ਕੀ ਭਾਰਤ ਪਾਕਿਸਤਾਨ ਦੀ ਮਦਦ ਕਰੇ

08/12/2022 6:39:25 PM

ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕ੍ਰਮਸਿੰਘੇ ਅਤੇ ਮਾਲਦੀਵ ਦੇ ਰਾਸ਼ਟਰਪਤੀ ਇਬ੍ਰਾਹਿਮ ਮੁਹੰਮਦ ਸੋਲੇਹ ਨੇ ਭਾਰਤ ਪ੍ਰਤੀ ਜਿਹੜੇ ਸ਼ਬਦਾਂ ’ਚ ਧੰਨਵਾਦ ਪ੍ਰਗਟ ਕੀਤਾ ਹੈ, ਅਜਿਹੇ ’ਚ ਨਿਮਰਤਾ ਭਰੇ ਸ਼ਬਦ ਕਿਸੇ ਗੁਆਂਢੀ ਦੇਸ਼ ਦੇ ਨੇਤਾ ਸ਼ਾਇਦ ਹੀ ਕਦੀ ਬੋਲਦੇ ਹਨ। ਕਿੰਨਾ ਚੰਗਾ ਹੋਵੇ ਕਿ ਪਾਕਿਸਤਾਨ, ਅਫਗਾਨਿਸਤਾਨ ਅਤੇ ਨੇਪਾਲ ਦੇ ਚੋਟੀ ਦੇ ਨੇਤਾ ਵੀ ਭਾਰਤ ਲਈ ਉਹੋ ਜਿਹੇ ਹੀ ਸ਼ਬਦਾਂ ਦੀ ਵਰਤੋਂ ਕਰਨ। ਇਹ ਗੱਲ ਮੈਂ ਇਕ ਭਾਸ਼ਣ ’ਚ ਕਹੀ ਤਾਂ ਕੁਝ ਸਰੋਤਿਆਂ ਨੇ ਮੈਨੂੰ ਪੱੁਛਿਆ ਕਿ ਕੀ ਪਾਕਿਸਤਾਨ ਵੀ ਕਦੀ ਭਾਰਤ ਲਈ ਇੰਨੇ ਸਤਿਕਾਰਪੂਰਨ ਸ਼ਬਦਾਂ ਦੀ ਵਰਤੋਂ ਕਰ ਸਕਦਾ ਹੈ? ਸ਼੍ਰੀਲੰਕਾ ਅਤੇ ਮਾਲਦੀਵ, ਇਹ ਦੋਵੇਂ ਸਾਡੇ ਗੁਆਂਢੀ ਦੇਸ਼ ਭਿਆਨਕ ਆਰਥਿਕ ਸੰਕਟ ’ਚੋਂ ਲੰਘ ਰਹੇ ਹਨ। ਅਜਿਹੇ ’ਚ ਭਾਰਤ ਨੇ ਇਨ੍ਹਾਂ ਦੋਵਾਂ ਦੇਸ਼ਾਂ ਨੂੰ ਅਨਾਜ, ਦਵਾਈਆਂ ਅਤੇ ਡਾਲਰਾਂ ਨਾਲ ਮਾਲੋਮਾਲ ਕਰ ਦਿੱਤਾ ਹੈ। ਇਹ ਦੋਵੇਂ ਦੇਸ਼ ਭਾਰਤ ਦੀ ਮਦਦ ਦੇ ਬਿਨਾਂ ਅਰਾਜਕਤਾ ਦੇ ਦੌਰ ’ਚ ਦਾਖਲ ਹੋਣ ਵਾਲੇ ਹੀ ਸਨ। ਸ਼੍ਰੀਲੰਕਾ ਦੇ ਰਾਸ਼ਟਰਪਤੀ ਨੇ ਆਪਣੀ ਸੰਸਦ ’ਚ ਕੀਤੇ ਪਹਿਲੇ ਸੰਬੋਧਨ ’ਚ ਭਾਰਤ ਦਾ ਨਾਂ ਲੈ ਕੇ ਕਿਹਾ ਕਿ ਭਾਰਤ ਨੇ ਸ਼੍ਰੀਲੰਕਾ ਨੂੰ ਜੀਵਨਦਾਨ ਦਿੱਤਾ ਹੈ। ਭਾਰਤ ਨੇ ਸ਼੍ਰੀਲੰਕਾ ਨੂੰ 4 ਬਿਲੀਅਨ ਡਾਲਰ ਅਤੇ ਹੋਰ ਕਈ ਸਹੂਲਤਾਂ ਦਿੱਤੀਆਂ ਹਨ ਜਦਕਿ ਚੀਨ ਨੇ ਭਾਰਤ ਦੇ ਮੁਕਾਬਲੇ ਅੱਧੀ ਮਦਦ ਵੀ ਨਹੀਂ ਕੀਤੀ ਹੈ ਅਤੇ ਉਹ ਸ਼੍ਰੀਲੰਕਾ ਨੂੰ ਆਪਣਾ ਜੰਗੀ ਅੱਡਾ ਬਣਾਉਣ ’ਤੇ ਤੁਲਿਆ ਹੋਇਆ ਹੈ।

ਇਸੇ ਤਰ੍ਹਾਂ ਪਿਛਲੇ ਕੁਝ ਸਾਲਾਂ ’ਚ ਮਾਲਦੀਵ ਦੇ ਕੁਝ ਨੇਤਾਵਾਂ ਨੂੰ ਆਪਣਾ ਬਗਲਬੱਚਾ ਬਣਾ ਕੇ ਚੀਨ ਨੇ ਉਸ ਦੇ ਸਾਹਮਣੇ ਕਈ ਚੂਸਨੀਆਂ ਲਟਕਾ ਿਦੱਤੀਆਂ ਸਨ ਪਰ ਇਸੇ ਹਫਤੇ ਮਾਲਦੀਵ ਦੇ ਰਾਸ਼ਟਰਪਤੀ ਸੋਲੇਹ ਦੀ ਭਾਰਤ ਯਾਤਰਾ ਦੌਰਾਨ ਦੋਵਾਂ ਦੇਸ਼ਾਂ ਦਰਮਿਆਨ 6 ਸਮਝੌਤਿਆਂ ’ਤੇ ਹਸਤਾਖਰ ਹੋਏ। ਸੋਲੇਹ ਨੇ ਕੋਰੋਨਾ ਕਾਲ ’ਚ ਭਾਰਤ ਵੱਲੋਂ ਭੇਜੀਆਂ ਗਈਆਂ ਦਵਾਈਆਂ ਲਈ ਭਾਰਤ ਪ੍ਰਤੀ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਨੇ ਹਿੰਦ ਮਹਾਸਾਗਰ ਖੇਤਰ ’ਚ ਅੱਤਵਾਦ ਅਤੇ ਰਾਸ਼ਟਰਾਂ ਦੇ ਉਸ ਪਾਰ ਤੋਂ ਹੋਣ ਵਾਲੇ ਅਪਰਾਧਾਂ ਦੇ ਵਿਰੁੱਧ ਭਾਰਤ ਨਾਲ ਖੁੱਲ੍ਹਾ ਸਹਿਯੋਗ ਕਰਨ ਦੀ ਗੱਲ ਕਹੀ ਹੈ। ਬਿਨਾਂ ਬੋਲੇ ਹੀ ਉਨ੍ਹਾਂ ਨੇ ਸਭ ਕੁਝ ਕਹਿ ਦਿੱਤਾ ਹੈ। ਭਾਰਤ ਦੀ ਮਦਦ ਨਾਲ ਸੈਂਕੜੇ ਕਰੋੜ ਰੁਪਿਆਂ ਦੇ ਕਈ ਨਿਰਮਾਣ ਕਾਰਜਾਂ ਦੀ ਯੋਜਨਾ ਵੀ ਬਣੀ ਹੈ। ਭਾਰਤ ਨੇ ਮਾਲਦੀਵ ਨੂੰ ਕਈ ਜੰਗੀ ਸਰੋਤ ਵੀ ਭੇਟ ਕੀਤੇ ਹਨ।

ਹੁਣ ਸਵਾਲ ਇਹੀ ਹੈ ਕਿ ਕੀ ਭਾਰਤ ਅਜਿਹੇ ਹੀ ਲਾਭਦਾਇਕ ਕੰਮ ਪਾਕਿਸਤਾਨ ਲਈ ਵੀ ਕਰ ਸਕਦਾ ਹੈ। ਕਿਸੇ ਤੋਂ ਵੀ ਤੁਸੀਂ ਇਹ ਸਵਾਲ ਪੁੱਛੋ ਤਾਂ ਉਸ ਦਾ ਸਵਾਲ ਇਹੀ ਹੋਵੇਗਾ ਕਿ ਤੁਹਾਡਾ ਦਿਮਾਗ ਤਾਂ ਠੀਕ ਹੈ? ਪਾਕਿਸਤਾਨ ਦਾ ਵੱਸ ਚੱਲੇ ਤਾਂ ਉਹ ਭਾਰਤ ਦਾ ਹੀ ਮੁਕੰਮਲ ਨਾਸ਼ ਕਰ ਦੇਵੇ। ਇਹ ਗੱਲ ਮੋਟੇ ਤੌਰ ’ਤੇ ਠੀਕ ਲੱਗਦੀ ਹੈ ਪਰ ਹੁਣੇ-ਹੁਣੇ ਅਲਕਾਇਦਾ ਦੇ ਸਰਗਣੇ ਜਵਾਹਿਰੀ ਦੇ ਖਾਤਮੇ ’ਚ ਪਾਕਿਸਤਾਨ ਦਾ ਜੋ ਸਰਗਰਮ ਸਹਿਯੋਗ ਰਿਹਾ ਅਤੇ ਓਸਾਮਾ ਬਿਨ ਲਾਦੇਨ ਦੇ ਬਾਰੇ ’ਚ ਵੀ ਉਸ ਦੀ ਨੀਤੀ ਇਹੀ ਰਹੀ, ਇਸ ਤੋਂ ਕੀ ਸਿੱਧ ਹੁੰਦਾ ਹੈ? ਇਹੀ ਕਿ ਮਜਬੂਰੀ ’ਚ ਕੁੱਝ ਵੀ ਕਰ ਸਕਦਾ ਹੈ। ਜਦੋਂ ਆਸਿਫ ਜ਼ਰਦਾਰੀ ਰਾਸ਼ਟਰਪਤੀ ਸਨ ਤਾਂ ਮੈਂ ਫੋਨ ਕਰ ਕੇ ਪੁੱਛਿਆ ਕਿ ਤੁਹਾਡੇ ਭਿਅਾਨਕ ਆਰਥਿਕ ਸੰਕਟ ’ਚ ਕੀ ਅਸੀਂ ਤੁਹਾਨੂੰ ਕੁਝ ਮਦਦ ਦੇਈਏ ਤਾਂ ਤੁਸੀਂ ਮੰਨ ਲਵੋਗੇ? ਉਸ ਨਾਲ ਤੁਹਾਡੀ ਸੀਟ ਨੂੰ ਖਤਰਾ ਤਾਂ ਨਹੀਂ ਹੋ ਜਾਵੇਗਾ? ਉਨ੍ਹਾਂ ਵੱਲੋਂ ਖੁਸ਼ੀ ਅਤੇ ਹੈਰਾਨੀ ਦੋਵੇਂ ਪ੍ਰਗਟ ਕੀਤੇ ਗਏ ਪਰ ਸਾਡੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਦੀ ਹਿੰਮਤ ਨਹੀਂ ਪਈ। ਜੇਕਰ ਨਰਿੰਦਰ ਮੋਦੀ ਇਸ ਸ਼ਾਹਬਾਜ਼ ਸ਼ਰੀਫ ਨੂੰ ਉਹੋ ਜਿਹਾ ਹੀ ਇਸ਼ਾਰਾ ਕਰ ਕੇ ਦੇਖੇ ਤਾਂ ਸ਼ਾਇਦ ਕੋਈ ਚਮਤਕਾਰ ਹੋ ਜਾਵੇ। ਭਾਰਤ-ਪਾਕਿ ਸਬੰਧਾਂ ’ਚ ਮਿਸਾਲੀ ਸੁਧਾਰ ਦੇ ਦੁਆਰ ਖੁੱਲ੍ਹ ਸਕਦੇ ਹਨ।
-ਡਾ. ਵੇਦ ਪ੍ਰਤਾਪ ਵੈਦਿਕ


Manoj

Content Editor

Related News