ਕੀ ਪ੍ਰਿਯੰਕਾ ਕਾਂਗਰਸ ਲਈ ਮਜਬੂਰੀ ਹੈ ਜਾਂ ਫਿਰ ''ਤਾਰਨਹਾਰ''

02/13/2019 6:01:35 AM

ਪ੍ਰਿਯੰਕਾ ਗਾਂਧੀ ਵਢੇਰਾ ਨੇ ਕਾਂਗਰਸ ਦੀ ਜਨਰਲ ਸਕੱਤਰ (ਪੂਰਬੀ ਯੂ. ਪੀ. ਲਈ) ਦਾ  ਜ਼ਿੰਮਾ ਸੰਭਾਲ ਲਿਆ ਹੈ।  ਇਹ ਜ਼ਿੰਮੇਵਾਰੀ ਪ੍ਰਿਯੰਕਾ ਨੂੰ ਪਿਛਲੇ ਦਿਨੀਂ ਸੌਂਪੀ ਗਈ  ਹੈ। ਇਹ ਸੂਬਾ ਉਨ੍ਹਾਂ ਲਈ ਕੋਈ ਨਵਾਂ ਨਹੀਂ ਹੈ, ਸਗੋਂ ਉਹ ਆਪਣੀ ਮਾਂ ਸੋਨੀਆ ਗਾਂਧੀ ਦੇ ਚੋਣ  ਹਲਕੇ ਰਾਇਬਰੇਲੀ ਅਤੇ ਭਰਾ ਰਾਹੁਲ ਗਾਂਧੀ ਦੇ ਚੋਣ  ਹਲਕੇ ਅਮੇਠੀ ਨੂੰ ਵੀ ਵਰ੍ਹਿਆਂ ਤਕ ਦੇਖਣ ਦੇ ਨਾਲ-ਨਾਲ ਇਸ ਸੂਬੇ ਦੇ ਕੁਝ ਹਿੱਸਿਆਂ 'ਚ ਚੋਣ ਮੁਹਿੰਮ 'ਚ ਹਿੱਸਾ ਲੈ ਚੁੱਕੀ ਹੈ। 80 ਲੋਕ ਸਭਾ ਸੀਟਾਂ ਵਾਲੇ ਯੂ. ਪੀ. ਸੂਬੇ ਨੇ ਸੰਸਦ 'ਚ ਸਭ ਤੋਂ ਜ਼ਿਆਦਾ ਕਾਨੂੰਨ ਨਿਰਮਾਤਾਵਾਂ ਨੂੰ ਭੇਜਿਆ ਹੈ ਅਤੇ ਇਹ  ਬੇਹੱਦ ਅਹਿਮ ਚੋਣ ਜੰਗ ਦਾ ਮੈਦਾਨ ਹੈ। 
ਕਿਉਂਕਿ ਪ੍ਰਿਯੰਕਾ ਇਕ ਸਿਆਸੀ ਪਰਿਵਾਰ 'ਚੋਂ ਹੈ, ਇਸ ਲਈ ਉਹ ਆਪਣੇ ਬਚਪਨ ਤੋਂ ਹੀ ਸਿਆਸਤ ਉੱਤੇ ਵਾਦ-ਵਿਵਾਦ ਸੁਣਦੀ ਆਈ ਹੈ। ਕਾਂਗਰਸ ਲਈ ਇਹ ਯਕੀਨੀ ਤੌਰ 'ਤੇ ਇਕ ਬਹੁਤ ਵੱਡਾ ਜੂਆ ਹੈ ਅਤੇ ਪਾਰਟੀ ਦਾ ਆਖਰੀ 'ਤਰੁੱਪ ਦਾ ਪੱਤਾ' ਵੀ। ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਉਹ ਕਾਂਗਰਸ ਦੀ ਮਜਬੂਰੀ ਹੈ ਜਾਂ ਫਿਰ ਪਾਰਟੀ ਦੀ ਸੂਤਰਧਾਰ?  ਯੂ. ਪੀ. 'ਚ ਪਾਰਟੀ ਨੂੰ ਸੰਗਠਿਤ ਕਰਨ ਲਈ ਕੀ ਪ੍ਰਿਯੰਕਾ ਕੋਲ 3 ਮਹੀਨਿਆਂ ਦਾ ਸਮਾਂ ਕਾਫੀ ਹੋਵੇਗਾ? 
ਯਕੀਨੀ ਤੌਰ 'ਤੇ ਉਹ ਲੋਕਾਂ ਨੂੰ ਆਕਰਸ਼ਿਤ ਕਰਨ ਵਾਲਾ ਚਿਹਰਾ ਹੈ ਪਰ ਅਜੇ ਇਹ ਤੈਅ ਨਹੀਂ ਹੈ ਕਿ ਕੀ ਉਹ ਕਾਂਗਰਸ ਲਈ ਵੋਟਾਂ ਵੀ ਬਟੋਰੇਗੀ ਜਾਂ ਨਹੀਂ? ਜੇ ਉਹ ਕਾਂਗਰਸ ਲਈ ਵੋਟਾਂ ਬਟੋਰਨ ਦੀ ਯੋਗਤਾ ਰੱਖਦੀ ਹੈ ਤਾਂ ਕੀ ਪ੍ਰਿਯੰਕਾ ਵੱਲ ਭੱਜਣ ਵਾਲੇ ਲੋਕ ਵੋਟਾਂ 'ਚ ਤਬਦੀਲ ਹੋ ਜਾਣਗੇ? ਇਹ ਕੁਝ ਅਜਿਹੇ ਸਵਾਲ ਹਨ, ਜੋ ਜੁਆਬਾਂ ਦੀ ਉਡੀਕ 'ਚ ਹਨ। 
ਪ੍ਰਿਯੰਕਾ 'ਚ ਆਪਣੀ ਦਾਦੀ ਦਾ ਅਕਸ
ਪਹਿਲੀ ਵਾਰ ਲੋਕਾਂ ਨੇ ਪ੍ਰਿਯੰਕਾ ਦੀ ਝਲਕ ਉਦੋਂ ਦੇਖੀ ਸੀ, ਜਦੋਂ ਉਹ 11 ਜਨਵਰੀ 1998 ਨੂੰ ਆਪਣੀ ਮਾਂ ਸੋਨੀਆ ਗਾਂਧੀ ਨਾਲ ਆਪਣੇ ਸਵ. ਪਿਤਾ ਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਯਾਦਗਾਰ 'ਤੇ ਸ਼੍ਰੀਪੇਰੰਬਦੂਰ ਵਿਚ ਸਾਧਾਰਨ ਲਾਲ ਅਤੇ ਨਾਰੰਗੀ ਸਾੜ੍ਹੀ 'ਚ ਨਜ਼ਰ ਆਈ ਸੀ। 
ਹਾਲਾਂਕਿ ਇਹ ਮੰਨਿਆ ਜਾਂਦਾ ਸੀ ਕਿ ਇਹ ਸੋਨੀਆ ਨੂੰ ਸਿਆਸੀ ਮੰਚ 'ਤੇ ਲਿਆਉਣ ਦੀ ਕੋਸ਼ਿਸ਼ ਸੀ ਪਰ ਇਹ ਪ੍ਰਿਯੰਕਾ ਹੀ ਸੀ, ਜਿਸ ਨੇ ਆਪਣੀ ਮਾਂ ਨੂੰ ਪਿੱਛੇ ਛੱਡਦਿਆਂ ਆਪਣੀ ਪਛਾਣ ਬਣਾਈ। ਲੋਕਾਂ ਨੂੰ ਪ੍ਰਿਯੰਕਾ 'ਚ ਉਸ ਦੀ ਦਾਦੀ ਇੰਦਰਾ ਗਾਂਧੀ ਦਾ ਅਕਸ ਨਜ਼ਰ ਆਇਆ। ਉਦੋਂ ਤੋਂ ਹੀ ਅਜਿਹੇ ਕਿਆਸ ਲਾਏ ਗਏ ਕਿ ਉਹ ਸਿਆਸਤ 'ਚ ਦਾਖਲ ਹੋਣ ਹੀ ਵਾਲੀ ਹੈ। 
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਸਿਆਸਤ 'ਚ ਆਉਣ ਲਈ ਉਨ੍ਹਾਂ ਨੇ ਦੋ ਦਹਾਕਿਆਂ ਦਾ ਸਮਾਂ ਲਿਆ, ਜਦਕਿ ਰਾਹੁਲ ਆਪਣੀ ਭੈਣ ਨਾਲ ਇਸ ਬਾਰੇ ਕਈ ਸਾਲਾਂ ਤੋਂ ਚਰਚਾ ਕਰਦੇ ਆ ਰਹੇ ਸਨ। ਇਸ 'ਤੇ ਪ੍ਰਿਯੰਕਾ ਦਾ ਮੰਨਣਾ ਸੀ ਕਿ ਅਜੇ ਉਨ੍ਹਾਂ ਦੇ ਬੱਚੇ ਬਹੁਤ ਛੋਟੇ ਹਨ ਤੇ ਉਨ੍ਹਾਂ ਨੂੰ ਮਾਂ ਦੀ ਲੋੜ ਹੈ। ਹੁਣ ਉਨ੍ਹਾਂ ਦੇ  ਬੱਚੇ ਵੱਡੇ ਹੋ ਚੁੱਕੇ ਹਨ, ਜਿਨ੍ਹਾਂ 'ਚੋਂ ਇਕ ਬੱਚਾ ਯੂਨੀਵਰਸਿਟੀ 'ਚ ਪੜ੍ਹਦਾ ਹੈ। ਇਸ ਲਈ ਪ੍ਰਿਯੰਕਾ ਨੇ ਸਿਆਸਤ 'ਚ ਆਉਣ ਦੀ ਇੱਛਾ ਪ੍ਰਗਟਾ ਦਿੱਤੀ। 
ਮੋਦੀ-ਯੋਗੀ ਦਾ ਸਾਹਮਣਾ 
ਯੂ.  ਪੀ. ਦੇ ਚੋਣ ਦੰਗਲ 'ਚ ਪ੍ਰਿਯੰਕਾ ਗਾਂਧੀ ਵਢੇਰਾ ਸਿੱਧੇ ਤੌਰ 'ਤੇ ਭਾਜਪਾ ਦੇ 2 ਵੱਡੇ ਨੇਤਾਵਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ (ਵਾਰਾਣਸੀ) ਅਤੇ ਯੂ. ਪੀ. ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ (ਗੋਰਖਪੁਰ) ਦਾ ਸਾਹਮਣਾ ਕਰੇਗੀ। ਜਦੋਂ ਮੋਦੀ ਨੇ ਇਹ ਕਿਹਾ ਕਿ ਪ੍ਰਿਯੰਕਾ ਉਨ੍ਹਾਂ ਦੀ ਬੇਟੀ ਵਾਂਗ ਹੈ ਤਾਂ ਪ੍ਰਿਯੰਕਾ ਨੇ ਝੱਟ ਕਹਿ ਦਿੱਤਾ ਕਿ ''ਕਿਸੇ ਨੂੰ ਵੀ ਮੇਰੇ ਪਿਤਾ ਵਾਂਗ ਬਣਨ  ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਮੈਂ ਆਪਣੇ ਪਿਤਾ ਨਾਲ ਬਹੁਤ ਪਿਆਰ ਕਰਦੀ ਹਾਂ।'' ਇਹ ਗੱਲ ਭਾਜਪਾ ਵੀ ਚੰਗੀ ਤਰ੍ਹਾਂ ਸਮਝਦੀ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ 'ਚ ਯੂ. ਪੀ. ਤੋਂ 71 ਸੀਟਾਂ ਜਿੱਤਣ ਵਾਲੀ ਭਾਜਪਾ ਲਈ ਇਸ ਵਾਰ ਸਪਾ-ਬਸਪਾ ਗੱਠਜੋੜ ਹੋਣ ਕਰਕੇ ਜਿੱਤ ਦਾ ਰਾਹ ਸੌਖਾ ਨਹੀਂ ਹੋਵੇਗਾ। 
ਪ੍ਰਿਯੰਕਾ ਨਿੱਜੀ ਅਤੇ ਸਿਆਸੀ ਚੁਣੌਤੀਆਂ ਦਾ ਡਟ ਕੇ ਸਾਹਮਣਾ ਕਰਦੀ ਹੈ। ਨਿੱਜੀ ਤੌਰ 'ਤੇ ਦੇਖਿਆ ਜਾਵੇ ਤਾਂ ਉਹ ਅਜਿਹੇ ਸਮੇਂ 'ਤੇ ਸਿਆਸਤ 'ਚ ਆਈ ਹੈ, ਜਦੋਂ ਉਸ ਦੇ ਪਤੀ ਰਾਬਰਟ ਵਢੇਰਾ ਕਥਿਤ ਮਨੀਲਾਂਡਰਿੰਗ ਅਤੇ ਜ਼ਮੀਨੀ ਘਪਲੇ 'ਚ ਸ਼ਮੂਲੀਅਤ ਦੀ ਵਜ੍ਹਾ ਕਰਕੇ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਸਵਾਲਾਂ ਦਾ ਸਾਹਮਣਾ ਕਰ ਰਹੇ ਹਨ, ਜਦਕਿ ਪ੍ਰਿਯੰਕਾ ਦੀ ਮਾਂ ਸੋਨੀਆ ਗਾਂਧੀ ਤੇ ਭਰਾ ਰਾਹੁਲ ਗਾਂਧੀ 'ਨੈਸ਼ਨਲ ਹੇਰਾਲਡ' ਮਾਮਲੇ 'ਚ ਜ਼ਮਾਨਤ 'ਤੇ ਹਨ। 
ਸ਼ਾਇਦ ਉਨ੍ਹਾਂ ਦੇ ਪਰਿਵਾਰ ਨੇ ਸੋਚਿਆ ਹੋਵੇਗਾ ਕਿ ਸਿਆਸਤ 'ਚ ਸਿੱਧੇ ਤੌਰ 'ਤੇ ਆਉਣ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਇਸ ਚੁਣੌਤੀ ਭਰੇ ਸਮੇਂ 'ਚ ਪ੍ਰਿਯੰਕਾ ਕੁਝ ਰਾਹਤ ਦਿਵਾਏਗੀ। ਜਿਸ ਦਿਨ ਪ੍ਰਿਯੰਕਾ ਨੇ ਆਪਣਾ ਜ਼ਿੰਮਾ ਸੰਭਾਲਿਆ, ਉਸੇ ਦਿਨ ਤੋਂ ਆਪਣੇ ਪਤੀ ਰਾਬਰਟ ਨੂੰ ਆਪਣਾ ਸਮਰਥਨ ਅਤੇ ਉਸ ਨਾਲ ਖੜ੍ਹੇ ਹੋਣ ਨੂੰ ਦਰਸਾਉਂਦਿਆਂ ਉਹ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਦਫਤਰ ਤਕ ਰਾਬਰਟ ਨਾਲ ਨਜ਼ਰ ਆਈ। 
ਪ੍ਰਿਯੰਕਾ ਲਈ ਵੱਡੀ ਸਿਆਸੀ ਚੁਣੌਤੀ
ਅਜਿਹੇ ਸਮੇਂ 'ਤੇ ਸਿਆਸਤ 'ਚ ਆਉਣਾ ਪ੍ਰਿਯੰਕਾ ਲਈ ਵਾਕਈ ਇਕ ਬਹੁਤ ਵੱਡੀ ਸਿਆਸੀ ਚੁਣੌਤੀ ਹੈ ਕਿਉਂਕਿ ਲੋਕ ਅਜਿਹਾ ਮੰਨਦੇ ਹਨ ਕਿ ਉਨ੍ਹਾਂ ਨੂੰ ਪਿਛਲੇ ਦਰਵਾਜ਼ਿਓਂ ਲਿਆਂਦਾ ਗਿਆ ਹੈ, ਇਸ ਲਈ ਉਨ੍ਹਾਂ ਵਾਸਤੇ ਅਜਿਹੀ ਸਿਆਸਤ ਇਕ ਵੱਖਰੀ ਗੱਲ ਹੋਵੇਗੀ ਅਤੇ ਉਹ ਲਗਾਤਾਰ ਲੋਕਾਂ ਦੀਆਂ ਨਜ਼ਰਾਂ 'ਚ ਰਹੇਗੀ। 
ਪ੍ਰਿਯੰਕਾ ਨੇ ਸਿਆਸਤ 'ਚ ਉਦੋਂ ਪੈਰ ਰੱਖਿਆ ਹੈ, ਜਦੋਂ ਕਾਂਗਰਸ ਆਪਣੀ ਹੋਂਦ ਦੀ ਲੜਾਈ ਲੜ ਰਹੀ ਹੈ ਕਿਉਂਕਿ ਪਾਰਟੀ ਪਿਛਲੇ ਕੁਝ ਸਾਲਾਂ ਤੋਂ ਸੱਤਾ 'ਚ ਨਹੀਂ ਹੈ। ਇਸ ਲਈ ਪ੍ਰਿਯੰਕਾ ਵਾਸਤੇ ਚੁਣੌਤੀ ਹੋਰ ਵੀ ਵਧ ਗਈ ਹੈ। 
ਕਾਂਗਰਸ ਨੇ ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ ਦੀਆਂ ਵਿਧਾਨ ਸਭਾ ਚੋਣਾਂ 'ਚ ਜਿੱਤ ਪ੍ਰਾਪਤ ਕੀਤੀ ਹੈ, ਜਿਸ ਨਾਲ ਮੋਦੀ ਥੋੜ੍ਹਾ ਰੱਖਿਆਤਮਕ ਹੋ ਗਏ ਹਨ। ਸਾਰੀਆਂ ਵਿਰੋਧੀ ਪਾਰਟੀਆਂ ਵੀ ਭਾਜਪਾ ਦੇ ਵਿਰੁੱਧ ਇਕ ਹੋ ਰਹੀਆਂ ਹਨ। ਐੱਸ. ਸੀ./ਐੱਸ. ਟੀ. ਬਿੱਲ ਦੀ ਸੋਧ 'ਤੇ ਭਾਜਪਾ ਦੇ ਰੁਖ਼ ਨੂੰ ਦੇਖਦਿਆਂ ਉੱਚੀਆਂ ਜਾਤਾਂ ਦਾ ਇਕ ਵਰਗ ਭਾਜਪਾ ਤੋਂ ਨਾਰਾਜ਼ ਹੈ ਤੇ ਕਾਂਗਰਸ 'ਚ ਨਵੀਂ ਰੂਹ ਫੂਕਣ ਦੇ ਪਹਿਲੇ ਕਦਮ ਵਜੋਂ ਪ੍ਰਿਯੰਕਾ ਇਨ੍ਹਾਂ ਬ੍ਰਾਹਮਣ ਵੋਟਾਂ ਨੂੰ ਹਥਿਆਉਣਾ ਚਾਹੇਗੀ। 
ਪ੍ਰਿਯੰਕਾ ਦੀ ਪਹਿਲੀ ਚੁਣੌਤੀ ਵਰਕਰਾਂ 'ਚ ਜੋਸ਼ ਭਰਨ ਦੀ  ਹੋਵੇਗੀ। ਪ੍ਰਿਯੰਕਾ ਦੇ ਆਉਣ ਨਾਲ ਪਾਰਟੀ 'ਚ ਜਿਥੇ ਨਵੀਂ ਰੂਹ ਫੂਕੀ ਜਾਵੇਗੀ ਪਰ ਉਹ ਇਕੱਲਿਆਂ ਹੀ ਆਪਣੇ ਦਮ 'ਤੇ ਨਤੀਜੇ ਹਾਸਿਲ ਨਹੀਂ ਕਰ ਸਕਦੀ ਕਿਉਂਕਿ ਪਾਰਟੀ ਨੂੰ ਹੇਠਲੇ ਪੱਧਰ ਤੋਂ ਹੀ ਉਪਰ ਚੁੱਕਣਾ  ਪਵੇਗਾ, ਜਦਕਿ ਪਾਰਟੀ 'ਚ ਅਜੇ ਤਕ ਇਹ ਚੀਜ਼ ਨਜ਼ਰ ਨਹੀਂ ਆ ਰਹੀ। 
ਦੂਜੀ ਗੱਲ ਇਹ ਹੈ ਕਿ ਨੌਜਵਾਨ ਵਰਗ ਨੂੰ ਨੌਕਰੀਆਂ ਚਾਹੀਦੀਆਂ ਹਨ। ਯੂ. ਪੀ. 'ਚ ਜ਼ਿਆਦਾਤਰ ਕਿਸਾਨ ਗੰਨੇ ਦੀ ਖੇਤੀ ਕਰਦੇ ਹਨ ਪਰ ਉਥੇ ਕਿਸਾਨਾਂ ਦਾ ਸੰਕਟ ਬਰਕਰਾਰ ਹੈ। ਕੀ ਪ੍ਰਿਯੰਕਾ ਦੀ 'ਸੰਜੀਵਨੀ' ਇਹ ਸੰਕਟ ਦੂਰ ਕਰ ਸਕੇਗੀ? ਪ੍ਰਿਯੰਕਾ ਨੂੰ ਸਿਰਫ ਨਵੇਂ ਬਿਆਨਾਂ ਦੀ ਲੋੜ ਨਹੀਂ ਹੋਵੇਗੀ, ਸਗੋਂ ਉਨ੍ਹਾਂ ਨੂੰ ਲੋਕਾਂ 'ਚ ਇਕ ਨਵਾਂ ਜਜ਼ਬਾ ਤੇ ਭਰੋਸਾ ਵੀ ਪੈਦਾ ਕਰਨਾ  ਪਵੇਗਾ ਕਿ ਉਹ ਲੋਕਾਂ ਦੇ ਵਾਅਦਿਆਂ 'ਤੇ ਖਰੀ ਉਤਰੇਗੀ। 
ਤੀਜੀ ਗੱਲ ਇਹ ਹੈ ਕਿ ਇਹ ਸਾਰੇ ਕੰਮ ਪੂਰੇ ਕਰਨ ਲਈ ਪਾਰਟੀ ਨੂੰ ਇਕ ਚੰਗੀ, ਲਗਨ ਵਾਲੀ ਟੀਮ ਵੀ ਚਾਹੀਦੀ ਹੈ ਤੇ ਇਸ ਕੰਮ 'ਚ ਕੁਝ ਸਮਾਂ ਲੱਗੇਗਾ। ਦੂਜੇ ਪਾਸੇ ਭਾਜਪਾ ਦੇ ਅਥਾਹ ਫੰਡ ਨੂੰ ਦੇਖਦੇ ਹੋਏ ਪ੍ਰਿਯੰਕਾ ਨੂੰ ਵੀ ਕਾਂਗਰਸ ਨੂੰ ਉਪਰ ਚੁੱਕਣ ਲਈ ਵਿੱਤੀ ਸਹਾਇਤਾ ਦੀ ਲੋੜ ਪਵੇਗੀ। 
ਪਾਰਟੀ ਦੇ ਅੰਦਰੂਨੀ ਸੂਤਰਾਂ ਮੁਤਾਬਿਕ ਪ੍ਰਿਯੰਕਾ ਇਸ ਸਮੇਂ ਇਨ੍ਹਾਂ ਸਾਰੇ ਪਹਿਲੂਆਂ 'ਤੇ ਵਿਚਾਰ ਕਰ ਰਹੀ ਹੈ ਅਤੇ ਸਾਨੂੰ ਉਸ ਸਮੇਂ ਦੀ ਉਡੀਕ ਕਰਨੀ ਪਵੇਗੀ, ਜਦੋਂ ਉਹ ਆਪਣੀ ਪਹਿਲੀ ਮੀਟਿੰਗ 'ਚ ਬੋਲਦਿਆਂ ਆਪਣੇ ਝੋਲੇ 'ਚੋਂ ਕੁਝ ਖਾਸ ਕੱਢੇਗੀ। ਪ੍ਰਿਯੰਕਾ ਪਾਰਟੀ ਲਈ ਮਜਬੂਰੀ ਹੈ ਜਾਂ ਫਿਰ ਤਾਰਨਹਾਰ, ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗ ਜਾਵੇਗਾ। 


Bharat Thapa

Content Editor

Related News