ਤਬਦੀਲੀ ਚਾਹੁੰਦਾ ਹੈ ਅੱਜ ਦਾ ਨੌਜਵਾਨ

03/23/2019 7:08:35 AM

ਮੈਂ ਹੁਣੇ-ਹੁਣੇ ਯੂਰਪ ਦਾ ਦੌਰਾ ਕਰ ਕੇ ਪਰਤੀ ਹਾਂ, ਜੋ ਕਾਫੀ ਤਾਜ਼ਗੀ ਭਰਿਆ ਰਿਹਾ। ਇਸ ਦੌਰਾਨ ਸੁੰਦਰ ਦ੍ਰਿਸ਼ ਦੇਖਣਾ ਹਮੇਸ਼ਾ ਖੁਸ਼ੀ ਦੇਣ ਵਾਲਾ ਮੌਕਾ ਰਿਹਾ ਹੈ। ਇਸ ਤੋਂ ਇਲਾਵਾ ਉਥੇ ਵੱਖ-ਵੱਖ ਸ਼ਹਿਰਾਂ 'ਚ ਰਹਿ ਰਹੇ ਸਥਾਨਕ ਲੋਕਾਂ ਨੂੰ ਮਿਲਣ, ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਬਾਰੇ ਜਾਣਨ ਦਾ ਮੌਕਾ ਮਿਲਦਾ ਹੈ।
ਇਕ ਚੀਜ਼ ਜੋ ਮੈਂ ਨੋਟ ਕੀਤੀ ਹੈ ਅਤੇ ਜੋ ਦੁਨੀਆ ਭਰ ਦੇ ਨੌਜਵਾਨਾਂ 'ਚ ਆਮ ਹੈ, ਉਹ ਹੈ ਨਿਰਾਸ਼ਾ ਦੀ ਭਾਵਨਾ ਅਤੇ ਇਸ ਗੱਲ ਦੀ ਛਾਣਬੀਣ ਕਰਨਾ ਕਿ ਉਨ੍ਹਾਂ ਦੀਆਂ ਸਰਕਾਰਾਂ ਉਨ੍ਹਾਂ ਵਾਸਤੇ ਕੀ ਕਰ ਰਹੀਆਂ ਹਨ? ਮੈਨੂੰ ਇਹ ਕਿਸੇ ਵੀ ਤਰ੍ਹਾਂ ਸੰਤੁਸ਼ਟ ਨਜ਼ਰ ਨਹੀਂ ਆਏ।
ਰੋਮ 'ਚ ਮੈਂ ਖੁਸ਼ਗਵਾਰ ਲੋਕਾਂ ਦੇ ਸਮੂਹ ਨੂੰ ਮਿਲੀ। ਉਹ ਸਾਰੇ ਚੰਗੇ ਪਰਿਵਾਰਾਂ ਨਾਲ ਸਬੰਧ ਰੱਖਦੇ ਸਨ ਅਤੇ ਉਨ੍ਹਾਂ ਦਾ ਕਰੀਅਰ ਵੀ ਠੀਕ-ਠਾਕ ਚੱਲ ਰਿਹਾ ਸੀ। ਇਹ ਲੋਕ 35 ਸਾਲ ਦੀ ਉਮਰ ਦੇ ਆਸਪਾਸ ਸਨ ਤੇ ਉਨ੍ਹਾਂ ਦੇ ਲੜਕਪਨ ਤੋਂ ਲੈ ਕੇ ਹੁਣ ਤਕ ਦੇ ਪ੍ਰਧਾਨ ਮੰਤਰੀਆਂ ਤੇ ਸਰਕਾਰਾਂ ਬਾਰੇ ਚਰਚਾ ਕਰ ਰਹੇ ਸਨ। ਉਨ੍ਹਾਂ 'ਚ ਵੀ ਇਹ ਭਾਵਨਾ ਸੀ ਕਿ ਸਿਸਟਮ 'ਚ ਕੁਝ ਗੜਬੜ ਹੈ। 
ਪਤਾ ਨਹੀਂ ਮੈਨੂੰ ਅਜਿਹਾ ਕਿਉਂ ਲੱਗਾ ਕਿ ਉਹ ਮੇਰੇ ਦੇਸ਼ ਦੇ ਨੌਜਵਾਨ ਹਨ। ਮੇਰੀ ਪੀੜ੍ਹੀ ਤੋਂ ਵੱਖ ਅੱਜ ਦਾ ਨੌਜਵਾਨ ਤਬਦੀਲੀ ਚਾਹੁੰਦਾ ਹੈ। ਇਹ ਨੌਜਵਾਨ ਅੰਦੋਲਨ ਕਰਨਾ ਚਾਹੁੰਦੇ ਹਨ। ਦੁਨੀਆ 'ਚ ਕਈ ਮੰਦਭਾਗੀਆਂ ਘਟਨਾਵਾਂ ਕਾਰਨ ਬਹੁਤ ਸਾਰੇ ਸ਼ਰਨਾਰਥੀ ਯੂਰਪ 'ਚ ਆ ਗਏ ਹਨ ਤੇ ਅਜਿਹਾ ਲੱਗਦਾ ਹੈ ਕਿ ਲੰਡਨ ਦੀ ਬ੍ਰੈਗਜ਼ਿਟ ਸਮੱਸਿਆ ਨੇ ਨੌਜਵਾਨਾਂ ਨੂੰ ਮੈਚਿਓਰ ਬਣਾ ਦਿੱਤਾ ਹੈ। ਉਨ੍ਹਾਂ ਦੇ ਮਨ 'ਚ ਇਹ ਗੱਲ ਸਪੱਸ਼ਟ ਸੀ ਕਿ ਇਹ ਸਭ ਉਨ੍ਹਾਂ ਦੇ ਦੇਸ਼ ਦੇ ਨੇਤਾਵਾਂ ਵਲੋਂ ਸਿਆਸੀ ਕਾਰਨਾਂ ਕਰ ਕੇ ਕੀਤਾ ਜਾਂਦਾ ਹੈ। 
ਵੱਖ-ਵੱਖ ਸਿਆਸੀ ਆਗੂ ਆਪਣੇ ਕਰੀਅਰ ਅਤੇ ਸਿਆਸੀ ਪਾਰਟੀਆਂ ਦੇ ਲਾਭ ਲਈ ਕੁਝ ਅੰਦੋਲਨਾਂ ਨੂੰ ਜਾਰੀ ਰੱਖਣਾ ਚਾਹੁੰਦੇ ਹਨ। ਮੈਨੂੰ ਇਸ ਗੱਲ ਨਾਲ ਕਾਫੀ ਤਸੱਲੀ ਮਿਲੀ ਕਿ ਸਾਡੇ ਨੌਜਵਾਨ ਗੱਲਾਂ ਨੂੰ ਡੂੰਘਾਈ ਨਾਲ ਸਮਝ ਸਕਦੇ ਹਨ। ਉਨ੍ਹਾਂ ਨੂੰ ਇਸ ਗੱਲ ਦਾ ਪੱਕਾ ਯਕੀਨ ਸੀ ਕਿ ਬਹੁਤੇ ਦੇਸ਼ਾਂ ਨੂੰ ਸੁਆਰਥੀ ਰਾਜਨੇਤਾਵਾਂ ਵਲੋਂ ਆਪਣੇ ਚੋਣ ਲਾਭ ਲਈ ਬਰਬਾਦ ਕੀਤਾ ਜਾ ਰਿਹਾ ਹੈ। ਇਥੋਂ ਤਕ ਕਿ ਸੱਤਾ ਦੇ ਲਾਲਚੀ ਨੇਤਾਵਾਂ ਲਈ ਲੋਕਾਂ ਦੇ ਜੀਵਨ ਦੀ ਵੀ ਕੋਈ ਕੀਮਤ ਨਹੀਂ ਹੈ। 
ਅਮੀਰੀ-ਗਰੀਬੀ ਵਿਚਾਲੇ ਵਧਦਾ ਪਾੜਾ
ਅਸਲ 'ਚ ਸਾਡੇ ਦੇਸ਼ ਵਾਂਗ ਉਥੋਂ ਦੇ ਨੌਜਵਾਨ ਵੀ ਜਾਣਨਾ ਚਾਹੁੰਦੇ ਸਨ ਕਿ ਅਮੀਰ ਹੋਰ ਅਮੀਰ ਤੇ ਗਰੀਬ ਹੋਰ ਗਰੀਬ ਕਿਉਂ ਹੁੰਦੇ ਜਾ ਰਹੇ ਹਨ? ਬਰਾਬਰੀ ਦਾ ਇਹ ਫਰਕ ਕਿਉਂ ਹੈ? ਮੇਰੇ ਕੋਲ ਉਨ੍ਹਾਂ ਦੇ ਸਵਾਲਾਂ ਦਾ ਕੋਈ ਜਵਾਬ ਨਹੀਂ ਸੀ, ਇਹ ਮੰਨਣ ਦੀ ਬਜਾਏ ਕਿ ਇਹ ਸਭ ਸਿਆਸਤ ਹੈ । ਦੁਨੀਆ ਭਰ 'ਚ ਅੱਜ ਅਜਿਹੇ ਨੇਤਾਵਾਂ ਦੀ ਭਾਲ ਹੈ, ਜੋ ਨਿਰਸੁਆਰਥ ਹੋਣ, ਗਰੀਬਾਂ ਲਈ ਸੋਚਦੇ ਹੋਣ, ਦੇਸ਼ ਬਾਰੇ ਸੋਚਦੇ ਹੋਣ ਅਤੇ ਸੱਤਾ ਦੇ ਭੁੱਖੇ ਨਾ ਹੋਣ। ਸ਼੍ਰੀ ਵਾਜਪਾਈ ਦੀ ਲੀਡਰਸ਼ਿਪ ਵਾਲੇ ਦਿਨ ਹੁਣ ਨਹੀਂ ਰਹੇ, ਬੇਸ਼ੱਕ ਅੱਜ ਦਾ ਨੌਜਵਾਨ ਪੁਰਾਣੇ ਲੀਡਰਾਂ ਦੇ ਨੇਤਾਵਾਂ ਨੂੰ ਨਹੀਂ ਜਾਣਦਾ। 
ਸਿਆਸਤ ਨੂੰ ਇਕ ਪਾਸੇ ਕਰ ਦੇਈਏ ਤਾਂ ਬਾਲੀਵੁੱਡ ਦੁਨੀਆ ਭਰ 'ਚ ਮਸ਼ਹੂਰ ਹੈ। ਉਥੋਂ ਦੇ ਨੌਜਵਾਨ ਸਾਡੇ ਡਾਂਸ, ਡਰਾਮਿਆਂ ਨੂੰ ਪਸੰਦ ਕਰਦੇ ਹਨ। ਉਹ 'ਡੌਨ' ਵਰਗੀਆਂ ਫਿਲਮਾਂ ਪਸੰਦ ਕਰਦੇ ਹਨ। ਮੈਂ ਇਹ ਯਕੀਨ ਨਹੀਂ ਕਰ ਸਕਦੀ ਕਿ ਹਾਜੀ ਮਸਤਾਨ ਵਰਗੇ ਲੋਕਾਂ 'ਤੇ ਬਣੀਆਂ ਫਿਲਮਾਂ ਸੱਚੀਆਂ ਹਨ। ਇਟਲੀ ਦਾ ਆਪਣਾ ਮਾਫੀਆ ਹੈ। 
ਜਦੋਂ ਵੀ ਮੈਂ ਵਿਦੇਸ਼ ਜਾਂਦੀ ਹਾਂ ਤਾਂ ਮੈਨੂੰ ਆਪਣੇ ਨੌਜਵਾਨਾਂ 'ਚ ਇਕ ਭਰੋਸਾ ਨਜ਼ਰ ਆਉਂਦਾ ਹੈ। ਮੇਰੇ ਦੇਸ਼ ਦੇ ਨੌਜਵਾਨ ਚਾਹੇ ਉਹ ਕਨ੍ਹੱਈਆ ਹੋਵੇ, ਚਾਹੇ ਰਾਹੁਲ ਗਾਂਧੀ ਹੋਵੇ, ਚਾਹੇ ਭਾਜਪਾ ਦੇ ਨੌਜਵਾਨ ਨੇਤਾ ਹੋਣ ਜਾਂ ਹੋਰ ਸਿਆਸੀ ਪਾਰਟੀਆਂ ਦੇ ਨੌਜਵਾਨ ਆਗੂ, ਜਿਵੇਂ ਕਿ ਤੇਜਸਵੀ ਯਾਦਵ–ਇਹ ਸਾਰੇ ਸਮਝਦੇ ਹਨ ਕਿ ਪਰਦੇ ਦੇ ਪਿੱਛੇ ਕੀ ਹੋ ਰਿਹਾ ਹੈ। ਮੈਂ ਉਮੀਦ ਕਰਦੀ ਹਾਂ ਕਿ ਇਹ  ਨੌਜਵਾਨ ਗੰਭੀਰ ਹਨ ਅਤੇ ਸੱਤਾ 'ਚ ਆਉਣ 'ਤੇ ਦੇਸ਼ ਲਈ ਕੁਝ ਕਰਨਗੇ ਪਰ ਜੇ ਉਹ ਪਰਿਵਾਰ ਦੀ ਵਿਰਾਸਤ ਨੂੰ ਹੀ ਅੱਗੇ ਵਧਾਉਣ ਦਾ ਕੰਮ ਕਰਨਗੇ ਤਾਂ ਮੈਨੂੰ ਬਹੁਤ ਨਿਰਾਸ਼ਾ ਹੋਵੇਗੀ।
ਨਵੀਂ ਪਾਰਟੀ ਦਾ ਨਵਾਂ ਨੇਤਾ
ਕਸ਼ਮੀਰ 'ਚ ਸ਼ਾਹ ਫੈਜ਼ਲ ਇਕ ਨਵੀਂ ਪਾਰਟੀ ਦੇ ਨਵੇਂ ਨੇਤਾ ਵਜੋਂ ਉੱਭਰੇ ਹਨ। ਉਨ੍ਹਾਂ ਦੇ ਸਿਆਸਤ 'ਚ ਆਉਣ ਦੇ ਇਰਾਦਿਆਂ ਪ੍ਰਤੀ ਮੈਂ ਹੈਰਾਨ ਨਹੀਂ ਹਾਂ। ਕੁਝ ਸਾਲ ਪਹਿਲਾਂ ਆਈ. ਏ. ਐੱਸ. ਟੌਪਰ ਰਹੇ ਸ਼ਾਹ ਫੈਜ਼ਲ ਕੀ ਸੱਚਮੁਚ ਕੁਝ ਵੱਖਰਾ ਕਰ ਕੇ ਦਿਖਾਉਣਗੇ? ਕੀ ਇਸ ਦੇ ਲਈ ਉਨ੍ਹਾਂ ਕੋਲ ਕਾਫੀ ਪੈਸਾ ਅਤੇ ਸਮਰਥਨ ਹੋਵੇਗਾ? ਉਹ ਇਸ ਵਾਅਦੇ ਨਾਲ ਸਿਆਸੀ ਮੈਦਾਨ 'ਚ ਉਤਰੇ ਹਨ ਕਿ ਆਪਣੇ ਸੂਬੇ ਦੇ ਨੌਜਵਾਨਾਂ ਦੇ ਬਿਹਤਰ ਭਵਿੱਖ ਲਈ ਕੰਮ ਕਰਨਾ ਚਾਹੁੰਦੇ ਹਨ।
ਮੇਰੇ ਦਿਲ 'ਚ ਕਸ਼ਮੀਰ ਲਈ ਇਕ ਹਮਦਰਦੀ ਹੈ ਕਿਉਂਕਿ ਮੈਂ ਆਪਣੀ ਜ਼ਿੰਦਗੀ ਦੇ 14 ਸਾਲ ਉਥੇ ਬਿਤਾਏ ਹਨ। ਹਿਮਾਚਲ ਵਾਂਗ ਹੀ ਮੈਂ ਇਸ ਸੂਬੇ ਬਾਰੇ ਵੀ ਜਾਣਦੀ ਹਾਂ। ਜੇ ਇਹ ਨੌਜਵਾਨ ਆਈ. ਏ. ਐੱਸ. ਤਬਦੀਲੀ ਲਿਆਉਣਾ ਚਾਹੁੰਦਾ ਹੈ ਤਾਂ ਮੈਨੂੰ ਯਕੀਨ ਹੈ ਕਿ ਉਸ ਨੂੰ ਲੋਕਾਂ ਦਾ ਸਮਰਥਨ ਮਿਲੇਗਾ। ਹੁਣ ਚੋਣਾਂ ਨੇੜੇ ਆ ਰਹੀਆਂ ਹਨ, ਇਸ ਲਈ ਨੌਜਵਾਨਾਂ ਨੂੰ ਕਾਫੀ ਅਹਿਮੀਅਤ ਦਿੱਤੀ ਜਾਵੇਗੀ ਕਿਉਂਕਿ ਸਾਡੇ 60 ਫੀਸਦੀ ਵੋਟਰ 35 ਸਾਲ ਤੋਂ ਘੱਟ ਉਮਰ ਵਰਗ ਦੇ ਹਨ। 
ਨਰਿੰਦਰ ਮੋਦੀ ਇਕ ਸੁਨਾਮੀ ਹੈ, ਤੁਸੀਂ ਉਸ ਦਾ ਮੁਕਾਬਲਾ ਨਹੀਂ ਕਰ ਸਕਦੇ। ਪ੍ਰਿਯੰਕਾ ਦਾ ਜਾਦੂ ਦੇਖਣਾ ਅਜੇ ਬਾਕੀ ਹੈ। ਅਸੀਂ ਰਾਹੁਲ ਵਲੋਂ ਕੀਤੀਆਂ ਜਾ ਰਹੀਆਂ ਤਬਦੀਲੀਆਂ ਨੂੰ ਦੇਖ ਰਹੇ ਹਾਂ ਅਤੇ ਵੱਖ-ਵੱਖ ਖੇਤਰੀ ਪਾਰਟੀਆਂ ਦੇ ਨੌਜਵਾਨਾਂ ਨੂੰ ਵੱਖ-ਵੱਖ ਸੂਬਿਆਂ 'ਚ ਉੱਭਰਦੇ ਦੇਖਿਆ ਹੈ ਪਰ ਇਕ ਖਾਲੀਪਨ ਵੀ ਹੈ। ਇਸ ਨੂੰ ਕੌਣ ਭਰੇਗਾ? ਕੀ ਮਹਾਗੱਠਜੋੜ ਭਰੇਗਾ ਜਾਂ ਮੁੜ ਨਰਿੰਦਰ ਮੋਦੀ ਤੇ ਉਨ੍ਹਾਂ ਦੀ ਟੀਮ? ਮੈਨੂੰ ਲੱਗਦਾ ਹੈ ਕਿ ਖੇਤਰੀ ਪਾਰਟੀਆਂ ਦਾ ਰਾਜ ਆ ਰਿਹਾ ਹੈ। ਕੋਈ ਵੀ ਵਿਅਕਤੀ, ਖਾਸ ਤੌਰ 'ਤੇ ਨੌਜਵਾਨ ਦਿੱਲੀ 'ਚ ਸਿਆਸੀ ਪਾਰਟੀਆਂ ਦੇ ਹੈੱਡਕੁਆਰਟਰਾਂ 'ਚ ਨੇਤਾਵਾਂ ਦੇ ਚਪੜਾਸੀਆਂ ਦੀ ਚਮਚਾਗਿਰੀ ਕਰਦਿਆਂ ਇਧਰ-ਓਧਰ ਨਹੀਂ ਭਟਕਣਾ ਚਾਹੁੰਦੇ। 
ਉਹ ਦਿਨ ਲੱਦ ਗਏ, ਜਦੋਂ ਕਿਸੇ ਬਾਹਰਲੇ ਆਦਮੀ ਨੂੰ ਕਿਸੇ ਸੂਬੇ ਦੀ ਸਿਆਸਤ 'ਚ ਮੁਖੀ ਬਣਾ ਕੇ ਸਿਰ 'ਤੇ ਬਿਠਾ ਦਿੱਤਾ ਜਾਂਦਾ ਸੀ ਅਤੇ ਇਹ ਉਮੀਦ ਕੀਤੀ ਜਾਂਦੀ ਸੀ ਕਿ ਸੂਬੇ ਦੇ ਲੋਕ ਉਸ ਨੂੰ ਚੁੱਪਚਾਪ ਪ੍ਰਵਾਨ ਕਰ ਲੈਣਗੇ। ਅਜਿਹਾ ਤਾਂ ਹੀ ਹੋ ਸਕੇਗਾ, ਜੇ ਪਾਰਟੀ ਕੋਲ ਪੂਰਨ ਬਹੁਮਤ ਹੋਵੇ ਜਾਂ ਉਹ ਵਿਅਕਤੀ ਜ਼ਮੀਨੀ ਪੱਧਰ 'ਤੇ ਕੰਮ ਕਰ ਕੇ ਉੱਚੇ ਅਹੁਦੇ 'ਤੇ ਪਹੁੰਚਿਆ ਹੋਵੇ। ਮੈਨੂੰ ਉਮੀਦ ਹੈ ਕਿ ਸਾਡੇ ਨੌਜਵਾਨ ਮੇਰੇ ਭਰੋਸੇ ਨੂੰ ਕਾਇਮ ਰੱਖਣਗੇ ਅਤੇ ਉਨ੍ਹਾਂ ਕਾਰਨ ਮੇਰੀ ਪੀੜ੍ਹੀ ਦੇ ਲੋਕਾਂ ਨੂੰ ਸਿਰ ਨਹੀਂ ਝੁਕਾਉਣਾ ਪਵੇਗਾ।        -ਦੇਵੀ ਚੇਰੀਅਨ
(devi@devicherian.com)


Bharat Thapa

Content Editor

Related News