ਲੋਕ ਚੀਨ ਜਾਣਾ ਹੀ ਨਹੀਂ ਚਾਹੁੰਦੇ

08/06/2023 5:09:25 PM

ਚੀਨ ਵੱਲੋਂ ਕੋਵਿਡ-19 ਪਾਬੰਦੀਆਂ ਹਟਾਉਣ ਅਤੇ ਆਪਣੀਆਂ ਸਰਹੱਦਾਂ ਨੂੰ ਦੁਬਾਰਾ ਖੋਲ੍ਹਣ ਪਿੱਛੋਂ ਘੱਟ ਅੰਤਰਰਾਸ਼ਟਰੀ ਯਾਤਰੀ ਆ ਰਹੇ ਹਨ ਜੋ ਕਿ ਚੀਨ ਤੇ ਪੱਛਮ ਵਿਚਕਾਰ ਵਿਗਾੜ ਦਾ ਇਕ ਹੋਰ ਸੰਕੇਤ ਹੈ, ਜਿਸ ਦਾ ਲੰਬੇ ਸਮੇਂ ਤਕ ਨਕਾਰਾਤਮਕ ਪ੍ਰਭਾਵ ਪੈ ਸਕਦਾ ਹੈ। ਵਿਦੇਸ਼ੀ ਯਾਤਰੀਆਂ ਦੀ ਗੈਰ-ਹਾਜ਼ਰੀ ਜ਼ਾਹਰਾ ਤੌਰ ’ਤੇ ਦਿਸਦੀ ਹੈ, ਖ਼ਾਸ ਕਰ ਕੇ ਬੀਜਿੰਗ ਤੇ ਸ਼ੰਘਾਈ ਵਰਗੇ ਸ਼ਹਿਰਾਂ ’ਚ, ਜਿੱਥੇ ਕਿ 2019 ’ਚ ਮਹਾਮਾਰੀ ਤੋਂ ਪਹਿਲਾਂ ਸਾਲ ਦੇ ਪਹਿਲੇ ਅੱਧ ’ਚ ਆਏ ਯਾਤਰੀਆਂ ਨਾਲੋਂ ਚੌਥਾ ਹਿੱਸਾ ਯਾਤਰੀ ਵੀ ਨਹੀਂ ਆਏ।
ਪੂਰੇ ਦੇਸ਼ ’ਚ ਸਾਲ ਦੀ ਪਹਿਲੀ ਤਿਮਾਹੀ ’ਚ ਸਿਰਫ 52000 ਲੋਕ ਹੀ ਮੇਨਲੈਂਡ ’ਚ ਟ੍ਰੈਵਲ ਏਜੰਸੀਆਂ ਰਾਹੀਂ ਵਿਦੇਸ਼ਾਂ ਤੋਂ ਟੂਰ ’ਤੇ ਆਏ ਜਦਕਿ 2019 ’ਚ ਇਸੇ ਅਰਸੇ ਦੌਰਾਨ 3.7 ਮਿਲੀਅਨ ਲੋਕ ਆਏ ਸਨ। ਪਿਛਲੇ ਸਾਲਾਂ ਵਾਂਗ ਅਮਰੀਕਾ ਜਾਂ ਯੂਰਪ ਦੇ ਦੂਰ-ਦੁਰਾਡੇ ਦੇਸ਼ਾਂ ਦੀ ਥਾਂ ’ਤੇ ਤਕਰੀਬਨ ਅੱਧੇ ਯਾਤਰੀ ਤਾਈਵਾਨ ਦੇ ਸਵੈ–ਸ਼ਾਸਿਤ ਟਾਪੂ ਅਤੇ ਹਾਂਗਕਾਂਗ ਤੇ ਮਕਾਊ ਵਰਗੀਆਂ ਚੀਨ ਸ਼ਾਸਿਤ ਥਾਵਾਂ ਤੋਂ ਆਏ ਸਨ। ਅਰਧ ਸਰਕਾਰੀ ਚਾਈਨਾ ਟੂਰਿਜ਼ਮ ਐਸੋਸੀਏਸ਼ਨ ਦੇ ਡਾਇਰੈਕਟਰ ਜ਼ਾਓ ਕਿਆਨਹੁਈ ਨੇ ਮਈ ’ਚ ਇਕ ਭਾਸ਼ਣ ਦੌਰਾਨ ਕਿਹਾ ਕਿ ਯੂਰਪ, ਅਮਰੀਕਾ, ਜਾਪਾਨ ਤੇ ਕੋਰੀਆ ਦੇ ਸੈਲਾਨੀਆਂ ਦੀ ਗਿਣਤੀ ਹੌਲੀ-ਹੌਲੀ ਘਟ ਰਹੀ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਵਿਦੇਸ਼ਾਂ ਤੋਂ ਘੱਟ ਸੈਲਾਨੀਆਂ ਅਤੇ ਕਾਰੋਬਾਰੀਆਂ ਦੇ ਆਉਣ ਦਾ ਮਤਲਬ ਹੈ ਵਿਦੇਸ਼ੀਆਂ ਵਲੋਂ ਆਪਣੀਆਂ ਅੱਖਾਂ ਨਾਲ ਚੀਨ ਨੂੰ ਦੇਖਣ ਅਤੇ ਸਥਾਨਕ ਲੋਕਾਂ ਨਾਲ ਗੱਲਬਾਤ ਦੇ ਘੱਟ ਮੌਕੇ, ਜੋ ਕਿ ਭੂ-ਸਿਆਸੀ ਤਣਾਅ ਨੂੰ ਘੱਟ ਕਰਨ ਦਾ ਇਕ ਅਹਿਮ ਤੱਥ ਹੈ। ਯਾਤਰੀਆਂ ਦੀ ਆਮਦ ਦੀ ਘਾਟ ਨਾਲ ਚੀਨ ’ਚ ਨਿਵੇਸ਼ ਵੀ ਘਟ ਰਿਹਾ ਹੈ। ਵਿਦੇਸ਼ੀ ਸਿੱਧਾ ਨਿਵੇਸ਼ ਸਾਲ ਦੀ ਪਹਿਲੀ ਤਿਮਾਹੀ ’ਚ ਘਟ ਕੇ 20 ਬਿਲੀਅਨ ਡਾਲਰ ਹੋ ਗਿਆ ਹੈ ਜੋ ਕਿ ਪਿਛਲੇ ਸਾਲ ਦੀ ਪਹਿਲੀ ਤਿਮਾਹੀ ’ਚ 100 ਬਿਲੀਅਨ ਡਾਲਰ ਸੀ। ਇਹ ਅੰਕੜਾ ਇਕ ਖੋਜ ਫਰਮ ਰੋਡੀਅਮ ਗਰੁੱਪ ਦੇ ਮਾਰਕ ਵਿਜ਼ਿੰਗ ਨੇ ਮੁਹੱਈਆ ਕਰਵਾਇਆ ਹੈ। ਵਿਦੇਸ਼ੀ ਨਿਵੇਸ਼ ਅਤੇ ਯਾਤਰੀਆਂ ਦੀ ਆਮਦ ’ਚ ਕਮੀ ਉਸ ਵੇਲੇ ਆ ਰਹੀ ਹੈ ਜਦ ਚੀਨ ਦੀ ਆਰਥਿਕਤਾ ’ਚ ਖੜ੍ਹੋਤ ਚੱਲ ਰਹੀ ਹੈ, ਹਾਊਸਿੰਗ ਮਾਰਕੀਟ ’ਚ ਮੰਦੀ ਹੈ। ਨੌਜਵਾਨਾਂ ’ਚ ਬੇਰੋਜ਼ਗਾਰੀ ਦੀ ਦਰ ਰਿਕਾਰਡ ਪੱਧਰ ’ਤੇ ਜ਼ਿਆਦਾ ਹੈ ਅਤੇ ਇਹ ਡਰ ਵਧ ਰਿਹਾ ਹੈ ਕਿ ਦੇਸ਼ ਮੰਦੀ ਵੱਲ ਵਧ ਰਿਹਾ ਹੈ। ਸਾਲ ਦੀ ਪਹਿਲੀ ਤਿਮਾਹੀ ਤੋਂ ਲੈ ਕੇ ਦੂਜੀ ਤਿਮਾਹੀ ਤਕ ਚੀਨ ਦੀ ਆਰਥਿਕਤਾ ਵਿਚ ਕੋਈ ਵਾਧਾ ਨਹੀਂ ਹੋਇਆ।
ਚੀਨ ਲਈ ਉਪਲੱਬਧ ਉਡਾਣਾਂ ਦੀ ਘਾਟ ਆਗਮਨ ਗਿਣਤੀ ਲਈ ਜ਼ਿੰਮੇਵਾਰ ਹੈ। ਜਹਾਜ਼ ਕੰਪਨੀਆਂ ਨੇ ਹਾਲੇ ਤਕ ਉਸ ਪੱਧਰ ਦੀ ਸੇਵਾ ਨੂੰ ਬਹਾਲ ਨਹੀਂ ਕੀਤਾ ਜਿਸ ਤਰ੍ਹਾਂ ਦੀ ਪੇਸ਼ਕਸ਼ ਉਨ੍ਹਾਂ ਨੇ ਕੋਵਿਡ ਤੋਂ ਪਹਿਲਾਂ ਕੀਤੀ ਸੀ ਪਰ ਚੀਨੀ ਅਤੇ ਵਿਦੇਸ਼ੀ ਸੈਰ-ਸਪਾਟਾ ਮਾਹਿਰਾਂ ਦਾ ਕਹਿਣਾ ਹੈ ਕਿ ਚੀਨ ਅਤੇ ਪੱਛਮ ਦੇ ਵਿਗੜ ਰਹੇ ਸਬੰਧਾਂ ਕਾਰਨ ਵਿਦੇਸ਼ੀ ਸੈਲਾਨੀ ਵੀ ਦੂਰ ਰਹਿ ਰਹੇ ਹਨ ਅਤੇ ਉਹ ਚੀਨ ਯਾਤਰਾ ਪ੍ਰਤੀ ਜ਼ਿਆਦਾ ਸੁਚੇਤ ਹੋ ਰਹੇ ਹਨ।
ਜੂਨ ’ਚ ਅਮਰੀਕੀ ਸਰਕਾਰ ਨੇ ਇਕ ਯਾਤਰਾ ਐਡਵਾਈਜ਼ਰੀ ਜਾਰੀ ਕੀਤੀ ਸੀ ਜਿਸ ’ਚ ਅਮਰੀਕੀਆਂ ਨੂੰ ਮੁੱਖ ਭੂਮੀ ਚੀਨ ਦੀ ਯਾਤਰਾ ’ਤੇ ਮੁੜ ਵਿਚਾਰ ਕਰਨ ਦੀ ਚਿਤਾਵਨੀ ਦਿੱਤੀ ਗਈ ਸੀ ਕਿਉਂਕਿ ਇਸ ਨੂੰ ‘ਸਥਾਨਕ ਕਾਨੂੰਨਾਂ ਦਾ ਆਪ-ਹੁਦਰੇ ਢੰਗ ਨਾਲ ਲਾਗੂ ਕਰਨਾ’ ਕਿਹਾ ਜਾਂਦਾ ਹੈ ਜਿਸ ’ਚ ਦੇਸ਼ ’ਚੋਂ ਬਾਹਰ ਜਾਣ ’ਤੇ ਪਾਬੰਦੀ ਅਤੇ ਗਲਤ ਨਜ਼ਰਬੰਦੀ ਦੀ ਸੰਭਾਵਨਾ ਸ਼ਾਮਲ ਹੈ। ਬੋਸਟਨ ਦੇ ਕਾਰੋਬਾਰੀ ਸਲਾਹਕਾਰ ਮੈਟ ਕੈਲੀ ਨੇ ਕਿਹਾ ਕਿ 15 ਸਾਲ ਪਹਿਲਾਂ ਉਸ ਨੇ ਚੀਨ ’ਚ ਗੁਇਲੀਨ ਦਾ ਸਾਈਕਲ ’ਤੇ ਚੱਕਰ ਲਾਇਆ ਜੋ ਕਿ ਦੱਖਣੀ ਚੀਨ ’ਚ ਖੂਬਸੂਰਤ ਸ਼ਹਿਰ ਹੈ ਪਰ ਅੱਜ ਉਸ ਦੀ ਚੀਨ ’ਚ ਵਾਪਸ ਜਾਣ ’ਚ ਕੋਈ ਦਿਲਚਸਪੀ ਨਹੀਂ।
ਸਿਆਟਲ ਦੀ ਇਕ ਕਾਨੂੰਨੀ ਫਰਮ ਹੈਰਿਸ ਬ੍ਰਿਕਨ ਜੋ ਕਿ ਚੀਨ ’ਚ ਨਿਵੇਸ਼ ਸਬੰਧੀ ਸਲਾਹ ਦਿੰਦੀ ਹੈ, ਦੇ ਡੈਨ ਹੈਰਿਸ ਦਾ ਕਹਿਣਾ ਹੈ ਕਿ ਭਾਵੇਂ ਕਾਰੋਬਾਰੀ ਲੋਕ ਚੀਨ ਜਾਣ ਸਬੰਧੀ ਅਜੇ ਵੀ ਪੁੱਛ-ਪੜਤਾਲ ਕਰ ਰਹੇ ਹਨ ਪਰ ਬਹੁਤੇ ਉਥੋਂ ਦੇ ਖਤਰਿਆਂ ’ਤੇ ਧਿਆਨ ਕੇਂਦਰਿਤ ਕਰ ਰਹੇ ਹਨ ਜਦਕਿ ਉਹ ਬੀਤੇ ਸਮੇਂ ’ਚ ਚੀਨ ਦਾ ਵੀਜ਼ਾ ਛੇਤੀ ਤੋਂ ਛੇਤੀ ਲਗਾਉਣ ’ਚ ਰੁਚੀ ਰੱਖਦੇ ਸਨ। ਚੀਨੀ ਅਧਿਕਾਰੀਆਂ ਨੇ ਇਹ ਯਕੀਨੀ ਬਣਾਉਣ ਲਈ ਅਮਰੀਕਾ, ਯੂਰਪ ਤੇ ਜਾਪਾਨ ਦੇ ਕਾਰੋਬਾਰੀ ਸਹਿਯੋਗੀਆਂ ਨਾਲ ਮੀਟਿੰਗਾਂ ਕੀਤੀਆਂ ਹਨ ਕਿ ਦੇਸ਼ ਅਜੇ ਵੀ ਵਿਦੇਸ਼ੀ ਨਿਵੇਸ਼ ਦਾ ਸਵਾਗਤ ਕਰਦਾ ਹੈ। ਅਮਰੀਕਾ ’ਚ ਚੀਨ ਦੇ ਰਾਜਦੂਤ ਸ਼ੀ ਫੇਂਗ ਨੇ ਜੁਲਾਈ ’ਚ ਐਸਪਨ ਸਕਿਓਰਿਟੀ ਫੋਰਮ 'ਚ ਬੋਲਦਿਆਂ ਕਿਹਾ ਕਿ ਦੋਵਾਂ ਦੇਸ਼ਾਂ ਦੇ ਸੈਲਾਨੀਆਂ ਨੂੰ ਇਕ-ਦੂਜੇ ਦੇਸ਼ 'ਚ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਸੁਝਾਅ ਦਿੱਤਾ ਹੈ ਕਿ ਇਕ ਸੈਲਾਨੀ ਫੋਰਮ ਦਾ ਆਯੋਜਨ ਕੀਤਾ ਜਾਵੇ ਅਤੇ ਉਡਾਣਾਂ ਵਧਾਈਆਂ ਜਾਣ। ਉਨ੍ਹਾਂ ਵਾਸ਼ਿੰਗਟਨ ਨੂੰ ਆਪਣੀ ਯਾਤਰਾ ਐਡਵਾਈਜ਼ਰੀ 'ਚ ਵੀ ਤਬਦੀਲੀ ਕਰਨ ਨੂੰ ਕਿਹਾ।

ਚੀਨ ’ਚ ਵਿਦੇਸ਼ੀ ਯਾਤਰੀਆਂ ਦੀ ਆਮਦ ’ਚ ਘਾਟ ਥਾਈਲੈਂਡ ਜਾਂ ਆਈਸਲੈਂਡ ਵਾਂਗ ਅਸਰ ਅੰਦਾਜ਼ ਨਹੀਂ ਹੋਵੇਗੀ ਜਿਥੇ ਕਿ ਪੂਰੀ ਆਰਥਿਕਤਾ ਹੀ ਸੈਲਾਨੀਆਂ ਦੇ ਸਿਰ ’ਤੇ ਖੜ੍ਹੀ ਹੈ। ਚੀਨੀ ਯਾਤਰੀ ਹੁਣ 2019 ਨਾਲੋਂ ਅੱਜ ਘਰੇਲੂ ਯਾਤਰਾ ’ਤੇ ਜ਼ਿਆਦਾ ਖਰਚ ਕਰ ਰਹੇ ਹਨ ਪਰ ਅਜੇ ਵੀ ਚੀਨ ’ਚ ਬਹੁਤ ਸਾਰੇ ਕਾਰੋਬਾਰ ਅਜਿਹੇ ਹਨ ਜੋ ਕਿ ਯਾਤਰੀਆਂ ’ਤੇ ਨਿਰਭਰ ਹਨ। ਸ਼ੰਘਾਈ ਦੇ ਇਕ ਯਾਤਰੀ ਗਾਈਡ ਸਨੋ ਯੂ ਦਾ ਕਹਿਣਾ ਹੈ ਕਿ ਨਾਲ ਲੱਗਦੇ ਦੇਸ਼ਾਂ ਤੋਂ ਅੰਗਰੇਜ਼ੀ ਬੋਲਦੇ ਯਾਤਰੀ ਮੁੜ ਆਉਣੇ ਸ਼ੁਰੂ ਹੋ ਗਏ ਹਨ। ਪੱਛਮ ਅਤੇ ਪੂਰਬੀ ਏਸ਼ੀਆ ਦੇ ਯਾਤਰੀਆਂ ਦੀ ਘਾਟ ਰੂਸੀਆਂ ਦੇ ਆਉਣ ਨਾਲ ਥੋੜ੍ਹੀ ਘੱਟ ਰੜਕਦੀ ਹੈ ਭਾਵੇਂ ਕਿ ਚੀਨੀ ਯਾਤਰਾ ਮਾਹਿਰਾਂ ਦਾ ਕਹਿਣਾ ਹੈ ਕਿ ਰੂਸੀ ਘੱਟ ਖਰਚਾ ਕਰਦੇ ਹਨ। ਇਕ ਚੀਨੀ ਸੈਰ-ਸਪਾਟਾ ਅਧਿਕਾਰੀ ਜ਼ਿਆਓ ਦਾ ਕਹਿਣਾ ਹੈ ਕਿ ਸੈਲਾਨੀਆਂ ਦੀ ਆਮਦ ਨਾਲ ਭੂ ਸਿਆਸੀ ਤਣਾਅ ਘੱਟ ਸਕਦਾ ਹੈ। ਉਨ੍ਹਾਂ ਨੇ 1970 ’ਚ ਚੀਨ ਤੇ ਅਮਰੀਕਾ ਦੇ ਟੇਬਲ ਟੈਨਿਸ ਖਿਡਾਰੀਆਂ ਦੇ ਇਕ-ਦੂਜੇ ਦੇਸ਼ ’ਚ ਜਾਣ ਦਾ ਹਵਾਲਾ ਦਿੱਤਾ। ਉਨ੍ਹਾਂ ਨੇ ਐਲਨ ਮਸਕ ਦੀ ਮਾਤਾ ਦੇ ਸਕਾਰਾਤਮਕ ਸੁਨੇਹੇ ਦਾ ਵੀ ਜ਼ਿਕਰ ਕੀਤਾ ਜੋ ਕਿ ਉਸ ਨੇ ਚੀਨ ਯਾਤਰਾ ਦੇ ਆਪਣੇ ਅਨੁਭਵ ਸਬੰਧੀ ਇੰਸਟਾਗ੍ਰਾਮ ’ਤੇ ਸਾਂਝਾ ਕੀਤਾ ਸੀ। 

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Aarti dhillon

Content Editor

Related News