ਭਾਰਤ ਦੇ ਵਿਕਾਸ ਦੇ ਰਾਹ ''ਚ ਸਭ ਤੋਂ ਵੱਡੀ ਰੁਕਾਵਟ ਸਿੱਧ ਹੋਈ ਖੱਬੇਪੱਖੀ ਵਿਚਾਰਧਾਰਾ
Friday, Dec 23, 2016 - 08:07 AM (IST)
ਭਾਰਤ ਦੇ ਸਿਆਸੀ ਇਤਿਹਾਸ ''ਚ 25 ਦਸੰਬਰ ਦੀ ਤਰੀਕ ਦਾ ਅਹਿਮ ਸਥਾਨ ਹੈ। ਜਦੋਂ ਭਾਰਤ ਸਮੇਤ ਸਾਰੀ ਦੁਨੀਆ ਵਿਚ ਇਸਾਈ ਸਮਾਜ ਕ੍ਰਿਸਮਸ, ਭਾਵ ਯਿਸੂ ਮਸੀਹ ਦੀ ਜਯੰਤੀ ਦੀ ਖੁਸ਼ੀ ਵਿਚ ਡੁੱਬਿਆ ਹੋਵੇਗਾ, ਉਸੇ ਦਿਨ ਭਾਰਤ ਵਿਚ ਵਿਕਾਸ ਦੀ ਅਟੱਲ ਨੀਂਹ ਰੱਖਣ ਵਾਲੇ ਸਾਬਕਾ ਪ੍ਰਧਾਨ ਮੰਤਰੀ ਅਤੇ ''ਭਾਰਤ ਰਤਨ'' ਸ਼੍ਰੀ ਅਟਲ ਬਿਹਾਰੀ ਵਾਜਪਾਈ ਦਾ 93ਵਾਂ ਜਨਮ ਦਿਨ ਮਨਾਇਆ ਜਾ ਰਿਹਾ ਹੋਵੇਗਾ।
ਅਟਲ ਜੀ ਦਾ ਜਨਮ 25 ਦਸੰਬਰ 1924 ਨੂੰ ਗਵਾਲੀਅਰ ਵਿਚ ਹੋਇਆ ਸੀ। ਉਨ੍ਹਾਂ ਦੇ ਜਨਮ ਤੋਂ ਠੀਕ ਇਕ ਸਾਲ ਬਾਅਦ, ਭਾਵ 25 ਦਸੰਬਰ 1925 ਨੂੰ ਖੂਨੀ ਕ੍ਰਾਂਤੀ ਦੀ ਧੁਰੀ ਖੱਬੇਪੱਖੀ ਵਿਚਾਰਧਾਰਾ ਨੇ ਕਾਨਪੁਰ ਵਿਚ ਸੰਗਠਨ ਦਾ ਆਕਾਰ ਲਿਆ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੀ ਸਥਾਪਨਾ ਹੋਈ। ਸੀ. ਪੀ. ਐੱਮ. ਦਾ ਗਠਨ ਨਵੰਬਰ 1964 ''ਚ ਸੀ. ਪੀ. ਆਈ. ਦੀ ਵੰਡ ਨਾਲ ਹੋਇਆ।
ਜਦੋਂ ਕਦੇ ਵੀ ਆਜ਼ਾਦ ਭਾਰਤ ਦੇ ਵਿਕਾਸ ਦੀ ਗਾਥਾ ਲਿਖੀ ਜਾਵੇਗੀ ਤਾਂ ਅਟਲ ਜੀ ਦੇ ਕਾਰਜਕਾਲ ਨੂੰ ਇਤਿਹਾਸ ਜਿਥੇ ਸੁਨਹਿਰੇ ਅੱਖਰਾਂ ਵਿਚ ਦਰਜ ਕਰੇਗਾ, ਉਥੇ ਹੀ ਭਾਰਤ ਦੀ ਖੂਨੀ ਵੰਡ ਅਤੇ ਦੇਸ਼ ਦੇ ਵਿਕਾਸ ਦੇ ਸਭ ਤੋਂ ਵੱਡੇ ਅੜਿੱਕੇ ਵਜੋਂ ਖੱਬੇਪੱਖੀ ਵਿਚਾਰਧਾਰਾ ਦਾ ਜ਼ਿਕਰ ਸਪੱਸ਼ਟ ਸ਼ਬਦਾਂ ਵਿਚ ਕੀਤਾ ਜਾਵੇਗਾ।
ਹਰੇਕ ਰਾਸ਼ਟਰ ਦੇ ਜੀਵਨ ਵਿਚ ਕੁਝ ਯੁੱਗ-ਪੁਰਸ਼ ਹੁੰਦੇ ਹਨ, ਜਿਨ੍ਹਾਂ ਦੀ ਸ਼ਖ਼ਸੀਅਤ ਉਸ ਰਾਸ਼ਟਰ ਦੇ ਕਾਲਚੱਕਰ ''ਤੇ ਅਮਿੱਟ ਛਾਪ ਛੱਡ ਜਾਂਦੀ ਹੈ। ਉਨ੍ਹਾਂ ਦੇ ਸੁਭਾਅ ਅਤੇ ਪ੍ਰਕਿਰਤੀ ਕਾਰਨ ਨਾ ਸਿਰਫ ਉਸ ਦੇਸ਼ ਦੀ ਸਿਆਸਤ, ਸਗੋਂ ਸ਼ਹਿਰੀ ਜੀਵਨ ਦੇ ਵੱਖ-ਵੱਖ ਪਹਿਲੂ ਵੀ ਪ੍ਰਭਾਵਿਤ ਹੁੰਦੇ ਹਨ। ਭਾਰਤ ਦੇ ਨੇੜਲੇ ਇਤਿਹਾਸ ਵਿਚ ਆਜ਼ਾਦੀ ਤੋਂ ਪਹਿਲਾਂ ਬਾਲ ਗੰਗਾਧਰ ਤਿਲਕ, ਵੀਰ ਸਾਵਰਕਰ, ਗਾਂਧੀ ਜੀ, ਸੁਭਾਸ਼ ਚੰਦਰ ਬੋਸ, ਡਾ. ਕੇਸ਼ਵ ਬਲੀਰਾਮ ਹੈਡਗੇਵਾਰ ਦੇਸ਼ ਦੇ ਇਤਿਹਾਸ ਵਿਚ ਮੀਲ ਦੇ ਪੱਥਰ ਸਨ।
ਆਜ਼ਾਦੀ ਤੋਂ ਬਾਅਦ ਪੰ. ਨਹਿਰੂ, ਲਾਲ ਬਹਾਦੁਰ ਸ਼ਾਸਤਰੀ, ਸ਼੍ਰੀਮਤੀ ਇੰਦਰਾ ਗਾਂਧੀ ਤੇ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੀ ਸ਼ਖ਼ਸੀਅਤ ਤੇ ਉਨ੍ਹਾਂ ਦੀ ਕਾਰਜਸ਼ੈਲੀ ਨੇ ਦੇਸ਼ ਦੇ ਸਿਆਸੀ ਤੇ ਜਨਤਕ ਜੀਵਨ ''ਤੇ ਅਮਿੱਟ ਛਾਪ ਛੱਡੀ ਹੈ। ਅਟਲ ਜੀ ਦੇ ਸ਼ਾਸਨਕਾਲ ਵਿਚ ਭਾਰਤ ਜਿਸ ਤਰ੍ਹਾਂ ਆਰਥਿਕ ਵਿਕਾਸ ਦੇ ਰਾਹ ''ਤੇ ਤੇਜ਼ੀ ਨਾਲ ਅੱਗੇ ਵਧਿਆ ਤੇ ਪੂਰੀ ਦੁਨੀਆ ਨੇ ਇਸ ਦਾ ਲੋਹਾ ਮੰਨਿਆ, ਉਹ ਦ੍ਰਿਸ਼ ਅੱਜ ਨਰਿੰਦਰ ਮੋਦੀ ਦੇ ਕਾਰਜਕਾਲ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ, ਜਦਕਿ ਇਸ ਦੇ ਉਲਟ ਖੱਬੇਪੱਖੀ ਵਿਚਾਰਧਾਰਾ ਕਾਰਨ ਭਾਰਤ ਕੰਗਾਲੀ ਦੇ ਕੰਢੇ ਪਹੁੰਚ ਗਿਆ ਸੀ। ਕੀ ਇਹ ਸੱਚ ਨਹੀਂ ਕਿ ਦੁਨੀਆ ਵਿਚ ਜਿੱਥੇ ਵੀ ਖੱਬੇਪੱਖੀਆਂ ਦਾ ਰਾਜ ਰਿਹਾ, ਉਥੇ ਨਾ ਸਿਰਫ ਆਮ ਆਦਮੀ ਦੇ ਅਧਿਕਾਰ ਖੋਹ ਲਏ ਗਏ, ਸਗੋਂ ਉਸ ਨੂੰ ਜੀਵਨ ਦੀਆਂ ਬੁਨਿਆਦੀ ਲੋੜਾਂ ਲਈ ਵੀ ਤਰਸਣਾ ਪਿਆ?
ਭਾਰਤ ਵਿਚ ਖੱਬੇਪੱਖੀਆਂ ਦਾ ਇਤਿਹਾਸ ਆਪਣੇ ਵਿਚਾਰਕ ਦਰਸ਼ਨ ਕਾਰਨ ਭਾਰਤੀ ਸੱਭਿਆਚਾਰ ਤੇ ਇਸ ਦੇ ਮਾਣ-ਬਿੰਦੂਆਂ ਦਾ ਸਖ਼ਤ ਵਿਰੋਧੀ ਰਿਹਾ ਹੈ। ਜਦੋਂ ਸ਼ੁਰੂ-ਸ਼ੁਰੂ ਵਿਚ ਖੱਬੇਪੱਖੀ ਪ੍ਰਚਾਰਕ ਭਾਰਤ ਆਏ ਤਾਂ ਕੁੰਭ ਦੇ ਮੇਲੇ ਵਿਚ ਜੁੜੀ ਭੀੜ ਦੇਖ ਕੇ ਉਨ੍ਹਾਂ ਨੂੰ ਬਹੁਤ ਨਿਰਾਸ਼ਾ ਹੋਈ ਸੀ ਤੇ ਉਨ੍ਹਾਂ ਨੇ ਉਦੋਂ ਹੀ ਮੰਨ ਲਿਆ ਸੀ ਕਿ ਇਸ ਅਧਿਆਤਮ ਪ੍ਰਧਾਨ ਦੇਸ਼ ਵਿਚ ਸਾਮਵਾਦ ਦਾ ਪੈਰ ਜਮਾਉਣਾ ਮੁਸ਼ਕਿਲ ਹੈ। ਇਹੋ ਵਜ੍ਹਾ ਹੈ ਕਿ ਆਪਣੀ ਸਥਾਪਨਾ ਦੇ 92 ਸਾਲਾਂ ਬਾਅਦ ਖੱਬੇਪੱਖੀ ਭਾਰਤ ਦੇ ਸਿਰਫ 3 ਸੂਬਿਆਂ ਤਕ ਸਿਮਟ ਕੇ ਰਹਿ ਗਏ ਹਨ।
1977 ਤੋਂ 2011 ਤਕ ਖੱਬੇਪੱਖੀ ਸ਼ਾਸਨ ਦੌਰਾਨ ਪੱਛਮੀ ਬੰਗਾਲ, ਜੋ ਕਿਸੇ ਸਮੇਂ ਭਾਰਤ ਦੇ ਵਿਚਾਰਕ ਅੰਦੋਲਨ ਦੀ ਅਗਵਾਈ ਕਰਦਾ ਸੀ, ਜਿਸ ਵਿਚ ਰਾਮਕ੍ਰਿਸ਼ਨ ਪਰਮਹੰਸ, ਸਵਾਮੀ ਵਿਵੇਕਾਨੰਦ, ਨੇਤਾਜੀ ਸੁਭਾਸ਼ ਚੰਦਰ ਬੋਸ, ਸ਼ਿਆਮਾ ਪ੍ਰਸਾਦ ਮੁਖਰਜੀ, ਬੰਕਿਮ ਚੰਦਰ ਆਦਿ ਸ਼ਾਮਿਲ ਰਹੇ, ਉਹ ਇਕ ਬੀਮਾਰ ਸੂਬੇ ਵਿਚ ਬਦਲ ਗਿਆ।
ਲਾਲ ਝੰਡੇ ਦੇ ਅਧੀਨ ਕੇਰਲਾ ਅੱਜ ਸਿਆਸੀ ਵਿਰੋਧੀਆਂ ਦੀ ਹੱਤਿਆ ਦਾ ਅਖਾੜਾ ਬਣ ਚੁੱਕਾ ਹੈ। ਤ੍ਰਿਪੁਰਾ ਵਿਚ ਅੱਤਵਾਦੀ ਸੰਗਠਨ ''ਨੈਸ਼ਨਲ ਲਿਬਰੇਸ਼ਨ ਫਰੰਟ ਆਫ ਤ੍ਰਿਪੁਰਾ'' ਆਪਣੀਆਂ ਜੜ੍ਹਾਂ ਜਮਾ ਚੁੱਕਾ ਹੈ ਅਤੇ ਇਹ ਸੂਬਾ ਧਰਮ ਪਰਿਵਰਤਨ ਦੀ ਨਵੀਂ ਪ੍ਰਯੋਗਸ਼ਾਲਾ ਦੇ ਰੂਪ ਵਿਚ ਵਿਕਸਿਤ ਹੋ ਰਿਹਾ ਹੈ।
ਭਾਰਤ ਦੀ ਸਨਾਤਨ ਬਹੁਲਤਾਵਾਦੀ ਸੱਭਿਅਤਾ ਨੂੰ ਤਬਾਹ ਕਰਨਾ ਜੇਕਰ ਪਾਕਿਸਤਾਨ ਦਾ ਐਲਾਨਿਆ ਏਜੰਡਾ ਹੈ ਤਾਂ ਇਸ ਨੂੰ ਲਾਗੂ ਕਰਨਾ ਚੀਨ ਦੀ ਅਣਐਲਾਨੀ ਨੀਤੀ ਹੈ। ਕੀ ਇਹ ਸੱਚ ਨਹੀਂ ਕਿ ਦੋਹਾਂ ''ਦੁਸ਼ਮਣ ਦੇਸ਼ਾਂ'' ਲਈ ਖੱਬੇਪੱਖੀਆਂ ਦਾ ਦਿਲ ਧੜਕਦਾ ਹੈ? ਗੁਲਾਮ ਭਾਰਤ ਵਿਚ ਮੁਸਲਿਮ ਲੀਗ ਨੂੰ ਛੱਡ ਕੇ ਖੱਬੇਪੱਖੀਆਂ ਦਾ ਹੀ ਉਹ ਇਕੋ-ਇਕ ਸਿਆਸੀ ਕੁਨਬਾ ਸੀ, ਜਿਸ ਨੇ ਮਜ਼੍ਹਬ ''ਤੇ ਆਧਾਰਿਤ ਪਾਕਿਸਤਾਨ ਦੀ ਸਿਰਜਣਾ ਨੂੰ ਜਾਇਜ਼ ਠਹਿਰਾਇਆ। ਇਹੋ ਵਜ੍ਹਾ ਹੈ ਕਿ ਆਜ਼ਾਦੀ ਦੇ 70 ਸਾਲਾਂ ਬਾਅਦ ਵੀ ਖੱਬੇਪੱਖੀਆਂ ਦਾ ਪਾਕਿਸਤਾਨ ਪ੍ਰਤੀ ਪ੍ਰੇਮ ਜ਼ਾਹਿਰ ਹੈ ਤੇ ਉਹ ਕਸ਼ਮੀਰ ਵਿਚ ਵੱਖਵਾਦੀਆਂ, ਅੱਤਵਾਦੀਆਂ ਨਾਲ ਵੀ ਹਮਦਰਦੀ ਰੱਖਦੇ ਹਨ। 1962 ਦੀ ਭਾਰਤ-ਚੀਨ ਜੰਗ ਵੇਲੇ ਵੀ ਖੱਬੇਪੱਖੀ ਚੀਨ ਦੇ ਪੱਖ ਵਿਚ ਬੋਲਦੇ ਰਹੇ।
ਆਪਣੇ ਵਿਚਾਰਾਂ ਦੇ ਵਾਹਕ ਵਜੋਂ ਖੱਬੇਪੱਖੀਆਂ ਨੂੰ ਸਭ ਤੋਂ ਵੱਧ ਢੁੱਕਵੇਂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰ. ਜਵਾਹਰ ਲਾਲ ਨਹਿਰੂ ਹੀ ਲੱਗੇ ਤੇ ਇਸੇ ਦਾ ਲਾਹਾ ਲੈ ਕੇ ਉਨ੍ਹਾਂ ਨੇ ਜ਼ਿਆਦਾਤਰ ਪ੍ਰਮੁੱਖ ਸੰਸਥਾਵਾਂ ਦੇ ਚੋਟੀ ਦੇ ਅਹੁਦਿਆਂ ''ਤੇ ਖੱਬੇਪੱਖੀ ਮਾਨਸਿਕਤਾ ਵਾਲੇ ਲੋਕਾਂ ਨੂੰ ਬਿਠਾਉਣਾ ਸ਼ੁਰੂ ਕਰ ਦਿੱਤਾ ਤੇ ਇਹ ਸਿਲਸਿਲਾ ਇੰਦਰਾ ਗਾਂਧੀ ਦੇ ਸ਼ਾਸਨਕਾਲ ਤਕ ਜਾਰੀ ਰਿਹਾ। ਇਹੋ ਵਜ੍ਹਾ ਹੈ ਕਿ ਦੇਸ਼ ''ਚ ਇੰਦਰਾ ਗਾਂਧੀ ਵਲੋਂ 1975 ਵਿਚ ਲਗਾਈ ਗਈ ਐਮਰਜੈਂਸੀ ਦਾ ਖੱਬੇਪੱਖੀਆਂ ਨੇ ਖੁੱਲ੍ਹ ਕੇ ਸਮਰਥਨ ਕੀਤਾ ਸੀ।
ਆਜ਼ਾਦੀ ਤੋਂ ਬਾਅਦ ਭਾਰਤੀ ਅਰਥ ਵਿਵਸਥਾ ਵਿਚ ਖੱਬੇਪੱਖੀ ਵਿਚਾਰਧਾਰਾ ਨਾਲ ਭਰਪੂਰ ਪੰ. ਨਹਿਰੂ ਨੇ ਸਮਾਜਵਾਦ ਦਾ ਮੰਤਰ ਫੂਕਿਆ। 1947 ਵਿਚ ਅੰਗਰੇਜ਼ ਭਾਰਤ ਨੂੰ ਬਦਹਾਲ ਕਰਕੇ ਛੱਡ ਗਏ ਤਾਂ ਆਜ਼ਾਦੀ ਤੋਂ ਬਾਅਦ ਅਗਲੇ 40 ਸਾਲਾਂ ਵਿਚ ਸਮਾਜਵਾਦੀ ਦਰਸ਼ਨ ਨੇ ਦੇਸ਼ ਨੂੰ ਭਿਖਾਰੀ ਬਣਾ ਦਿੱਤਾ। 90 ਦੇ ਦਹਾਕੇ ਤਕ ਭਾਰਤ ਸਮੇਤ ਦੁਨੀਆ ਵਿਚ ਖੱਬੇਪੱਖੀ ਸਮਾਜਵਾਦ ਦਾ ਚਿਹਰਾ ਪੂਰੀ ਤਰ੍ਹਾਂ ਬੇਨਕਾਬ ਹੋ ਚੁੱਕਾ ਸੀ।
ਸੋਵੀਅਤ ਸੰਘ ਵਿਚ ਖੱਬੇਪੱਖੀ ਢਾਂਚੇ ਦੇ ਅਧੀਨ ਗਰੀਬੀ ਤੇ ਸੰਕਟ ਨੂੰ ਪੂਰੀ ਦੁਨੀਆ ਨੇ ਦੇਖਿਆ। ਅੱਜ ਦੀ ਪੀੜ੍ਹੀ ਕਲਪਨਾ ਵੀ ਨਹੀਂ ਕਰ ਸਕਦੀ ਕਿ 1985 ਤੋਂ 1990 ਤਕ ਭਾਰਤ ''ਚ ਮੁੱਢਲੀਆਂ ਲੋੜਾਂ ਵਾਲੀਆਂ ਚੀਜ਼ਾਂ ਦੀ ਬਹੁਤ ਜ਼ਿਆਦਾ ਤੰਗੀ ਹੋ ਗਈ ਸੀ। ਆਪਣੀਆਂ ਦੇਣਦਾਰੀਆਂ ਪੂਰੀਆਂ ਕਰਨ ਲਈ 1991 ਵਿਚ ਭਾਰਤ ਨੂੰ ਆਪਣਾ ਸੋਨਾ ਦੁਨੀਆ ਦੇ ਹੋਰਨਾਂ ਦੇਸ਼ਾਂ ਦੇ ਬੈਂਕਾਂ ਵਿਚ ਗਹਿਣੇ ਰੱਖਣਾ ਪਿਆ ਸੀ। ਇਸ ਤੋਂ ਬਾਅਦ ਹੋਏ ਅਹਿਮ ਆਰਥਿਕ ਸੁਧਾਰਾਂ ਤੇ 1998 ਵਿਚ ਪੋਖਰਣ-2 ਪ੍ਰਮਾਣੂ ਪ੍ਰੀਖਣ ਨੇ ਭਾਰਤ ਨੂੰ ਦੁਨੀਆ ਵਿਚ ਉੱਭਰਦੀ ਹੋਈ ਮਹਾਸ਼ਕਤੀ ਵਜੋਂ ਸਥਾਪਿਤ ਕੀਤਾ।
ਅੰਕੜਿਆਂ ਮੁਤਾਬਿਕ 1999 ਤੋਂ 2004 ਤਕ ਅਟਲ ਬਿਹਾਰੀ ਵਾਜਪਾਈ ਦੇ ਸ਼ਾਸਨਕਾਲ ਵਿਚ ਭਾਰਤ ਦੀ ਵਿਕਾਸ ਦਰ 5.5 ਫੀਸਦੀ ਸਾਲਾਨਾ ਤੇ ਮਹਿੰਗਾਈ ਦਰ ਔਸਤਨ 4.6 ਫੀਸਦੀ ਰਹੀ। ਬੇਮਿਸਾਲ ਤੌਰ ''ਤੇ 6 ਕਰੋੜ ਰੋਜ਼ਗਾਰ ਪੈਦਾ ਹੋਏ। ਬਾਹਰੀ ਖੇਤਰ ਵਿਚ ਦਹਾਕਿਆਂ ਤੋਂ ਪੈ ਰਿਹਾ ਘਾਟਾ 2002-04 ਦੇ ਦਰਮਿਆਨ ਮੁਨਾਫੇ ਵਿਚ ਬਦਲ ਕੇ ਲੱਗਭਗ 20 ਅਰਬ ਡਾਲਰ ਤਕ ਪਹੁੰਚ ਗਿਆ।
ਦੇਸ਼ ਦੇ ਪ੍ਰਸਿੱਧ ਅਰਥ ਸ਼ਾਸਤਰੀ ਡਾ. ਮਨਮੋਹਨ ਸਿੰਘ ਦੀ ਅਗਵਾਈ ਹੇਠ ਯੂ. ਪੀ. ਏ.-1 ਸਰਕਾਰ, ਜਿਸ ਵਿਚ ਖੱਬੇਪੱਖੀ ਪਾਰਟੀਆਂ ਵੀ ਸ਼ਾਮਿਲ ਸਨ, ਦੇ ਕਾਰਜਕਾਲ ਵਿਚ ਆਰਥਿਕ ਵਿਕਾਸ ਦਰ 8.4 ਫੀਸਦੀ ਸਾਲਾਨਾ ਰਹੀ, ਜਿਸ ਦੀ ਮੁੱਖ ਵਜ੍ਹਾ ਵਿਆਪਕ ਭ੍ਰਿਸ਼ਟਾਚਾਰ, ਨਕਦ-ਜੀ. ਡੀ. ਪੀ. ਅਨੁਪਾਤ ਵਿਚ ਵਾਧੇ ਨਾਲ ਮਹਿੰਗਾਈ ਦਰ, ਰੀਅਲ ਅਸਟੇਟ ਅਤੇ ਸੋਨੇ ਦੀਆਂ ਕੀਮਤਾਂ ਵਿਚ ਜ਼ਬਰਦਸਤ ਉਛਾਲ ਸੀ।
2004-05 ਤੋਂ ਲੈ ਕੇ 2009-10 ਤਕ ਰੋਜ਼ਗਾਰ ਦੇ 27 ਲੱਖ ਮੌਕੇ ਪੈਦਾ ਹੋਏ, ਮਹਿੰਗਾਈ ਦਰ ਔਸਤਨ 6.5 ਫੀਸਦੀ ਦੀ ਦਰ ਨਾਲ ਵਧੀ, ਵਿੱਤੀ ਘਾਟਾ 100 ਅਰਬ ਡਾਲਰ ਦੇ ਆਸਪਾਸ ਪਹੁੰਚ ਗਿਆ। ਅੰਕੜਿਆਂ ਤੋਂ ਸਪੱਸ਼ਟ ਹੈ ਕਿ 8.4 ਫੀਸਦੀ ਸਾਲਾਨਾ ਆਰਥਿਕ ਵਾਧਾ ਸਿਰਫ ਛਲਾਵਾ ਸੀ।
ਬਦਲਦੇ ਸਮੇਂ ਨਾਲ ਭਾਰਤ ਵਿਚ ਖੱਬੇਪੱਖੀਆਂ ਦਾ ਆਧਾਰ ਵੀ ਸੁੰਗੜਿਆ ਹੈ। 1962 ਤੋਂ ਬਾਅਦ ਉਨ੍ਹਾਂ ਦਾ ਵੋਟ ਆਧਾਰ ਲਗਾਤਾਰ ਘਟ ਰਿਹਾ ਹੈ। ਸੰਨ 2004 ਵਿਚ ਖੱਬੇਪੱਖੀਆਂ ਨੇ ਯੂ. ਪੀ. ਏ.-1 ਸਰਕਾਰ ਨੂੰ ਸਮਰਥਨ ਦੇ ਕੇ ਲੱਗਭਗ 4 ਸਾਲਾਂ ਤਕ ਸੱਤਾ ਦਾ ਸੁਆਦ ਚਖਿਆ ਅਤੇ 2008 ਵਿਚ ਉਨ੍ਹਾਂ ਨੇ ਭਾਰਤ-ਅਮਰੀਕਾ ਵਿਚਾਲੇ ਹੋਏ 123 ਪ੍ਰਮਾਣੂ ਸਮਝੌਤਿਆਂ ਕਾਰਨ ਸਰਕਾਰ ਤੋਂ ਸਮਰਥਨ ਵਾਪਿਸ ਲੈ ਲਿਆ। ਫਿਰ 2009 ਦੀਆਂ ਆਮ ਚੋਣਾਂ ਵਿਚ ਉਨ੍ਹਾਂ ਦੀ ਕਾਰਗੁਜ਼ਾਰੀ ਵਿਚ ਭਾਰੀ ਗਿਰਾਵਟ ਦਰਜ ਕੀਤੀ ਗਈ।
ਸੰਨ 2011 ਵਿਚ ਜਿਥੇ ਪੱਛਮੀ ਬੰਗਾਲ ਵਿਧਾਨ ਸਭਾ ਦੀਆਂ ਚੋਣਾਂ ਵਿਚ ਖੱਬੇਪੱਖੀਆਂ ਨੂੰ ਤ੍ਰਿਣਮੂਲ ਕਾਂਗਰਸ ਹੱਥੋਂ ਕਰਾਰੀ ਹਾਰ ਦਾ ਮੂੰਹ ਦੇਖਣਾ ਪਿਆ, ਉਥੇ ਹੀ ਕੇਰਲਾ ਵਿਧਾਨ ਸਭਾ ਦੀਆਂ ਚੋਣਾਂ ਵਿਚ ਕਾਂਗਰਸ ਦੀ ਅਗਵਾਈ ਵਾਲੇ ਯੂ. ਡੀ. ਐੱਫ. ਨੇ ਖੱਬੇਪੱਖੀਆਂ ਨੂੰ ਸੱਤਾ ਤੋਂ ਲਾਂਭੇ ਕਰ ਦਿੱਤਾ। ਇਸ ਸਾਲ ਕੇਰਲਾ ਵਿਚ ਖੱਬੇਪੱਖੀਆਂ ਨੂੰ ਸੱਤਾ ਵਿਚ ਵਾਪਿਸ ਆਉਣ ਦਾ ਮੌਕਾ ਮਿਲਿਆ ਪਰ ਪੱਛਮੀ ਬੰਗਾਲ ਦੀਆਂ ਚੋਣਾਂ ਵਿਚ ਦੁਬਾਰਾ ਮੂੰਹ ਦੀ ਖਾਣੀ ਪਈ।
ਇਹ ਕਿਸੇ ਤ੍ਰਾਸਦੀ ਤੋਂ ਘੱਟ ਨਹੀਂ ਕਿ ਪੱਛਮੀ ਬੰਗਾਲ ਵਿਚ ਜਿਥੇ ਕਾਂਗਰਸ ਤੇ ਖੱਬੇਪੱਖੀਆਂ ਨੇ ਇਕ ਹੋ ਕੇ ਚੋਣਾਂ ਲੜੀਆਂ ਸਨ, ਉਥੇ ਹੀ ਕੇਰਲਾ ਵਿਚ ਦੋਵੇਂ ਪਾਰਟੀਆਂ ਸੱਤਾ ਲਈ ਇਕ-ਦੂਜੇ ਵਿਰੁੱਧ ਡਟੀਆਂ ਰਹੀਆਂ।
ਇਸ ਵਿਚ ਕੋਈ ਹੈਰਾਨੀ ਨਹੀਂ ਕਿ 20ਵੀਂ ਸਦੀ ਦੇ ਭਾਰਤੀ ਇਤਿਹਾਸ ਦੇ ਅਹਿਮ ਪਲਾਂ ਵਿਚ ਖੱਬੇਪੱਖੀਆਂ ਨੇ ਅਭੁੱਲ ਗਲਤੀਆਂ ਕੀਤੀਆਂ ਤੇ ਭਾਰਤ ਨੂੰ ਟੁਕੜਿਆਂ ਵਿਚ ਵੰਡਣ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਅਜਿਹੀ ਸਥਿਤੀ ਵਿਚ ਦੇਸ਼ ਦੇ ਮਾਣ-ਬਿੰਦੂ ਅਤੇ ਜੀਵਨ ਦੀਆਂ ਕਦਰਾਂ-ਕੀਮਤਾਂ ਵਿਚ ਆਸਥਾ ਰੱਖਣ ਵਾਲੇ ਭਾਰਤੀ ਸਮਾਜ ਵਿਚ ਖੱਬੇਪੱਖੀਆਂ ਦਾ ਹਾਸ਼ੀਏ ''ਤੇ ਚਲੇ ਜਾਣਾ ਬਿਲਕੁਲ ਢੁੱਕਵਾਂ ਹੈ।
