ਅਸੀਂ ਕਦੋਂ ਆਪਣੇ ਨਾਇਕਾਂ ਨੂੰ ਪਛਾਣਾਂਗੇ?
Friday, Dec 02, 2022 - 01:24 AM (IST)

ਜੋ ਰਾਸ਼ਟਰ ਆਪਣੇ ਨਾਇਕਾਂ ਨੂੰ ਨਹੀਂ ਪਛਾਣਦਾ, ਉਨ੍ਹਾਂ ਦਾ ਸਤਿਕਾਰ ਨਹੀਂ ਕਰਦਾ , ਉਹ ਜ਼ਿੰਦਾ ਰਹਿਣ ਦਾ ਅਧਿਕਾਰ ਗੁਆ ਲੈਂਦਾ ਹੈ। ਪਹਿਲਾਂ ਭਾਰਤ ਦਾ 3 ਹਿੱਸਿਆਂ (ਟੁਟਵਾਂ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼) ’ਚ ਵੰਡੇ ਜਾਣਾ,ਫਿਰ ਕਸ਼ਮੀਰ ਦੇ ਇਕ ਤਿਹਾਈ ਹਿੱਸੇ ’ਤੇ ਕਬਜ਼ਾ ਹੋ ਜਾਣਾ ਅਤੇ 1962 ਦੀ ਚੀਨ ਜੰਗ ’ਚ ਦੇਸ਼ ਦੀ ਸ਼ਰਮਨਾਕ ਹਾਰ ਹੋਣੀ ਇਸੇ ਰੋਗ ਦੇ ਕੁਝ ਲੱਛਣ ਹਨ।
‘ਦੇਰ ਆਏ ਦਰੁਸਤ ਆਏ’ ਇਕ ਪੁਰਾਣੀ ਕਹਾਵਤ ਹੈ ਜੋ ਦਿੱਲੀ ’ਚ 23 ਤੋਂ 25 ਨਵੰਬਰ ਤੱਕ ਹੋਏ ਪ੍ਰੋਗਰਾਮ ’ਤੇ ਬਿਲਕੁਲ ਢੁੱਕਵੀਂ ਬੈਠਦੀ ਹੈ। ਆਸਾਮ ਦੇ ਅਹੋਮ ਯੋਧਾ ਲਾਚਿਤ ਬੋਰਫੂਕਨ ਦੇ 400ਵੇਂ ਜਨਮਦਿਨ ’ਤੇ ਦਿੱਲੀ ਸਥਿਤ ਵਿਗਿਆਨ ਭਵਨ ’ਚ ਇਕ ਪ੍ਰੋਗਰਾਮ ਦਾ ਆਯੋਜਨ ਹੋਇਆ। ਇਸ ਦੇ ਸਮਾਪਤੀ ਸਮਾਰੋਹ ’ਚ ਸ਼ਾਮਲ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦਾ ਇਤਿਹਾਸ ਸਿਰਫ ਗੁਲਾਮਾਂ ਦਾ ਹੀ ਨਹੀਂ ਸਗੋਂ ਯੋਧਿਆਂ ਦਾ ਵੀ ਹੈ। ਦੇਸ਼ ਦੇ ਵੀਰਾਂ ਦਾ ਇਤਿਹਾਸ ਦਬਾਇਆ ਗਿਆ। ਕੀ ਇਹ ਸੱਚ ਨਹੀਂ ਕਿ ਮਾਰਕਸ-ਮੈਕਾਲੇ ਮਾਨਸ ਪ੍ਰੇਰਿਤ ਇਤਿਹਾਸਕਾਰਾਂ ਨੇ ਭਾਰਤੀ ਇਤਿਹਾਸ ਨੂੰ ਸਭ ਤੋਂ ਵੱਧ ਵਿਗਾੜਿਆ ਹੈ। ਇਹੀ ਕਾਰਨ ਹੈ ਕਿ ਵਧੇਰੇ ਪਾਠਕ ਲਾਚਿਤ ਬੋਰਫੂਕਨ ਦੇ ਨਾਂ ਤੋਂ ਸ਼ਾਇਦ ਹੀ ਜਾਣੂ ਹੋਣਗੇ। ਕੀ ਇਹ ਦ੍ਰਿਸ਼ ਦੇਸ਼ ਦੇ ਸਾਹਮਣੇ ਇਕ ਵੱਡੀ ਚੁਣੌਤੀ ਨਹੀਂ?
ਆਖਿਰ ਵੀਰ ਲਾਚਿਤ ਕੌਣ ਸਨ? ਜਦੋਂ 1663 ’ਚ ਉਸ ਵੇੇਲੇ ਦੇ ਅਹੋਮ ਰਾਜਾ ਜੈਧਵਜ ਜ਼ਾਲਮ ਔਰੰਗਜ਼ੇਬ ਦੀ ਫੌਜ ਹੱਥੋਂ ਹਾਰ ਗਏ ਤਾਂ ਸਮਾਂ ਬੀਤਣ ’ਤੇ ਉਨ੍ਹਾਂ ਦੇ ਜਾਨਸ਼ੀਨ ਰਾਜਾ ਚੱਕਰਧਵਜ ਨੇ ਔਰੰਗਜ਼ੇਬ ਦੇ ਅੱਗੇ ਝੁਕਣ ਤੋਂ ਨਾਂਹ ਕਰ ਦਿੱਤੀ। ਉਨ੍ਹਾਂ ਜੰਗ ਦੀ ਰਣਨੀਤੀ ’ਚ ਲਾਚਿਤ ਬੋਰਫੂਕਨ ਨੂੰ ਆਪਣਾ ਸੈਨਾਪਤੀ ਬਣਾਇਆ। ਭਿਆਨਕ ਸੰਘਰਸ਼ ਪਿੱਛੋਂ 1671 ’ਚ ਲਾਚਿਤ ਦੀ ਅਗਵਾਈ ’ਚ ਯੋਧਿਆਂ ਨੇ ਸਰਾਏਘਾਟ ’ਚ ਵਿਸ਼ਾਲ ਮੁਗਲ ਫੌਜ ਨੂੰ ਹਰਾ ਦਿੱਤਾ। ਇਹ ਘਟਨਾ ਉਸੇ ਸੰਘਰਸ਼ ਦਾ ਹਿੱਸਾ ਹੈ ਜਿਸ ਨੂੰ ਰਾਣਾ ਸਾਂਘਾ, ਪ੍ਰਿਥਵੀਰਾਜ ਚੌਹਾਨ, ਮਹਾਰਾਜਾ ਪ੍ਰਤਾਪ, ਛਤਰਪਤੀ ਸ਼ਿਵਾਜੀ ਮਹਾਰਾਜ, ਜਾਟ ਆਦਿ ਸਾਧੂ ਸੰਤਾਂ ਨਾਲ ਧਰਮ ਦੀ ਰੱਖਿਅਕ ਮਾਨਸਿਕ ਗੁਰੂ ਪ੍ਰੰਪਰਾ ਨੇ ਬੇਮਿਸਾਲ ਹਿੰਮਤ ਦਾ ਸਬੂਤ ਦੇ ਕੇ ਭਾਰਤ ਦੀ ਸਨਾਤਨ ਸੰਸਕ੍ਰਿਤੀ ਦੀ ਰਾਖੀ ਕੀਤੀ।
ਲਾਚਿਤ ਦਾ ਪਰਾਕ੍ਰਮ ਉਸ ਮਾਰਕਸ-ਮੈਕਾਲੇ ਚਿੰਤਨ ਨੂੰ ਵੀ ਢਹਿ-ਢੇਰੀ ਕਰਦਾ ਹੈ ਜਿਸ ’ਚ ਅਕਸਰ ਕਿਹਾ ਜਾਂਦਾ ਹੈ ਕਿ ਅੰਗਰੇਜ਼ਾਂ ਕਾਰਨ ਉੱਤਰ ਪੂਰਬ ਭਾਰਤ ਦਾ ਉਭਾਰ ਹੋਇਆ। ਇਹ ਸੰਜੋਗ ਹੈ ਕਿ ਜਿਸ ਸਮੇਂ ਲਾਚਿਤ ਦੀ ਯਸ਼ ਦੀ ਗਾਥਾ ਨੂੰ ਯਾਦ ਕੀਤਾ ਜਾ ਰਿਹਾ ਸੀ, ਉਸੇ ਦਿਨ ਪੂਰੇ ਦੇਸ਼ ’ਚ ਸਿੱਖਾਂ ਦੇ ਨੌਵੇਂ ਗੁਰੂ, ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਮਨਾਇਆ ਗਿਆ। 347 ਸਾਲ ਪਹਿਲਾਂ ਇਸਲਾਮ ਅਪਣਾਉਣ ਤੋਂ ਇਨਕਾਰ ਕਰਨ ’ਤੇ ਔਰੰਗਜ਼ੇਬ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਵਿੱਤਰ ਧੜ ਤੋਂ ਸਿਰ ਨੂੰ ਤਲਵਾਰ ਨਾਲ ਵੱਖ ਕਰਵਾ ਦਿੱਤਾ ਸੀ ਜਿਸ ਦੀ ਯਾਦ ’ਚ ਲਾਲ ਕਿਲੇ ਦੇ ਸਾਹਮਣੇ ਗੁਰਦੁਆਰਾ ਸੀਸ ਗੰਜ ਅੱਜ ਵੀ ਮੌਜੂਦ ਹੈ।
ਇਹ ਦੁਖਦਾਈ ਗੱਲ ਹੈ ਕਿ ਭਾਰਤੀ ਸਮਾਜ ਦਾ ਇਕ ਦਿਵਿਆ ਵਰਗ ਹਮਲਾਵਰਾਂ ਨਾਲ ਲੜਨ ਵਾਲੇ ਲਾਚਿਤ ਬੋਰਫੂਕਨ ਆਦਿ ਵੀਰਾਂ ਦੀ ਬਜਾਏ ਉਨ੍ਹਾਂ ਲੋਕਾਂ ਦਾ ਗੁਣਗਾਣ ਵਧੇਰੇ ਕਰਦਾ ਹੈ ਜਿਨ੍ਹਾਂ ਨੇ ਇੱਥੋਂ ਦੀ ਮੂਲ ਬਹੁਲਤਾਵਾਦੀ ਸਨਾਤਨ ਸੰਸਕ੍ਰਿਤੀ ਨੂੰ ਨਸ਼ਟ ਕੀਤਾ। ਨਾਲ ਹੀ ਇਸ ਧਰਤੀ ਦੀ ਇੱਜ਼ਤ ਅਤੇ ਸਮਾਜਿਕ ਜੀਵਨ ਦੇ ਪੈਮਾਨਿਆਂ ਨੂੰ ਵੀ ਕੁਚਲ ਦਿੱਤਾ। ਉਨ੍ਹਾਂ ਦੇ ਮਜ਼੍ਹਬੀ ਜਨੂੰਨ ’ਚ ਹਜ਼ਾਰਾਂ ਮੰਦਰ ਿਮੱਟੀ ’ਚ ਮਿਲ ਗਏ। ਅਣਗਿਣਤ ਨਿਰਦੋਸ਼ਾਂ ਨੂੰ ਜਾਂ ਤਾਂ ਤਲਵਾਰ ਨਾਲ ਖਤਮ ਕਰ ਦਿੱਤਾ ਗਿਆ ਜਾਂ ਫਿਰ ਮਜ਼੍ਹਬੀ ਜਨੂੰਨ ਪਿੱਛੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਨ੍ਹਾਂ ’ਚ ਇਕ ਟੀਪੂ ਸੁਲਤਾਨ ਵੀ ਸੀ।
ਕੀ ਟੀਪੂ ਸੁਲਤਾਨ ਭਾਰਤ ਦਾ ਨਾਇਕ ਹੋ ਸਕਦਾ ਹੈ? ਮੈਸੂਰ ’ਤੇ ਟੀਪੂ ਦਾ 17 ਸਾਲ ਤੱਕ (1782-1799) ਤੱਕ ਰਾਜ ਰਿਹਾ ਸੀ। ਖੁਦ ਐਲਾਨੇ ਸੈਕੁਲਰਿਸਟ (ਕਾਂਗਰਸ ਸਮੇਤ), ਮੁਸਲਿਮ ਸਮਾਜ ਦਾ ਇਕ ਵਰਗ ਅਤੇ ਖੱਬੇਪੱਖੀ ਇਤਿਹਾਸਕਾਰਾਂ ਨੇ ਸਬੂਤਾਂ ਨੂੰ ਵਿਗਾੜ ਕੇ ਟੀਪੂ ਸੁਲਤਾਨ ਦਾ ਅਕਸ ਇਕ ਦੇਸ਼ ਭਗਤ, ਆਜ਼ਾਦੀ ਘੁਲਾਟੀਏ ਅਤੇ ਪੰਥ ਨਿਰਪੱਖੀ ਕਦਰਾਂ-ਕੀਮਤਾਂ ’ਚ ਭਰੋਸਾ ਰੱਖਣ ਵਾਲੇ ਹੁਕਮਰਾਨ ਵਜੋਂ ਪੇਸ਼ ਕੀਤਾ ਹੈ। ਜੇ ਟੀਪੂ ਭਾਰਤ ਦਾ ਆਜ਼ਾਦੀ ਘੁਲਾਟੀਆ ਸੀ ਜੋ ਦੇਸ਼ ਲਈ ਅੰਗਰੇਜ਼ਾਂ ਨਾਲ ਲੜਿਆ ਅਤੇ ਉਸੇ ਆਧਾਰ ’ਤੇ ਉਸ ਨੂੰ ਮੰਗਲ ਪਾਂਡੇ, ਰਾਣੀ ਲਕਸ਼ਮੀ ਬਾਈ, ਤਾਂਤੀਆ ਟੋਪੇ, ਨਾਨਾ ਸਾਹਿਬ ਪੇਸ਼ਵਾ-2 ਆਦਿ ਯੋਧਿਆਂ ਅਤੇ ਰਾਜਾ-ਰਜਵਾੜ ਨਾਲ ਗਾਂਧੀ ਜੀ, ਸਰਦਾਰ ਪਟੇਲ, ਸੁਭਾਸ਼ ਚੰਦਰ ਬੋਸ ਵਰਗੇ ਕ੍ਰਾਂਤੀਕਾਰੀਆਂ ਦੀ ਕਤਾਰ ’ਚ ਖੜ੍ਹਾ ਕੀਤਾ ਜਾਂਦਾ ਹੈ ਤਾਂ ਪਾਕਿਸਤਾਨ ਦਾ ਦਿਲ ਸਿਰਫ ਕਾਸਿਮ, ਬਾਬਰ, ਗੌਰੀ, ਗਜ਼ਨਵੀ ਦੇ ਨਾਲ ਟੀਪੂ ਵਰਗੇ ਇਸਲਾਮਿਕ ਹਮਲਾਵਰਾਂ ਲਈ ਹੀ ਕਿਉਂ ਧੜਕਦਾ ਹੈ?
ਇਹ ਦਿਲਚਸਪ ਹੈ ਕਿ ਬਰਤਾਨੀਆ ਨਾਲ ਲੜਨ ਵਾਲਾ ਟੀਪੂ ਸੁਲਤਾਨ ਅਤੇ ਅੰਗਰੇਜ਼ਾਂ ਦੇ ਵਫਾਦਾਰ ਸਈਦ ਅਹਿਮਦ ਖਾਨ ਦੋਵੇਂ ਭਾਰਤੀ ਉਪਮਹਾਦੀਪ ’ਚ ਇਕ ਵਿਸ਼ੇਸ਼ ਵਰਗ ਲਈ ਮਹਾਨ ਹਨ। ਕੀ ਇਸ ਦਾ ਕਾਰਨ ਦੋਹਾਂ ਦੀ ਉਹ ਮਾਨਸਿਕਤਾ ਨਹੀਂ ਜਿਸ ਨੂੰ ‘ਕਾਫਿਰ ਕੁਫਰ’ ਧਾਰਨਾ ਤੋਂ ਪ੍ਰੇਰਨਾ ਮਿਲਦੀ ਹੈ?
ਇਹ ਸੱਚ ਹੈ ਕਿ ਟੀਪੂ ਨੇ ਬਰਤਾਨਵੀ ਸਾਮਰਾਜ ਨਾਲ ਲੋਹਾ ਲਿਆ ਸੀ। ਕੀ ਇਸ ਆਧਾਰ ’ਤੇ ਅਸੀਂ ਬਦਨਾਮ ਤਾਨਾਸ਼ਾਹ ਅਡੋਫਲ ਹਿਟਲਰ ਦਾ ਗੁਣਗਾਣ ਕਰਨ ਲੱਗਾਂਗੇ ਕਿਉਂਕਿ ਉਸ ਨੇ ਵੀ ਬਰਤਾਨੀਆ ਵਿਰੁੱਧ ਜੰਗ ਲੜੀ ਸੀ? ਆਖਿਰ ਟੀਪੂ ਅੰਗਰੇਜ਼ਾਂ ਨਾਲ ਕਿਉਂ ਲੜਿਆ? ਜੇ ਉਸ ਦਾ ਇਰਾਦਾ ਬਰਤਾਨਵੀ ਲੋਕਾਂ ਨੂੰ ਖਦੇੜਣ ਦਾ ਸੀ ਤਾਂ ਉਸ ਨੇ ਹੋਰਨਾਂ ਬਸਤੀਵਾਦੀ ਯੂਰਪੀ ਸ਼ਕਤੀ ਕੋਲੋਂ ਮਦਦ ਕਿਉਂ ਮੰਗੀ? ਇਹ ਐਲਾਨਿਆ ਸੱਚ ਹੈ ਕਿ ਟੀਪੂ ਨੇ ਅੰਗਰੇਜ਼ਾਂ ਵਿਰੁੱਧ ਫਰਾਂਸਿਸੀ ਹੁਕਮਰਾਨ ਲੁਈਸ-16 ਕੋਲੋਂ ਫੌਜੀ ਮਦਦ ਮੰਗੀ ਸੀ। ਇਸ ਤੋਂ ਇਲਾਵਾ ਉਸ ਨੇੇ ਅਫਗਾਨਿਸਤਾਨ, ਤੁਰਕੀ ਅਤੇ ਹੋਰਨਾਂ ਮੁਸਲਿਮ ਦੇਸ਼ਾਂ ਕੋਲੋਂ ਵੀ ਫੌਜੀ ਮਦਦ ਮੰਗੀ ਸੀ।
ਇਨ੍ਹਾਂ ਤੱਥਾਂ ਨੂੰ ਖੱਬੇਪੱਖੀ ਇਤਿਹਾਸਕਾਰ ਅਤੇ ਖੁਦ ਬਣੇ ਸੈਕੁਲਰਰਿਸਟ ਅਕਸਰ ਬਰਤਾਨੀਆ ਦਾ ਝੂਠਾ ਪ੍ਰਚਾਰ ਕਰਦੇ ਹਨ। ਆਖਿਰ ਟੀਪੂ ਦੀ ਮਾਨਸਿਕਤਾ ਕੀ ਸੀ, ਇਹ ਉਸ ਵੱਲੋਂ ਆਪਣੇ ਫੌਜੀ ਅਧਿਕਾਰੀਆਂ ਨੂੰ ਭੇਜੀਆਂ ਚਿੱਠੀਆਂ ਤੋਂ ਸਪੱਸ਼ਟ ਹੈ ਜਿਸ ’ਚੋਂ ਮੈਂ ਇਕ ਨੂੰ ਇੱਥੇ ਪੇਸ਼ ਕਰਨਾ ਚਾਹਾਂਗਾ।
18 ਜਨਵਰੀ 1790 ਨੂੰ ਭੇਜੀ ਚਿੱਠੀ ’ਚ ਸਈਦ ਅਬਦੁਲ ਦੁਲਾਈ ਨੂੰ ਟੀਪੂ ਸੁਲਤਾਨ ਨੇ ਲਿਖਿਆ ਸੀ, ‘ਪੈਗੰਬਰ ਸਾਹਿਬ ਅਤੇ ਅੱਲ੍ਹਾ ਦੇ ਕਰਮ ਨਾਲ ਕਾਲੀਕਟ ਦੇ ਸਾਰੇ ਹਿੰਦੂਆਂ ਨੂੰ ਇਸਲਾਮ ਕਬੂਲ ਕਰਵਾਇਆ ਗਿਆ ਹੈ। ਸਿਰਫ ਕੋਚਿਨ ’ਚ ਕੁਝ ਰਹਿ ਗਏ ਹਨ ਜਿਨ੍ਹਾਂ ਨੂੰ ਮੈਂ ਜਲਦੀ ਹੀ ਮੁਸਲਮਾਨ ਬਣਾਉਣ ਲਈ ਸੰਕਲਪਬੱਧ ਹਾਂ। ਮੇਰਾ ਜਿਹਾਦ ਇਸ ਨਿਸ਼ਾਨੇ ਨੂੰ ਹਾਸਲ ਕਰਨਾ ਹੈ।’’ ਕੀ ਅਜਿਹੀਆਂ ਕਈ ਚਿੱਠੀਆਂ ਤੋਂ ਟੀਪੂ ਸੁਲਤਾਨ ਦੇ ਅਸਲ ਚਤਿੱਰਤਰ ਅਤੇ ਉਸ ਦੇ ਮਜ਼੍ਹਬੀ ਚਿੰਤਨ ਦਾ ਆਭਾਸ ਨਹੀਂ ਹੁੰਦਾ?
ਦਲੀਲ ਦਿੱਤੀ ਜਾਂਦੀ ਹੈ ਕਿ ਜੇ ਟੀਪੂ ਸੁਲਤਾਨ ਫਿਰਕੂ ਹੁੰਦਾ ਤਾਂ ਉਸ ਦੇ ਦਰਬਾਰ ’ਚ ਕਈ ਹਿੰਦੂ ਬ੍ਰਾਹਮਣ ਕਿਉਂ ਹੁੰਦੇ? ਜੇਕਰ ਇਸ ਦਲੀਲ ਨੂੰ ਆਧਾਰ ਬਣਾਈਏ ਤਾਂ ਅੰਗਰੇਜ਼ਾਂ ਲਈ ਲੜਨ ਵਾਲੇ ਜਵਾਨ , ਉਨ੍ਹਾਂ ਦੇ ਰਾਜ ’ਚ ਕੰਮ ਕਰਦੇ ਮੁਲਾਜ਼ਮ, ਅਧਿਕਾਰੀ ਅਤੇ ਇੱਥੋਂ ਤੱਕ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ’ਤੇ ਲਟਕਾਉਣ ਵਾਲੇ ਕੌਣ ਸਨ? ਕੀ ਉਹ 100 ਫੀਸਦੀ ਜਨਮ ਤੋਂ ਭਾਰਤੀ ਨਹੀਂ ਸਨ? ਕੀ ਇਸ ਨਾਲ ਬਰਤਾਨੀਆ ਤੋਂ ਮਿਲੇ ਦੁਖ ਘੱਟ ਹੋ ਜਾਂਦੇ ਹਨ? ਜੇ ਦੇਸ਼ਭਗਤੀ ਇਸ ਦੇਸ਼ ਦੀ ਬਹੁਲਤਾਵਾਦੀ ਸਨਾਤਨ ਸੰਸਕ੍ਰਿਤੀ, ਉਸ ਦੇ ਮਾਣ ਬਿੰਦੂਆਂ ਅਤੇ ਰਵਾਇਤਾਂ ਨੂੰ ਸਤਿਕਾਰ ਦੇਣ ਦਾ ਸੂਤਰ ਹੈ ਤਾਂ ਬਿਨਾਂ ਵਿਵਾਦ ਉਸ ਕਸੌਟੀ ’ਤੇ ਟੀਪੂ ਸੁਲਤਾਨ ਨੂੰ ਰਾਸ਼ਟਰਭਗਤ ਅਤੇ ਸਹਿਣਸ਼ੀਲ ਕਹਿਣਾ ਸੱਚੇ ਰਾਸ਼ਟਰ ਨਾਇਕਾਂ (ਲਾਚਿਤ ਬੋਰਫੂਕਨ ਸਮੇਤ) ਦਾ ਅਪਮਾਨ ਹੈ। (ਲੇਖਕ ਸੀਨੀਅਰ ਕਾਲਮ ਨਵੀਸ, ਰਾਜਸਭਾ ਦੇ ਸਾਬਕਾ ਮੈਂਬਰ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਕੌਮੀ ਉਪ-ਪ੍ਰਧਾਨ ਹਨ)।
ਬਲਬੀਰ ਪੁੰਜ