ਹੁਣ ਅਦਾਲਤਾਂ ਅਤੇ ਪੁਲਸ ਕੰਪਲੈਕਸਾਂ ’ਚ ਵੀ ਹੋਣ ਲੱਗੀਆਂ ਚੋਰੀਆਂ
Friday, Feb 03, 2023 - 01:50 AM (IST)
ਕੁਝ ਸਮੇਂ ਤੋਂ ਦੇਸ਼ ’ਚ ਕਾਨੂੰਨ-ਵਿਵਸਥਾ ਦੀ ਹਾਲਤ ਵਿਗੜ ਰਹੀ ਹੈ। ਇਕ ਪਾਸੇ ਆਮ ਲੋਕਾਂ ਦੇ ਵਿਰੁੱਧ ਅਪਰਾਧ ਜ਼ੋਰਾਂ ’ਤੇ ਹਨ ਤਾਂ ਦੂਜੇ ਪਾਸੇ ਅਦਾਲਤਾਂ ਅਤੇ ਪੁਲਸ ਥਾਣੇ ਵਰਗੇ ਅਤਿ ਸੁਰੱਖਿਆ ਵਾਲੇ ਸਰਕਾਰੀ ਕੰਪਲੈਕਸ ਵੀ ਸੁਰੱਖਿਅਤ ਨਹੀਂ ਰਹੇ।
31 ਜਨਵਰੀ ਨੂੰ ਗੋਆ ’ਚ ‘ਆਲਟਿੰਹੋ’ ਸਥਿਤ ਜ਼ਿਲ੍ਹਾ ਤੇ ਸੈਸ਼ਨ ਅਦਾਲਤ ਕੰਪਲੈਕਸ ’ਚੋਂ ਕੋਈ ਚੋਰ ਉੱਥੇ 2 ਅਲਮਾਰੀਆਂ ’ਚ ਵੱਖ-ਵੱਖ ਮਾਮਲਿਆਂ ’ਚ ਸਬੂਤ ਦੇ ਤੌਰ ’ਤੇ ਜ਼ਬਤ ਕਰ ਕੇ ਰੱਖੀ ਗਈ ਨਕਦ ਰਾਸ਼ੀ ਅਤੇ ਸੋਨਾ ਆਦਿ ਚੋਰੀ ਕਰ ਕੇ ਫਰਾਰ ਹੋ ਗਿਆ।
ਪੁਲਸ ਦੇ ਅਨੁਸਾਰ ਚੋਰ ਇਮਾਰਤ ਦੇ ਪਿੱਛੇ ਦੀ ਇਕ ਖਿੜਕੀ ਤੋੜ ਕੇ ਕਮਰੇ ’ਚ ਦਾਖ਼ਲ ਹੋਇਆ ਅਤੇ ਉਸ ਨੇ ਇਸ ਵਾਰਦਾਤ ਨੂੰ ਪੇਚਕਸ ਦੀ ਸਹਾਇਤਾ ਨਾਲ ਉੱਥੇ ਰੱਖੀਆਂ ਅਲਮਾਰੀਆਂ ਖੋਲ੍ਹ ਕੇ ਅੰਜਾਮ ਦਿੱਤਾ। ਮਜ਼ੇਦਾਰ ਗੱਲ ਇਹ ਹੈ ਕਿ ਚੋਰ ਸਿਰਫ ਨਵੇਂ ਪ੍ਰਚੱਲਿਤ ਕਰੰਸੀ ਨੋਟ ਹੀ ਲੈ ਕੇ ਗਿਆ ਅਤੇ ਉਸ ਨੇ ਉਨ੍ਹਾਂ ਹੀ ਅਲਮਾਰੀਆਂ ’ਚ ਰੱਖੇ ਨੋਟਬੰਦੀ ਦੇ ਕਾਰਨ ਅਪ੍ਰਚੱਲਿਤ ਹੋ ਚੁੱਕੇ ਪੁਰਾਣੇ ਕਰੰਸੀ ਨੋਟਾਂ ਨੂੰ ਛੂਹਿਆ ਤੱਕ ਨਹੀਂ।
ਮੁੱਢਲੀ ਜਾਂਚ ਅਤੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਰਿਕਾਰਡਿੰਗ ਦੇਖਣ ਤੋਂ ਇੰਝ ਜਾਪਦਾ ਹੈ ਕਿ ਦਿਨ ਦੇ ਸਮੇਂ ਹੀ ਇਸ ਘਟਨਾ ਨੂੰ ਅਦਾਲਤ ਕੰਪਲੈਕਸ ਦੀ ਜਾਣਕਾਰੀ ਰੱਖਣ ਵਾਲੇ ਭੇਤੀ ਨੇ ਅੰਜਾਮ ਦਿੱਤਾ, ਜੋ ਹੋਰ ਵੀ ਗੰਭੀਰ ਗੱਲ ਹੈ।
ਵਰਣਨਯੋਗ ਹੈ ਕਿ ਪਿਛਲੇ ਸਮੇਂ ਦੇ ਦੌਰਾਨ ਦੇਸ਼ ਦੇ ਵੱਖ-ਵੱਖ ਪੁਲਸ ਕੰਪਲੈਕਸਾਂ ’ਚ ਵੀ ਚੋਰੀ ਦੀਆਂ ਕਈ ਘਟਨਾਵਾਂ ਹੋਈਆਂ ਹਨ। ਅਜਿਹੀ ਹੀ ਇਕ ਘਟਨਾ ਬੀਤੇ ਸਾਲ 11 ਨਵੰਬਰ ਨੂੰ ਕਾਨਪੁਰ (ਉੱਤਰ ਪ੍ਰਦੇਸ਼) ਦੀ ਨਿਊ ਆਜ਼ਾਦ ਨਗਰ ਪੁਲਸ ਚੌਕੀ ’ਚ ਹੋਈ।
ਉਸ ਸਮੇਂ ਜਦੋਂ ਚੌਕੀ ਇੰਚਾਰਜ ਸੁਧਾਕਰ ਪਾਂਡੇ ਤੋਂ ਲੈ ਕੇ ਚੌਕੀ ’ਚ ਤਾਇਨਾਤ ਪੁਲਸ ਮੁਲਾਜ਼ਮ ਡਿਊਟੀ ਦੇਣ ਦੀ ਬਜਾਏ ਸੌਂ ਰਹੇ ਸਨ, ਚੋਰ ਉੱਥੋਂ ਚੌਕੀ ਇੰਚਾਰਜ ਦਾ ਸਰਕਾਰੀ ਪਿਸਤੌਲ ਅਤੇ 10 ਕਾਰਤੂਸ ਲੈ ਕੇ ਫਰਾਰ ਹੋ ਗਏ।
ਇਸੇ ਤਰ੍ਹਾਂ ਬੀਤੇ ਸਾਲ 27 ਦਸੰਬਰ ਨੂੰ ਪਾਨੀਪਤ (ਹਰਿਆਣਾ) ਦੀ ਪੁਲਸ ਲਾਈਨ ’ਚ ਚੋਰ 2 ਸਹਾਇਕ ਸਬ-ਇੰਸਪੈਕਟਰਾਂ ਦੇ ਮਕਾਨਾਂ ਦੇ ਤਾਲੇ ਤੋੜ ਕੇ ਵੱਡੀ ਮਾਤਰਾ ’ਚ ਸੋਨਾ ਅਤੇ ਨਕਦ ਰਾਸ਼ੀ ਲੈ ਉੱਡੇ।
ਉਕਤ ਉਦਾਹਰਣਾਂ ਨਾਲ ਜਿੱਥੇ ਅਦਾਲਤਾਂ ਅਤੇ ਪੁਲਸ ਕੰਪਲੈਕਸਾਂ ਤੱਕ ’ਚ ਸੁਰੱਖਿਆ ਵਿਵਸਥਾ ਅਤੇ ਉੱਥੇ ਤਾਇਨਾਤ ਮੁਲਾਜ਼ਮਾਂ ਦੇ ਫਰਜ਼ ਨਿਭਾਉਣ ’ਤੇ ਸਵਾਲੀਆ ਨਿਸ਼ਾਨ ਲੱਗ ਰਹੇ ਹਨ, ਉੱਥੇ ਹੀ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਸਰਕਾਰ ਆਪਣੀਆਂ ਅਦਾਲਤਾਂ ਅਤੇ ਪੁਲਸ ਕੰਪਲੈਕਸਾਂ ਦੀ ਹੀ ਸੁਰੱਖਿਆ ਨਹੀਂ ਕਰ ਸਕਦੀ ਤਾਂ ਫਿਰ ਉਸ ਤੋਂ ਆਮ ਲੋਕਾਂ ਦੇ ਜਾਨ-ਮਾਲ ਦੀ ਸੁਰੱਖਿਆ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ।
-ਵਿਜੇ ਕੁਮਾਰ