ਵਿਦਿਆਰਥੀਅਾਂ ਦੇ ਸਰਵਪੱਖੀ ਵਿਕਾਸ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ ‘ਵਿੱਦਿਅਕ ਟੂਰ’
Saturday, Jan 05, 2019 - 07:13 AM (IST)

ਪਹਾੜੀ ਸੂਬਾ ਹਿਮਾਚਲ ਪ੍ਰਦੇਸ਼ ਸਿੱਖਿਆ ਦੇ ਮਾਮਲੇ ’ਚ ਹਮੇਸ਼ਾ ਮੋਹਰੀ ਰਿਹਾ ਹੈ। ਕੇਰਲ ਤੋਂ ਬਾਅਦ ਸੌ ਫੀਸਦੀ ਸਾਖਰਤਾ ਦਰ ਹਾਸਿਲ ਕਰਨ ਵਾਲੇ ਸੂਬੇ ਦਾ ਦਰਜਾ ਪ੍ਰਾਪਤ ਕਰਨ ਵਾਲੇ ਹਿਮਾਚਲ ਨੇ ਸਿੱਖਿਆ ਦੇ ਖੇਤਰ ’ਚ ਇਕ ਲੰਮੀ ਛਾਲ ਮਾਰੀ ਹੈ। ਸੂਬੇ ਦੇ ਲੋਕ ਜਿਥੇ ਈਮਾਨਦਾਰ ਅਤੇ ਮਿਹਨਤੀ ਹਨ, ਉਥੇ ਹੀ ਸਿੱਖਿਆ ਪ੍ਰਤੀ ਇਨ੍ਹਾਂ ਦਾ ਰੁਝਾਨ ਸ਼ੁਰੂ ਤੋਂ ਰਿਹਾ ਹੈ।
ਜਦੋਂ ਹਿਮਾਚਲ ’ਚ ਜ਼ਿਆਦਾ ਵਿੱਦਿਅਕ ਅਦਾਰੇ ਨਹੀਂ ਸਨ, ਉਦੋਂ ਵੀ ਪਹਾੜੀ ਸੂਬੇ ਦੇ ਲੋਕ ਸਿੱਖਿਆ ਹਾਸਿਲ ਕਰਨ ਲਈ ਦੂਜੇ ਸੂਬਿਅਾਂ ’ਚ ਜਾਂਦੇ ਸਨ। ਸਿੱਖਿਆ ਸੂਬੇ ਵਜੋਂ ਉੱਭਰੇ ਹਿਮਾਚਲ ਨੇ ਕਈ ਰਿਕਾਰਡ ਕਾਇਮ ਕੀਤੇ ਹਨ। ਇਹ ਪੜ੍ਹਿਆ-ਲਿਖਿਆ ਹਿਮਾਚਲ ਹੀ ਹੈ, ਜਿਥੇ ਦੇਸ਼ ਸੇਵਾ ਦੇ ਜਜ਼ਬੇ ਨਾਲ ਕਈ ਨੌਜਵਾਨ ਫੌਜ ’ਚ ਭਰਤੀ ਹੁੰਦੇ ਹਨ। ਇਸ ਛੋਟੇ ਜਿਹੇ ਸੂਬੇ ਤੋਂ ਫੌਜ ’ਚ ਨੌਕਰੀ ਕਰਨ ਵਾਲੇ ਜਵਾਨਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ।
ਕੁਝ ਕਰਨ ਦੀ ਇੱਛਾ
ਸਿੱਖਿਆ ਦੇ ਖੇਤਰ ’ਚ ਕਾਇਮ ਕੀਤੇ ਜਾ ਰਹੇ ਰਿਕਾਰਡ ਅਤੇ ਨੌਜਵਾਨਾਂ ’ਚ ਅੱਗੇ ਵਧਣ ਦੀ ਇੱਛਾ ਨੂੰ ਦੇਖ ਕੇ ਮੇਰੇ ਮਨ ’ਚ ਉਨ੍ਹਾਂ ਪ੍ਰਤੀ ਸ਼ਰਧਾ ਦੀ ਭਾਵਨਾ ਪੈਦਾ ਹੋਈ ਅਤੇ ਉਨ੍ਹਾਂ ਵਾਸਤੇ ਕੁਝ ਕਰਨ ਦੀ ਇੱਛਾ ਜਾਗੀ। ਸਵਾਲ ਸੀ ਕਿ ਅਜਿਹਾ ਕੀ ਕੀਤਾ ਜਾਵੇ ਤਾਂ ਕਿ ਮੁਕਾਬਲੇਬਾਜ਼ੀ ਹਾਂ-ਪੱਖੀ ਤੌਰ ’ਤੇ ਵੀ ਵਧੇ ਅਤੇ ਨੌਜਵਾਨਾਂ ਨੂੰ ਉਨ੍ਹਾਂ ਦੀ ਪ੍ਰਤਿਭਾ ਦੇ ਰੂਪ ’ਚ ਸਨਮਾਨਿਤ ਵੀ ਕੀਤਾ ਜਾ ਸਕੇ। ਇਸੇ ਵਿਸ਼ੇ ਨੂੰ ਲੈ ਕੇ ਦੇਸ਼ ’ਚ ਪਹਿਲੀ ਵਾਰ ‘ਸੰਸਦ ਮੈਂਬਰ ਭਾਰਤ ਦਰਸ਼ਨ ਮੁਹਿੰਮ’ ਸ਼ੁਰੂ ਕਰਨ ਦਾ ਫੈਸਲਾ ਕੀਤਾ। ਇਸ ਦਾ ਮਕਸਦ ਇਹ ਵੀ ਸੀ ਕਿ ਇਕ ਪਾਸੇ ਬੱਚੇ ਪੜ੍ਹਾਈ ’ਚ ਅੱਵਲ ਆਉਣ ’ਤੇ ਆਪਣੇ ’ਤੇ ਮਾਣ ਮਹਿਸੂਸ ਕਰਨ ਅਤੇ ਉਨ੍ਹਾਂ ਨੂੰ ਵਿੱਦਿਅਕ ਟੂਰ ਦੇ ਜ਼ਰੀਏ ਹੋਰ ਗਿਆਨ ਪ੍ਰਦਾਨ ਕੀਤਾ ਜਾ ਸਕੇ।
ਸਿੱਖਿਆ ਅਤੇ ਵਿੱਦਿਅਕ ਟੂਰ ਦਾ ਆਪਸ ’ਚ ਗੂੜ੍ਹਾ ਸਬੰਧ ਹੈ। ਵਿੱਦਿਅਕ ਟੂਰ ਵਿਦਿਆਰਥੀਅਾਂ ਦੇ ਸਰਵਪੱਖੀ ਵਿਕਾਸ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਜ਼ਰੀਏ ਇਕ ਪਾਸੇ ਵਿਦਿਆਰਥੀਅਾਂ ਨੂੰ ‘ਐਕਸਪੋਜ਼ਰ’ ਮਿਲਦਾ ਹੈ ਤੇ ਨਾਲ ਹੀ ਟੂਰ ਦੇ ਜ਼ਰੀਏ ਉਨ੍ਹਾਂ ਦਾ ਆਤਮ-ਵਿਸ਼ਵਾਸ ਵੀ ਵਧਦਾ ਹੈ।
ਇਕ ਐੱਮ. ਪੀ. ਹੋਣ ਦੇ ਨਾਤੇ ਹਮੀਰਪੁਰ ਲੋਕ ਸਭਾ ਹਲਕੇ ਨੂੰ ਬਿਹਤਰ ਬਣਾਉਣਾ ਮੇਰਾ ਮੁੱਢਲਾ ਫਰਜ਼ ਹੈ। ਮੈਨੂੰ ਹਮੇਸ਼ਾ ਲੱਗਦਾ ਸੀ ਕਿ ਕਿਸੇ ਵੀ ਦੇਸ਼, ਸੂਬੇ ਨੂੰ ਵਿਕਾਸ ਦੇ ਢਾਂਚੇ ’ਚ ਫਿੱਟ ਕਰਨ ਲਈ ਸਿੱਖਿਆ ਦਾ ਪੱਧਰ ਬੇਹੱਦ ਮਾਇਨੇ ਰੱਖਦਾ ਹੈ। ਤੁਸੀਂ ਖ਼ੁਦ ਦੇਖੋਗੇ ਕਿ ਜਿਸ ਨੇ ਵੀ ਸਿੱਖਿਆ ਨੂੰ ਲੈ ਕੇ ਬਿਹਤਰ ਪ੍ਰਯੋਗ ਕੀਤੇ ਅਤੇ ਚੰਗੀ ਸੋਚ ਰੱਖੀ, ਉਸ ਨੂੰ ਉਸ ਦਾ ਹਾਂ-ਪੱਖੀ ਫਾਇਦਾ ਹੀ ਮਿਲਿਆ ਹੈ। ਇਸ ਦੀ ਸ਼ੁਰੂਆਤ ਇਕ ਸੰਸਦੀ ਹਲਕੇ ਤੋਂ ਹੋਵੇ ਤਾਂ ਬਿਹਤਰ ਕਰਨ ਲਈ ਬਹੁਤ ਕੁਝ ਮਿਲ ਜਾਂਦਾ ਹੈ।
‘ਸੰਸਦ ਮੈਂਬਰ ਭਾਰਤ ਦਰਸ਼ਨ ਮੁਹਿੰਮ’ ਪਿੱਛੇ ਇਰਾਦਾ
‘ਸੰਸਦ ਮੈਂਬਰ ਭਾਰਤ ਦਰਸ਼ਨ ਮੁਹਿੰਮ’ ਸ਼ੁਰੂ ਕਰਨ ਪਿੱਛੇ ਮੇਰਾ ਇਰਾਦਾ ਸਾਫ ਸੀ ਕਿ ਵਿੱਦਿਅਕ ਟੂਰ ਦੇ ਜ਼ਰੀਏ ਮੇਰੇ ਸੰਸਦੀ ਹਲਕੇ ਦੇ ਹੋਣਹਾਰ ਵਿਦਿਆਰਥੀ ਇਕ ਅਜਿਹਾ ਤਜਰਬਾ ਹਾਸਿਲ ਕਰ ਸਕਣ, ਜੋ ਉਨ੍ਹਾਂ ਦੇ ਸਮਾਜਿਕ-ਵਿਵਹਾਰਕ ਵਿਕਾਸ ਦੇ ਨਾਲ-ਨਾਲ ਉਨ੍ਹਾਂ ਦਾ ਬੌਧਿਕ ਵਿਕਾਸ ਵੀ ਕਰੇ। ਹਿਮਾਚਲ ਦੇ ਵਿਦਿਆਰਥੀਅਾਂ ਨੇ ਜਿਨ੍ਹਾਂ ਚੀਜ਼ਾਂ ਬਾਰੇ ਕਿਤਾਬਾਂ ’ਚ ਪੜ੍ਹਿਆ ਹੈ, ਮੈਂ ਚਾਹੁੰਦਾ ਹਾਂ ਕਿ ਉਹ ਉਸ ਨੂੰ ਖ਼ੁਦ ਮਹਿਸੂਸ ਕਰਨ। ਜਿਵੇਂ ਉਨ੍ਹਾਂ ਨੇ ਸੁਪਰ ਕੰਪਿਊਟਰ ਬਾਰੇ ਸੁਣਿਆ ਤਾਂ ਹੈ ਪਰ ਉਸ ਦਾ ਤਜਰਬਾ ਨਹੀਂ ਕੀਤਾ।
ਮੇਰੇ ਸੰਸਦੀ ਹਲਕੇ ਦੇ ਹੋਣਹਾਰ ਵਿਦਿਆਰਥੀ ‘ਇਸਰੋ’ ਬਾਰੇ ਤਾਂ ਜਾਣਦੇ ਹਨ ਪਰ ਇਸਰੋ ਦੀ ਕਾਰਜਸ਼ੈਲੀ ਦਾ ਤਜਰਬਾ ਅਤੇ ਉਸ ਨਾਲ ਜੁੜੇ ਸਵਾਲਾਂ ਦੇ ਜਵਾਬਾਂ ਤੋਂ ਕਾਫੀ ਦੂਰ ਸਨ। ਮੈਨੂੰ ਇਹ ਵੀ ਬਹੁਤ ਚੰਗੀ ਤਰ੍ਹਾਂ ਪਤਾ ਹੈ ਕਿ ਹਮੀਰਪੁਰ ਦੇ ਹੋਣਹਾਰ ਵਿਦਿਆਰਥੀ ਰਾਸ਼ਟਰਪਤੀ ਭਵਨ ਬਾਰੇ ਤਾਂ ਜਾਣਦੇ ਹਨ ਪਰ ਉਥੇ ਜਾਣ ਦਾ ਮੌਕਾ ਉਨ੍ਹਾਂ ਨੂੰ ਨਹੀਂ ਮਿਲ ਸਕਿਆ।
ਅਜਿਹੀ ਸਥਿਤੀ ’ਚ ਮੈਂ ਬਹੁਤ ਆਸਾਨੀ ਨਾਲ ਸਮਝਦਾ ਸੀ ਕਿ ਸਿਰਫ ਕਿਤਾਬੀ ਗਿਆਨ ਦੇ ਸਹਾਰੇ ਹੋਣਹਾਰ ਵਿਦਿਆਰਥੀਅਾਂ ਨੂੰ ਬਿਹਤਰੀਨ ਬਣਾਉਣਾ ਸੌਖਾ ਨਹੀਂ। ਉਨ੍ਹਾਂ ਦੇ ਮਨ ’ਚ ਆਧੁਨਿਕ ਸਿੱਖਿਆ, ਆਧੁਨਿਕ ਤਕਨਾਲੋਜੀ ਅਤੇ ਆਪਣੀ ਸ਼ਖ਼ਸੀਅਤ ਦੇ ਵਿਕਾਸ ਨਾਲ ਜੁੜੇ ਅਜਿਹੇ ਕਈ ਗੁੰਝਲਦਾਰ ਸਵਾਲ ਹੋਣਗੇ, ਜੋ ਉਨ੍ਹਾਂ ਦੇ ਮਨ ’ਚ ਹਮੇਸ਼ਾ ਘੁੰਮਦੇ ਰਹਿੰਦੇ ਹਨ।
ਇਨ੍ਹਾਂ ਸਵਾਲਾਂ ਦੇ ਜਵਾਬ ਸਿਰਫ ਸਕੂਲ ਜਾਣ ਅਤੇ ਕਿਤਾਬਾਂ ਪੜ੍ਹਨ ਨਾਲ ਹੀ ਮਿਲਣੇ ਮੁਸ਼ਕਿਲ ਸਨ, ਇਸ ਲਈ ਮੈਂ ਇਨ੍ਹਾਂ ਵਿਦਿਆਰਥੀਅਾਂ ਵਾਸਤੇ ‘ਸੰਸਦ ਮੈਂਬਰ ਭਾਰਤ ਦਰਸ਼ਨ ਪ੍ਰੋਗਰਾਮ’ ਦੀ ਸ਼ੁਰੂਆਤ ਕੀਤੀ, ਜਿਸ ਦੇ ਤਹਿਤ ਅਸੀਂ ਤੈਅ ਕੀਤਾ ਕਿ ਹਮੀਰਪੁਰ ਲੋਕ ਸਭਾ ਹਲਕੇ ਦੇ 10ਵੀਂ ਤੇ 12ਵੀਂ ਜਮਾਤ ਦੇ 250 ਹੋਣਹਾਰ ਵਿਦਿਆਰਥੀਅਾਂ ਨੂੰ ਹਵਾਈ ਜਹਾਜ਼ ਰਾਹੀਂ ਦੇਸ਼ ਦੇ ਉਨ੍ਹਾਂ ਹਿੱਸਿਅਾਂ ’ਚ ਲੈ ਕੇ ਜਾਵਾਂਗੇ, ਜਿਨ੍ਹਾਂ ਬਾਰੇ ਉਨ੍ਹਾਂ ਨੇ ਸਿਰਫ ਕਿਤਾਬਾਂ ਵਿਚ ਜਾਂ ਖ਼ਬਰਾਂ ਦੇ ਜ਼ਰੀਏ ਜਾਣਿਆ ਹੈ।
ਵਿੱਦਿਅਕ ਟੂਰ ਨਾਲ ਹੋਣਹਾਰ ਵਿਦਿਆਰਥੀਅਾਂ ਨੂੰ ਨਾ ਸਿਰਫ ਦੇਸ਼ ਦੀ ਖੁਸ਼ਹਾਲ ਵਿਰਾਸਤ ਨਾਲ ਰੂਬਰੂ ਹੋਣ ਦਾ ਮੌਕਾ ਮਿਲਦਾ ਹੈ, ਸਗੋਂ ਉਨ੍ਹਾਂ ’ਚ ਅਮਲੀ ਤੌਰ ’ਤੇ ਇਕ-ਦੂਜੇ ਪ੍ਰਤੀ ਸਹਿਯੋਗ ਦੀ ਭਾਵਨਾ ਦਾ ਵਿਕਾਸ ਵੀ ਹੁੰਦਾ ਹੈ। ਸਿੱਖਿਆ ਦੇ ਬਦਲਦੇ ਦੌਰ ’ਚ ਆਧੁਨਿਕਤਾ ਕਾਰਨ ਵਿਦਿਆਰਥੀਅਾਂ ਨੂੰ ‘ਸੰਸਦ ਮੈਂਬਰ ਭਾਰਤ ਦਰਸ਼ਨ ਪ੍ਰੋਗਰਾਮ’ ਦੇ ਜ਼ਰੀਏ ਨਵੀਅਾਂ ਚੀਜ਼ਾਂ ਸਿੱਖਣ ਨੂੰ ਮਿਲੀਅਾਂ ਤੇ ਉਨ੍ਹਾਂ ਅੰਦਰ ਆਤਮ-ਵਿਸ਼ਵਾਸ ਦਾ ਵਿਕਾਸ ਬਿਹਤਰ ਢੰਗ ਨਾਲ ਹੋ ਰਿਹਾ ਹੈ, ਜਿਸ ਸਦਕਾ ਆਉਣ ਵਾਲੇ ਸਮੇਂ ’ਚ ਉਹ ਖ਼ੁਦ ਅਤੇ ਦੇਸ਼ ਲਈ ਬਿਹਤਰ ਭਵਿੱਖ ਦਾ ਨਿਰਮਾਣ ਕਰ ਸਕਣਗੇ।
ਰੰਗ ਲਿਆ ਰਹੀ ਹੈ ਮੇਰੀ ਪਹਿਲ
ਇਸ ਯਾਤਰਾ ’ਚ 40 ਬੱਚਿਅਾਂ ਦਾ ਇਕ ਸਮੂਹ ਦਿੱਲੀ, ਪੁਣੇ ਤੇ ਬੈਂਗਲੁਰੂ ਦੀ ਯਾਤਰਾ ਤੋਂ ਵਾਪਿਸ ਆ ਚੁੱਕਾ ਹੈ। ਵਾਪਿਸ ਆਏ ਇਨ੍ਹਾਂ ਵਿਦਿਆਰਥੀਅਾਂ ’ਚ ਹਾਂ-ਪੱਖੀ ਤਬਦੀਲੀ ਦੇਖ ਕੇ ਮੈਂ ਕਹਿ ਸਕਦਾ ਹਾਂ ਕਿ ਮੇਰੀ ਪਹਿਲ ਰੰਗ ਲਿਆ ਰਹੀ ਹੈ। ਹੋਣਹਾਰ ਵਿਦਿਆਰਥੀਅਾਂ ਲਈ ਜੋ ‘ਸੰਸਦ ਮੈਂਬਰ ਭਾਰਤ ਦਰਸ਼ਨ ਪ੍ਰੋਗਰਾਮ’ ਵਰਗੀ ਪਹਿਲ ਸ਼ੁਰੂ ਕੀਤੀ ਗਈ ਹੈ, ਉਸ ਨਾਲ ਵਿਦਿਆਰਥੀਅਾਂ ’ਚ ਇਕ ਵੱਖਰਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਮੈਂ ਆਸਵੰਦ ਹਾਂ ਕਿ ਹੁਣ ਹੋਣਹਾਰ ਵਿਦਿਆਰਥੀ ਆਪਣੇ ਭਵਿੱਖ ਨੂੰ ਲੈ ਕੇ ਇਕ ਵੱਖਰੀ ਸੋਚ ਨਾਲ ਅੱਗੇ ਵਧਣਗੇ।
ਇਸ ਨਾਲ ਵਿਦਿਆਰਥੀਅਾਂ ਅੰਦਰ ਦੇਸ਼ ਪ੍ਰਤੀ ਜ਼ਿੰਮੇਵਾਰੀ ਦੇ ਅਹਿਸਾਸ ਦਾ ਵੀ ਵਿਕਾਸ ਹੋਇਆ ਹੈ। ਅਸੀਂ ਦੇਸ਼ ਨੂੰ ਬਿਹਤਰ ਭਵਿੱਖ ਦੇਣਾ ਹੈ, ਇਸ ਲਈ ਸੂਬੇ ਨੂੰ ਬਿਹਤਰ ਬਣਾਉਣਾ ਪਵੇਗਾ। ਮੇਰੀ ਜ਼ਿੰਮੇਵਾਰੀ ਹਮੀਰਪੁਰ ਲੋਕ ਸਭਾ ਹਲਕੇ ਤੋਂ ਹੁੰਦੀ ਹੈ, ਜਿਥੋਂ ਦਾ ਮੈਂ ਸੰਸਦ ਮੈਂਬਰ ਹਾਂ। ਇਸ ਲਈ ਇਸ ਹਲਕੇ ਦੀ ਬਿਹਤਰੀ ਵਾਸਤੇ ਮੈਂ ‘ਸੰਸਦ ਮੈਂਬਰ ਭਾਰਤ ਦਰਸ਼ਨ ਮੁਹਿੰਮ’ ਦੇ ਜ਼ਰੀਏ ਆਪਣੇ ਵਲੋਂ ਸ਼ੁਰੂਆਤ ਕਰ ਦਿੱਤੀ ਹੈ।
ਅਸੀਂ ਹਾਂ-ਪੱਖੀ ਢੰਗ ਨਾਲ ਵਿਦਿਆਰਥੀਅਾਂ ਨੂੰ ਇੰਨੇ ਮਜ਼ਬੂਤ ਬਣਾਵਾਂਗੇ ਕਿ ਉਹ ਹਰ ਮੁਸ਼ਕਿਲ ਦੀ ਘੜੀ ’ਚ ਵੀ ਚੱਟਾਨ ਵਾਂਗ ਡਟੇ ਰਹਿਣਗੇ ਅਤੇ ਹਮੀਰਪੁਰ, ਹਿਮਾਚਲ ਪ੍ਰਦੇਸ਼ ਅਤੇ ਪੂਰੇ ਦੇਸ਼ ਦੀ ਤਰੱਕੀ ਦਾ ਆਧਾਰ ਬਣਨਗੇ। ਇਹੋ ਇਸ ਪ੍ਰੋਗਰਾਮ ਦੀ ਸਫਲਤਾ ਤੇ ਸਾਰਥਕਤਾ ਹੋਵੇਗੀ।
ਮੈਂ ਚਾਹਾਂਗਾ ਕਿ ਇਹ ਪਹਿਲ ਇਕ ਖੇਤਰ ਤਕ ਸਿਮਟ ਕੇ ਨਾ ਰਹੇ, ਸਗੋਂ ਪੂਰਾ ਦੇਸ਼ ਇਸ ਨੂੰ ਅਪਣਾਵੇ ਤਾਂ ਕਿ ਸਿੱਖਿਆ ਦੇ ਖੇਤਰ ’ਚ ਇਕ ਨਵੀਂ ਕ੍ਰਾਂਤੀ ਦੀ ਸ਼ੁਰੂਆਤ ਹੋ ਸਕੇ। ਇਸ ਪਹਿਲ ਨਾਲ ਇਕ ਨਵੀਂ ਊਰਜਾ ਦਾ ਸੰਚਾਰ ਹੋਵੇਗਾ, ਵਿਦਿਆਰਥੀਅਾਂ ਅੰਦਰ ਹਾਂ-ਪੱਖੀ ਮੁਕਾਬਲੇਬਾਜ਼ੀ ਵਧੇਗੀ ਤੇ ਹਰ ਕਿਸੇ ਦੇ ਮਨ ’ਚ ਅੱਗੇ ਆਉਣ ਦੀ ਇੱਛਾ ਪੈਦਾ ਹੋਵੇਗੀ। ਮੈਂ ਹਿਮਾਚਲ ਨੂੰ ਵਿਸ਼ਵ ਪੱਧਰ ’ਤੇ ‘ਇਨੋਵੇਸ਼ਨ’ ਦਾ ਇਕ ਕੇਂਦਰ ਬਣਾਉਣ ਲਈ ਵਚਨਬੱਧ ਹਾਂ ਅਤੇ ਇਸ ਦੇ ਲਈ ਤੁਹਾਡੇ ਸਹਿਯੋਗ ਦਾ ਅਭਾਰੀ ਹਾਂ।