ਕੀ ਰਾਹੁਲ ਗਾਂਧੀ ਨੂੰ ਯਾਦ ਹੈ...?

06/29/2017 7:49:08 AM

ਕੀ ਰਾਹੁਲ ਗਾਂਧੀ ਨੂੰ ਯਾਦ ਹੈ ਕਿ 21 ਮਈ 1991 ਨੂੰ ਉਨ੍ਹਾਂ ਦੇ ਪਿਤਾ ਸ਼੍ਰੀ ਰਾਜੀਵ ਗਾਂਧੀ ਦੀ ਲਿੱਟੇ ਅੱਤਵਾਦੀਆਂ ਨੇ ਤਾਮਿਲਨਾਡੂ ਦੇ ਇਕ ਕਸਬੇ ਸ਼੍ਰੀਪੇਰੰਬਦੂਰ 'ਚ ਹੱਤਿਆ ਕਰ ਦਿੱਤੀ ਸੀ? ਰਾਹੁਲ ਗਾਂਧੀ ਕੀ ਇਹ ਵੀ ਜਾਣਦੇ ਹਨ ਕਿ ਉਨ੍ਹਾਂ ਦੇ ਸਵਰਗਵਾਸੀ ਪਿਤਾ ਸਿਆਸਤ 'ਚ ਸਭ ਤੋਂ ਜਵਾਨ ਤੇ ਸ਼ਰੀਫ ਪ੍ਰਧਾਨ ਮੰਤਰੀ ਸਨ? ਗਾਂਧੀ ਪਰਿਵਾਰ ਅੱਜ ਤਕ ਨਹੀਂ ਜਾਣ ਸਕਿਆ ਕਿ ਲਿੱਟੇ (ਸ਼੍ਰੀਲੰਕਾ ਦਾ ਇਕ ਅੱਤਵਾਦੀ ਸੰਗਠਨ) ਨੇ ਸ਼੍ਰੀ ਰਾਜੀਵ ਗਾਂਧੀ ਦੀ ਹੱਤਿਆ ਕਿਉਂ ਕੀਤੀ? ਇਸ ਦਾ ਜਵਾਬ ਲੱਭਣ ਲਈ ਪ੍ਰਿਯੰਕਾ ਗਾਂਧੀ ਖੁਦ ਜੇਲ 'ਚ ਬੰਦ ਉਨ੍ਹਾਂ ਦੇ ਕਾਤਲਾਂ ਤੋਂ ਪੁੱਛਣ ਗਈ ਸੀ ਕਿ ''ਤੁਸੀਂ ਮੇਰੇ ਬੇਕਸੂਰ ਪਿਤਾ ਨੂੰ ਕਿਉਂ ਮਾਰਿਆ?''
ਰਾਹੁਲ ਗਾਂਧੀ ਇਹ ਵੀ ਜਾਣਦੇ ਹੋਣਗੇ ਕਿ ਰਾਜੀਵ ਗਾਂਧੀ ਹੱਤਿਆਕਾਂਡ ਦੀ ਜਾਂਚ ਲਈ ਅਗਸਤ 1991 'ਚ ਸਰਕਾਰ ਨੇ ਜੈਨ ਕਮਿਸ਼ਨ ਬਿਠਾਇਆ ਸੀ। ਜਸਟਿਸ ਮਿਲਾਪਚੰਦ ਜੈਨ ਦੀ ਅਗਵਾਈ ਵਾਲੇ ਕਮਿਸ਼ਨ ਦੀ ਰਿਪੋਰਟ 28 ਅਗਸਤ 1997 ਨੂੰ ਕੁਝ ਕਾਰਨਾਂ ਕਰਕੇ ਲੀਕ ਹੋ ਗਈ ਸੀ।
ਉਦੋਂ ਕਾਂਗਰਸ ਦੇ ਪ੍ਰਧਾਨ ਸੀਤਾ ਰਾਮ ਕੇਸਰੀ ਸਨ ਅਤੇ ਜਿਸ ਸੀਨੀਅਰ ਨੇਤਾ ਨੇ ਜੈਨ ਰਿਪੋਰਟ ਲੀਕ ਕੀਤੀ ਸੀ, ਉਸ ਦੀ ਸੀਤਾ ਰਾਮ ਕੇਸਰੀ ਨਾਲ ਬਣਦੀ ਸੀ। ਕਾਂਗਰਸ ਨੇ ਉਦੋਂ ਦੋਸ਼ ਲਾਇਆ ਸੀ ਕਿ ਜਿਸ ਡੀ. ਐੱਮ. ਕੇ. ਦੇ ਸੰਬੰਧ ਲਿੱਟੇ ਅੱਤਵਾਦੀਆਂ ਨਾਲ ਹਨ, ਉਸ ਨੂੰ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦੀ ਸਰਕਾਰ 'ਚੋਂ ਬਰਖਾਸਤ ਕੀਤਾ ਜਾਵੇ।
ਜੈਨ ਕਮਿਸ਼ਨ ਨੇ ਡੀ. ਐੱਮ. ਕੇ. ਦੇ ਨੇਤਾ ਤੇ ਉਸ ਵੇਲੇ ਦੇ ਤਾਮਿਲਨਾਡੂ ਦੇ ਮੁੱਖ ਮੰਤਰੀ ਕਰੁਣਾਨਿਧੀ ਦੀ ਸਰਕਾਰ 'ਤੇ ਦੋਸ਼ ਲਾਇਆ ਸੀ ਕਿ ਸੂਬਾ ਸਰਕਾਰ ਲਿੱਟੇ ਅੱਤਵਾਦੀਆਂ ਨੂੰ ਪਨਾਹ ਦਿੰਦੀ ਹੈ। ਜਿਸ ਡੀ. ਐੱਮ. ਕੇ. ਤੇ ਉਸ ਦੇ ਨੇਤਾ ਕਰੁਣਾਨਿਧੀ ਨੇ ਸਾਜ਼ਿਸ਼ ਦੇ ਤਹਿਤ ਰਾਜੀਵ ਗਾਂਧੀ ਦੀ ਹੱਤਿਆ ਕਰਵਾਈ, ਉਸ ਪਾਰਟੀ ਦੇ ਤਿੰਨੋਂ ਮੰਤਰੀਆਂ ਉਦਯੋਗ ਮੰਤਰੀ ਮੁਰਾਸੋਲੀ ਮਾਰਨ, ਆਵਾਜਾਈ ਮੰਤਰੀ ਟੀ. ਜੀ. ਵੈਂਕਟਰਤਨਮ ਅਤੇ ਪੈਟਰੋਲੀਅਮ ਮੰਤਰੀ ਟੀ. ਆਰ. ਬਾਲੂ ਨੂੰ ਬਰਤਰਫ ਕੀਤਾ ਜਾਵੇ।
ਉਸ ਵੇਲੇ ਦੀ ਸਾਂਝਾ ਮੋਰਚਾ ਸਰਕਾਰ ਨੇ ਕਾਂਗਰਸ ਦੀ ਇਹ ਮੰਗ ਠੁਕਰਾ ਦਿੱਤੀ ਸੀ। ਸਿੱਟੇ ਵਜੋਂ ਕਾਂਗਰਸ ਨੇ ਗੁਜਰਾਲ ਸਰਕਾਰ ਤੋਂ ਨਵੰਬਰ 1997 'ਚ ਸਮਰਥਨ ਵਾਪਸ ਲੈ ਲਿਆ। ਗੁਜਰਾਲ ਸਰਕਾਰ 1 ਸਾਲ ਤੋਂ ਵੀ ਘੱਟ ਚੱਲੀ ਸੀ। ਇਸ ਤੋਂ ਪਹਿਲਾਂ ਜਨਤਾ ਦਲ ਦੇ ਦੇਵੇਗੌੜਾ, ਜੋ ਕਦੇ ਕਰਨਾਟਕ ਤੋਂ ਬਾਹਰ ਨਹੀਂ ਗਏ ਸਨ, ਨੂੰ ਕਾਂਗਰਸ ਨੇ ਪ੍ਰਧਾਨ ਮੰਤਰੀ ਬਣਾਇਆ ਤੇ ਫਿਰ ਸਮਰਥਨ ਵਾਪਸ ਲੈ ਲਿਆ। ਇਹੋ ਪ੍ਰਯੋਗ ਕਾਂਗਰਸ ਨੇ ਚੰਦਰਸ਼ੇਖਰ ਨੂੰ ਪ੍ਰਧਾਨ ਮੰਤਰੀ ਬਣਾ ਕੇ ਕੀਤਾ। ਦੋ ਸਾਲਾਂ 'ਚ ਕਾਂਗਰਸ ਨੇ ਤਿੰਨ ਪ੍ਰਧਾਨ ਮੰਤਰੀ ਸਿਰਫ ਇਸ ਡਰੋਂ ਬਣਾਏ ਕਿ ਕਿਤੇ ਭਾਜਪਾ ਸੱਤਾ ਵਿਚ ਨਾ ਆ ਜਾਵੇ। ਮਤਲਬ 1996 ਤੋਂ 1998 ਤਕ ਦੀ ਮਿਆਦ ਕਾਂਗਰਸ ਨੇ ਦੇਸ਼ 'ਚ ਉਥਲ-ਪੁਥਲ ਵਾਲੇ ਦੌਰ ਨੂੰ ਸਮਰਪਿਤ ਕਰ ਦਿੱਤੀ। ਮੇਰੇ ਲਿਖਣ ਦਾ ਭਾਵ ਇਹ ਹੈ ਕਿ ਰਾਹੁਲ ਗਾਂਧੀ ਦੇਸ਼ ਦੇ ਲੋਕਾਂ ਨੂੰ ਇਹ ਤਾਂ ਦੱਸ ਦੇਣ ਕਿ ਸਿਆਸਤ 'ਚ ਸਿਧਾਂਤ ਨਾਂ ਦੀ ਕੋਈ ਚੀਜ਼ ਹੈ ਜਾਂ ਨਹੀਂ? 1997-98 'ਚ ਕਾਂਗਰਸ ਕਰੁਣਾਨਿਧੀ ਨੂੰ ਲਿੱਟੇ ਅੱਤਵਾਦੀਆਂ ਨੂੰ ਪਨਾਹ ਦੇਣ ਦਾ ਦੋਸ਼ੀ ਠਹਿਰਾਉਂਦੀ ਸੀ। ਅੱਜ ਉਸੇ ਕਾਂਗਰਸ ਦੇ ਉਪ ਪ੍ਰਧਾਨ ਅਤੇ ਸਵ. ਰਾਜੀਵ ਗਾਂਧੀ ਦੇ ਸਪੁੱਤਰ ਰਾਹੁਲ ਗਾਂਧੀ ਉਸੇ ਕਰੁਣਾਨਿਧੀ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਸ਼ੁਭਕਾਮਨਾਵਾਂ ਤੇ ਤੋਹਫੇ ਦੇ ਰਹੇ ਹਨ।
ਸਮਝ ਤਾਂ ਉਦੋਂ ਵੀ ਭਾਜਪਾ ਨੂੰ ਨਹੀਂ ਆਈ, ਜਦੋਂ 2004 ਤੋਂ 2014 ਤਕ ਡੀ. ਐੱਮ. ਕੇ., ਜਿਸ ਦੇ ਸਰਵੇ-ਸਰਵਾ ਕਰੁਣਾਨਿਧੀ ਮਨਮੋਹਨ ਸਿੰਘ ਦੀ ਸਰਕਾਰ 'ਚ ਮੰਤਰੀ ਰਹੇ, ਦੇ ਮੰਤਰੀਆਂ ਨੇ ਕੋਲਾ ਘਪਲੇ ਅਤੇ 2-ਜੀ ਸਪੈਕਟ੍ਰਮ ਮਾਮਲੇ 'ਚ ਖੂਬ ਹੱਥ ਰੰਗੇ। ਮਨਮੋਹਨ ਸਰਕਾਰ ਦੇ ਹੁੰਦਿਆਂ ਡੀ. ਐੱਮ. ਕੇ. ਦੇ ਮੰਤਰੀ ਜੇਲ 'ਚ ਗਏ ਅਤੇ 2014 ਆਉਂਦੇ-ਆਉਂਦੇ ਮਨਮੋਹਨ ਸਿੰਘ ਦੀ ਸਰਕਾਰ ਇਨ੍ਹਾਂ ਹੀ ਮੰਤਰੀਆਂ ਕਾਰਨ ਭ੍ਰਿਸ਼ਟਾਚਾਰ ਦੇ ਦਾਗ ਲਾ ਬੈਠੀ ਪਰ ਕਾਂਗਰਸ ਹੈ ਕਿ ਡੀ. ਐੱਮ. ਕੇ. ਅਤੇ ਕਰੁਣਾਨਿਧੀ ਨਾਲ ਪਿਆਰ ਦੀਆਂ ਪੀਂਘਾਂ ਵਧਾਉਣ 'ਚ ਹੋਰ ਮਸਤ ਹੋ ਗਈ ਹੈ।
ਕਾਂਗਰਸ ਨੂੰ ਇਹੀ ਡਰ ਹੈ ਕਿ ਭਾਜਪਾ ਕਿਤੇ ਸਾਰੇ ਦੇਸ਼ 'ਤੇ ਕਬਜ਼ਾ ਨਾ ਕਰ ਲਵੇ। ਉਹ ਤਾਂ ਉਸ ਨੇ ਕਰ ਲਿਆ, ਬਚਿਆ-ਖੁਚਿਆ ਕਬਜ਼ਾ ਨਵੰਬਰ-ਦਸੰਬਰ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਕਰ ਲਵੇਗੀ। ਕਾਂਗਰਸ ਕਦੇ ਬਿਹਾਰ 'ਚ ਨਿਤੀਸ਼ ਕੁਮਾਰ ਨਾਲ, ਕਦੇ ਯੂ. ਪੀ. 'ਚ ਅਖਿਲੇਸ਼ ਤੇ ਮਾਇਆਵਤੀ ਨਾਲ ਅਤੇ ਕਦੇ ਤਾਮਿਲਨਾਡੂ 'ਚ ਕਰੁਣਾਨਿਧੀ ਨਾਲ ਨਵੇਂ-ਨਵੇਂ ਪ੍ਰਯੋਗ ਕਰ ਰਹੀ ਹੈ।
ਹੋ ਸਕਦਾ ਹੈ ਕਿ ਕੱਲ ਨੂੰ ਹਾਰਦਿਕ ਪਟੇਲ ਨਾਲ ਗੁਜਰਾਤ 'ਚ ਇਹ ਪ੍ਰਯੋਗ ਕਰੇ ਕਿਉਂਕਿ ਕਾਂਗਰਸ ਦਾ ਆਪਣਾ ਜਨ-ਆਧਾਰ ਸੁੰਗੜਦਾ ਜਾ ਰਿਹਾ ਹੈ। ਕਦੇ ਕਾਂਗਰਸ ਦਾ ਸਾਰੇ ਭਾਰਤ 'ਚ ਇਕਛਤਰ ਸਾਮਰਾਜ ਸੀ ਪਰ ਅੱਜ ਦੇਖਣਾ ਪੈ ਰਿਹਾ ਹੈ ਕਿ ਕਾਂਗਰਸ ਹੈ ਕਿੱਥੇ।
ਕੱਲ ਪੰਡਿਤ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ, ਲਾਲ ਬਹਾਦੁਰ ਸ਼ਾਸਤਰੀ, ਸਰਦਾਰ ਪਟੇਲ, ਕਮਲਾਪਤੀ ਤ੍ਰਿਪਾਠੀ, ਹੇਮਵਤੀ ਨੰਦਨ ਬਹੁਗੁਣਾ, ਗੋਵਿੰਦ ਵੱਲਭ ਪੰਤ ਵਰਗੇ ਨੇਤਾ ਕਾਂਗਰਸ ਕੋਲ ਸਨ ਪਰ ਅੱਜ ਕਾਂਗਰਸ ਸਿਰਫ ਸੋਨੀਆ ਤੇ ਰਾਹੁਲ ਗਾਂਧੀ ਦੇ ਸਹਾਰੇ ਹੈ। ਕਾਂਗਰਸ ਦਾ ਜਹਾਜ਼ ਡੁੱਬ ਗਿਆ ਹੈ। ਹੁਣ ਸਭ ਦੀਆਂ ਨਜ਼ਰਾਂ ਭਾਜਪਾ ਵੱਲ ਲੱਗ ਗਈਆਂ ਹਨ।
ਅਜਿਹੀ ਸਥਿਤੀ 'ਚ ਰਾਹੁਲ ਟਿਕਦੇ ਕਿੱਥੇ ਹਨ? ਵਿਰੋਧੀ ਧਿਰ ਮਜ਼ਬੂਤ ਕਿਵੇਂ ਹੋਵੇਗੀ? ਡੀ. ਐੱਮ. ਕੇ ਅਤੇ ਕਰੁਣਾਨਿਧੀ ਅੱਜ ਦੇ ਸਿਆਸੀ ਸੰਦਰਭ 'ਚ ਬੇਮਾਇਨੇ ਨਜ਼ਰ ਆਉਂਦੇ ਹਨ। ਮੈਂ ਇਹੋ ਕਹਿਣਾ ਹੈ ਕਿ ਕਾਂਗਰਸ ਆਪਣੇ ਆਪ ਨੂੰ ਪਛਾਣੇ ਤੇ ਦਸ ਸਾਲਾਂ ਤਕ ਚੋਣਾਂ ਜਿੱਤਣ ਬਾਰੇ ਨਾ ਸੋਚੇ। ਇਹ ਆਪਣੇ ਘਰ ਦੇ ਖਿੱਲਰੇ ਤਿਣਕਿਆਂ ਨੂੰ ਇਕੱਠਾ ਕਰੇ ਕਿਉਂਕਿ ਅਜੇ ਕਾਂਗਰਸ ਦੇ ਸਿਤਾਰੇ ਗਰਦਿਸ਼ 'ਚ ਹਨ।
ਇਧਰ-ਉਧਰ ਸਹਾਰੇ ਲੱਭਣ ਦੀ ਬਜਾਏ ਕਾਂਗਰਸ ਆਪਣੇ ਗੜ੍ਹ ਨੂੰ ਮਜ਼ਬੂਤ ਬਣਾਵੇ ਅਤੇ ਇਕ ਵਾਰ ਫਿਰ ਪੁਰਾਣੇ ਸਿਧਾਂਤਾਂ 'ਤੇ ਟਿਕੇ ਰਹਿਣ ਦੀ ਯੋਜਨਾ ਤਿਆਰ ਕਰੇ, ਆਪਣੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਨੂੰ ਲੱਭੇ।
ਕੀ ਡੀ. ਐੱਮ. ਕੇ., ਕੀ ਕਰੁਣਾਨਿਧੀ, ਕੀ ਲਾਲੂ ਯਾਦਵ, ਕੀ ਨਿਤੀਸ਼ ਕੁਮਾਰ, ਕੀ ਮਾਇਆਵਤੀ ਅਤੇ ਕੀ ਅਖਿਲੇਸ਼—ਕਾਂਗਰਸ ਇਨ੍ਹਾਂ ਦਾ ਸਹਾਰਾ ਨਾ ਲੱਭੇ, ਆਪਣੇ ਪੈਰਾਂ 'ਤੇ ਖੜ੍ਹੀ ਹੋਵੇ। ਰਾਹੁਲ ਗਾਂਧੀ ਆਪਣੀ 'ਬਾਡੀ ਲੈਂਗੁਏਜ' ਸਿਆਸੀ ਬਣਾਉਣ, ਫਿਰ ਅੱਗੇ ਵਧਣ।


Related News