ਬਿਜਲੀ ਦੀ ਵੱਧਦੀ ਮੰਗ ਦੀ ਸਪਲਾਈ ਕਰਨ ’ਚ ਸਮਰੱਥ ਹੈ ਪੀ. ਐੱਸ. ਪੀ. ਸੀ. ਐੱਲ.

Friday, May 05, 2023 - 09:07 AM (IST)

ਬਿਜਲੀ ਦੀ ਵੱਧਦੀ ਮੰਗ ਦੀ ਸਪਲਾਈ ਕਰਨ ’ਚ ਸਮਰੱਥ ਹੈ ਪੀ. ਐੱਸ. ਪੀ. ਸੀ. ਐੱਲ.

ਬਿਜਲੀ ਉਤਪਾਦਨ ਬਿਜਲੀ ਖੇਤਰ ਦੀ ਰੀੜ੍ਹ ਦੀ ਹੱਡੀ ਹੈ। ਕਿਸੇ ਵੀ ਸੂਬੇ ਦੀ ਬਿਜਲੀ ਕਾਰਪੋਰੇਸ਼ਨ, ਜੋ ਵਧਦੀ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਯੋਗਦਾਨ ਪਾਉਂਦੀ ਹੈ, ਉਸ ਵਿੰਗ ਦਾ ਕਿੰਨਾ ਵੱਡਾ ਮਹੱਤਵਪੂਰਨ ਯੋਗਦਾਨ ਹੁੰਦਾ ਹੈ, ਉਸ ਦਾ ਅੰਦਾਜ਼ਾ ਲਗਾਉਣਾ ਸੌਖਾ ਨਹੀਂ ਹੁੰਦਾ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ. ਐੱਸ. ਪੀ. ਸੀ. ਐੱਲ.) ਦਾ ਐੱਨ. ਆਰ. ਐੱਸ. ਈ. ਐਂਡ ਥਰਮਲ ਡਿਜ਼ਾਈਨ ਵਿੰਗ ਪੰਜਾਬ ਵਿਚ ਵਧਦੀ ਬਿਜਲੀ ਦੀ ਮੰਗ ਨੂੰ ਨਵਿਆਉਣਯੋਗ ਊਰਜਾ ਸੋਮਿਆਂ ਜਿਵੇਂ ਕਿ ਸੋਲਰ, ਮਿੰਨੀ ਹਾਈਡਲ, ਬਾਇਓਮਾਸ ਆਦਿ ਰਾਹੀਂ ਪੂਰਾ ਕਰਨ ਦੀ ਵਿਉਂਤਬੰਦੀ ਨੂੰ ਸਿਰੇ ਚੜ੍ਹਾਉਣ ਵਿਚ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ। ਪੀ. ਐੱਸ. ਪੀ. ਸੀ. ਐੱਲ. ਦੇ ਐੱਨ. ਆਰ. ਐੱਸ. ਈ. ਐਂਡ ਥਰਮਲ ਡਿਜ਼ਾਈਨ ਵਿੰਗ ਦੇ ਮੁੱਖ ਇੰਜੀਨੀਅਰ ਇੰਜੀ. ਮੱਸਾ ਸਿੰਘ ਅਨੁਸਾਰ ਪੰਜਾਬ ਸੂਬੇ ਵਿਚ ਵਧ ਰਹੀ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਅਤੇ ਨਵਿਆਉਣਯੋਗ ਊਰਜਾ ਸੋਮਿਆਂ ਨੂੰ ਉਤਸ਼ਾਹਿਤ ਕਰਨ ਲਈ ਐੱਨ. ਆਰ. ਐੱਸ. ਈ. ਐਂਡ ਥਰਮਲ ਡਿਜ਼ਾਈਨ ਵਿੰਗ ਸਮੇਂ-ਸਮੇਂ ’ਤੇ ਪੰਜਾਬ ਦੇ ਜਾਂ ਪੰਜਾਬ ਤੋਂ ਬਾਹਰ ਕਿਤੇ ਵੀ ਸਥਿਤ ਪ੍ਰਾਜੈਕਟਾਂ ਤੋਂ ਸੂਰਜੀ ਊਰਜਾ ਦੀ ਖਰੀਦ ਲਈ ਟੈਂਡਰ ਜਾਰੀ ਕਰਦਾ ਹੈ। ਇਸ ਤੋਂ ਇਲਾਵਾ ਲੰਬੇ ਸਮੇਂ ਦੇ ਆਧਾਰ ’ਤੇ ਸੌਰ ਊਰਜਾ ਦੀ ਖਰੀਦ ਵੀ ਮੱਧਵਰਤੀ ਖਰੀਦਦਾਰਾਂ ਜਿਵੇਂ ਕਿ ਸੋਲਰ ਐਨਰਜੀ ਕਾਰਪੋਰੇਸ਼ਨ ਆਫ਼ ਇੰਡੀਆ ਨੈਸ਼ਨਲ ਹਾਈਡਰੋ ਇਲੈਕਟ੍ਰਿਕ ਪਾਵਰ ਕਾਰਪੋਰੇਸ਼ਨ ਲਿਮਟਿਡ ਐੱਨ. ਐੱਚ. ਪੀ. ਸੀ. ਆਦਿ ਵੱਲੋਂ ਕੀਤੀ ਜਾਂਦੀ ਹੈ। ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਵੱਖ-ਵੱਖ ਸਕੀਮਾਂ ਜਿਵੇਂ ਕਿ ਕੁਸੁਮ ਸਕੀਮ, ਸੈਂਟਰਲ ਪਬਲਿਕ ਸੈਕਟਰ ਅੰਡਰਟੇਕਿੰਗ ਸਕੀਮ ਅਧੀਨ ਸੌਰ ਊਰਜਾ ਦੀ ਖਰੀਦ ਵੀ ਐੱਨ. ਆਰ. ਐੱਸ. ਈ. ਐਂਡ ਥਰਮਲ ਡਿਜ਼ਾਈਨ ਵਿੰਗ ਦਫ਼ਤਰ ਕੋਲੋਂ ਕੀਤੀ ਜਾਂਦੀ ਹੈ।

ਮੌਜੂਦਾ ਸਮੇਂ ਵਿਚ ਭਾਰਤ ਸਰਕਾਰ ਦੀ ਸੈਂਟਰਲ ਪਬਲਿਕ ਸੈਕਟਰ ਅੰਡਰਟੇਕਿੰਗ ਸਕੀਮ ਅਧੀਨ ਨੈਸ਼ਨਲ ਹਾਈਡਰੋ ਇਲੈਕਟ੍ਰਿਕ ਪਾਵਰ ਕਾਰਪੋਰੇਸ਼ਨ ਲਿਮਟਿਡ ਅਤੇ ਸਤਲੁਜ ਜਲ ਬਿਜਲੀ ਨਿਗਮ ਲਿਮਟਿਡ ਕੋਲੋਂ ਸੂਰਜੀ ਊਰਜਾ ਦੀ ਖਰੀਦ ਪ੍ਰਗਤੀ ਅਧੀਨ ਹੈ। ਇਸ ਤੋਂ ਇਲਾਵਾ ਸਟੇਟ ਨੋਡਲ ਏਜੰਸੀ, ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ ਕੁਸੁਮ ਸਕੀਮ ਅਧੀਨ ਸੋਲਰ ਪਾਵਰ ਦੀ ਖਰੀਦ ਲਈ ਟੈਂਡਰ ਜਾਰੀ ਕਰਨ ਜਾ ਰਹੀ ਹੈ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਪਾਵਰ ਖਰੀਦ ਸਮਝੌਤੇ ’ਤੇ ਹਸਤਾਖਰ ਕੀਤੇ ਜਾਣਗੇ। ਇਸ ਤੋਂ ਇਲਾਵਾ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ, ਭਾਰਤ ਸਰਕਾਰ ਅਤੇ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਲਾਜ਼ਮੀ ਨਵਿਆਉਣਯੋਗ ਖਰੀਦ ਜ਼ਿੰਮੇਵਾਰੀਆਂ ਦੇ ਸਾਰੇ ਕੰਮ ਵੀ ਐੱਨ. ਆਰ. ਐੱਸ. ਈ. ਐਂਡ ਥਰਮਲ ਡਿਜ਼ਾਈਨ ਵਿੰਗ ਵੱਲੋਂ ਸੰਭਾਲੇ ਜਾ ਰਹੇ ਹਨ। ਇਸ ਸਬੰਧੀ ਪੇਡਾ ਦੇ ਸਹਿਯੋਗ ਨਾਲ ਪੰਜਾਬ ਭਰ ਵਿਚ ਵੱਖ-ਵੱਖ ਜ਼ਿੰਮੇਵਾਰ ਸੰਸਥਾਵਾਂ ਦੇ ਆਰ. ਪੀ. ਓ. ਦੀ ਪਾਲਣਾ ਲਈ ਇਕ ਵੈੱਬ ਪੋਰਟਲ ਤਿਆਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬ ਵਿਚ ਨੈੱਟ ਮੀਟਰਿੰਗ, ਨੈੱਟ ਬਿਲਿੰਗ ਅਤੇ ਗ੍ਰਾਸ ਮੀਟਰਿੰਗ ਵਿਧੀ ਅਧੀਨ ਵੱਖ-ਵੱਖ ਸ਼੍ਰੇਣੀਆਂ ਦੇ ਖਪਤਕਾਰਾਂ ਵਲੋਂ ਰੂਫ ਟਾਪ ਸੋਲਰ ਸਿਸਟਮਾਂ ਦੀ ਸਥਾਪਨਾ ਨਾਲ ਸਬੰਧਤ ਸਾਰੇ ਕੰਮ ਵੀ ਐੱਨ. ਆਰ. ਐੱਸ. ਈ. ਐਂਡ ਥਰਮਲ ਡਿਜ਼ਾਈਨ ਵਿੰਗ ਵਲੋਂ ਸੰਭਾਲੇ ਜਾ ਰਹੇ ਹਨ।

ਰੂਫ਼ ਟਾਪ ਸੋਲਰ ਪਾਵਰ ਪਲਾਂਟ ਦੀ ਸਥਾਪਨਾ ਤੋਂ ਬਾਅਦ ਲੋੜੀਂਦੀ ਸਬਸਿਡੀ ਜਾਰੀ ਕਰਨ ਦੇ ਮਾਮਲੇ ਵੀ ਐੱਨ. ਆਰ. ਐੱਸ. ਈ. ਐਂਡ ਥਰਮਲ ਡਿਜ਼ਾਈਨ ਵਿੰਗ ਵਲੋਂ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ ਭਾਰਤ ਸਰਕਾਰ ਕੋਲ ਉਠਾ ਕੇ ਕਾਰਵਾਈ ਕੀਤੀ ਜਾਂਦੀ ਹੈ ਅਤੇ ਨਵਿਆਉਣਯੋਗ ਊਰਜਾ ਸੋਮਿਆਂ ਭਾਰਤ ਸਰਕਾਰ (ਐੱਮ. ਐੱਨ. ਆਰ. ਈ.) ਤੋਂ ਪ੍ਰਾਪਤ ਹੋਣ ਤੋਂ ਬਾਅਦ ਖਪਤਕਾਰਾਂ/ਵਿਕਰੇਤਾਵਾਂ ਨੂੰ ਸਬਸਿਡੀ ਜਾਰੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਭਾਰਤ ਸਰਕਾਰ ਦੇ ਨਵੀਂ ਅਤੇ ਨਵਿਆਉਣਯੋਗ ਉਰਜਾ ਮੰਤਰਾਲਾ ਵਲੋਂ ਰਾਸ਼ਟਰੀ ਪੱਧਰ ’ਤੇ ਵੀ ਇਕ ਪੋਰਟਲ ਜੁਲਾਈ, 2022 ਵਿਚ ਚਾਲੂ ਕੀਤਾ ਗਿਆ ਹੈ ਜਿਸ ’ਤੇ ਖਪਤਕਾਰ ਆਨਲਾਈਨ ਅਪਲਾਈ ਕਰ ਕੇ ਸਬਸਿਡੀ ਦਾ ਲਾਭ ਲੈ ਸਕਦੇ ਹਨ। ਮੁੱਖ ਇੰਜੀਨੀਅਰ ਐੱਨ. ਆਰ. ਐੱਸ. ਈ. ਐਂਡ ਥਰਮਲ ਡਿਜ਼ਾਈਨ ਵਿੰਗ ਵੱਲੋ ਹਾਈਡਲ, ਬਾਇਓਮਾਸ, ਖੰਡ ਮਿੱਲਾਂ ਦੀ ਰਹਿੰਦ-ਖੂੰਹਦ ’ਤੇ ਆਧਾਰਿਤ ਸੁਤੰਤਰ ਊਰਜਾ ਉਤਪਾਦਕਾਂ (ਆਈ. ਪੀ. ਪੀ.) ਅਤੇ ਕੋ-ਜੈਨਰੇਸ਼ਨ ਦੇ ਪਲਾਂਟਾਂ ਨਾਲ ਪੰਜਾਬ ਵਿਚ ਆਰ. ਈ. ਪਾਵਰ ਨੂੰ ਉਤਸ਼ਾਹਿਤ ਕਰਨ ਲਈ ਬਿਜਲੀ ਖਰੀਦ ਸਮਝੌਤੇ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਐੱਨ. ਆਰ. ਐੱਸ. ਈ. ਐਂਡ ਥਰਮਲ ਡਿਜ਼ਾਈਨ ਵਿੰਗ ਵੱਲੋਂ ਪਰਾਲੀ ਸਾੜਨ ਦੀ ਸਮੱਸਿਆ ਨੂੰ ਕੁਝ ਹੱਦ ਤੱਕ ਠੱਲ੍ਹ ਪਾਉਣ ਲਈ ਪ੍ਰਾਈਵੇਟ ਊਰਜਾ ਉਤਪਾਦਕਾਂ ਨਾਲ ਵੀ ਬਿਜਲੀ ਖ਼ਰੀਦ ਸਮਝੌਤੇ ਕੀਤੇ ਜਾਂਦੇ ਹਨ, ਜੋ ਸਿਰਫ ਪਰਾਲੀ ਜਾਂ ਖੇਤੀਬਾੜੀ ਰਹਿੰਦ-ਖੂੰਹਦ ਤੋਂ ਬਿਜਲੀ ਪੈਦਾ ਕਰਦੇ ਹਨ । ਰੂਫ ਟਾਪ ਸੋਲਰ ਲਗਾਉਣ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਕੀਤੇ ਗਏ ਯਤਨਾਂ ਨੂੰ ਦੇਖਦਿਆਂ ਹੋਇਆਂ ਨਵਿਆਉਣਯੋਗ ਊਰਜਾ ਮੰਤਰਾਲਾ ਭਾਰਤ ਸਰਕਾਰ ਵੱਲੋਂ ਸਾਲ 2019-20 ਵਿਚ 14.21 ਕਰੋੜ ਰੁਪਏ ਅਤੇ ਸਾਲ 2020-21 ਵਿਚ 20 ਕਰੋੜ ਰੁਪਏ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਪੀ. ਐੱਸ. ਪੀ. ਸੀ. ਐੱਲ. ਨਵਿਆਉਣਯੋਗ ਊਰਜਾ ਸੋਮਿਅਾਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ ਤਾਂ ਜੋ ਇਸਦੇ ਖਪਤਕਾਰਾਂ ਨੂੰ ਭਰੋਸੇਮੰਦ, ਸਸਤੀ ਅਤੇ ਹਰੀ ਊਰਜਾ 24 ਘੰਟੇ 7 ਦਿਨ ਦਿੱਤੀ ਜਾ ਸਕੇ।

ਮਨਮੋਹਨ ਸਿੰਘ
(ਉੱਪ ਸਕੱਤਰ ਲੋਕ ਸੰਪਰਕ ਵਿਭਾਗ, ਪੀ. ਐੱਸ. ਪੀ. ਸੀ. ਐੱਲ.)


author

Anuradha

Content Editor

Related News