ਸ਼ੰਘਾਈ ਬੈਂਕ ਦੇ ਮੁਲਾਜ਼ਮਾਂ ਦੀ ਤਨਖਾਹ 50 ਫੀਸਦੀ ਕੱਟੀ ਗਈ
Monday, May 22, 2023 - 12:18 AM (IST)

ਚੀਨ ਦੀ ਵਿੱਤੀ ਹਾਲਤ ਦਿਨ-ਬ-ਦਿਨ ਖਰਾਬ ਹੁੰਦੀ ਜਾ ਰਹੀ ਹੈ। ਇਸ ਦੀ ਉਦਾਹਰਣ ਉਦੋਂ ਵੇਖਣ ਨੂੰ ਮਿਲੀ ਜਦੋਂ ਚੀਨ ’ਚ ਵੀਚੈਟ ’ਤੇ ਇਕ ਪੋਸਟ ਨੇ ਭੂਚਾਲ ਲਿਆ ਦਿੱਤਾ। ਵੀਚੈਟ, ਚੀਨ ਦਾ ਵ੍ਹਟਸਐਪ ਹੈ ਜਿੱਥੇ ਲੋਕ ਸਮਾਜਿਕ ਸੰਦੇਸ਼ ਪੋਸਟ ਕਰਦੇ ਹਨ। ਸ਼ੰਘਾਈ ਫੂਤੁੰਗ ਵਿਕਾਸ ਬੈਂਕ ਦੇ ਇਕ ਮੁਲਾਜ਼ਮ ਨੇ ਆਪਣੀ ਤਨਖਾਹ ਦਾ ਸਕ੍ਰੀਨ ਸ਼ਾਟ ਪੋਸਟ ਕੀਤਾ ਜਿਸ ’ਚ ਉਸ ਦੀ ਤਨਖਾਹ 70 ਫੀਸਦੀ ਕੱਟੀ ਗਈ ਸੀ। ਉਸ ਨੂੰ ਮੁਸ਼ਕਲ ਨਾਲ 6000 ਯੂਆਨ ਹੀ ਤਨਖਾਹ ਵਜੋਂ ਮਿਲੇ ਸਨ। ਚੀਨ ਦੀ ਇਹ ਹਾਲਤ ਉੱਥੋਂ ਦੇ ਮੁਲਾਜ਼ਮਾਂ ’ਚ ਦੁੱਖ, ਪ੍ਰੇਸ਼ਾਨੀ ਅਤੇ ਨਿਰਾਸ਼ਾ ਭਰ ਰਹੀ ਹੈ। ਜਦੋਂ ਇਹ ਪੋਸਟ ਕਈ ਲੋਕਾਂ ਤੱਕ ਪੁੱਜੀ ਤਾਂ ਇਸ ਨੂੰ ਸ਼ੰਘਾਈ ਫੂਤੁੰਗ ਵਿਕਾਸ ਬੈਂਕ ਦੇ ਚੋਟੀ ਦੇ ਅਧਿਕਾਰੀਆਂ ਨੇ ਵੀ ਵੇਖਿਆ ਅਤੇ ਅਧਿਕਾਰਤ ਤੌਰ ’ਤੇ ਕਿਹਾ ਕਿ ਇਹ ਖਬਰ ਸੱਚ ਹੈ। ਕਈ ਮੁਲਾਜ਼ਮਾਂ ਦੀਆਂ ਤਨਖਾਹਾਂ ’ਚ 50 ਤੋਂ 70 ਫੀਸਦੀ ਤੱਕ ਕਟੌਤੀ ਕੀਤੀ ਗਈ ਹੈ। ਨਾ ਸਿਰਫ ਸ਼ੰਘਾਈ ਦੇ ਇਕ ਬੈਂਕ ਸਗੋਂ ਵੱਖ-ਵੱਖ ਪੱਧਰ ਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੀ ਤਨਖਾਹ ’ਚ ਵੀ ਕਟੌਤੀ ਹੋਈ ਹੈ। ਕਈ ਹੋਰ ਬੈਂਕਾਂ ਨੇ ਵੀ ਇਹ ਕਦਮ ਚੁੱਕਿਆ ਹੈ। ਇਸ ਕਾਰਨ ਬੈਂਕ ਦੇ ਕਈ ਮੁਲਾਜ਼ਮ ਆਪਣੀਆਂ ਨੌਕਰੀਆਂ ਛੱਡ ਕੇ ਨਿੱਜੀ ਬੈਂਕਾਂ, ਲੀਜ਼ ਕੰਪਨੀ, ਟਰੱਸਟ, ਆਨਲਾਈਨ ਵਿੱਤੀ ਅਦਾਰੇ ਅਤੇ ਹੋਰਨਾਂ ਵਿੱਤੀ ਅਦਾਰਿਆਂ ’ਚ ਜਾ ਰਹੇ ਹਨ। ਇਸ ਸਮੇਂ ਉਹ ਹਰ ਉਸ ਵਿੱਤੀ ਅਦਾਰੇ ’ਚ ਨੌਕਰੀ ਲੱਭ ਰਹੇ ਹਨ ਜਿੱਥੇ ਉਨ੍ਹਾਂ ਨੂੰ ਚੰੰਗੀ ਤਨਖਾਹ ਦੇਣ ਦਾ ਵਾਅਦਾ ਕੀਤਾ ਜਾ ਰਿਹਾ ਹੈ। ਿਵੱਤੀ ਅਦਾਰਿਆਂ ’ਚ ਨੌਕਰੀਆਂ ਦਿਵਾਉਣ ਵਾਲੀ ਵੈੱਬਸਾਈਟ ’ਚ ਕੰਮ ਕਰਨ ਵਾਲੇ ਇਕ ਅਧਿਕਾਰੀ ਨੇ ਦੱਸਿਆ ਕਿ ਹੁਣ ਕੌਮੀ ਬੈਂਕਾਂ ’ਚ ਕੰਮ ਕਰਨ ਵਾਲੇ ਵਿੱਤੀ ਪੇਸ਼ੇਵਰ ਲੋਕ ਹੀ ਨਿੱਜੀ ਬੈਂਕਾਂ ਅਤੇ ਵਿੱਤੀ ਅਦਾਰਿਆਂ ’ਚ ਨੌਕਰੀਆਂ ਲਈ ਆਪਣੇ ਬਾਇਓਡਾਟਾ ਭੇਜ ਰਹੇ ਹਨ। ਪਹਿਲਾਂ ਅਜਿਹਾ ਕਦੀ ਵੀ ਨਹੀਂ ਵੇਖਿਆ ਗਿਆ। ਕੁਝ ਨਿੱਜੀ ਬੈਂਕਾਂ, ਵਿੱਤੀ ਅਦਾਰਿਆਂ ਅਤੇ ਆਨਲਾਈਨ ਵਿੱਤੀ ਅਦਾਰਿਆਂ ਨੇ ਦੱਸਿਆ ਕਿ ਉਹ ਯਕੀਨੀ ਤੌਰ ’ਤੇ ਚੀਨ ਦੇ ਸਭ ਤੋਂ ਵੱਡੇ 5 ਬੈਂਕਾਂ ’ਚ ਕੰਮ ਕਰਨ ਵਾਲੇ ਅਜਿਹੇ ਪੇਸ਼ੇਵਰਾਂ ਨੂੰ ਵਧੇਰੇ ਤਨਖਾਹ ਦੇਣਗੇ ਕਿਉਂਕਿ ਉਨ੍ਹਾਂ ਪੇਸ਼ੇਵਰ ਲੋਕਾਂ ਨੇ ਚੀਨ ਦੇ ਰਾਸ਼ਟਰੀ ਬੈਂਕਾਂ ’ਚ ਕੰਮ ਕਰਨ ਦਾ ਚੰਗਾ ਤਜਰਬਾ ਹਾਸਲ ਕਰ ਲਿਆ ਹੈ। ਉਨ੍ਹਾਂ ਨੂੰ ਵਪਾਰਕ ਸਿਸਟਮ ਅਤੇ ਕਸਟਮਰ ਕ੍ਰੈਡਿਟ ਦੀ ਚੰਗੀ ਜਾਣਕਾਰੀ ਹੈ।
ਇਸ ਦਾ ਇਕ ਮਾੜਾ ਅਸਰ ਇਹ ਹੋਵੇਗਾ ਕਿ ਰਾਸ਼ਟਰੀ ਬੈਂਕਾਂ ਨੂੰ ਪ੍ਰਤਿਭਾਸ਼ਾਲੀ ਨੌਜਵਾਨ ਨੌਕਰੀ ਲਈ ਨਹੀਂ ਮਿਲਣਗੇ ਕਿਉਂਕਿ ਉਹ ਆਪਣੀ ਨੌਕਰੀ ਪ੍ਰਤੀ ਸੁਰੱਖਿਆ ਚਾਹੁੰਦੇ ਹਨ। ਖਰਾਬ ਤਨਖਾਹ ਅਤੇ ਉਸ ’ਚ ਵੀ ਕਟੌਤੀ ਕਰਨ ਕਾਰਨ ਕੌਮੀ ਬੈਂਕਾਂ ਦੀ ਸਾਖ ’ਤੇ ਧੱਬਾ ਲੱਗ ਰਿਹਾ ਹੈ। ਇਕ ਗੱਲ ਸਮਝ ਤੋਂ ਪਰ੍ਹੇ ਹੈ ਕਿ ਜਿੱਥੇ ਚੀਨ ਦੀ ਘਰੇਲੂ ਸਥਿਤੀ ਇੰਨੀ ਖਰਾਬ ਹੈ ਕਿ ਉਹ ਆਪਣੇ ਬੈਂਕ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀਆਂ ਤਨਖਾਹਾਂ ’ਚ ਕਟੌਤੀ ਕਰ ਰਿਹਾ ਹੈ ਤਾਂ ਉੱਥੇ ਵਿਦੇਸ਼ਾਂ ’ਚ ਕਈ ਦੇਸ਼ਾਂ ਨੂੰ ਆਪਣੇ ਪਾਲੇ ’ਚ ਕਰਨ ਲਈ ਉਹ ਅਰਬਾਂ ਡਾਲਰ ਦਾ ਨਿਵੇਸ਼ ਵੀ ਕਰ ਰਿਹਾ ਹੈ। ਓਧਰ ਐੱਸ. ਪੀ. ਡੀ. ਬੀ. ਬੈਂਕ ਤੋਂ ਮਿਲੀ ਜਾਣਕਾਰੀ ਮੁਤਾਬਕ ਜਿੱਥੇ ਕੁਝ ਲੋਕਾਂ ਦੀ ਤਨਖਾਹ ’ਚ ਕਟੌਤੀ ਹੋਈ ਹੈ ਉੱਥੇ ਦੂਜੇ ਪਾਸੇ ਕੁਝ ਦੀ ਤਨਖਾਹ ਨੂੰ ਵਧਾਇਆ ਵੀ ਗਿਆ ਹੈ। ਇਸ ਪਿੱਛੋਂ ਬੈਂਕ ਅਧਿਕਾਰੀਆਂ ਨੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ। ਇਸ ਦਾ ਮਤਲਬ ਜਾਣਕਾਰ ਸੂਤਰ ਇਹ ਕੱਢ ਰਹੇ ਹਨ ਕਿ ਜਦੋਂ ਬੈਂਕਾਂ ਨੂੰ ਵਿੱਤੀ ਲਾਭ ਨਹੀਂ ਹੋ ਰਿਹਾ ਤਾਂ ਅਜਿਹੀ ਹਾਲਤ ’ਚ ਉਹ ਆਪਣੇ ਮੁਲਾਜ਼ਮਾਂ ਦੀ ਤਨਖਾਹ ’ਚ ਵਾਧਾ ਕਿਵੇਂ ਕਰ ਸਕਦੇ ਹਨ। ਚੀਨ ਦੇ ਪੰਜਵੇਂ ਸਭ ਤੋਂ ਵੱਡੇ ਬੈਂਕ ਭਾਵ ਬੈਂਕ ਆਫ ਕਮਿਊਨੀਕੇਸ਼ਨਜ਼ ਕੰਪਨੀ ਲਿਮਟਿਡ ਨੇ ਇਸ ਸਾਲ ਜਨਵਰੀ ’ਚ ਕਿਹਾ ਸੀ ਕਿ ਉਹ ਤਨਖਾਹ ਦਿੰਦੇ ਸਮੇਂ ਮੁਲਾਜ਼ਮਾਂ ਦੀ ਕਾਰਗੁਜ਼ਾਰੀ ’ਤੇ ਵਧੇਰੇ ਧਿਆਨ ਦੇਵੇਗੀ ਜਿਸ ਨਾਲ ਬਹੁਤ ਸਾਰੇ ਲੋਕਾਂ ਨੂੰ ਬੈਂਕ ਛੱਡਣਾ ਪਵੇਗਾ। ਸਰਕਾਰੀ ਬੈਂਕਾਂ ਦੀ ਇਸ ਨੀਤੀ ਦਾ ਲਾਭ ਨਿੱਜੀ ਬੈਂਕ ਉਠਾ ਰਹੇ ਹਨ। ਕੁਝ ਵਿੱਤੀ ਜਾਣਕਾਰਾਂ ਦਾ ਕਹਿਣਾ ਹੈ ਕਿ ਚੀਨ ਸਰਕਾਰ ਕੋਲ ਹੁਣ ਇੰਨੇ ਪੈਸੇ ਨਹੀਂ ਹਨ ਕਿ ਉਹ ਆਪਣੇ ਬੈਂਕ ਮੁਲਾਜ਼ਮਾਂ ਨੂੰ ਮੋਟੀ ਤਨਖਾਹ ਦੇਵੇ। ਇਸ ਲਈ ਉਹ ਬਿਨਾਂ ਸੋਚੇ ਸਮਝੇ ਨੀਤੀਆਂ ਨੂੰ ਲਾਗੂ ਕਰ ਰਹੀ ਹੈ ਤਾਂ ਜੋ ਬੈਂਕਾਂ ਦਾ ਵਿੱਤੀ ਭਾਰ ਕੁਝ ਹੱਦ ਤੱਕ ਘੱਟ ਹੋ ਜਾਵੇ। ਚੀਨ ਦੇ ਸਰਕਾਰੀ ਬੈਂਕਾਂ ’ਚ ਇਸ ਸਮੇਂ ਦਰਮਿਆਨੇ ਪੱਧਰ ਦੇ ਮੁਲਾਜ਼ਮਾਂ ਦੀ ਸਾਲਾਨਾ ਤਨਖਾਹ 6 ਤੋਂ 8 ਲੱਖ ਯੂਆਨ ਹੈ। ਨਾਲ ਹੀ 5 ਸਾਲਾਨਾ ਛੁੱਟੀਆਂ ਵੀ ਮਿਲਦੀਆਂ ਹਨ। ਨਿੱਜੀ ਖੇਤਰ ਦੇ ਵਿੱਤੀ ਅਦਾਰੇ ਆਪਣੇ ਦਰਮਿਆਨੇ ਪੱਧਰ ਦੇ ਮੁਲਾਜ਼ਮਾਂ ਨੂੰ ਇਸ ਤੋਂ ਦੁੱਗਣੀ ਤਨਖਾਹ ਦਿੰਦੇ ਹਨ। ਨਾਲ ਹੀ ਵਿਦੇਸ਼ਾਂ ’ਚ ਘੁੰਮਣ ਲਈ ਲੰਬੀਆਂ ਛੁੱਟੀਆਂ ਵੀ ਦਿੰਦੇ ਹਨ। ਸਰਕਾਰੀ ਬੈਂਕਾਂ ’ਚ ਕੰਮ ਕਰਦੇ ਮੁਲਾਜ਼ਮਾਂ ਨੂੰ ਆਪਣਾ ਪਾਸਪੋਰਟ ਬੈਂਕ ਨੂੰ ਸੌਂਪਣਾ ਪੈਂਦਾ ਹੈ। ਜਦੋਂ ਉਨ੍ਹਾਂ ਨੇ ਵਿਦੇਸ਼ ਯਾਤਰਾ ’ਤੇ ਜਾਣਾ ਹੁੰਦਾ ਹੈ ਤਾਂ ਉਹ ਬੈਂਕ ਕੋਲੋਂ ਯਾਤਰਾ ਦੀ ਆਗਿਆ ਲਈ ਬੇਨਤੀ ਕਰਦੇ ਹਨ। ਬੈਂਕ ਆਫ ਚਾਈਨਾ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਾਲ ’ਚ ਇਕ ਵਾਰ ਵਿਦੇਸ਼ ਜਾਣ ਦਾ ਮੌਕਾ ਮਿਲਦਾ ਹੈ ਪਰ ਇਹ ਯਾਤਰਾ ਬਿਜ਼ਨੈੱਸ ਟਰਿੱਪ ਲਈ ਹੁੰਦੀ ਹੈ।