‘ਡਾਂਸ ਬਾਰਜ਼’ ਤੋਂ ਪਾਬੰਦੀ ਹਟਾਉਣਾ ਸੁਪਰੀਮ ਕੋਰਟ ਦਾ ਸਹੀ ਫੈਸਲਾ

01/21/2019 7:34:55 AM

ਡਾਂਸ ਬਾਰ ਦੀ ਰਵਾਇਤ ਅਤੇ ਸੱਭਿਅਤਾ ਮੁੰਬਈ, ਖਾਸ ਤੌਰ ’ਤੇ ਸੈਂਟਰਲ ਮੁੰਬਈ ਦੇ ਆਸ-ਪਾਸ ਸ਼ੁਰੂ ਹੋਈ। ਅਜਿਹੇ (ਅਤੇ ਵੱਡੇ) ਸਥਾਨ ਮੁੰਬਈ ਦੇ ਉਪ-ਨਗਰਾਂ ਤੇ ਮੁੰਬਈ ਤੋਂ ਬਾਹਰ ਵੀ ਸਥਿਤ ਹਨ ਪਰ ਡਾਂਸ ਬਾਰ ਦੀ ਸ਼ੁਰੂਆਤ ਉਕਤ ਦੱਸੇ ਖੇਤਰ ਤੋਂ ਹੀ ਹੋਈ।
ਡਾਂਸ ਦਾ ਸਬੰਧ ਸ਼ਾਇਦ ਮਹਾਰਾਸ਼ਟਰ ਦੇ ਰਵਾਇਤੀ ਨਾਚ ਅਤੇ ਸੰਗੀਤ ਪ੍ਰੋਗਰਾਮ ‘ਲਾਵਣੀ’ ਨਾਲ ਹੈ। ਸਥਾਨਾਂ ਦਾ  ਰੂਪ ਇਕੋ ਜਿਹਾ ਹੈ। ਮਰਦਾਂ ਦਾ ਇਕ ਛੋਟਾ ਸਮੂਹ ਤੇ ਕਦੇ-ਕਦੇ ਉਨ੍ਹਾਂ ਦੇ ਪਰਿਵਾਰ ਮੇਜ਼ਾਂ ਦੁਆਲੇ ਬੈਠੇ ਹੁੰਦੇ ਹਨ, ਜਿਨ੍ਹਾਂ ਸਾਹਮਣੇ ਇਕ ਛੋਟਾ ਖੁੱਲ੍ਹਾ ਖੇਤਰ ਹੁੰਦਾ ਹੈ, ਜਿਥੇ 6-7 ਔਰਤਾਂ ਹਿੰਦੀ ਗਾਣਿਅਾਂ ’ਤੇ ਨੱਚਦੀਆਂ ਹਨ। ਇਨ੍ਹਾਂ ਔਰਤਾਂ ਨੇ ਪੂਰੀ ਡ੍ਰੈੱਸ  ਪਹਿਨੀ ਹੁੰਦੀ ਹੈ ਤੇ ਵੇਟਰ ਸ਼ਰਾਬ, ਸਾਫਟ ਡ੍ਰਿੰਕ ਪਰੋਸਦੇ ਹਨ। 
ਕਈ ਵਾਰ ਮੇਜ਼ਾਂ ਦੁਆਲੇ ਬੈਠੇ ਮਰਦ ਨੱਚ ਰਹੀਅਾਂ ਔਰਤਾਂ ’ਤੇ ਨੋਟ ਸੁੱਟਣ ਚਲੇ ਜਾਂਦੇ ਹਨ ਪਰ ਮਰਦਾਂ ਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਹੁੰਦੀ ਕਿ ਉਹ ਨੱਚ ਰਹੀਅਾਂ ਔਰਤਾਂ ਨੂੰ ਛੂਹ ਸਕਣ। ਉਥੇ ਕੁਝ ਬਾਊਂਸਰਜ਼ ਵੀ ਹੁੰਦੇ ਹਨ, ਜੋ ਇਸ ਗੱਲ ਦਾ ਖਿਆਲ ਰੱਖਦੇ ਹਨ ਕਿ ਕੋਈ ਮਰਦ ਨੱਚ ਰਹੀਅਾਂ ਔਰਤਾਂ ਨੂੰ ਛੇੜੇ ਨਾ।
 ਸ਼ਾਇਦ ਇਸ ਗੱਲ ਦਾ ਇਕ ਸਿਸਟਮ ਹੁੰਦਾ ਹੈ ਕਿ ਸੁੱਟੇ ਗਏ ਨੋਟਾਂ ਨੂੰ ਕਿਵੇਂ ਤੇ ਕਿਸ-ਕਿਸ ’ਚ ਵੰਡਿਆ ਜਾਣਾ ਹੈ (ਹਾਲਾਂਕਿ ਮੈਂ ਨਹੀਂ ਜਾਣਦਾ ਕਿ ਇਹ ਸਿਸਟਮ ਕੀ ਹੈ) ਪਰ ਔਰਤਾਂ ਇਨ੍ਹਾਂ ਸੁੱਟੇ ਗਏ ਨੋਟਾਂ ਨੂੰ ਨਹੀਂ ਚੁੱਕਦੀਅਾਂ। ਇਸ ਦੇ ਲਈ ਹੋਰ ਬੰਦੇ ਹੁੰਦੇ ਹਨ। 
ਆਮ ਤੌਰ ’ਤੇ ਡਾਂਸ ਬਾਰ ’ਚ ਕਈ ਖੇਤਰ ਹੁੰਦੇ ਹਨ। ਉਪਰਲੀ ਮੰਜ਼ਿਲ ’ਤੇ ਕੁਝ ਸਥਾਨ ਉਨ੍ਹਾਂ ਲੋਕਾਂ ਲਈ ਰਾਖਵੇਂ ਹੁੰਦੇ ਹਨ, ਜੋ ‘ਨਿੱਜਤਾ’ ਲਈ ਵਾਧੂ ਰਕਮ ਦੇਣ ਵਾਸਤੇ ਤਿਆਰ ਹੁੰਦੇ ਹਨ। ਨੱਚ ਰਹੀਅਾਂ ਔਰਤਾਂ ਕੁਝ ਗਾਣਿਅਾਂ ਤੋਂ ਬਾਅਦ ਇਕ ਤੋਂ ਦੂਜੇ ਖੇਤਰ ’ਚ ਪਹੁੰਚ ਜਾਂਦੀਅਾਂ ਹਨ, ਜਦੋਂ ਤਕ ਕੋਈ ਵਿਅਕਤੀ ਉਨ੍ਹਾਂ ਨੂੰ ਇਕ ਹੀ ਥਾਂ ’ਤੇ ਨੱਚਦੇ ਰਹਿਣ ਲਈ ਕਾਫੀ ਰਕਮ ਨਾ ਦੇ ਦੇਵੇ। 
ਮੁੰਬਈ ’ਚ ਮੈਂ ਜਦੋਂ ਇਕ ਅਖ਼ਬਾਰ ਦਾ ਸੰਪਾਦਨ ਕਰ ਰਿਹਾ ਸੀ, ਉਦੋਂ ਮੈਂ ਉਤਸੁਕਤਾ ਨਾਲ ਇਕ ਡਾਂਸ ਬਾਰ ’ਚ  ਗਿਆ ਸੀ ਤੇ ਮਹਿਸੂਸ ਕੀਤਾ ਕਿ ਇਹ ਕੋਈ ਖਰਾਬ ਤਜਰਬਾ ਨਹੀਂ ਸੀ। ਅਜਿਹੇ ਸਥਾਨ ਦੁਨੀਆ ਦੇ ਹੋਰਨਾਂ ਹਿੱਸਿਅਾਂ ’ਚ ਵੀ ਹਨ, ਜਿਵੇਂ  ਥਾਈਲੈਂਡ ਅਤੇ ਜਾਪਾਨ ’ਚ ਵੀ। ਹਾਲਾਂਕਿ ਇਨ੍ਹਾਂ ਥਾਵਾਂ ਨੂੰ ਸਰਕਾਰ ਦੇ ਗੁੱਸੇ ਦਾ ਸ਼ਿਕਾਰ ਨਹੀਂ ਹੋਣਾ ਪਿਆ, ਜਿਵੇਂ ਕਿ ਭਾਰਤ ’ਚ ਹੋਇਆ।
ਡਾਂਸ ਬਾਰਜ਼ ’ਤੇ ਪਾਬੰਦੀ
 ਮੁੰਬਈ ’ਚ ਲੱਗਭਗ 15 ਸਾਲ ਪਹਿਲਾਂ ਵਿਲਾਸਰਾਓ ਦੇਸ਼ਮੁਖ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਪਹਿਲੀ ਵਾਰ ਡਾਂਸ ਬਾਰਜ਼ ’ਤੇ ਪਾਬੰਦੀ ਲਾਈ ਸੀ ਅਤੇ ਅਜਿਹਾ ਗ੍ਰਹਿ ਮੰਤਰੀ ਆਰ. ਆਰ. ਪਾਟਿਲ ਦੇ ਇਸ਼ਾਰੇ ’ਤੇ ਕੀਤਾ ਗਿਆ, ਜੋ ਇਕ ਪਿੰਡ ਤੋਂ ਆਉਂਦੇ ਸਨ ਅਤੇ ਵੱਡੇ ਸ਼ਹਿਰਾਂ ਦੇ ਤੌਰ-ਤਰੀਕਿਅਾਂ ਨੂੰ ਪਸੰਦ ਨਹੀਂ ਕਰਦੇ ਸਨ। ਉਨ੍ਹਾਂ ਨੂੰ ਖਾਸ ਤੌਰ ’ਤੇ ਔਰਤਾਂ ਦੇ ਰਾਤ ਨੂੰ ਕੰਮ ਕਰਨ ’ਤੇ ਇਤਰਾਜ਼ ਸੀ ਤੇ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਔਰਤਾਂ ਦੀ ਸੁਰੱਖਿਆ ਲਈ ਅਜਿਹਾ ਕਰ ਰਹੇ ਹਨ। 
ਬਾਰ ਡਾਂਸਰਾਂ, ਜੋ ਇਸ ਮਾਮਲੇ ’ਚ ਹੋ ਰਹੀ ਸਿਆਸਤ ਤੋਂ ਜਾਣੂ ਸਨ, ਨੇ ਇਸ ਦਾ ਵਿਰੋਧ ਵੀ ਕੀਤਾ ਪਰ ਉਨ੍ਹਾਂ ਦੀ ਗੱਲ ਨੂੰ ਅਣਸੁਣੀ ਕਰ ਦਿੱਤਾ ਗਿਆ। ਉਸ ਤੋਂ ਬਾਅਦ ਡਾਂਸ ਬਾਰ ਅੰਡਰਗਰਾਊਂਡ ਹੋ ਗਏ ਪਰ ਉਨ੍ਹਾਂ ਥਾਵਾਂ ’ਤੇ  ਇਹ ਕੰਮ ਚੱਲਦਾ ਰਿਹਾ। ਹਾਲਾਂਕਿ ਸੈਂਟਰਲ ਮੁੰਬਈ ਦੇ ਮਸ਼ਹੂਰ ਡਾਂਸ ਬਾਰ ਬੰਦ ਕਰਨੇ  ਪਏ। ਉਨ੍ਹਾਂ ਨੂੰ ਆਪਣਾ ਤਰੀਕਾ ਬਦਲਣਾ ਪਿਆ। 
ਦ੍ਰਿਸ਼ ਬਦਲ ਗਿਆ ਹੈ
ਇਸ ਪਾਬੰਦੀ ਨਾਲ ਕੋਈ ਬਹੁਤਾ ਵੱਡਾ ਖੇਤਰ ਪ੍ਰਭਾਵਿਤ ਨਹੀਂ ਹੋ ਰਿਹਾ ਸੀ ਤੇ ਲੋਕਾਂ ਨੂੰ ਵੀ ਉਨ੍ਹਾਂ ਪ੍ਰਤੀ ਬਹੁਤੀ ਹਮਦਰਦੀ ਨਹੀਂ ਸੀ, ਇਸ ਲਈ ਸਿਆਸੀ ਪਾਰਟੀਅਾਂ ਪਾਬੰਦੀ ਜਾਰੀ ਰੱਖਣ ਦੇ ਤਰੀਕੇ ਅਪਣਾਉਂਦੀਅਾਂ ਰਹੀਅਾਂ ਪਰ ਹੁਣ ਪਿਛਲੇ ਹਫਤੇ ਸੁਪਰੀਮ ਕੋਰਟ ਵਲੋਂ ਇਸ ਪਾਬੰਦੀ ਨੂੰ ਗੈਰ-ਕਾਨੂੰਨੀ ਕਰਾਰ ਦੇਣ ਤੋਂ ਬਾਅਦ ਦ੍ਰਿਸ਼ ਬਦਲ ਗਿਆ ਹੈ। ਸਰਕਾਰ ਇਨ੍ਹਾਂ ਨੂੰ ਰੈਗੂਲੇਟ ਕਰ ਸਕਦੀ ਹੈ, ਬੰਦ ਨਹੀਂ। 
ਮੇਰੀ ਦਿਲਚਸਪੀ ਖਾਸ ਤੌਰ ’ਤੇ ਜੱਜਾਂ ਵਲੋਂ ਵਰਤੀ ਗਈ ਭਾਸ਼ਾ ’ਚ ਸੀ, ਜਿਨ੍ਹਾਂ ਨੇ ਕਿਹਾ ਕਿ ‘‘ਕੋਈ ਪ੍ਰਥਾ, ਜੋ ਸਮਾਜਿਕ ਪੱਧਰ ’ਤੇ ਅਨੈਤਿਕ ਨਹੀਂ ਹੈ, ਕਿਸੇ ਸਰਕਾਰ ਵਲੋਂ ਅਨੈਤਿਕਤਾ ਦੀ ਆਪਣੀ ਧਾਰਨਾ ਅਨੁਸਾਰ ਸਮਾਜ ’ਤੇ ਨੈਤਿਕ ਕਹਿ ਕੇ ਨਹੀਂ ਠੋਸੀ ਜਾ ਸਕਦੀ ਅਤੇ ਇਸ ਤਰ੍ਹਾਂ ਸਮਾਜਿਕ ਕੰਟਰੋਲ ਨਹੀਂ ਅਪਣਾਇਆ ਜਾ ਸਕਦਾ। ਸਮੇਂ ਦੇ ਨਾਲ-ਨਾਲ ਸਮਾਜ ’ਚ ਨੈਤਿਕਤਾ ਦਾ ਪੱਧਰ ਵੀ ਬਦਲਦਾ ਰਹਿੰਦਾ ਹੈ।’’
ਅਦਾਲਤ ਨੇ ਕਿਹਾ ਕਿ ਡਾਂਸ ਬਾਰਜ਼  ’ਚ ਸ਼ਰਾਬ ’ਤੇ ਪਾਬੰਦੀ ਤਰਕਹੀਣ ਹੈ ਅਤੇ ਚੰਗੇ ਚਰਿੱਤਰ ਵਾਲੇ ਵਿਅਕਤੀ ਹੋਣ ਦਾ ਲਾਇਸੈਂਸ ਵੀ ਅਸਪੱਸ਼ਟ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਸਰਕਾਰ ਇਨ੍ਹਾਂ ਥਾਵਾਂ ’ਤੇ ਸੀ. ਸੀ. ਟੀ. ਵੀ. ਲਾਉਣ ਲਈ ਜ਼ੋਰ ਨਹੀਂ ਪਾ ਸਕਦੀ ਕਿਉਂਕਿ ਇਹ ਨਿੱਜਤਾ ਦੀ ਉਲੰਘਣਾ ਹੈ। 
ਅਦਾਲਤ ਨੇ ਸਿੱਕੇ ਜਾਂ ਨੋਟ ਉਛਾਲਣ ’ਤੇ ਪਾਬੰਦੀ ਨੂੰ ਬਰਕਰਾਰ ਰੱਖਿਆ ਪਰ ਨਾਲ ਹੀ ਇਹ ਵੀ ਕਿਹਾ ਕਿ ਡਾਂਸਰਾਂ ਨੂੰ ਨਿੱਜੀ ਤੌਰ ’ਤੇ ਨੋਟ ਫੜਾਉਣਾ ਗਲਤ ਨਹੀਂ ਹੈ। ਇਹ ਉਸ ਨੂੰ ਅਜੀਬ ਲੱਗਾ ਕਿਉਂਕਿ ਇਹ ਭਾਰਤੀ ਰਵਾਇਤ ਹੈ ਤੇ ਵਿਆਹ ਸਮਾਗਮਾਂ ’ਚ ਅਕਸਰ ਅਜਿਹਾ ਹੁੰਦਾ ਹੈ, ਜਦੋਂ ਨੱਚਣ ਵਾਲਿਅਾਂ ’ਤੇ ਨੋਟ ਵਰ੍ਹਾਏ ਜਾਂਦੇ ਹਨ। 
ਇਕ ਉਦਾਰਵਾਦੀ ਫੈਸਲਾ
ਕੁਲ ਮਿਲਾ ਕੇ ਫੈਸਲਾ ਬਹੁਤ ਉਦਾਰਵਾਦੀ ਹੈ ਅਤੇ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਸ ਦੇ ਸਿੱਟੇ ਵਜੋਂ ਮੁੰਬਈ ’ਚ ਕਿਹੋ ਜਿਹੇ ਸਥਾਨ ਬਣਨਗੇ। ਅਦਾਲਤ ਨੇ ਮਾਸਿਕ ਤਨਖਾਹ ਦੀ ਲੋੜ ਵੀ ਖਾਰਿਜ ਕਰ ਦਿੱਤੀ ਕਿਉਂਕਿ ਇਸ ਨਾਲ ਬਾਰ ਡਾਂਸਰਾਂ ਦਾ ਇਕ ਤੋਂ ਵੱਧ ਥਾਵਾਂ ’ਤੇ ‘ਪ੍ਰਫਾਰਮ’ ਕਰਨ ਦਾ ਬਦਲ ਪ੍ਰਭਾਵਿਤ ਹੋਵੇਗਾ। ਸਾਡੇ ’ਚੋਂ ਬਹੁਤ ਸਾਰੇ ਲੋਕ ਡਾਂਸ ਬਾਰਜ਼ ਦੀ ਹੋਂਦ  ਪਸੰਦ ਨਹੀਂ ਕਰਨਗੇ ਕਿਉਂਕਿ ਅਸੀਂ ਮੰਨਦੇ ਹਾਂ ਕਿ ਇਸ ਨਾਲ ਸਮਾਜ ਵਿਗੜਦਾ ਹੈ। 
ਸਾਨੂੰ ਇਹ ਯਕੀਨ ਹੈ ਕਿ ਅਜਿਹਾ ਨੈਤਿਕ ਤੌਰ ’ਤੇ ਗਲਤ ਹੈ ਅਤੇ ਉਥੇ ਔਰਤਾਂ ਦਾ ਸ਼ੋਸ਼ਣ ਹੁੰਦਾ ਹੈ, ਹਾਲਾਂਕਿ ਇਸ ’ਚ ਹਿੱਸਾ ਲੈਣ ਵਾਲੀਅਾਂ ਔਰਤਾਂ ਨੂੰ ਅਸੀਂ ਇਹ ਨਹੀਂ ਪੁੱਛਦੇ ਕਿ ਕੀ ਉਨ੍ਹਾਂ ਨੂੰ ਆਪਣਾ ਕੰਮ ਕਰਨ ’ਚ ਮਜ਼ਾ ਆਉਂਦਾ ਹੈ? ਅਸੀਂ ਇਸ ਨੂੰ ਪਸੰਦ ਕਰੀਏ ਜਾਂ ਨਾ, ਸਮਾਜਿਕ ਤਰੱਕੀ ਨੈਤਿਕਤਾ ਅਤੇ ਇਸ ਗੱਲ ਨਾਲ ਜੁੜੀ ਹੋਈ ਹੈ ਕਿ ਔਰਤਾਂ ਨੂੰ ਅਸੀਂ ਕਿਵੇਂ ਦੇਖਦੇ ਹਾਂ। ਇਹੋ ਵਜ੍ਹਾ ਹੈ ਕਿ ਜੋ ਰੂੜੀਵਾਦੀ ਦੇਸ਼ ਪੇਚੀਦਾ ਮਾਮਲਿਅਾਂ ਤੋਂ ਬਚਦੇ ਹਨ, ਉਹ ਤਰੱਕੀ ’ਚ ਪੱਛੜ ਜਾਂਦੇ ਹਨ। 
ਜੋ ਲੋਕ ਇਸ ਵਿਚਾਰਧਾਰਾ ਦੇ ਹੁੰਦੇ ਹਨ ਕਿ ਔਰਤਾਂ ਨੂੰ ਘਰ ’ਚ ਹੀ ਰਹਿਣਾ ਚਾਹੀਦਾ ਹੈ, ਬਾਹਰ ਕੰਮ ਲਈ ਨਹੀਂ ਜਾਣਾ ਚਾਹੀਦਾ, ਉਹੀ ਡਾਂਸ ਬਾਰਜ਼ ਦਾ ਵਿਰੋਧ ਕਰਦੇ ਹਨ, ਇਸ ਲਈ ਇਹ ਹਾਲਾਂਕਿ ਬਹੁਤ ਸਾਰੇ ਲੋਕਾਂ ਨੂੰ ਅਸਹਿਜ ਕਰੇਗਾ ਪਰ ਇਸ ਫੈਸਲੇ ਦੇ ਜ਼ਰੀਏ ਭਾਰਤ ਦੀ ਸੁਪਰੀਮ ਕੋਰਟ ਨੇ ਜਿਸ ਗੱਲ ਦੀ ਇਜਾਜ਼ਤ ਦਿੱਤੀ ਹੈ, ਉਹ ਬਿਲਕੁਲ ਸਹੀ ਹੈ। 
                           


Related News