''ਕਰਤਾਰਪੁਰ ਕਾਰੀਡੋਰ'' ਨੂੰ ਨਿਰੰਤਰ ਖੁਲ੍ਹਾ ਰੱਖਣਾ ਚਾਹੀਦਾ

11/16/2019 1:09:46 AM

ਬੜੇ ਚਿਰ ਤੋਂ ਹਰ ਨਾਨਕ ਨਾਮਲੇਵਾ ਉਡੀਕ ਰਿਹਾ ਸੀ ਕਿ ਗੁਰੂ ਨਾਨਕ ਦੇਵ ਜੀ ਦੀ 550ਵੀਂ ਜਨਮ ਸ਼ਤਾਬਦੀ ਆਵੇਗੀ ਤੇ ਸਾਡੇ ਜੀਵਨ ਕਾਲ 'ਚ ਸਾਨੂੰ ਇਹ ਮਨਾਉਣ ਦਾ ਅਤੇ ਸੇਵਾ ਕਰਨ ਦਾ ਮੌਕਾ ਮਿਲੇਗਾ। ਅੱਜ ਸਿੱਖ ਵਿਸ਼ਵ ਭਰ 'ਚ ਵਸਦੇ ਹਨ, ਹਰ ਦੇਸ਼ 'ਚ ਸਾਡੇ ਪਰਿਵਾਰ ਹਨ ਤੇ ਗੁਰਦੁਆਰੇ ਹਨ। ਇਸ ਲਈ ਇਹ ਵਿਸ਼ਵ ਭਰ ਦਾ ਸਮਾਗਮ ਬਣ ਚੁੱਕਾ ਸੀ। ਇਸ ਦੀ ਤਿਆਰੀ ਦੀਆਂ ਖਬਰਾਂ ਹਰ ਰੋਜ਼ ਛਪ ਰਹੀਆਂ ਸਨ। ਇਸ ਪੁਰਬ ਨੂੰ ਇਕ-ਦੂਜੇ ਤੋਂ ਵੱਧ ਸ਼ਾਨਦਾਰ ਮਨਾਉਣ ਦੇ ਮੁਕਾਬਲੇ ਹੋ ਰਹੇ ਸਨ। ਬੜੀਆਂ ਜਥੇਬੰਦੀਆਂ ਨੇ ਮਾਡਰਨ ਤਰੀਕੇ ਨਾਲ ਇਹੋ ਜਿਹੇ ਪ੍ਰਬੰਧ ਵੀ ਕੀਤੇ ਸਨ। ਅਮਰੀਕਾ ਦੇ ਸ਼ਹਿਰ ਵਾਸ਼ਿੰਗਟਨ ਵਿਚ ਇਕ ਸੰਸਥਾ ਨੇ ਕਰੋੜਾਂ ਰੁਪਏ ਇਕੱਠੇ ਕੀਤੇ ਕਿ ਹਾਲੀਵੁੱਡ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਫ਼ਿਲਮ ਬਣਾਈ ਜਾਵੇ। 12 ਨਵੰਬਰ ਨੂੰ ਇਹ ਇਤਿਹਾਸਕ ਦਿਨ ਸਾਰੇ ਵਿਸ਼ਵ ਵਿਚ ਧੂਮਧਾਮ ਨਾਲ ਮਨਾਇਆ ਗਿਆ ਹੈ। ਇਸ ਤੋਂ ਪਹਿਲਾਂ ਜਿੰਨੀਆਂ ਸ਼ਤਾਬਦੀਆਂ ਆਈਆਂ, ਉਸ ਤੋਂ ਕਈ ਗੁਣਾ ਵੱਧ ਉਤਸ਼ਾਹ ਤੇ ਸ਼ਰਧਾ ਨਜ਼ਰ ਆਈ ਹੈ। ਮੈਂ ਇਹ ਦਿਨ ਦੁਬਈ ਦੀ ਸੰਗਤ ਨਾਲ ਮਨਾਇਆ, ਕਿਆ ਨਜ਼ਾਰਾ ਤੇ ਕਿੰਨੀ ਸੇਵਾ ਕਰਨ ਦੀ ਉਮੰਗ, ਮੈਂ ਅਸ਼-ਅਸ਼ ਕਰ ਉੱਠਿਆ। ਅਜਿਹਾ ਲੰਗਰ ਜਿਵੇਂ ਕਿਸੇ ਵਿਆਹ ਦੀ ਬਰਾਤ ਲਈ ਹੋਵੇ, ਵੰਡਿਆ ਗਿਆ। ਸਰਕਾਰ ਵਲੋਂ ਤੇ ਭਾਰਤੀ ਸਫੀਰ ਵਲੋਂ ਚੰਗੀ ਮਦਦ ਮਿਲੀ ਹੈ।

ਹਿੰਦੋਸਤਾਨ-ਪਾਕਿਸਤਾਨ ਅੱਜ ਜੰਗ ਲੜਨ ਦੀ ਸਥਿਤੀ 'ਚ ਖੜ੍ਹੇ ਹਨ
ਇਸ ਸ਼ਤਾਬਦੀ ਦੀ ਸਭ ਤੋਂ ਵੱਡੀ ਕਾਮਯਾਬੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਬਣਿਆ ਚਾਰ ਕਿਲੋਮੀਟਰ ਲੰਬਾ ਰਸਤਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਤੱਖ ਰੂਪ ਵਿਚ ਪ੍ਰਗਟ ਹੋਣ ਦੀ ਕਰਾਮਾਤ ਇਹ ਲਾਂਘਾ ਹੈ। ਹਿੰਦੋਸਤਾਨ-ਪਾਕਿਸਤਾਨ ਅੱਜ ਜੰਗ ਲੜਨ ਦੀ ਸਥਿਤੀ ਵਿਚ ਖੜ੍ਹੇ ਹਨ, ਦੋਵੇਂ ਪ੍ਰਧਾਨ ਮੰਤਰੀ ਹੱਥ ਨਹੀਂ ਮਿਲਾਉਂਦੇ। ਸਾਰੇ ਟੀ. ਵੀ., ਅਖ਼ਬਾਰ ਇਸ ਲਾਂਘੇ ਨੂੰ ਦੇਸ਼ ਲਈ ਖ਼ਤਰਾ ਦੱਸਦੇ ਹਨ ਪਰ ਕਿਵੇਂ ਦੋਵੇਂ ਸਰਕਾਰਾਂ ਮਜਬੂਰ ਹੋ ਗਈਆਂ ਤੇ ਲਾਂਘਾ ਇਕ ਸਾਲ ਤੋਂ ਪਹਿਲਾਂ ਮੁਕੰਮਲ ਹੋ ਗਿਆ ਹੈ। 9 ਨਵੰਬਰ ਨੂੰ ਮੈਂ ਪਹਿਲੇ ਜਥੇ ਵਿਚ ਸ਼ਾਮਲ ਸੀ, ਜੋ ਲਾਂਘੇ ਤੋਂ ਦਰਸ਼ਨ ਕਰਨ ਗਿਆ ਸੀ। ਨਰਿੰਦਰ ਮੋਦੀ ਜੀ ਨੇ ਉਦਘਾਟਨ ਕੀਤਾ। ਡਾ. ਮਨਮੋਹਨ ਸਿੰਘ, ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ, ਸ. ਹਰਦੀਪ ਸਿੰਘ ਪੁਰੀ ਵਜ਼ੀਰ ਭਾਰਤ ਸਰਕਾਰ, ਜਥੇਦਾਰ ਅਕਾਲ ਤਖ਼ਤ, ਸਾਰਾ ਬਾਦਲ ਪਰਿਵਾਰ ਤੇ ਵਿਸ਼ਵ ਭਰ ਵਿਚੋਂ ਚੋਣਵੇਂ ਸਿੱਖ ਇਸ ਜਥੇ ਵਿਚ ਸ਼ਾਮਲ ਸਨ। ਇਸ ਉਦਘਾਟਨ ਨੇ ਜੋ ਵਿਸ਼ਵ ਭਰ 'ਚੋਂ ਪ੍ਰਚਾਰ ਲੈਣਾ ਸੀ, ਉਹ ਹਾਸਿਲ ਨਹੀਂ ਹੋ ਸਕਿਆ। ਸੁਪਰੀਮ ਕੋਰਟ ਨੇ ਬਾਬਰੀ ਮਸਜਿਦ ਵਾਲਾ ਫੈਸਲਾ ਮੰਦਰ ਬਣਾਉਣ ਦੇ ਹੱਕ ਵਿਚ ਉਸੇ ਦਿਨ ਸਵੇਰੇ ਸੁਣਾ ਦਿੱਤਾ। ਚੰਗਾ ਹੁੰਦਾ ਜੇ ਜੱਜ ਸਾਹਿਬਾਨ ਦੋ ਦਿਨ ਭਾਵ ਗੁਰਪੁਰਬ ਤੋਂ ਬਾਅਦ ਇਹ ਫੈਸਲਾ ਸੁਣਾਉਂਦੇ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਆਪ ਗੁਰਦੁਆਰੇ ਵਿਚ ਜਥੇ ਦੇ ਸਵਾਗਤ ਲਈ ਆਏ। ਸ. ਨਵਜੋਤ ਸਿੰਘ ਸਿੱਧੂ ਸੁਭਾਵਿਕ ਤੌਰ 'ਤੇ ਉਸ ਦਿਨ ਦਾ ਹੀਰੋ ਬਣ ਗਿਆ, ਹਰ ਪਾਸੇ ਉਸ ਦੀ ਉਸਤਤ ਹੋ ਰਹੀ ਸੀ।

ਸਿੱਖ ਚੇਅਰਜ਼ ਦੀ ਸਥਾਪਨਾ ਇਕ ਵੱਡੀ ਪ੍ਰਾਪਤੀ
ਇਸ ਸ਼ਤਾਬਦੀ ਦੀ ਇਕ ਹੋਰ ਵੱਡੀ ਉਪਲੱਬਧੀ ਹੈ ਸਿੱਖ ਚੇਅਰਜ਼ ਦੀ ਯੂਨੀਵਰਸਿਟੀਆਂ 'ਚ ਸਥਾਪਨਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਤੇ ਜੀਵਨ ਬਾਰੇ ਵਿਸ਼ਵ ਪ੍ਰਚਾਰ ਲਈ ਸ. ਹਰਦੀਪ ਸਿੰਘ ਪੁਰੀ ਨੇ ਬਰਮਿੰਘਮ ਯੂਨੀਵਰਸਿਟੀ ਵਿਚ ਭਾਰਤ ਸਰਕਾਰ ਵਲੋਂ ਇਕ ਚੇਅਰ ਖੋਲ੍ਹਣ ਦਾ ਐਲਾਨ ਕੀਤਾ। ਇਕ ਹੋਰ ਕੈਨੇਡਾ ਵਿਚ ਵੀ ਖੁੱਲ੍ਹੇਗੀ। ਮੁੱਖ ਮੰਤਰੀ ਪੰਜਾਬ ਨੇ 12 ਯੂਨੀਵਰਸਿਟੀਆਂ ਵਿਚ ਚੇਅਰ ਖੋਲ੍ਹਣ ਦਾ ਐਲਾਨ ਕੀਤਾ। ਇਸ 'ਚੋਂ ਇਕ ਆਈ. ਐੱਸ. ਯੂਨੀਵਰਸਿਟੀ ਕਲਕੱਤਾ ਦੀ ਹੈ, ਜਿਸ ਦਾ ਐਲਾਨ ਸ. ਤਰਨਜੀਤ ਸਿੰਘ ਨੇ ਕੀਤਾ।
ਪੰਜਾਬ ਸਰਕਾਰ ਨੇ ਅਦੁੱਤੀ ਸੇਵਾ ਕੀਤੀ। ਸੁਲਤਾਨਪੁਰ ਲੋਧੀ ਤੇ ਡੇਰਾ ਬਾਬਾ ਨਾਨਕ ਵਿਚ ਸੈਂਕੜੇ ਕਰੋੜ ਰੁਪਏ ਖਰਚ ਕਰ ਕੇ ਡਿਵੈੱਲਪਮੈਂਟ ਦੇ ਕੰਮ ਕਰਵਾਏ ਹਨ। ਕਈ ਕਿਤਾਬਾਂ ਅੰਗਰੇਜ਼ੀ ਵਿਚ ਛਪਵਾਈਆਂ ਹਨ। ਇਕ ਸ਼ਾਨਦਾਰ ਲਾਈਟ ਐਂਡ ਸਾਊਂਡ ਸ਼ੋਅ ਸਾਰੇ ਪੰਜਾਬ ਵਿਚ ਚਲਵਾਇਆ ਹੈ। ਪੰਜਾਬ ਦੇ ਸਾਰੇ ਸਕੂਲਾਂ-ਕਾਲਜਾਂ ਵਿਚ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਲੇਖ ਮੁਕਾਬਲਿਆਂ ਵਿਚ ਸ਼ਾਮਲ ਕਰ ਕੇ ਕਈ ਆਦਰਸ਼ ਪ੍ਰੋਗਰਾਮ ਕਰਵਾਏ। ਸ. ਸੁਖਜਿੰਦਰ ਸਿੰਘ ਰੰਧਾਵਾ ਮੰਤਰੀ ਪੰਜਾਬ ਨੇ ਪੂਰੀ ਵਾਹ ਲਾ ਕੇ ਡੇਰਾ ਬਾਬਾ ਨਾਨਕ ਲਾਂਘਾ ਤੇ ਸਾਰੀ ਡਿਵੈੱਲਪਮੈਂਟ ਲਈ ਸ਼ਾਨਦਾਰ ਕੰਮ ਕੀਤਾ। ਸ. ਚਰਨਜੀਤ ਸਿੰਘ ਚੰਨੀ ਮੰਤਰੀ ਨੇ ਆਪਣੇ ਮਹਿਕਮੇ ਟੂਰਿਜ਼ਮ ਤੇ ਕਲਚਰ ਨੂੰ ਜਿਸ ਸ਼ਾਨਦਾਰ ਪਲਾਨ ਨਾਲ ਇਸ ਸ਼ਤਾਬਦੀ ਲਈ ਅੱਗੇ ਲਿਆਂਦਾ ਹੈ, ਉਸ ਦੀ ਹਰ ਪਾਸੇ ਪ੍ਰਸ਼ੰਸਾ ਹੋਈ ਹੈ। ਮੈਂ 1980 ਵਿਚ ਜਦ ਇਹ ਮਹਿਕਮਾ ਬਣਿਆ ਸੀ, ਉਸ ਦਾ ਪਹਿਲਾ ਮੁਖੀ ਸੀ।
ਗੁਰੂ ਸਾਹਿਬ ਦਾ ਜਨਮ ਅਸਥਾਨ ਨਨਕਾਣਾ ਸਾਹਿਬ ਹੈ। ਮੈਂ ਲਿਖਿਆ ਸੀ ਕਿ ਸਾਰੇ ਲੀਡਰ ਉਥੇ ਜਾਣ ਪਰ ਇਹ ਨਾ ਹੋ ਸਕਿਆ, ਫਿਰ ਵੀ ਹਜ਼ਾਰਾਂ ਸੇਵਕ ਉਥੇ ਪੁੱਜੇ ਬੜੀ ਸੇਵਾ ਹੋਈ। ਪਾਕਿਸਤਾਨ ਸਰਕਾਰ ਨੇ ਬੜਾ ਉਤਸ਼ਾਹ ਦਿਖਾਇਆ। ਦੁਨੀਆ ਦੇ ਹਰ ਦੇਸ਼ ਵਿਚ ਸ਼ਤਾਬਦੀ ਦੀ ਰੌਣਕ ਵੇਖਣ ਨੂੰ ਮਿਲੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਖਸ਼ਿਸ਼ ਸੰਗਤਾਂ 'ਤੇ ਨਜ਼ਰ ਆ ਰਹੀ ਸੀ।

ਭਾਰਤ ਸਰਕਾਰ ਇਸ ਲਈ ਹੋਰ ਸਹੂਲਤਾਂ ਵੀ ਦੇਵੇ
ਕਰਤਾਰਪੁਰ ਲਾਂਘੇ ਨੂੰ ਚੱਲਦਾ ਰੱਖਣ ਦੀ ਲੋੜ ਹੈ ਤੇ ਭਾਰਤ ਸਰਕਾਰ ਇਸ ਲਈ ਹੋਰ ਸਹੂਲਤ ਦੇਵੇ। ਆਨਲਾਈਨ ਫਾਰਮ ਦੀ ਥਾਂ ਡੇਰਾ ਬਾਬਾ ਨਾਨਕ ਵਿਚ ਹੀ ਸਿੱਧਾ ਯਾਤਰੀਆਂ ਨੂੰ ਪਾਸਪੋਰਟ ਲੈ ਕੇ ਆਉਣ ਦੀ ਖੁੱਲ੍ਹ ਦੇਵੇ। 20 ਡਾਲਰ ਦੀ ਫੀਸ ਨੂੰ ਲਾਗੂ ਰੱਖੋ ਪਰ 1700 ਰੁਪਏ ਦੀ ਸਹੂਲਤ ਦੇਵੋ ਅਤੇ ਸੰਗਤਾਂ ਨੂੰ ਪੂਰੀ ਜਾਣਕਾਰੀ ਮਿਲਣੀ ਚਾਹੀਦੀ ਹੈ। ਸਿੱਖ ਮੁਫਤ ਜਾਣ ਦੇ ਵਿਰੁੱਧ ਹਨ, ਉਹ ਯਾਤਰਾ ਲਈ ਪੈਸੇ ਖਰਚ ਕਰ ਸਕਦੇ ਹਨ। ਪਾਕਿਸਤਾਨ ਨੇ ਲਾਂਘਾ ਸਾਡੇ ਲਈ ਬਣਾਇਆ ਹੈ, ਆਓ ਅਸੀਂ ਆਪਣਾ ਹਿੱਸਾ ਪਾਈਏ।
ਸਾਰੀ ਕੌਮ ਨੂੰ ਵਧਾਈ ਹੈ ਕਿ 550ਵਾਂ ਪ੍ਰਕਾਸ਼ ਪੁਰਬ ਨਿਰਵਿਘਨ ਸਮਾਪਤ ਹੋਇਆ ਹੈ। ਗੁਰੂ ਦੀ ਮਹਿਮਾ ਹਰ ਪਾਸੇ ਫੈਲੀ ਹੈ। ਏਅਰ ਇੰਡੀਆ ਜਹਾਜ਼ਾਂ 'ਤੇ ੴ ਨਜ਼ਰ ਆ ਰਿਹਾ ਹੈ। ਗੁਰੂ ਦੀ ਬਖਸ਼ਿਸ਼ ਸਾਰੀ ਮਨੁੱਖਤਾ 'ਤੇ ਹੋਵੇ, ਸਭ ਦਾ ਭਲਾ ਹੋਵੇ ਅਤੇ ਅਸੀਂ ਧੰਨ ਗੁਰੂ ਨਾਨਕ ਦਾ ਉਚਾਰਣ ਕਰਦੇ ਰਹੀਏ, ਇਹੀ ਸਾਡੀ ਇੱਛਾ ਹੈ।

                                                                                          —ਤਰਲੋਚਨ ਸਿੰਘ (ਸਾਬਕਾ ਐੱਮ. ਪੀ.)


KamalJeet Singh

Content Editor

Related News