ਲੋਕ ਸਭਾ ਚੋਣਾਂ ''ਚ ਖੇਤਰੀ ਪਾਰਟੀਆਂ ਹੋਣਗੀਆਂ ''ਕਿੰਗ-ਮੇਕਰ''
Wednesday, Feb 06, 2019 - 06:13 AM (IST)

ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਖੇਤਰੀ ਪਾਰਟੀਆਂ 'ਕਿੰਗ-ਮੇਕਰ' ਹੋਣਗੀਆਂ। ਇਥੋਂ ਤਕ ਕਿ 'ਨਿਊਯਾਰਕ ਟਾਈਮਜ਼' ਨੇ ਵੀ ਕਿਹਾ ਹੈ ਕਿ ''ਜ਼ਿਆਦਾਤਰ ਸਮੀਖਿਅਕਾਂ ਦਾ ਮੰਨਣਾ ਹੈ ਕਿ ਨਾ ਤਾਂ ਮੋਦੀ ਦੀ ਪਾਰਟੀ ਭਾਜਪਾ ਅਤੇ ਨਾ ਹੀ ਕਾਂਗਰਸ ਨੂੰ ਸਪੱਸ਼ਟ ਬਹੁਮਤ ਮਿਲੇਗਾ। ਇਸ ਦਾ ਅਰਥ ਇਹ ਹੈ ਕਿ ਖੇਤਰੀ ਅਤੇ ਜਾਤ 'ਤੇ ਆਧਾਰਿਤ ਪਾਰਟੀਆਂ ਸ਼ਾਇਦ ਕਿੰਗ-ਮੇਕਰ ਬਣਨਗੀਆਂ।''
ਜ਼ਬਰਦਸਤ 'ਮੋਦੀ ਲਹਿਰ' ਦੇ ਬਾਵਜੂਦ 2014 'ਚ ਖੇਤਰੀ ਪਾਰਟੀਆਂ ਦੀ ਸਾਂਝੀ ਤਾਕਤ 212 ਸੀਟਾਂ ਦੀ ਸੀ, ਜੋ ਇਹ ਦਰਸਾਉਂਦੀ ਹੈ ਕਿ ਉਨ੍ਹਾਂ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੀ ਵੋਟ ਹਿੱਸੇਦਾਰੀ ਵੀ ਲੱਗਭਗ ਬਰਾਬਰ ਸੀ। ਮਮਤਾ ਬੈਨਰਜੀ (ਪੱਛਮੀ ਬੰਗਾਲ), ਨਵੀਨ ਪਟਨਾਇਕ (ਓਡਿਸ਼ਾ) ਅਤੇ ਸਵ. ਜੈਲਲਿਤਾ (ਤਾਮਿਲਨਾਡੂ) ਵਰਗੇ ਖੇਤਰੀ ਨੇਤਾਵਾਂ ਦੀ ਆਪੋ-ਆਪਣੇ ਸੂਬਿਆਂ 'ਤੇ ਮਜ਼ਬੂਤ ਪਕੜ ਰਹੀ ਹੈ। ਭਾਜਪਾ ਨੂੰ ਇਨ੍ਹਾਂ ਪਾਰਟੀਆਂ ਦਾ ਸਾਹਮਣਾ ਕਰਨ ਲਈ ਸ਼ਾਇਦ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇਗਾ।
ਇਕ ਰਣਨੀਤੀ ਦੇ ਤਹਿਤ ਪਾਰਟੀ ਨੂੰ ਯੂ. ਪੀ. 'ਚ ਸਪਾ-ਬਸਪਾ ਗੱਠਜੋੜ ਦਾ ਸਾਹਮਣਾ ਕਰਨਾ ਪਵੇਗਾ। ਬਿਹਾਰ 'ਚ ਇਸ ਨੇ ਰਾਜਦ ਦਾ ਸਾਹਮਣਾ ਕਰਨ ਲਈ ਜਨਤਾ ਦਲ (ਯੂ) ਨਾਲ ਗੱਠਜੋੜ ਕੀਤਾ ਹੋਇਆ ਹੈ ਤੇ ਹੁਣ ਇਹ ਪੱਛਮੀ ਬੰਗਾਲ ਅਤੇ ਓਡਿਸ਼ਾ 'ਚ ਆਪਣੇ ਪੈਰ ਪਸਾਰਨ ਦੀ ਕੋਸ਼ਿਸ਼ ਕਰ ਰਹੀ ਹੈ। ਟੀ. ਆਰ. ਐੱਸ. ਅਤੇ ਵਾਈ. ਐੱਸ. ਆਰ. ਕਾਂਗਰਸ ਦੇ ਨਾਲ-ਨਾਲ ਇਹ ਤਾਮਿਲਨਾਡੂ 'ਚ ਅੰਨਾ ਡੀ. ਐੱਮ. ਕੇ. ਨਾਲ ਚੋਣਾਂ ਤੋਂ ਬਾਅਦ ਗੱਠਜੋੜ ਲਈ ਉਡੀਕ ਕਰ ਰਹੀ ਹੈ।
ਕਾਂਗਰਸ ਨਾਲ ਭਾਜਪਾ ਦੀ ਸਿੱਧੀ ਲੜਾਈ ਆਸਾਨ ਹੋਵੇਗੀ
ਦਿਲਚਸਪ ਗੱਲ ਇਹ ਹੈ ਕਿ ਸੂਬਿਆਂ 'ਚ ਵੱਖ-ਵੱਖ ਸਿਆਸੀ ਪਾਰਟੀਆਂ ਦਾ ਸਾਹਮਣਾ ਕਰਨ ਦੀ ਬਜਾਏ ਕਾਂਗਰਸ ਨਾਲ ਸਿੱਧੀ ਲੜਾਈ ਸ਼ਾਇਦ ਭਾਜਪਾ ਲਈ ਆਸਾਨ ਹੋਵੇਗੀ। ਕਾਂਗਰਸ ਦਾ ਸਾਹਮਣਾ ਕਰਨਾ ਸਿਰਫ ਉਸ ਨੂੰ ਨਿੰਦਣਾ ਹੋ ਸਕਦਾ ਹੈ ਪਰ ਇਸ ਨੂੰ ਤੇਲਗੂਦੇਸ਼ਮ ਪਾਰਟੀ, ਵਾਈ. ਐੱਸ. ਆਰ. ਕਾਂਗਰਸ, ਟੀ. ਆਰ. ਐੱਸ., ਬੀਜੂ ਜਨਤਾ ਦਲ, ਤ੍ਰਿਣਮੂਲ ਕਾਂਗਰਸ, ਡੀ. ਐੱਮ. ਕੇ. ਅਤੇ ਅੰਨਾ ਡੀ. ਐੱਮ. ਕੇ. ਵਰਗੀਆਂ ਵੱਖ-ਵੱਖ ਖੇਤਰੀ ਪਾਰਟੀਆਂ ਦਾ ਸਾਹਮਣਾ ਕਰਨ ਲਈ ਵੱਖਰੀਆਂ ਸਕ੍ਰਿਪਟਾਂ ਦੀ ਲੋੜ ਹੋਵੇਗੀ, ਜਿਨ੍ਹਾਂ ਨੇ ਭਾਜਪਾ ਦੀ ਰਾਸ਼ਟਰਵਾਦੀ ਸਕ੍ਰਿਪਟ ਦਾ ਮੁਕਾਬਲਾ ਕਰਨ ਲਈ ਆਪਣੀਆਂ ਖੇਤਰੀ ਸਕ੍ਰਿਪਟਾਂ ਤਿਆਰ ਕਰ ਲਈਆਂ ਹਨ।
ਦੱਖਣ 'ਚ, ਜਿਥੇ ਖੇਤਰੀ ਪਾਰਟੀਆਂ ਦੀ ਚੰਗੀ ਪਕੜ ਹੈ, ਮੋਦੀ ਲਹਿਰ ਦੇ ਬਾਵਜੂਦ ਭਾਜਪਾ ਸਿਰਫ 22 ਸੀਟਾਂ ਜਿੱਤ ਸਕੀ। ਦੱਖਣੀ ਸੂਬਿਆਂ 'ਚ ਇਸ ਦਾ ਕੋਈ ਸਹਿਯੋਗੀ ਨਹੀਂ ਹੈ। ਸਵ. ਜੈਲਲਿਤਾ ਅਤੇ ਸਵ. ਕਰੁਣਾਨਿਧੀ ਤੋਂ ਬਾਅਦ ਉਨ੍ਹਾਂ ਦੀਆਂ ਪਾਰਟੀਆਂ ਨਾਲ ਗੱਠਜੋੜ ਕਰਨ ਦੀ ਭਾਜਪਾ ਦੀ ਕੋਸ਼ਿਸ਼ ਹੁਣ ਤਕ ਅਸਫਲ ਰਹੀ ਹੈ, ਹਾਲਾਂਕਿ ਅੰਨਾ ਡੀ. ਐੱਮ. ਕੇ. ਨਾਲ ਗੱਠਜੋੜ ਹੋਣ ਦੀ ਸੰਭਾਵਨਾ ਬਣ ਰਹੀ ਹੈ। ਕੇਰਲ ਯੂ. ਡੀ. ਐੱਫ. ਅਤੇ ਐੱਸ. ਡੀ. ਐੱਫ. ਦਰਮਿਆਨ ਝੂਲਦਾ ਰਹਿੰਦਾ ਹੈ, ਜਦਕਿ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਖੇਤਰੀ ਨੇਤਾਵਾਂ ਦੀ ਪਕੜ 'ਚ ਹਨ।
80 ਦੇ ਦਹਾਕੇ 'ਚ ਜਾਤ, ਧਰਮ ਅਤੇ ਖੇਤਰਵਾਦ ਦੇ ਆਧਾਰ 'ਤੇ ਜਾਤੀਵਾਦੀ ਪਛਾਣ ਦੀ ਸਿਆਸਤ ਉੱਭਰਨ ਤੋਂ ਬਾਅਦ ਖੇਤਰੀ ਪਾਰਟੀਆਂ ਦੀ ਗਿਣਤੀ 'ਚ ਕਾਫੀ ਵਾਧਾ ਹੋਇਆ ਹੈ। ਉਹ 4 ਪ੍ਰਮੁੱਖ ਮੁੱਦਿਆਂ 'ਤੇ ਕੰਮ ਕਰਦੀਆਂ ਹਨ–ਖ਼ੁਦਮੁਖਤਿਆਰੀ (ਨੈਸ਼ਨਲ ਕਾਨਫਰੰਸ ਵਰਗੀਆਂ ਪਾਰਟੀਆਂ), ਸੂਬੇ ਦਾ ਦਰਜਾ (ਪਹਿਲਾਂ ਤੇਲੰਗਾਨਾ ਅਤੇ ਹੁਣ ਆਮ ਆਦਮੀ ਪਾਰਟੀ), ਪਛਾਣ (ਸ਼ਿਵ ਸੈਨਾ) ਅਤੇ ਵਿਕਾਸ। ਆਮ ਤੌਰ 'ਤੇ ਆਪਣੇ ਉਭਾਰ ਲਈ ਇਹ ਪਾਰਟੀਆਂ ਇਨ੍ਹਾਂ 'ਚੋਂ 2 ਜਾਂ ਜ਼ਿਆਦਾ ਮੁੱਦਿਆਂ ਨੂੰ ਸ਼ਾਮਿਲ ਕਰ ਲੈਂਦੀਆਂ ਹਨ।
ਖੇਤਰੀ ਪਾਰਟੀਆਂ 'ਚ ਵਾਧੇ ਦੇ ਕਾਰਨ
ਖੇਤਰੀ ਪਾਰਟੀਆਂ ਦੇ ਵਾਧੇ ਪਿੱਛੇ ਕਈ ਕਾਰਨ ਹਨ, ਜਿਵੇਂ ਕਿ ਲੋਕਾਂ ਦਾ ਕੌਮੀ ਪਾਰਟੀਆਂ ਤੋਂ ਮੋਹ ਭੰਗ, ਵਿਕਾਸ ਲਈ ਤੜਫ, ਮਜ਼ਬੂਤ ਖੇਤਰੀ ਨੇਤਾਵਾਂ ਦਾ ਉਭਾਰ ਅਤੇ ਭਾਵਨਾਤਮਕ ਮੁੱਦੇ, ਜੋ ਲੋਕਾਂ ਦਾ ਧਿਆਨ ਖਿੱਚਦੇ ਹਨ।
ਤਾਮਿਲਨਾਡੂ, ਆਂਧਰਾ ਪ੍ਰਦੇਸ਼, ਓਡਿਸ਼ਾ, ਬਿਹਾਰ ਤੇ ਤੇਲੰਗਾਨਾ ਵਰਗੇ ਕੁਝ ਸੂਬਿਆਂ 'ਚ ਖੇਤਰੀ ਪਾਰਟੀਆਂ ਵਿਕਾਸ ਅਤੇ ਪ੍ਰਸ਼ਾਸਨ ਦੇ ਮੁੱਦਿਆਂ 'ਤੇ ਧਿਆਨ ਦੇ ਕੇ ਜ਼ਿਕਰਯੋਗ ਸਫਲਤਾ ਹਾਸਿਲ ਕਰਨ 'ਚ ਸਫਲ ਰਹੀਆਂ ਹਨ।
ਤਾਮਿਲਨਾਡੂ 'ਚ ਅੰਨਾ ਡੀ. ਐੱਮ. ਕੇ. ਅਤੇ ਡੀ. ਐੱਮ. ਕੇ. ਦੀ ਅਗਵਾਈ ਵਾਲੀਆਂ ਸਰਕਾਰਾਂ ਨੇ ਜਨ-ਸਿਹਤ ਦੀ ਦਿਸ਼ਾ 'ਚ ਚੰਗੀ ਜਾਣਕਾਰੀ ਦਿਖਾਈ ਹੈ। ਓਡਿਸ਼ਾ ਤੇ ਆਂਧਰਾ ਪ੍ਰਦੇਸ਼ 'ਚ ਸੂਬਾ ਸਰਕਾਰਾਂ ਨੇ ਕੁਦਰਤੀ ਆਫਤਾਂ ਨਾਲ ਨਜਿੱਠਣ ਦੇ ਮਾਮਲੇ 'ਚ ਚੰਗਾ ਕੰਮ ਕੀਤਾ ਹੈ।
ਪਿਛਲੇ 2 ਦਹਾਕਿਆਂ ਦੌਰਾਨ ਇਨ੍ਹਾਂ ਖੇਤਰੀ ਪਾਰਟੀਆਂ ਦੀ ਵੋਟ ਹਿੱਸੇਦਾਰੀ ਵਧੀ ਹੈ। ਇਥੋਂ ਤਕ ਕਿ ਤੇਲੰਗਾਨਾ ਤੇ ਮਿਜ਼ੋਰਮ ਦੀਆਂ ਹੁਣੇ ਜਿਹੇ ਹੋਈਆਂ ਵਿਧਾਨ ਸਭਾ ਚੋਣਾਂ 'ਚ ਖੇਤਰੀ ਪਾਰਟੀਆਂ ਨੇ ਚੰਗੀ ਕਾਰਗੁਜ਼ਾਰੀ ਦਿਖਾਈ। ਗੈਰ-ਭਾਜਪਾ ਤੇ ਗੈਰ-ਕਾਂਗਰਸ ਪਾਰਟੀਆਂ ਦੀ ਵੱਡੀ ਮੌਜੂਦਗੀ ਨਾਲ ਸੂਬਿਆਂ 'ਚ 2014 ਤੋਂ ਬਾਅਦ ਦਾ ਰੁਝਾਨ ਸਪੱਸ਼ਟ ਦਿਖਾਈ ਦਿੰਦਾ ਹੈ।
ਇਸ ਦੇ ਨਾਲ ਹੀ ਭਾਜਪਾ ਜਿਹੜੇ ਸੂਬਿਆਂ 'ਚ ਵਿਧਾਨ ਸਭਾ ਚੋਣਾਂ 'ਚ ਹਾਰੀ ਹੈ, ਉਹ ਖੇਤਰੀ ਪਾਰਟੀਆਂ ਹੱਥੋਂ ਹੀ ਹਾਰੀ ਹੈ। ਇਸ ਲਈ ਇਹ ਸਪੱਸ਼ਟ ਹੈ ਕਿ ਹੋਣ ਵਾਲੀਆਂ ਲੋਕ ਸਭਾ ਚੋਣਾਂ 'ਚ ਖੇਤਰੀ ਪਾਰਟੀਆਂ ਅਹਿਮ ਭੂਮਿਕਾ ਨਿਭਾਅ ਸਕਦੀਆਂ ਹਨ।
ਖੇਤਰੀ ਪਾਰਟੀਆਂ ਦੀ ਕੌਮੀ ਇੱਛਾ
ਦਿਲਚਸਪ ਗੱਲ ਇਹ ਹੈ ਕਿ ਕੁਝ ਸਿਆਸੀ ਪਾਰਟੀਆਂ ਦੀਆਂ ਕੌਮੀ ਇੱਛਾਵਾਂ ਵੀ ਹਨ। ਜਿਥੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਇਕ ਕੌਮੀ ਭਾਜਪਾ ਵਿਰੋਧੀ ਮੋਰਚੇ ਲਈ ਕੰਮ ਕਰ ਰਹੇ ਹਨ, ਉਥੇ ਹੀ ਕੇ. ਚੰਦਰਸ਼ੇਖਰ ਰਾਓ ਦਾ ਉਦੇਸ਼ ਭਾਜਪਾ ਨਾਲ ਲੜਨ ਲਈ ਗੈਰ-ਭਾਜਪਾ, ਗੈਰ-ਕਾਂਗਰਸ ਪਾਰਟੀਆਂ ਦਾ ਇਕ ਸੰਘੀ ਮੋਰਚਾ ਬਣਾਉਣਾ ਹੈ।
ਯੂ. ਪੀ. 'ਚ ਸਪਾ-ਬਸਪਾ-ਰਾਲੋਦ ਗੱਠਜੋੜ ਭਾਜਪਾ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਨ੍ਹਾਂ ਪਾਰਟੀਆਂ ਨੇ ਹੁਣੇ ਜਿਹੇ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਉਪ-ਚੋਣਾਂ ਮਿਲ ਕੇ ਲੜੀਆਂ ਹਨ, ਜਿਨ੍ਹਾਂ ਦੇ ਸ਼ਾਨਦਾਰ ਨਤੀਜੇ ਆਏ।
ਇਸ ਦੀ ਮਹੱਤਤਾ ਨੂੰ ਮਹਿਸੂਸ ਕਰਦਿਆਂ ਹੀ ਕਾਂਗਰਸ ਕਈ ਸੂਬਿਆਂ 'ਚ ਖੇਤਰੀ ਪਾਰਟੀਆਂ ਨਾਲ ਗੱਠਜੋੜ ਕਰ ਰਹੀ ਹੈ। ਘੱਟੋ-ਘੱਟ 5 ਪ੍ਰਮੁੱਖ ਸੂਬਿਆਂ ਗੁਜਰਾਤ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਹਰਿਆਣਾ 'ਚ ਭਾਜਪਾ ਅਤੇ ਕਾਂਗਰਸ ਵਿਚਾਲੇ ਸਿੱਧੀ ਟੱਕਰ ਹੋਵੇਗੀ, ਜਦਕਿ ਬਾਕੀ ਸੂਬਿਆਂ 'ਚ ਖੇਤਰੀ ਪਾਰਟੀਆਂ ਆਪਣੀ ਤਾਕਤ ਦਾ ਇਸਤੇਮਾਲ ਕਰਨਗੀਆਂ।
ਕਾਂਗਰਸ ਨੇ ਕੁਝ ਸੂਬਿਆਂ 'ਚ ਖੇਤਰੀ ਪਾਰਟੀਆਂ ਨਾਲ ਗੱਠਜੋੜ ਕੀਤਾ ਵੀ ਹੈ, ਜਿਨ੍ਹਾਂ 'ਚ ਮਹਾਰਾਸ਼ਟਰ (ਰਾਕਾਂਪਾ), ਕੇਰਲ (ਯੂ. ਡੀ. ਐੱਫ.), ਕਰਨਾਟਕ (ਜਨਤਾ ਦਲ-ਐੱਸ), ਜੰਮੂ-ਕਸ਼ਮੀਰ (ਨੈਕਾ), ਤਾਮਿਲਨਾਡੂ (ਡੀ. ਐੱਮ. ਕੇ.), ਬਿਹਾਰ (ਰਾਜਦ) ਅਤੇ ਝਾਰਖੰਡ (ਝਾਮੁਮੋ) ਸ਼ਾਮਿਲ ਹਨ। ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ 272 ਸੀਟਾਂ ਦਾ ਅੰਕੜਾ ਪਾਰ ਕਰਨ ਲਈ ਕਾਂਗਰਸ ਅਤੇ ਇਸ ਦੇ ਸਹਿਯੋਗੀਆਂ ਵਾਸਤੇ ਚੰਗੀ ਕਾਰਗੁਜ਼ਾਰੀ ਦਿਖਾਉਣਾ ਅਹਿਮ ਹੋਵੇਗਾ।
ਜੇ ਲੋਕ ਸਭਾ ਚੋਣਾਂ ਦੌਰਾਨ ਇਹ ਗੱਠਜੋੜ ਬਣੇ ਰਹਿੰਦੇ ਹਨ ਤਾਂ ਨਤੀਜੇ 2014 ਦੇ ਚੋਣ ਨਤੀਜਿਆਂ ਨਾਲੋਂ ਕਾਫੀ ਵੱਖਰੇ ਹੋਣਗੇ। ਆਪਣੀ ਮਹੱਤਤਾ ਜਾਣਦੇ ਹੋਏ ਖੇਤਰੀ ਪਾਰਟੀਆਂ ਵੀ ਆਪੋ-ਆਪਣੀ ਤਿਆਰੀ ਕਰ ਰਹੀਆਂ ਹਨ, ਹਾਲਾਂਕਿ ਸਿਰਫ ਕਾਂਗਰਸ ਅਤੇ ਭਾਜਪਾ 50 ਸੀਟਾਂ ਦਾ ਅੰਕੜਾ ਪਾਰ ਕਰ ਸਕਦੀਆਂ ਹਨ।
ਇਹ ਸਪੱਸ਼ਟ ਹੈ ਕਿ ਭਾਜਪਾ ਲਈ ਜਿੱਤ ਦਾ ਅੰਕੜਾ ਕਾਫੀ ਹੱਦ ਤਕ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਪਾਰਟੀ ਇਨ੍ਹਾਂ ਖੇਤਰੀ ਪਾਰਟੀਆਂ ਨਾਲ ਕਿਵੇਂ ਨਜਿੱਠਦੀ ਹੈ ਕਿਉਂਕਿ ਇਹ ਪਾਰਟੀਆਂ ਚੁਣੌਤੀ ਦੇਣ ਵਾਲੀਆਂ ਹਨ। ਇਨ੍ਹਾਂ ਨਾਲ ਟੱਕਰਨ ਲਈ ਭਾਜਪਾ ਨੂੰ ਜ਼ਰੂਰੀ ਤੌਰ 'ਤੇ ਸੂਬਾ ਆਧਾਰਿਤ ਰਣਨੀਤੀ ਬਣਾਉਣੀ ਪਵੇਗੀ। (kalyani60@gmail.com)