''ਬਲਾਤਕਾਰ''... ਆਖਿਰ ਕਦੋਂ ਤਕ

04/24/2018 2:22:48 AM

ਕਠੂਆ, ਉੱਨਾਵ, ਸੂਰਤ, ਏਟਾ, ਛੱਤੀਸਗੜ੍ਹ ਆਦਿ ਵਿਚ ਹੋਈਆਂ ਬਲਾਤਕਾਰ ਦੀਆਂ ਘਟਨਾਵਾਂ ਤੋਂ ਪਤਾ ਲੱਗਦਾ ਹੈ ਕਿ ਭਾਰਤ 'ਚ ਔਰਤਾਂ ਪ੍ਰਤੀ ਕੋਈ ਸਨਮਾਨ, ਨਿਰਪੱਖਤਾ, ਸੰਤੁਲਨ, ਸਹਿਣਸ਼ੀਲਤਾ ਨਹੀਂ ਹੈ। 8 ਸਾਲਾ ਬੱਚੀ ਨਾਲ ਹੋਏ ਬਲਾਤਕਾਰ ਦੀ ਘਟਨਾ ਦਾ ਵਰਣਨ ਕਿਵੇਂ ਕਰੀਏ, ਜਿਸ ਨੂੰ ਨਸ਼ੀਲੀਆਂ ਦਵਾਈਆਂ ਦੇ ਕੇ ਬੇਹੋਸ਼ ਕੀਤਾ ਗਿਆ ਤੇ ਫਿਰ 8 ਵਿਅਕਤੀਆਂ ਵਲੋਂ ਜੰਮੂ ਦੇ ਕਠੂਆ ਜ਼ਿਲੇ 'ਚ ਇਕ ਮੰਦਿਰ ਵਿਚ ਉਸ ਨਾਲ ਬਲਾਤਕਾਰ ਕਰਨ ਮਗਰੋਂ ਉਸ ਦੀ ਹੱਤਿਆ ਕਰ ਦਿੱਤੀ ਗਈ। 
ਪੀੜਤਾ ਜੰਮੂ-ਕਸ਼ਮੀਰ ਦੇ ਬੱਕਰਵਾਲ ਭਾਈਚਾਰੇ ਨਾਲ ਸਬੰਧਤ ਸੀ ਤੇ ਉਸ ਨਾਲ ਬਲਾਤਕਾਰ ਨੂੰ ਲੈ ਕੇ ਉਸ ਖੇਤਰ ਦੇ ਨਾਲ-ਨਾਲ ਪੂਰੇ ਦੇਸ਼ 'ਚ ਨਿਰਾਸ਼ਾ ਅਤੇ ਗੁੱਸੇ ਵਾਲਾ ਮਾਹੌਲ ਬਣਿਆ ਹੋਇਆ ਹੈ। 
ਦੂਜੇ ਕਾਂਡ 'ਚ ਯੂ. ਪੀ. ਵਿਚ ਭਾਜਪਾ ਦੇ ਇਕ ਵਿਧਾਇਕ ਨੇ ਨਾ ਸਿਰਫ ਇਕ ਲੜਕੀ ਨਾਲ ਯੌਨ ਸ਼ੋਸ਼ਣ ਕੀਤਾ, ਸਗੋਂ ਜਦੋਂ ਉਸ ਦੇ ਪਿਤਾ ਨੇ ਸ਼ਿਕਾਇਤ ਕੀਤੀ ਤਾਂ ਉਸ ਦਾ ਕਤਲ ਕਰ ਦਿੱਤਾ ਗਿਆ। ਇਸੇ ਤਰ੍ਹਾਂ ਗੁਜਰਾਤ ਦੇ ਸੂਰਤ, ਯੂ. ਪੀ. ਦੇ ਏਟਾ ਤੇ ਛੱਤੀਸਗੜ੍ਹ 'ਚ 8 ਤੋਂ 9 ਸਾਲ ਦੀਆਂ ਤਿੰਨ ਬੱਚੀਆਂ ਨਾਲ ਵੀ ਛੇੜਖਾਨੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।
ਇਹੋ ਨਹੀਂ, ਯੂ. ਪੀ. 'ਚ ਇਕ ਚੱਲਦੀ ਰੇਲ ਗੱਡੀ 'ਚ ਮਾਨਸਿਕ ਤੌਰ 'ਤੇ ਅਪੰਗ 20 ਸਾਲਾ ਲੜਕੀ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ। ਓਡਿਸ਼ਾ 'ਚ ਇਕ 19 ਸਾਲਾ ਮਾਂ ਨਾਲ ਉਸ ਦੇ ਪਤੀ ਸਾਹਮਣੇ ਬਲਾਤਕਾਰ ਕੀਤਾ ਗਿਆ ਤਾਂ ਦਿੱਲੀ 'ਚ ਦਿਨ-ਦਿਹਾੜੇ ਇਕ ਚੱਲਦੀ ਕਾਰ 'ਚ ਲੜਕੀ ਨਾਲ 5 ਜਣਿਆਂ ਨੇ ਬਲਾਤਕਾਰ ਕੀਤਾ। 
ਕੀ ਤੁਸੀਂ ਇਨ੍ਹਾਂ ਘਟਨਾਵਾਂ ਤੋਂ ਦੁਖੀ ਹੋ? ਬਿਲਕੁਲ ਨਹੀਂ ਕਿਉਂਕਿ ਭਾਰਤ 'ਚ ਔਰਤਾਂ ਵਿਰੁੱਧ ਯੌਨ ਸ਼ੋਸ਼ਣ ਚੌਥਾ ਆਮ ਅਪਰਾਧ ਹੈ। ਸਾਡੇ ਦੇਸ਼ 'ਚ ਹਰੇਕ 5 ਮਿੰਟਾਂ 'ਚ ਬਲਾਤਕਾਰ ਦੀ ਇਕ ਘਟਨਾ ਵਾਪਰਦੀ ਹੈ। ਅਖਬਾਰਾਂ 'ਚ 2, 4, 6, 8 ਸਾਲ ਦੀਆਂ ਬੱਚੀਆਂ ਨਾਲ ਬਲਾਤਕਾਰ ਦੀਆਂ ਖ਼ਬਰਾਂ ਸੁਰਖ਼ੀਆਂ 'ਚ ਛਾਈਆਂ ਰਹਿੰਦੀਆਂ ਹਨ। 
ਸੰਨ 2016 'ਚ ਕੇਰਲਾ ਵਿਖੇ ਨਿਰਭਯਾ ਕਾਂਡ ਨੂੰ ਉਦੋਂ ਦੁਹਰਾਇਆ ਗਿਆ, ਜਦੋਂ ਇਕ 30 ਸਾਲਾ ਔਰਤ ਨਾਲ ਬਲਾਤਕਾਰ ਕਰ ਕੇ ਉਸ ਦੇ ਸਰੀਰ ਨੂੰ ਨੁਕਸਾਨਿਆ ਗਿਆ। ਪਿਛਲੇ ਸਾਲ ਇਕ ਪ੍ਰਸਿੱਧ ਮਲਿਆਲਮ ਅਭਿਨੇਤਰੀ ਨਾਲ ਕੋਚੀ ਨੇੜੇ 2 ਘੰਟਿਆਂ ਤਕ ਛੇੜਖਾਨੀ ਕੀਤੀ ਗਈ। 
ਉੱਤਰ, ਦੱਖਣ, ਪੂਰਬ, ਪੱਛਮ ਕਿਤੇ ਵੀ ਚਲੇ ਜਾਓ, ਕਹਾਣੀ ਇਕੋ ਜਿਹੀ ਹੈ। ਔਰਤਾਂ ਨਾਲ ਛੇੜਖਾਨੀ ਤੇ ਬਲਾਤਕਾਰ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਉਨ੍ਹਾਂ ਦੀ ਜ਼ਿੰਦਗੀ ਨਾਲ ਖਿਲਵਾੜ ਹੋ ਰਿਹਾ ਹੈ, ਫਿਰ ਵੀ ਅਸੀਂ ਆਪਣੇ ਸਮਾਜ ਨੂੰ 'ਸੱਭਿਅਕ' ਕਹਿੰਦੇ ਹਾਂ। 
ਇਨ੍ਹਾਂ ਘਟਨਾਵਾਂ 'ਤੇ ਭਾਰਤ ਦੀਆਂ ਗਲੀਆਂ-ਸੜਕਾਂ 'ਚ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਇਹ ਕਿਸੇ ਔਰਤ ਨਾਲ ਛੇੜਖਾਨੀ, ਬਲਾਤਕਾਰ ਜਾਂ ਉਸ ਦੇ ਸ਼ੋਸ਼ਣ ਦਾ ਸਵਾਲ ਨਹੀਂ ਹੈ, ਸਗੋਂ ਇਨ੍ਹਾਂ ਘਟਨਾਵਾਂ ਤੋਂ ਸਾਰੇ ਚਿੰਤਤ ਹਨ। ਕੀ ਅਸੀਂ ਅਪਰਾਧੀਆਂ ਅੱਗੇ ਸਮਰਪਣ ਕਰਨ ਦਾ ਫੈਸਲਾ ਕਰ ਲਿਆ ਹੈ?
ਕੀ ਇਨ੍ਹਾਂ ਘਿਨਾਉਣੇ ਅਪਰਾਧਾਂ ਨਾਲ ਸਾਡੇ ਨੇਤਾਵਾਂ ਦੀ ਆਤਮਾ ਜਾਗਦੀ ਹੈ? ਬਿਲਕੁਲ ਨਹੀਂ। ਸਾਡੇ ਪ੍ਰਧਾਨ ਮੰਤਰੀ ਤੋਂ ਹੀ ਸ਼ੁਰੂਆਤ ਕਰਦੇ ਹਾਂ, ਜੋ ਛੋਟੀਆਂ-ਛੋਟੀਆਂ ਗੱਲਾਂ 'ਤੇ ਟਵੀਟ ਕਰਦੇ ਹਨ ਪਰ ਔਰਤਾਂ ਨਾਲ ਹੋਈਆਂ ਇਨ੍ਹਾਂ ਘਟਨਾਵਾਂ 'ਤੇ ਚੁੱਪ ਰਹਿੰਦੇ ਹਨ। 
ਅਸੀਂ ਮੋਦੀ ਤੋਂ ਇਹ ਉਮੀਦ ਨਹੀਂ ਕਰਦੇ ਕਿ ਉਹ ਹਰੇਕ ਘਟਨਾ 'ਤੇ ਟਿੱਪਣੀ ਕਰਨ ਪਰ ਇਨ੍ਹਾਂ ਘਟਨਾਵਾਂ ਨੇ ਦੇਸ਼ ਨੂੰ ਸ਼ਰਮਸਾਰ ਕੀਤਾ ਹੈ, ਇਸ ਲਈ ਉਨ੍ਹਾਂ ਤੋਂ ਟਿੱਪਣੀ ਦੀ ਉਮੀਦ ਸੀ। ਇਸ ਦੀ ਬਜਾਏ ਉਨ੍ਹਾਂ ਨੇ ਕਠੂਆ ਅਤੇ ਉੱਨਾਵ ਵਾਲੀਆਂ ਘਟਨਾਵਾਂ 'ਤੇ ਕਿਹਾ ਕਿ ''ਇਨ੍ਹਾਂ ਘਟਨਾਵਾਂ 'ਤੇ 2 ਦਿਨਾਂ ਤੋਂ ਚਰਚਾ ਹੋ ਰਹੀ ਹੈ, ਸਾਡੀਆਂ ਬੇਟੀਆਂ ਨੂੰ ਜ਼ਰੂਰ ਇਨਸਾਫ ਮਿਲੇਗਾ। ਅਪਰਾਧੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।''
ਪਰ ਨਿਰਭਯਾ ਕਾਂਡ ਦੇ ਸਮੇਂ ਕੀਤੀਆਂ ਟਿੱਪਣੀਆਂ ਵਾਂਗ ਇਹ ਵੀ ਖੋਖਲੀਆਂ ਲੱਗਦੀਆਂ ਹਨ। ਉਦੋਂ ਸਾਡੇ ਰਾਜਨੇਤਾਵਾਂ ਨੇ ਇਸ ਤੱਥ ਨੂੰ ਅਣਡਿੱਠ ਕੀਤਾ ਸੀ ਕਿ ਸਾਡੇ ਸ਼ਹਿਰ ਅਤੇ ਇਥੋਂ ਦਾ ਮਾਹੌਲ ਔਰਤਾਂ ਲਈ ਅਸੁਰੱਖਿਅਤ ਬਣਦਾ ਜਾ ਰਿਹਾ ਹੈ ਪਰ ਉਹ ਅਜਿਹੀਆਂ ਘਟਨਾਵਾਂ ਵਲੋਂ ਅੱਖਾਂ ਮੀਚ ਲੈਂਦੇ ਹਨ। ਅੱਜ ਹਾਲਤ ਇਹ ਹੋ ਗਈ ਹੈ ਕਿ ਜੇ ਕਿਸੇ ਔਰਤ ਨੂੰ ਸੜਕ ਜਾਂ ਗਲੀ 'ਚੋਂ ਚੁੱਕ ਲਿਆ ਜਾਂਦਾ ਹੈ ਜਾਂ ਚੱਲਦੀ ਕਾਰ ਵਿਚ ਉਸ ਨਾਲ ਬਲਾਤਕਾਰ ਹੁੰਦਾ ਹੈ ਤਾਂ ਅਸੀਂ ਚੁੱਪ ਰਹਿੰਦੇ ਹਾਂ।
ਕੌਮੀ ਅਪਰਾਧ ਰਿਕਾਰਡ ਬਿਊਰੋ ਅਨੁਸਾਰ 2011 'ਚ ਬਲਾਤਕਾਰ ਦੇ 24,206 ਮਾਮਲੇ, 2012 ਵਿਚ 24,923, 2013 'ਚ 33,707 ਅਤੇ 2014 'ਚ 37,000 ਮਾਮਲੇ ਦਰਜ ਹੋਏ। ਇਨ੍ਹਾਂ 'ਚੋਂ 24,270 ਮਾਮਲਿਆਂ ਵਿਚ ਅਪਰਾਧੀ ਪੀੜਤਾ ਦੀ ਜਾਣ-ਪਛਾਣ ਵਾਲਾ ਨਿਕਲਿਆ। ਇਨ੍ਹਾਂ ਘਟਨਾਵਾਂ 'ਚ ਵਾਧੇ ਦੀ ਵਜ੍ਹਾ ਲਿੰਗ ਅਨੁਪਾਤ ਵਿਚ ਅਸੰਤੁਲਨ ਵੀ ਦੱਸੀ ਜਾ ਰਹੀ ਹੈ। ਮਰਦਮਸ਼ੁਮਾਰੀ ਦੇ ਅੰਕੜਿਆਂ ਮੁਤਾਬਿਕ ਸੰਨ 1961 ਵਿਚ 0 ਤੋਂ 6 ਸਾਲ ਦੀ ਉਮਰ ਵਰਗ 'ਚ ਲਿੰਗ ਅਨੁਪਾਤ 100 ਸੀ, ਜੋ 2011 'ਚ ਵਧ ਕੇ 108.9 ਹੋ ਗਿਆ। 
ਮੋਦੀ ਦੇ ਗੁਜਰਾਤ 'ਚ 112 ਲੜਕਿਆਂ ਪਿੱਛੇ ਸਿਰਫ 100 ਕੁੜੀਆਂ ਉਪਲੱਬਧ ਹਨ। ਸਮਾਜ ਸ਼ਾਸਤਰੀ ਇਸ ਨੂੰ ਸਾਡੀ ਸੱਭਿਅਤਾ ਨਾਲ ਵੀ ਜੋੜਦੇ ਹਨ, ਜਿਥੇ ਲੜਕੀਆਂ ਦੀ ਬਜਾਏ ਲੜਕਿਆਂ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ ਅਤੇ ਇਸੇ ਕਾਰਨ ਕੰਨਿਆ ਭਰੂਣ ਹੱਤਿਆ ਵਧਦੀ ਜਾ ਰਹੀ ਹੈ। 
ਨਾਲ ਹੀ ਅਜਿਹੇ ਮਾਮਲਿਆਂ ਵਿਚ ਅਦਾਲਤਾਂ ਤੋਂ ਇਨਸਾਫ ਨਹੀਂ ਮਿਲਦਾ।  ਬਹੁਤ ਘੱਟ ਬਲਾਤਕਾਰੀਆਂ ਨੂੰ ਸਜ਼ਾ ਹੁੰਦੀ ਹੈ। ਕਈ ਮਾਮਲਿਆਂ ਵਿਚ ਤਾਂ ਵਰ੍ਹਿਆਂ ਤਕ ਫੈਸਲਾ ਨਹੀਂ ਹੁੰਦਾ। ਇਸ ਤਰ੍ਹਾਂ ਇਨਸਾਫ ਵਿਚ ਦੇਰੀ ਬੇਇਨਸਾਫੀ ਬਣ ਜਾਂਦੀ ਹੈ। 
ਨਿਰਭਯਾ ਕਾਂਡ ਤੋਂ ਬਾਅਦ ਨਵੇਂ ਕਾਨੂੰਨ ਵਿਚ ਬਲਾਤਕਾਰ ਦੀ ਸਖ਼ਤ ਪਰਿਭਾਸ਼ਾ ਦਿੱਤੀ ਗਈ ਹੈ ਪਰ ਕੀ ਇਸ ਨਾਲ ਔਰਤਾਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਵਿਚ ਕਮੀ ਆਈ ਹੈ ਅਤੇ ਹੁਣ ਸਰਕਾਰ ਨੇ ਇਕ ਆਰਡੀਨੈਂਸ ਜਾਰੀ ਕਰ ਕੇ 12 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਬਲਾਤਕਾਰ ਲਈ ਮੌਤ ਦੀ ਸਜ਼ਾ ਦੀ ਵਿਵਸਥਾ ਕੀਤੀ ਹੈ ਪਰ ਇਸ ਸਵਾਲ ਦਾ ਜਵਾਬ ਫਿਰ ਵੀ ਨਹੀਂ ਮਿਲਿਆ ਕਿ ਔਰਤਾਂ ਨੂੰ ਮਰਦਾਂ ਦੀ ਯੌਨ ਇੱਛਾ ਜਾਂ ਉਨ੍ਹਾਂ ਦੇ ਹੰਕਾਰ ਨੂੰ ਸੰਤੁਸ਼ਟ ਕਰਨ ਵਾਲੀ ਚੀਜ਼ ਕਿਉਂ ਮੰਨਿਆ ਜਾਂਦਾ ਹੈ? ਕੀ ਅਸੀਂ ਕਾਨੂੰਨ ਦੇ ਰਾਜ ਨੂੰ ਅਲਵਿਦਾ ਕਹਿ ਦਿੱਤਾ ਹੈ? 
ਸਾਡੇ ਦੇਸ਼ ਵਿਚ ਅੱਜ ਔਰਤਾਂ ਅਤੇ ਮੁਟਿਆਰਾਂ ਅਸੁਰੱਖਿਅਤ ਮਾਹੌਲ 'ਚ ਰਹਿ ਰਹੀਆਂ ਹਨ, ਜਿਥੇ ਉਨ੍ਹਾਂ ਨੂੰ ਭੋਗਣ ਵਾਲੀ ਚੀਜ਼ ਜਾਂ ਮਰਦਾਂ ਦੀ ਯੌਨ ਇੱਛਾ ਸ਼ਾਂਤ ਕਰਨ ਵਾਲੀ ਚੀਜ਼ ਵਜੋਂ ਦੇਖਿਆ ਜਾਂਦਾ ਹੈ। ਯੌਨ ਸ਼ੋਸ਼ਣ ਦੀਆਂ ਸ਼ਿਕਾਰ ਕਈ ਔਰਤਾਂ ਇਸ ਲਈ ਚੁੱਪ ਰਹਿੰਦੀਆਂ ਹਨ ਕਿਉਂਕਿ ਉਨ੍ਹਾਂ ਨੂੰ ਡਰ ਹੁੰਦਾ ਹੈ ਕਿ ਅਗਾਂਹ ਉਨ੍ਹਾਂ ਨੂੰ ਹੋਰ ਤਸ਼ੱਦਦ ਨਾ ਸਹਿਣਾ ਪਵੇ, ਉਨ੍ਹਾਂ ਨੂੰ ਚਰਿੱਤਰਹੀਣ ਨਾ ਮੰਨਿਆ ਜਾਵੇ। 
ਪਿਛਲੇ ਹਫਤੇ ਹੀ ਤਾਮਿਲਨਾਡੂ ਦੇ ਰਾਜਪਾਲ ਪੁਰੋਹਿਤ ਉਦੋਂ ਵਿਵਾਦਾਂ ਵਿਚ ਘਿਰ ਗਏ, ਜਦੋਂ ਉਨ੍ਹਾਂ ਨੇ ਇਕ ਮਹਿਲਾ ਪੱਤਰਕਾਰ ਦੇ ਸਵਾਲ ਦਾ ਜਵਾਬ ਦੇਣ ਦੀ ਬਜਾਏ ਉਸ ਦੀ ਗੱਲ੍ਹ ਥਾਪੜੀ, ਹਾਲਾਂਕਿ ਬਾਅਦ ਵਿਚ ਰਾਜਪਾਲ ਨੇ ਮੁਆਫੀ ਮੰਗ ਲਈ ਸੀ। ਇਹੋ ਨਹੀਂ, ਸਾਡੇ ਨੇਤਾ ਕਹਿੰਦੇ ਹਨ ਕਿ ਭਾਰਤ ਨੂੰ ਅੱਧੀ ਰਾਤ ਨੂੰ ਆਜ਼ਾਦੀ ਮਿਲਣ ਦਾ ਮਤਲਬ ਇਹ ਨਹੀਂ ਕਿ ਔਰਤਾਂ ਹਨੇਰੇ ਵਿਚ ਬਾਹਰ ਨਿਕਲਣ ਜਾਂ ਉਹ ਜੀਨਸ ਪਹਿਨਣ ਜਾਂ ਅੰਗ-ਦਿਖਾਊ ਕੱਪੜੇ ਪਹਿਨਣ। 
ਇਸ ਸਮੇਂ ਯੌਨ ਸ਼ੋਸ਼ਣ ਵਿਰੁੱਧ ਕਾਇਮ-ਮੁਕਾਮ ਕਾਨੂੰਨ ਵਿਸ਼ੇਸ਼ ਮਾਰਗ ਨਿਰਦੇਸ਼ਕ ਮਾਤਰ ਹਨ, ਜਿਸ 'ਚ ਹਰੇਕ ਸੰਸਥਾ ਵਿਚ ਯੌਨ ਸ਼ੋਸ਼ਣ ਵਿਰੁੱਧ ਇਕ ਕਮੇਟੀ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ। ਉਸ ਵਿਚ 5 ਮੈਂਬਰ ਹੋਣ, ਜਿਨ੍ਹਾਂ 'ਚੋਂ ਪ੍ਰਧਾਨ ਸਮੇਤ 3 ਮਹਿਲਾ ਮੈਂਬਰ ਹੋਣੀਆਂ ਚਾਹੀਦੀਆਂ ਹਨ। ਲਿਖਤੀ ਜਾਂ ਜ਼ੁਬਾਨੀ ਸ਼ਿਕਾਇਤ ਦੇ ਆਧਾਰ 'ਤੇ ਕਮੇਟੀ ਦੋਸ਼ੀ ਤੋਂ ਪੁੱਛਗਿੱਛ ਕਰੇਗੀ ਅਤੇ ਗਵਾਹਾਂ ਦੇ ਬਿਆਨ ਲਵੇਗੀ। ਜੇ ਦੋਸ਼ ਸਹੀ ਸਿੱਧ ਹੁੰਦੇ ਹਨ ਤਾਂ ਦੋਸ਼ੀ ਵਿਰੁੱਧ ਉਚਿਤ ਕਾਰਵਾਈ ਕੀਤੀ ਜਾਵੇਗੀ। 
ਮਰਦਾਂ ਦਾ ਪੱਖ ਲੈਣ ਵਾਲੇ ਲੋਕ ਕਹਿੰਦੇ ਹਨ ਕਿ ਉਨ੍ਹਾਂ ਦਾ ਵੀ ਸ਼ੋਸ਼ਣ ਹੁੰਦਾ ਹੈ। ਕੁਝ ਔਰਤਾਂ ਸਹੂਲਤਾਂ ਲੈਣ ਲਈ ਖ਼ੁਦ ਨੂੰ ਮੁਹੱਈਆ ਕਰਵਾਉਂਦੀਆਂ ਹਨ ਜਾਂ ਪੇਸ਼ੇਵਰ ਅਸਹਿਮਤੀ ਦਾ ਬਦਲਾ ਲੈਣ ਲਈ ਕਈ ਵਾਰ ਬੇਕਸੂਰ ਮਰਦਾਂ ਵਿਰੁੱਧ ਯੌਨ ਸ਼ੋਸ਼ਣ ਦੀਆਂ ਸ਼ਿਕਾਇਤਾਂ ਦਰਜ ਕਰਵਾਉਂਦੀਆਂ ਹਨ। ਇਹ ਵੀ ਇਕ ਚਿੰਤਾ ਦਾ ਵਿਸ਼ਾ ਹੈ। 
ਫਿਰ ਇਸ ਸਮੱਸਿਆ ਦਾ ਹੱਲ ਕੀ ਹੈ? ਸਾਡੇ ਨੇਤਾਵਾਂ ਨੂੰ ਇਸ ਗੱਲ ਵੱਲ ਧਿਆਨ ਦੇਣਾ ਪਵੇਗਾ ਕਿ ਔਰਤਾਂ 'ਤੇ ਉਦੋਂ ਤਕ ਅੱਤਿਆਚਾਰ ਵਧਦੇ ਜਾਣਗੇ, ਜਦੋਂ ਤਕ ਕਾਨੂੰਨ ਮਜ਼ਬੂਤ ਨਹੀਂ ਬਣਾਏ ਜਾਂਦੇ। ਅਜਿਹਾ ਹੋਣ 'ਤੇ ਹੀ ਔਰਤਾਂ ਵਿਰੁੱਧ ਅਪਰਾਧ ਕਰਨ ਵਾਲਾ ਪਹਿਲਾਂ ਸੌ ਵਾਰ ਸੋਚੇਗਾ। 
ਅਜਿਹੇ ਮਾਹੌਲ ਵਿਚ ਜਿਥੇ ਨੈਤਿਕਤਾ ਅਤੇ ਨੈਤਿਕ ਕਦਰਾਂ-ਕੀਮਤਾਂ ਵਿਚ ਗਿਰਾਵਟ ਆ ਰਹੀ ਹੈ, ਪੂਰੇ ਦੇਸ਼ ਵਿਚ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜੋ ਨੈਤਿਕਤਾ ਦੇ ਨਜ਼ਰੀਏ ਤੋਂ ਜਾਇਜ਼ ਨਹੀਂ ਹਨ। ਅਜਿਹੀ ਸਥਿਤੀ 'ਚ ਸਾਨੂੰ ਇਸ ਗੱਲ 'ਤੇ ਵਿਚਾਰ ਕਰਨਾ ਪਵੇਗਾ ਕਿ ਔਰਤਾਂ ਕਦੋਂ ਤਕ ਮਰਦਾਂ ਦੇ ਭੇਸ ਵਿਚ ਘੁੰਮ ਰਹੇ ਜਾਨਵਰਾਂ ਦੀਆਂ ਯੌਨ ਇੱਛਾਵਾਂ ਦਾ ਸ਼ਿਕਾਰ ਬਣਦੀਆਂ ਰਹਿਣਗੀਆਂ? 
ਸਮਾਂ ਆ ਗਿਆ ਹੈ ਕਿ ਅਸੀਂ ਭਾਰਤ ਦੀਆਂ ਔਰਤਾਂ ਦੀ ਸਥਿਤੀ ਬਾਰੇ ਮੁੜ ਵਿਚਾਰ ਕਰੀਏ। ਕੀ ਉਹ ਇਹ ਕਹਿੰਦੀਆਂ ਰਹਿਣਗੀਆਂ : ਬਲਾਤਕਾਰ... ਆਖਿਰ ਕਦੋਂ ਤਕ? 


Related News