ਧਰਮ-ਨਿਰਪੱਖਤਾ ਦਾ ਅਰਥ ''ਨਾਸਤਿਕਤਾ'' ਨਹੀਂ

Thursday, Feb 14, 2019 - 07:42 AM (IST)

ਧਰਮ-ਨਿਰਪੱਖਤਾ ਦਾ ਅਰਥ ''ਨਾਸਤਿਕਤਾ'' ਨਹੀਂ

ਅਫਸੋਸ ਹੋਇਆ ਕਿ ਭਾਰਤ ਦੀ ਧਰਮ-ਨਿਰਪੱਖਤਾ ਦੇ ਕੁਝ ਹਮਾਇਤੀਆਂ ਨੇ ਸੁਪਰੀਮ ਕੋਰਟ 'ਚ ਰਿੱਟ ਦਾਇਰ ਕੀਤੀ ਹੈ ਕਿ ਸਕੂਲਾਂ 'ਚ ਸਵੇਰ ਦੇ ਸਮੇਂ ਕੀਤੀਆਂ ਜਾਣ ਵਾਲੀਆਂ ਪ੍ਰਾਰਥਨਾਵਾਂ ਬੱਚਿਆਂ ਦੇ ਮਨਾਂ ਨੂੰ ਧਾਰਮਿਕਤਾ ਵੱਲ ਲੈ ਜਾਂਦੀਆਂ ਹਨ ਤੇ ਇਸ ਨਾਲ ਭਾਰਤੀ ਸੰਵਿਧਾਨ ਦੀ ਇਸ  ਭਾਵਨਾ ਨੂੰ ਠੇਸ ਲੱਗਦੀ ਹੈ ਕਿ 'ਭਾਰਤ ਇਕ ਧਰਮ-ਨਿਰਪੱਖ ਦੇਸ਼ ਹੈ'।
ਮੈਨੂੰ ਧਰਮ-ਨਿਰਪੱਖਤਾ ਦੇ ਅਜਿਹੇ ਕਥਿਤ ਰਖਵਾਲਿਆਂ ਦੀ ਦਲੀਲ 'ਤੇ ਅਫਸੋਸ ਹੁੰਦਾ ਹੈ। ਧਰਮ-ਨਿਰਪੱਖਤਾ ਦਾ ਮਤਲਬ ਇਹ ਨਹੀਂ ਕਿ ਭਾਰਤ ਇਕ ਨਾਸਤਿਕ ਦੇਸ਼ ਹੈ। ਇਸ ਦਾ ਭਾਵ ਇਹ ਵੀ ਨਹੀਂ ਕਿ ਧਰਮ ਅਫੀਮ ਵਾਂਗ ਹੈ। 
ਧਰਮ-ਨਿਰਪੱਖ ਹੋਣ ਦੇ ਇਹ ਵੀ ਮਾਇਨੇ ਨਹੀਂ ਕਿ ਭਾਰਤ ਇਕ ਸਾਮਵਾਦੀ ਦੇਸ਼ ਹੈ। ਧਰਮ-ਨਿਰਪੱਖ ਹੋਣ ਦਾ ਮਤਲਬ ਇਹ ਹੈ ਕਿ ਭਾਰਤ ਸਰਕਾਰ ਕਿਸੇ ਵੀ ਧਰਮ ਨੂੰ 'ਆਸਰਾ' ਨਹੀਂ ਦੇਵੇਗੀ, ਸਰਕਾਰ ਦਾ ਕੋਈ ਧਰਮ ਨਹੀਂ ਹੋਵੇਗਾ। ਦੂਜੇ ਅਰਥਾਂ 'ਚ  ਭਾਰਤ ਸਰਕਾਰ ਸਾਰੇ ਧਰਮਾਂ ਦਾ ਬਰਾਬਰ ਤੌਰ 'ਤੇ ਆਦਰ ਕਰੇਗੀ ਤੇ ਕਿਸੇ ਦੇ ਧਾਰਮਿਕ ਕੰਮਾਂ 'ਚ ਦਖਲ ਨਹੀਂ ਦੇਵੇਗੀ। 
ਧਰਮ ਪੂਜਾ ਪ੍ਰਣਾਲੀ ਨਹੀਂ
ਥੋੜ੍ਹਾ ਧਰਮ-ਨਿਰਪੱਖਤਾਵਾਦੀ ਹੋਣ ਦਾ ਅਰਥ ਵੀ ਸਮਝ ਲਈਏ : ਧਰਮ ਪੂਜਾ ਪ੍ਰਣਾਲੀ ਨਹੀਂ, ਇਕ ਸਾਧਨ ਹੈ, ਜਿਸ ਨਾਲ ਸਮਾਜ ਸਿਹਤਮੰਦ ਰਹਿੰਦਾ ਹੈ। ਬੇਟੇ ਦਾ ਧਰਮ ਹੈ ਕਿ ਉਹ ਆਪਣੇ ਬਜ਼ੁਰਗ ਮਾਂ-ਪਿਓ ਦੀ ਸੇਵਾ ਕਰੇ ਚਾਹੇ ਉਹ ਉਨ੍ਹਾਂ ਦੇ ਕੋਲ ਰਹਿੰਦਾ ਹੋਵੇ ਜਾਂ ਦੂਰ। ਜਿਵੇਂ ਅੱਗ ਦਾ ਧਰਮ ਹੈ ਸਾੜਨਾ, ਉਹ ਜਿਥੇ ਵੀ ਹੁੰਦੀ ਹੈ, ਉਥੇ ਆਪਣਾ ਧਰਮ ਨਿਭਾਉਂਦੀ ਹੈ ਭਾਵ ਧਰਮ ਸਰਵਭੌਮਿਕ ਹੈ, ਜੋ ਸਮਾਜ ਤੇ ਮਨੁੱਖ ਨੂੰ ਉੱਪਰ ਚੁੱਕਦਾ ਹੈ। 
ਪਰ ਕੁਝ ਲੋਕਾਂ ਨੇ ਸੁਪਰੀਮ ਕੋਰਟ 'ਚ ਇਹ ਅਰਜ਼ੀ ਦਿੱਤੀ ਹੈ ਕਿ ਸਕੂਲਾਂ 'ਚ ਸਵੇਰ ਦੇ ਸਮੇਂ ਜੋ ਪ੍ਰਾਰਥਨਾਵਾਂ ਕੀਤੀਆਂ ਜਾਂਦੀਆਂ ਹਨ, ਉਹ ਭਾਰਤ ਦੀ ਧਰਮ-ਨਿਰਪੱਖਤਾ ਦੀ ਭਾਵਨਾ ਨੂੰ ਤੋੜਦੀਆਂ ਹਨ, ਇਸ ਲਈ ਇਹ ਗੈਰ-ਸੰਵਿਧਾਨਕ ਹਨ ਅਤੇ ਦੇਸ਼ ਦੇ ਹਿੱਤ 'ਚ ਨਹੀਂ। ਸੁਪਰੀਮ ਕੋਰਟ ਹੁਣ ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਨੂੰ  ਹਦਾਇਤ ਜਾਰੀ ਕਰੇ ਕਿ ਸਕੂਲਾਂ ਦੀਆਂ ਪ੍ਰਾਰਥਨਾਵਾਂ ਬੰਦ ਹੋਣ। 
ਸਰਕਾਰ ਦੀ ਨਜ਼ਰ 'ਚ ਸਭ ਬਰਾਬਰ 
ਇਸ ਦੇਸ਼ ਦੇ ਬੁੱਧੀਜੀਵੀ ਲੋਕ ਵਿਚਾਰ ਕਰਨ ਕਿ ਧਰਮ-ਨਿਰਪੱਖ ਹੋਣ ਦਾ ਕੀ ਅਰਥ ਹੈ–ਤੁਸੀਂ ਮੰਦਰ ਜਾਂਦੇ ਹੋ ਜਾਓ, ਕੋਈ ਮਸਜਿਦ ਜਾਂਦਾ ਹੈ ਜਾਵੇ, ਕਿਸੇ ਦਾ ਗਿਰਜਾਘਰ 'ਚ ਵਿਸ਼ਵਾਸ ਹੈ ਤਾਂ ਉਹ ਰੱਖੇ, ਮੈਂ ਗੁਰਦੁਆਰੇ 'ਚ ਜਪੁਜੀ ਸਾਹਿਬ ਦਾ ਪਾਠ ਕਰਦਾ ਹਾਂ, ਇਹ ਮੇਰਾ ਵਿਸ਼ਵਾਸ ਹੈ। ਇਸ 'ਤੇ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ। ਸ਼ਰਤ ਇਹ ਹੈ ਕਿ ਦੂਜੇ ਦਾ ਮਜ਼ਹਬ ਮੇਰੇ ਮਜ਼ਹਬ ਨੂੰ ਬੁਰਾ ਨਾ ਕਹੇ। ਸਰਕਾਰ ਦੀ ਨਜ਼ਰ 'ਚ ਸਭ ਬਰਾਬਰ ਹਨ। 
ਧਰਮ-ਨਿਰਪੱਖਤਾ ਦੇ ਨਾਂ ਹੇਠ ਨਾਸਤਿਕਤਾ ਦਾ ਪ੍ਰਚਾਰ ਕਰਨ ਵਾਲੇ ਧਿਆਨ ਦੇਣ ਕਿ ਸਕੂਲਾਂ 'ਚ ਸਮਾਜ ਦੇ ਹਰ ਵਰਗ ਦੇ ਬੱਚੇ ਆਉਂਦੇ ਹਨ ਤੇ ਜੇ ਉਹ ਸਵੇਰ ਨੂੰ ਪੜ੍ਹਾਈ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਾਰਥਨਾ ਕਰਦੇ ਹਨ ਤਾਂ ਬੁਰਾ ਕੀ ਕਰਦੇ ਹਨ? ਇਸ ਪ੍ਰਾਰਥਨਾ ਨਾਲ ਦੇਸ਼ ਨਿਘਾਰ 'ਚ ਕਿੱਥੇ ਚਲਾ ਗਿਆ? ਇਸ ਨਾਲ ਭਾਰਤ ਦੇ ਸੰਵਿਧਾਨ ਨੂੰ ਕੀ ਹੋ ਜਾਵੇਗਾ? ਇਸ ਨਾਲ ਧਰਮ-ਨਿਰਪੱਖਤਾ ਨੂੰ ਠੇਸ ਕਿਵੇਂ ਲੱਗੇਗੀ?
ਮੈਨੂੰ ਜ਼ਿੰਦਗੀ ਦੇ ਹਰ ਪੜਾਅ 'ਤੇ ਹਰੇਕ ਪ੍ਰਾਰਥਨਾ 'ਚ ਅਜੀਬ ਜਿਹੇ ਆਨੰਦ ਦਾ ਅਹਿਸਾਸ ਹੋਇਆ। ਲੱਗਾ ਹੀ ਨਹੀਂ ਕਿ ਇਨ੍ਹਾਂ ਪ੍ਰਾਰਥਨਾਵਾਂ 'ਚ ਕੋਈ ਸੌੜਾਪਣ ਹੈ। ਕਿਸੇ ਨੇ ਨਹੀਂ ਕਿਹਾ ਕਿ ਇਹ ਪ੍ਰਾਰਥਨਾਵਾਂ ਬੱਚਿਆਂ ਅੰਦਰ ਧਾਰਮਿਕ ਜਨੂੰਨ ਪੈਦਾ ਕਰਦੀਆਂ ਹਨ। ਅੱਜ ਆਜ਼ਾਦੀ ਦੇ 7 ਦਹਾਕਿਆਂ ਬਾਅਦ ਧਰਮ-ਨਿਰਪੱਖਤਾ ਵਾਲਿਆਂ ਨੂੰ ਇਹ ਡਰ ਕਿਉਂ ਸਤਾਉਣ ਲੱਗਾ ਹੈ ਕਿ ਸਕੂਲਾਂ 'ਚ ਕੀਤੀਆਂ ਜਾਣ ਵਾਲੀਆਂ ਪ੍ਰਾਰਥਨਾਵਾਂ ਭਾਰਤ ਦੀ ਧਰਮ-ਨਿਰਪੱਖਤਾ ਲਈ ਖਤਰਾ ਪੈਦਾ ਕਰ ਰਹੀਆਂ ਹਨ? 
ਅਸਲ 'ਚ ਇਹ ਪ੍ਰਾਰਥਨਾਵਾਂ ਬੱਚਿਆਂ ਨੂੰ ਨਿਮਰਤਾ ਅਤੇ ਨੈਤਿਕਤਾ ਦਾ ਪਾਠ ਪੜ੍ਹਾਉਂਦੀਆਂ ਹਨ, ਆਸਤਿਕ ਨਹੀਂ ਬਣਾਉਂਦੀਆਂ। ਬੱਚੇ ਆਸਤਿਕ ਬਣ ਵੀ ਜਾਣ ਤਾਂ ਭਾਰਤ ਨੂੰ ਕੀ ਨੁਕਸਾਨ?
ਭਾਰਤ ਦੀ ਧਰਮ-ਨਿਰਪੱਖਤਾ ਨੂੰ ਠੇਸ ਤਾਂ ਉਹ ਤਾਕਤਾਂ ਪਹੁੰਚਾ ਰਹੀਆਂ ਹਨ, ਜੋ ਚੀਨ ਦੀ ਵਫਾਦਾਰੀ ਨਾਲ ਬੱਝੀਆਂ ਹਨ, ਜੋ ਅਰਾਜਕਤਾ ਫੈਲਾਉਣਾ ਚਾਹੁੰਦੀਆਂ ਹਨ। ਜਿਨ੍ਹਾਂ ਨੂੰ ਸਕੂਲ ਦੀਆਂ ਪ੍ਰਾਰਥਨਾਵਾਂ ਤੋਂ ਡਰ ਲੱਗਦਾ ਹੈ, ਉਹ ਦੱਸਣ ਕਿ ਕੀ ਇਨ੍ਹਾਂ ਦੀ ਥਾਂ ਸਕੂਲਾਂ 'ਚ 'ਜ਼ਿੰਦਾਬਾਦ-ਮੁਰਦਾਬਾਦ' ਦੇ ਨਾਅਰੇ ਲਾਏ ਜਾਣ? ਕਥਿਤ ਧਰਮ-ਨਿਰਪੱਖੀਆਂ ਨੂੰ ਉਨ੍ਹਾਂ ਲੋਕਾਂ ਤੋਂ ਡਰ ਕਿਉਂ ਨਹੀਂ ਲੱਗਦਾ, ਜਿਹੜੇ ਆਜ਼ਾਦੀ ਦੇ 7 ਦਹਾਕਿਆਂ ਬਾਅਦ ਵੀ ਮਹਾਤਮਾ ਗਾਂਧੀ ਦੀਆਂ ਤਸਵੀਰਾਂ ਨੂੰ ਗੋਲੀਆਂ ਮਾਰ ਰਹੇ ਹਨ?
ਸਰਕਾਰ ਨੇ ਅਜਿਹਾ ਕਰਨ ਵਾਲੇ ਇਕ ਜੋੜੇ ਨੂੰ ਗ੍ਰਿਫਤਾਰ ਕੀਤਾ ਹੈ, ਜੋ ਮਹਾਤਮਾ ਗਾਂਧੀ ਦੀ ਤਸਵੀਰ 'ਤੇ ਗੋਲੀਆਂ ਚਲਾ ਕੇ 'ਬਹਾਦਰ' ਅਖਵਾਉਣਾ ਚਾਹੁੰਦਾ ਹੈ ਪਰ ਇਸ ਦੀ ਅਸਲੀਅਤ ਇਹ ਹੈ ਕਿ ਗ੍ਰਿਫਤਾਰ ਕੀਤਾ ਗਿਆ ਜੋੜਾ ਕਾਇਰ ਹੈ, ਘਟੀਆ ਮਾਨਸਿਕਤਾ ਵਾਲਾ ਹੈ। ਤੁਸੀਂ ਮਹਾਤਮਾ ਗਾਂਧੀ ਨੂੰ ਗੋਲੀ ਮਾਰ ਸਕਦੇ ਹੋ, ਉਨ੍ਹਾਂ ਦੀਆਂ ਤਸਵੀਰਾਂ, ਬੁੱਤਾਂ 'ਤੇ ਕਾਲਖ ਮਲ਼ ਸਕਦੇ ਹੋ ਪਰ ਵਿਸ਼ਵ ਰੰਗਮੰਚ 'ਤੋਂ ਗਾਂਧੀਵਾਦ ਨੂੰ ਖਤਮ ਨਹੀਂ ਕਰ ਸਕਦੇ।
ਕੀ ਨੱਥੂਰਾਮ ਗੋਡਸੇ ਦੀਆਂ ਗੋਲੀਆਂ ਗਾਂਧੀ ਦੀ ਵਿਚਾਰਧਾਰਾ ਨੂੰ ਖਤਮ ਕਰ ਸਕੀਆਂ? ਯਕੀਨੀ ਤੌਰ 'ਤੇ ਨਹੀਂ। ਹਜ਼ਾਰਾਂ ਸਾਲਾਂ 'ਚ ਕਦੇ ਕੋਈ ਇਕ ਗਾਂਧੀ ਪੈਦਾ ਹੁੰਦਾ ਹੈ। ਗਾਂਧੀ ਜੀ ਅਹਿੰਸਾ, ਸੱਤਿਆਗ੍ਰਹਿ ਤੇ ਸੱਚ ਦੇ ਹਥਿਆਰ ਨਾਲ ਬ੍ਰਿਟਿਸ਼ ਹਕੂਮਤ ਸਾਹਮਣੇ ਡਟੇ ਰਹੇ। ਇਕ ਧੋਤੀ ਤੇ ਇਕ ਲੰਗੋਟੀ ਨਾਲ ਉਨ੍ਹਾਂ ਨੇ ਭਾਰਤ 'ਚ ਕ੍ਰਾਂਤੀ ਦੀ ਜਵਾਲਾ ਫੂਕੀ, ਦੇਸ਼ ਨੂੰ ਆਜ਼ਾਦ ਕਰਵਾਇਆ। 
ਹੁਣ ਧਰਮ-ਨਿਰਪੱਖਤਾਵਾਦੀ ਇਹ ਰਾਗ ਅਲਾਪਦੇ ਰਹਿਣਗੇ ਕਿ ਸਰਕਾਰ ਨੇ ਉਕਤ ਜੋੜੇ ਨੂੰ ਗ੍ਰਿਫਤਾਰ ਕਰ ਕੇ ਮਾੜਾ ਕੰਮ ਕੀਤਾ ਹੈ। ਕਦੇ ਹਾਈਕੋਰਟ, ਕਦੇ ਸੁਪਰੀਮ ਕੋਰਟ, ਕਦੇ ਜਨ-ਅੰਦੋਲਨ ਦੇ ਜ਼ਰੀਏ ਸਕੂਲੀ ਪ੍ਰਾਰਥਨਾਵਾਂ ਨੂੰ ਸਿੱਖਿਆ ਦਾ ਭਗਵਾਕਰਨ ਕਿਹਾ ਜਾਵੇਗਾ ਅਤੇ ਗਾਂਧੀ ਦੀ ਤਸਵੀਰ 'ਤੇ ਗੋਲੀਆਂ ਚਲਾਉਣ ਵਾਲੇ ਜੋੜੇ ਵਿਰੁੱਧ ਸਰਕਾਰੀ ਕਾਰਵਾਈ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੱਸਿਆ ਜਾਵੇਗਾ। 
ਅਜਿਹੇ ਅਨਸਰਾਂ ਦਾ ਉਦੇਸ਼ ਸਿਰਫ ਅਰਾਜਕਤਾ ਫੈਲਾਉਣਾ ਹੈ, ਊਚ-ਨੀਚ, ਜਾਤ-ਬਰਾਦਰੀ ਨੂੰ ਭੜਕਾਉਣਾ ਹੈ। ਨਾ ਇਨ੍ਹਾਂ ਨੂੰ ਦੇਸ਼ ਦੇ ਵਿਕਾਸ ਦੀ ਚਿੰਤਾ ਹੈ ਤੇ ਨਾ ਸੰਵਿਧਾਨ ਦੀ। ਇਹ ਧਰਮ-ਨਿਰਪੱਖਤਾਵਾਦੀ ਸਿਰਫ ਆਪਣੀ ਘਟੀਆ ਬਿਆਨਬਾਜ਼ੀ ਨਾਲ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰਨਾ ਚਾਹੁੰਦੇ ਹਨ। ਸਾਨੂੰ ਅਜਿਹੇ ਅਰਾਜਕ ਅਨਸਰਾਂ ਤੋਂ ਬਚਣਾ ਚਾਹੀਦਾ ਹੈ।


author

Bharat Thapa

Content Editor

Related News