ਚੀਨ ਦੀ ਤਾਈਵਾਨ ’ਤੇ ਹਮਲੇ ਦੀ ਤਿਆਰੀ, ਬਚਾਅ ’ਚ ਆਇਆ ਅਮਰੀਕਾ

06/23/2022 10:12:33 AM

ਹੁਣੇ ਜਿਹੇ ਹੀ ਚੀਨ ਦੇ ਖਤਰਨਾਕ ਇਰਾਦੇ ਦੁਨੀਆ ਦੇ ਸਾਹਮਣੇ ਆਏ ਹਨ ਜੋ ਸਮੁੱਚੀ ਦੁਨੀਆ ’ਚ ਭੜਥੂ ਮਚਾ ਦੇਣਗੇ। ਇਹ ਜਾਣਕਾਰੀ ਪੀਪਲਜ਼ ਲਿਬਰੇਸ਼ਨ ਆਰਮੀ ਦੇ ਇਕ ਸੰਮੇਲਨ ਦਾ ਆਡੀਓ ਕਲਿਪ ਬਾਜ਼ਾਰ ’ਚ ਆਉਣ ਤੋਂ ਬਾਅਦ ਮਿਲੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਚੀਨ ਦੇ ਇਰਾਦੇ ਕਿੰਨੇ ਖਤਰਨਾਕ ਹਨ।
ਇਸ ਆਡੀਓ ਕਲਿਪ ’ਚ ਤਾਈਵਾਨ ’ਤੇ ਹਮਲੇ ਦੀ ਪੂਰੀ ਤਿਆਰੀ ਸਬੰਧੀ ਗੱਲ ਕੀਤੀ ਜਾ ਰਹੀ ਹੈ। ਇਸ ਆਡੀਓ ਕਲਿਪ ਨੂੰ ਯੂ-ਟਿਊਬ ’ਤੇ ਲਿਊਡ ਮੀਡੀਆ ਨੇ ਪੋਸਟ ਕੀਤਾ ਹੈ। ਜਾਣਕਾਰ ਇਸ ਆਡੀਓ ਕਲਿਪ ਦੀ ਜਾਂਚ ਪਿੱਛੋਂ ਦੱਸਦੇ ਹਨ ਕਿ ਇਹ ਆਡੀਓ ਕਲਿਪ ਬਿਲਕੁਲ ਠੀਕ ਹੈ। ਇਹ ਪਹਿਲੀ ਵਾਰ ਹੈ ਜਦੋਂ ਚੀਨ ਦੀ ਫੌਜ ਦੀ ਚੋਟੀ ਦੀ ਕਮਾਂਡ ਦੀ ਆਡੀਓ ਲੀਕ ਹੋਈ ਹੈ ਅਤੇ ਮੀਡੀਆ ’ਚ ਪ੍ਰਕਾਸ਼ਿਤ ਵੀ ਹੋ ਗਈ ਹੈ।
14 ਮਈ ਨੂੰ ਹੋਈ ਉਕਤ ਮੀਟਿੰਗ ਦੇ ਲੀਕ ਆਡੀਓ ਕਲਿਪ ਨੇ ਪੂਰੀ ਦੁਨੀਆ ’ਚ ਚੀਨ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਇਹ ਆਡੀਓ ਕਲਿਪ ਅਜਿਹੇ ਸਮੇਂ ਲੀਕ ਹੋਈ ਹੈ ਜਦੋਂ ਸੀ.ਪੀ.ਸੀ. ਦੇ ਚੋਟੀ ਦੇ ਕਮਾਂਡਰਾਂ ’ਚ ਸੱਤਾ ਨੂੰ ਲੈ ਕੇ ਆਪਸੀ ਖਿੱਚੋਤਾਣ ਚੱਲ ਰਹੀ ਹੈ।
ਇਸ ਕਲਿਪ ਰਾਹੀਂ ਇਹ ਵੀ ਪਤਾ ਲੱਗਾ ਹੈ ਕਿ ਚੀਨ ਥੰਡਰ ਨਾਂ ਦੇ ਕੋਡ ਨੇਮ ਨਾਲ ਇਸ ਜੰਗ ਦੀ ਤਿਆਰੀ ’ਚ ਜੁਟਿਆ ਹੋਇਆ ਹੈ। ਇਸ ਦੇ ਨਾਲ ਹੀ ਇਸ ਮੀਟਿੰਗ ’ਚ ਇਹ ਤੈਅ ਕੀਤਾ ਗਿਆ ਕਿ ਚੀਨ ਦੇ ਕਿਹੜੇ ਉਦਯੋਗ ਤਾਈਵਾਨ ਨਾਲ ਜੰਗ ਸਮੇਂ ਅਜਿਹੀ ਭੂਮਿਕਾ ਨਿਭਾਉਣਗੇ। ਇਨ੍ਹਾਂ ’ਚ ਡ੍ਰੋਨ ਉਤਪਾਦਨ, ਟੈਲੀਕਮਿਊਨੀਕੇਸ਼ਨ ਦੀਆਂ ਕੰਪਨੀਆਂ, ਉਪਗ੍ਰਹਿ ਦੀਆਂ ਸੇਵਾਵਾਂ ਦੇਣ ਵਾਲੀਆਂ ਕੰਪਨੀਆਂ, ਕਿਸ਼ਤੀਅਾਂ ਬਣਾਉਣ ਵਾਲੀਆਂ ਕੰਪਨੀਆਂ, ਇਸ ਦੇ ਨਾਲ ਹੀ ਤਾਈਵਾਨ ਨਾਲ ਜੰਗ ਦੌਰਾਨ ਚੀਨ ਨੂੰ ਆਪਣੀ ਪਰਲ ਨਦੀ ਦੇ ਡੈਲਟਾ ਅਤੇ ਉਦਯੋਗਿਕ ਪੱਖੋਂ ਖੁਸ਼ਹਾਲ ਸੂਬੇ ਕਵਾਂਗ ਤੁੰਗ ਦੀ ਰੱਖਿਆ ਕਰਨੀ ਬੜੀ ਜ਼ਰੂਰੀ ਹੋਵੇਗੀ। ਇਸ ਆਡੀਓ ਕਲਿਪ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਚੀਨ ਦੀ ਸੀ. ਪੀ. ਸੀ. ਦੀ ਉਕਤ ਬੈਠਕ ਕੁਝ ਹੋਰ ਨਹੀਂ ਸਗੋਂ ਤਾਈਵਾਨ ਨਾਲ ਜੰਗ ਦੀ ਤਿਆਰੀ ਸੀ ਜਿਸ ’ਤੇ ਅਮਲ ਜਲਦੀ ਹੀ ਕੀਤਾ ਜਾਣਾ ਹੈ।
ਹੁਣੇ ਜਿਹੇ ਹੀ ਚੀਨ ਨੇ ਦੱਖਣੀ ਪ੍ਰਸ਼ਾਂਤ ਸਾਗਰ ਦੇ ਦੇਸ਼ ਸੋਲੋਮੋਨ ਨਾਲ ਰੱਖਿਆ ਸਮਝੌਤਾ ਕਰਨ ਪਿੱਛੋਂ ਇਕ ਆਰਡੀਨੈਂਸ ਪਾਸ ਕਰ ਕੇ ਚੀਨ ਦੀ ਫੌਜ ਨੂੰ ਉਸਦੀ ਸਰਹੱਦ ਤੋਂ ਦੂਰ ਫੌਜੀ ਮੁਹਿੰਮ ਲਈ ਪ੍ਰਵਾਨਗੀ ਦੇ ਦਿੱਤੀ ਹੈ। ਇਸ ਗੱਲ ਦਾ ਿਸੱਧਾ ਅਨੁਮਾਨ ਇਹ ਲਾਇਆ ਜਾ ਰਿਹਾ ਹੈ ਕਿ ਚੀਨ ਆਪਣੇ ਗੁਆਂਢੀ ਦੇਸ਼ ਤਾਈਵਾਨ ’ਤੇ ਹਮਲਾ ਕਰ ਕੇ ਉਸ ਨੂੰ ਆਪਣੀ ਸਰਹੱਦ ’ਚ ਮਿਲਾ ਸਕਦਾ ਹੈ।
ਅਸਲ ’ਚ ਚੀਨ ਦਾ ਹੌਸਲਾ ਇੰਨਾ ਬੁਲੰਦ ਇਸ ਲਈ ਹੋ ਰਿਹਾ ਹੈ ਕਿਉਂਕਿ ਚੀਨ ਨੇ ਯੂਕ੍ਰੇਨ ਦੀ ਜੰਗ ਦੇਖ ਲਈ ਹੈ ਕਿ ਅਮਰੀਕਾ ਅਤੇ ਨਾਟੋ ਦੇਸ਼ ਕੰਢੇ ’ਤੇ ਖੜ੍ਹੇ ਹੋ ਕੇ ਤਮਾਸ਼ਾ ਦੇਖਦੇ ਰਹੇ ਅਤੇ ਰੂਸ ਨੇ ਪੂਰਾ ਯੂਕ੍ਰੇਨ ਤਹਿਸ-ਨਹਿਸ ਕਰ ਦਿੱਤਾ। ਇਸ ਨੂੰ ਲੈ ਕੇ ਚੀਨ ਅਮਰੀਕਾ ਵੱਲੋਂ ਤਾਈਵਾਨ ਨੂੰ ਰੱਖਿਆ ਦੇਣ ਦਾ ਭਰੋਸਾ ਦੇਣ ਦੀ ਗੱਲ ਨੂੰ ਖੋਖਲੀ ਗੱਲ ਮੰਨ ਰਿਹਾ ਹੈ ਪਰ ਚੀਨ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਹਰ ਦੇਸ਼ ਦੀ ਆਪਣੀ ਅਹਿਮੀਅਤ ਹੁੰਦੀ ਹੈ।
ਯੂਕ੍ਰੇਨ ਤੋਂ ਦੁਨੀਆ ਨੂੰ ਕੋਈ ਉੱਚ ਪੱਧਰ ਦੀ ਤਕਨੀਕੀ ਵਸਤੂ ਨਹੀਂ ਮਿਲਦੀ। ਜੇ ਤਾਈਵਾਨ ਦੀ ਗੱਲ ਕਰੀਏ ਤਾਂ ਤਾਈਵਾਨ ਦੁਨੀਆ ਦੇ ਕੁਝ ਵੱਡੇ ਮਾਈਕ੍ਰੋ ਚਿੱਪ ਅਤੇ ਸੈਮੀ ਕੰਡਕਟਰ ਬਣਾਉਣ ਵਾਲੇ ਦੇਸ਼ਾਂ ’ਚੋਂ ਇਕ ਹੈ। ਇਸ ਤੋਂ ਇਲਾਵਾ ਤਾਈਵਾਨ ’ਚ ਉਦਯੋਗਿਕ ਵਸਤਾਂ ਦਾ ਨਿਰਮਾਣ ਵੀ ਕੀਤਾ ਜਾਂਦਾ ਹੈ। ਇਨ੍ਹਾਂ ’ਚੋਂ ਕੁਝ ਖਪਤਕਾਰਾਂ ਲਈ ਸਿੱਧੀਆਂ ਵਰਤੋਂ ’ਚ ਆਉਂਦੀਆਂ ਹਨ ਅਤੇ ਕੁਝ ਉਤਪਾਦਕਾਂ ਲਈ ਕੰਮ ’ਚ ਲਿਆਂਦੀਆਂ ਜਾਂਦੀਆਂ ਹਨ।
ਇਸ ਪੱਖੋਂ ਤਾਈਵਾਨ ਦੀ ਅਹਿਮੀਅਤ ਉਦਯੋਗਿਕ ਅਤੇ ਵਿਕਸਤ ਦੇਸ਼ਾਂ ’ਚ ਵੱਧ ਹੈ। ਤਾਈਵਾਨ ਨਾਲ ਅਮਰੀਕੀ ਉਦਯੋਗਿਕ ਇਕਾਈਆਂ ਦੇ ਵੀ ਹਿੱਤ ਹਨ, ਇਸ ਲਈ ਅਮਰੀਕਾ ਨੇ ਤਾਈਵਾਨ ਦੀ ਰਾਖੀ ਲਈ ਵੱਡੇ ਪੱਧਰ ’ਤੇ ਉਸ ਨੂੰ ਹਥਿਆਰ ਵੇਚੇ ਹਨ। ਨਾਲ ਹੀ ਅਮਰੀਕੀ ਨੇਵੀ ਸੀਲ ਅਤੇ ਕਮਾਂਡੋ ਤਾਈਵਾਨ ਦੀ ਫੌਜ ਨੂੰ ਆ ਕੇ ਸਿਖਲਾਈ ਵੀ ਦੇ ਰਹੇ ਹਨ ਭਾਵ ਇਹ ਕਿ ਤਾਈਵਾਨ ਦੀ ਫੌਜੀ ਤਿਆਰੀ ਅਤੇ ਅਸਲਾ ਚੀਨ ਦੇ ਖਤਰੇ ਮੁਤਾਬਕ ਸਹੀ ਮਾਤਰਾ ’ਚ ਮੌਜੂਦ ਹੈ।
ਇਸ ਤੋਂ ਪਹਿਲਾਂ ਚੀਨ ਦੇ ਰੱਖਿਆ ਮੰਤਰੀ ਵੇਈ ਫੇਂਗ ਖ ਨੇ ਅਮਰੀਕਾ ਨੂੰ ਚਿਤਾਵਨੀ ਭਰੇ ਲਹਿਜ਼ੇ ’ਚ ਕਿਹਾ ਸੀ ਕਿ ਜੇ ਅਮਰੀਕਾ ਤਾਈਵਾਨ ਦੇ ਮੁੱਦੇ ’ਚ ਫਸੇਗਾ ਤਾਂ ਚੀਨ ਹਥਿਆਰਾਂ ਦੀ ਵਰਤੋਂ ਕਰਨ ਤੋਂ ਪਿੱਛੇ ਨਹੀਂ ਹਟੇਗਾ। ਵੇਈ ਫੇਂਗ ਨੇ ਸਿੰਗਾਪੁਰ ’ਚ ਆਯੋਜਿਤ ਸ਼ੰਗਰਿਲਾ ਡਾਇਲਾਗਸ ’ਚ ਧਮਕੀ ਭਰੇ ਅੰਦਾਜ਼ ’ਚ ਕਿਹਾ ਸੀ ਕਿ ਤਾਈਵਾਨ ਦੀ ਆਜ਼ਾਦੀ ਦੀ ਕੋਸ਼ਿਸ਼ ਨੂੰ ਢਹਿ-ਢੇਰੀ ਕਰ ਦਿੱਤਾ ਜਾਵੇਗਾ। ਇਸ ਯੋਜਨਾ ’ਚ ਜੋ ਵੀ ਕੋਈ ਆਵੇਗਾ, ਉਸ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਤਾਈਵਾਨ ਚੀਨ ਹੀ ਹੈ ਅਤੇ ਜੋ ਵੀ ਉਸ ਨੂੰ ਸਾਡੇ ਤੋਂ ਵੱਖ ਕਰਨ ਦੀ ਕੋਸ਼ਿਸ਼ ਕਰੇਗਾ, ਉਸ ਨੂੰ ਚੀਨ ਕੁਚਲ ਦੇਵੇਗਾ।
ਚੀਨ ਅਤੇ ਅਮਰੀਕਾ ਦਰਮਿਆਨ ਦੀ ਖਿੱਚੋਤਾਣ ਕਾਰਨ ਦੱਖਣੀ ਚੀਨ ਸਾਗਰ ਖੇਤਰ ਇਕ ਵਾਰ ਮੁੜ ਦੁਨੀਆ ਦੇ ਕੇਂਦਰ ’ਚ ਆ ਗਿਆ ਹੈ। ਇਕ ਪਾਸੇ ਚੀਨ ਦੀ ਦੱਖਣੀ ਚੀਨ ਸਾਗਰ ’ਚ ਵਧਦੀ ਹਮਲਾਵਰਤਾ ਨੇ ਅਮਰੀਕਾ ਦੀ ਚਿੰਤਾ ਨੂੰ ਵਧਾ ਿਦੱਤਾ ਹੈ ਤਾਂ ਦੂਜੇ ਪਾਸੇ ਅਮਰੀਕਾ ਦੀ ਚਿਤਾਵਨੀ ਕਾਰਨ ਚੀਨ ’ਚ ਡਰ ਪਾਇਆ ਜਾਂਦਾ ਹੈ ਕਿਉਂਕਿ ਬੇਸ਼ੱਕ ਹੀ ਚੀਨ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਆਰਥਿਕ ਅਤੇ ਫੌਜੀ ਸ਼ਕਤੀ ਬਣ ਗਿਆ ਹੈ ਪਰ ਅਮਰੀਕਾ ਕੋਲ ਬੇਹੱਦ ਆਧੁਨਿਕ ਹਥਿਆਰਾਂ ਤੋਂ ਇਲਾਵਾ ਸਮੁੱਚੀ ਦੁਨੀਆ ਦੀ ਆਰਥਿਕ ਪੂੰਜੀ, ਰਣਨੀਤੀ ਅਤੇ ਨਾਟੋ, ਜੀ-7, ਯੂਰਪੀਨ ਯੂਨੀਅਨ ਵਰਗੇ ਵੱਡੇ ਸੰਗਠਨਾਂ ਦਾ ਸਾਥ ਵੀ ਹੈ। ਉਂਝ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਕੀ ਸੱਚਮੁੱਚ ਚੀਨ ਤਾਈਵਾਨ ’ਤੇ ਕੋਈ ਹਮਲਾ ਕਰੇਗਾ ਜਾਂ ਫਿਰ ਰਣਨੀਤਕ ਤੌਰ ’ਤੇ ਹਵਾ ਦਾ ਰੁਖ ਆਪਣੇ ਵੱਲ ਹੋਣ ਦੀ ਉਡੀਕ ਕਰੇਗਾ।


Aarti dhillon

Content Editor

Related News