਣਾਵੀ ਤੌਰ ’ਤੇ ਲਾਹੇਵੰਦ ਹੋ ਸਕਦਾ ਹੈ। ਜੇਕਰ ਵੱਡੀ ਗਿਣਤੀ ’ਚ ਮੀਡੀਆ ਦੇ ਕਈ ਕੈਮਰੇ ਜਨੇਊਧਾਰੀ ਕਾਂਗਰਸ ਪ੍ਰਧਾਨ ਨੂੰ ਸ੍ਰੋਤ ਤੋਂ ਸਿੱਧੇ ਗਊ ਮੂਤਰ ਪੀਂਦੇ ਹੋਏ ‘ਜ਼ੂਮ-ਇਨ’  ਕਰਦੇ  ਹਨ ਤਾਂ ਉਹ ਸੰਸਾਰਕ ਪ੍ਰਚਾਰ ’ਚ ਰਿਕਾਰਡ ਤੋੜ ਦੇਣਗੇ। 
ਉਨ੍ਹਾਂ ਨੇ ਪਹਿਲਾਂ ਹੀ ਆਪਣੀ ਕੈਲਾਸ਼ ਮਾਨਸਰੋਵਰ ਯਾਤਰਾ ਤੇ ਇਕ ਤੋਂ ਬਾਅਦ ਇਕ ਮੰਦਰਾਂ ’ਚ ਜਾ ਕੇ ਹਿੰਦੂਅਾਂ ਦੀ ਸਾਖ ਦਾ ਇਕ ਨਵਾਂ ਪੈਮਾਨਾ ਤੈਅ ਕਰ ਦਿੱਤਾ ਹੈ, ਜਿਵੇਂ ਕਿ ਮੋਦੀ ਨੂੰ ਕਾਫੀ ਪਿੱਛੇ ਹਫਣ ਲਈ ਛੱਡਣਾ।
ਇਕ ਭਰੋਸੇਯੋਗ ਹਿੰਦੂ ਪਾਰਟੀ ਦੀ ਅਗਵਾਈ ਕਰਨ ਦੇ ਰਾਹੁਲ ਗਾਂਧੀ ਦੇ ਰਾਹ ’ਚ ਅਸਲੀ ਰੁਕਾਵਟ ਉਨ੍ਹਾਂ ਦਾ  ਪਰਿਵਾਰਵਾਦ ਹੈ। ਲੋਕਾਂ  ਨੂੰ ਆਮ ਤੌਰ ’ਤੇ ਇਹ ਖਦਸ਼ਾ ਹੈ ਕਿ ਉਨ੍ਹਾਂ ਦੇ ਜੀਨਸ ’ਚ ਉਨ੍ਹਾਂ ਦੇ ਪੜਨਾਨਾ ਜਵਾਹਰ ਲਾਲ ਨਹਿਰੂ ਦੇ ਧਰਮ ਨਿਰਪੱਖਤਾ ਵਾਲੇ ਵਿਗਾੜ ਜਾਂ ਉਨ੍ਹਾਂ ਦੀ ਦਾਦੀ ਇੰਦਰਾ ਗਾਂਧੀ ਦੀ ਖ਼ੁਦ ਨੂੰ ‘ਜ਼ੋਹਰਾ ਬੇਗਮ’ ਨਾਂ ਦੇਣ ਦੀ ਜੋਸ਼ ਭਰੀ ਧਮਕੀ ਹੈ, ਜੇ ਫਰੂਖਾਬਾਦ ਦਾ ਨਾਂ ਬਦਲ ਕੇ ਫਰੂਖਨਗਰ ਕਰ ਦਿੱਤਾ ਜਾਂਦਾ ਹੈ ਤਾਂ ਗਊ ਮੂਤਰ ਨੂੰ ਕੌਮੀ ਡ੍ਰਿੰਕ ਵਜੋਂ ਹੱਲਾਸ਼ੇਰੀ ਦੇਣ ਨਾਲ ਉਹ ਦੋਹਾਂ ਤੋਂ ਕਈ ਪ੍ਰਕਾਸ਼ ਵਰ੍ਹਿਅਾਂ ਦੀ ਦੂਰੀ ਬਣਾ ਲੈਣਗੇ।