ਅੰਗਾਂ ਦੀ ਕਮੀ ਕਾਰਨ ਲੋਕਾਂ ਦੀ ਜਾ ਰਹੀ ਜਾਨ

Monday, Aug 07, 2023 - 04:35 PM (IST)

ਅੰਗਾਂ ਦੀ ਕਮੀ ਕਾਰਨ ਲੋਕਾਂ ਦੀ ਜਾ ਰਹੀ ਜਾਨ

ਦੇਸ਼ ’ਚ ਤਿੰਨ ਲੱਖ ਮਰੀਜ਼ ਅੰਗ ਦਾਨ ਦੀ ਉਡੀਕ ਕਰ ਰਹੇ ਹਨ। ਦੇਸ਼ ’ਚ ਅੰਗਦਾਤਿਆਂ ਦੀ ਗਿਣਤੀ ’ਚ ਵਾਧਾ ਮੰਗ ਮੁਤਾਬਕ ਨਹੀਂ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਦੇਸ਼ ਨੂੰ ਤੁਰੰਤ ਮ੍ਰਿਤਕ ਦਾਨ ਦਰ ਵਧਾਉਣ ਦੀ ਲੋੜ ਹੈ। ਆਈ. ਸੀ. ਯੂ. ਦੇ ਡਾਕਟਰਾਂ ਅਤੇ ਪਰਿਵਾਰਾਂ ਦਰਮਿਆਨ ਇਸ ਸਬੰਧੀ ਵਧੇਰੇ ਜਾਗਰੂਕਤਾ ਹੋਣੀ ਚਾਹੀਦੀ ਹੈ ਕਿ ਕਿਵੇਂ ਇਕ ਮ੍ਰਿਤਕ ਦਾਨਕਰਤਾ ਕਈ ਜ਼ਿੰਦਗੀਆਂ ਬਚਾ ਸਕਦਾ ਹੈ।

ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਭਾਰਤ ’ਚ ਹਰ ਦਸ ਮਿੰਟ ’ਚ ਇਕ ਵਿਅਕਤੀ ਉਡੀਕ ਸੂਚੀ ’ਚ ਜੁੜ ਜਾਂਦਾ ਹੈ। ਸਿਹਤ ਮੰਤਰਾਲਾ ਨੇ ਅੰਗਦਾਨ ਨੂੰ ਹੱਲਾਸ਼ੇਰੀ ਦੇਣ ਲਈ ਕਈ ਕਦਮਾਂ ਦਾ ਐਲਾਨ ਕੀਤਾ ਹੈ ਪਰ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਚੋਖਾ ਨਹੀਂ ਹੈ।

ਤਿੰਨ ਲੱਖ ਤੋਂ ਵੱਧ ਰੋਗੀਆਂ ਦੀ ਉਡੀਕ ਸੂਚੀ ਅਤੇ ਅੰਗਾਂ ਦੀ ਉਡੀਕ ’ਚ ਹਰ ਰੋਜ਼ ਘੱਟੋ-ਘੱਟ 20 ਵਿਅਕਤੀਆਂ ਦੀ ਮੌਤ ਨਾਲ ਭਾਰਤ ’ਚ ਅੰਗਦਾਨ ਦੀ ਕਮੀ ਵਿਸ਼ੇਸ਼ ਤੌਰ ’ਤੇ ਮ੍ਰਿਤਕ ਦਾਨ, ਭਾਰੀ ਨੁਕਸਾਨ ਉਠਾ ਰਹੀ ਹੈ। ਸਿਹਤ ਮੰਤਰਾਲਾ ਨੇ ਆਪਣੇ ਅੰਕੜਿਆਂ ਮੁਤਾਬਕ ਦੱਸਿਆ ਹੈ ਕਿ ਦਾਨਕਰਤਾਵਾਂ ਦੀ ਗਿਣਤੀ ਮ੍ਰਿਤਕਾਂ ਸਮੇਤ 2014 ’ਚ 6916 ਤੋਂ ਵਧ ਕੇ 2022 ’ਚ ਲਗਭਗ 16041 ਹੋ ਗਈ ਹੈ।

ਇੰਡੀਅਨ ਸੁਸਾਇਟੀ ਆਫ ਆਰਗਨ ਟਰਾਂਸਪਲਾਂਟਸ ਦੇ ਸਕੱਤਰ ਵਿਵੇਕ ਕੁਟੇ ਨੇ ਕਿਹਾ ਕਿ ਭਾਰਤ ’ਚ ਮ੍ਰਿਤਕ ਅੰਗਦਾਨ ਦੀ ਦਰ ਹੁਣ 1 ਦਹਾਕੇ ਤੋਂ ਪ੍ਰਤੀ ਮਿਲੀਅਨ ਆਬਾਦੀ ’ਤੇ ਇਕ ਦਾਤਾ ਤੋਂ ਵੀ ਘੱਟ ਹੈ। ਭਾਰਤ ’ਚ ਇਸ ਨੂੰ ਪ੍ਰਤੀ ਇਕ ਮਿਲੀਅਨ ਆਬਾਦੀ ’ਤੇ 65 ਦਾਤਿਆਂ ਤੱਕ ਵਧਾਉਣ ਦੀ ਲੋੜ ਹੈ ਅਤੇ ਇੰਝ ਕਰਨ ਲਈ ਜਨਤਕ ਖੇਤਰ ਦੀ ਸਿਹਤ ਯੋਜਨਾ ਨੂੰ ਅੱਗੇ ਵਧਣਾ ਹੋਵੇਗਾ।

ਦੇਸ਼ ’ਚ ਲਗਭਗ 600 ਮੈਡੀਕਲ ਕਾਲਜ ਅਤੇ 20 ਤੋਂ ਵੱਧ ਏਮਜ਼ ਹਨ। ਜੇ ਸਾਨੂੰ ਹਰ ਵਾਰ ਉੱਥੋਂ ਇਕ-ਇਕ ਅੰਗ ਦਾਨ ਵੀ ਮਿਲੇ ਤਾਂ ਅਸੀਂ ਬਿਹਤਰ ਸਥਿਤੀ ’ਚ ਹੋਵਾਂਗੇ। ਸਮੁੱਚੀ ਦੁਨੀਆ ’ਚ ਵੀ ਅੰਗਾਂ ਦੀ ਲੋੜ ਵਾਲੇ ਸਿਰਫ 100 ਰੋਗੀਆਂ ਨੂੰ ਹੀ ਸਮੇਂ ’ਤੇ ਅੰਗ ਮਿਲਦੇ ਹਨ। ਸਪੇਨ ਅਤੇ ਅਮਰੀਕਾ ’ਚ ਵਧੀਆ ਅੰਗਦਾਨ ਪ੍ਰਣਾਲੀ ਹੈ। ਇੱਥੇ ਪ੍ਰਤੀ ਮਿਲੀਅਨ ਪਿੱਛੇ 30 ਤੋਂ 50 ਤੱਕ ਅੰਗਦਾਨ ਦੀ ਦਰ ਹੈ। ਮਰੀਜ਼ਾਂ ਦੇ ਪਰਿਵਾਰਾਂ ਦੇ ਅੱਗੇ ਆਉਣ ਅਤੇ ਦਾਨ ਕਰਨ ’ਚ ਮਦਦ ਲਈ ਟ੍ਰਾਮਾ ਅਤੇ ਆਈ. ਸੀ. ਯੂ. ਦੇ ਡਾਕਟਰਾਂ ਨੂੰ ਸਿਖਲਾਈ ਦੇਣੀ ਸਮੇਂ ਦੀ ਮੰਗ ਹੈ। ਭਾਰਤ ’ਚ ਸਭ ਅੰਗਦਾਨ ਦਾਤਿਆਂ ’ਚੋਂ 85 ਫੀਸਦੀ ਜਿਉਂਦਿਆਂ ਹੀ ਅੰਗਦਾਨ ਕਰਦੇ ਹਨ।

ਮ੍ਰਿਤਕ ਅੰਗਦਾਨ ’ਚ 2022 ਦਾ ਡਾਟਾ ਭਾਰਤ ਦਾ ਖਰਾਬ ਰਿਕਾਰਡ ਵਿਖਾਉਂਦਾ ਹੈ। ਦੇਸ਼ ’ਚ 2022 ’ਚ ਮ੍ਰਿਤਕ ਸ਼੍ਰੇਣੀ ’ਚ 1589 ਕਿਡਨੀ ਟਰਾਂਸਪਲਾਂਟ ਹੋਏ। ਲੀਵਰ ਦੇ 761 ਅਤੇ ਦਿਲ ਦੇ 250 ਟਰਾਂਸਪਲਾਂਟ ਹੋਏ। ਕਿਡਨੀ ਅਤੇ ਪਿੱਤੇ ਦੇ 2014 ’ਚ ਟਰਾਂਸਪਲਾਂਟ ਤਿੰਨ ਤੋਂ ਵਧ ਕੇ 2022 ’ਚ 22 ਹੋ ਗਏ। ਇਸਦੇ ਉਲਟ ਜੀਵਨਦਾਤਾ ਕਿਡਨੀ ਟਰਾਂਸਪਲਾਂਟੇਸ਼ਨ ਜੋ 2014 ’ਚ 4884 ਸੀ, ਉਹ 2022 ’ਚ 9834 ਹੋ ਗਈ। ਇਸ ਸ਼੍ਰੇਣੀ ’ਚ ਲੀਵਰ ਟਰਾਂਸਪਲਾਂਟੇਸ਼ਨ 1002 ਤੋਂ ਵਧ ਕੇ 2957 ਹੋ ਗਈ।

ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਦੇਸ਼ ’ਚ ਹਰ ਦਸ ਮਿੰਟ ’ਚ ਇਕ ਵਿਅਕਤੀ ਉਡੀਕ ਸੂਚੀ ’ਚ ਜੁੜ ਜਾਂਦਾ ਹੈ। ਮੰਤਰਾਲਾ ਨੇ ਅੰਗਦਾਨ ਨੂੰ ਹੱਲਾਸ਼ੇਰੀ ਦੇਣ ਲਈ ਵੱਡੇ ਕਦਮਾਂ ਦਾ ਐਲਾਨ ਕੀਤਾ ਹੈ। ਇਸ ’ਚ ਮੂਲਵਾਸੀ ਨਿਯਮ ਨੂੰ ਖਤਮ ਕਰਨਾ ਵੀ ਸ਼ਾਮਲ ਹੈ। ਪ੍ਰਾਪਤ ਕਰਤਾ ਦੀ ਰਜਿਸਟ੍ਰੇਸ਼ਨ ਲਈ ਉਮਰ ਦੀ ਹੱਦ ਨੂੰ ਹਟਾਉਣਾ, ਟਰਾਂਸਪਲਾਂਟ ਲਈ ਰਜਿਸਟ੍ਰੇਸ਼ਨ ਲਈ ਫੀਸ ਹਟਾਉਣੀ, ਜੀਵਨ ਸਮਰਥਨ ਵਾਪਸ ਲੈਣ ’ਤੇ ਨਿਯਮਾਂ ਨੂੰ ਸੌਖਾ ਬਣਾਉਣਾ, ਦੇਸ਼ ’ਚ ਅੰਗ ਨੂੰ ਟਰਾਂਸਪੋਰਟ ਕਰਨ ਦੀ ਸਹੂਲਤ ਵਰਗੀਆਂ ਸ਼ਰਤਾਂ ਸ਼ਾਮਲ ਹਨ। ਦੇਸ਼ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤ ਨੂੰ ਕਿਡਨੀ ਟਰਾਂਸਪਲਾਂਟ ’ਚ ਮੰਗ ਅਤੇ ਸਪਲਾਈ ਦਰਮਿਆਨ ਅਹਿਮ ਨਾਬਰਾਬਰੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਦੋ ਲੱਖ ਕਿਡਨੀ ਟਰਾਂਸਪਲਾਂਟੇਸ਼ਨ ਦੀ ਸਾਲਾਨਾ ਲੋੜ ਦੀ ਸਥਿਤੀ ਦੀ ਤੁਰੰਤ ਪੂਰਤੀ ਨੂੰ ਵੀ ਇਹ ਉਜਾਗਰ ਕਰਦੀ ਹੈ। ਹਰ ਸਾਲ ਸਿਰਫ 10 ਹਜ਼ਾਰ ਗੁਰਦਿਆਂ ਨੂੰ ਟਰਾਂਸਪਲਾਂਟ ਕੀਤਾ ਜਾਂਦਾ ਹੈ ਜੋ ਇਕ ਹੈਰਾਨ ਕਰ ਦੇਣ ਵਾਲਾ ਫਰਕ ਦਰਸਾਉਂਦਾ ਹੈ। ਮ੍ਰਿਤਕ ਅੰਗਦਾਤਿਆਂ ਦੀ ਮੰਗ ਬਹੁਤ ਹੈ ਕਿਉਂਕਿ ਕਈ ਪਰਿਵਾਰਾਂ ’ਚ ਢੁੱਕਵੇਂ ਜੀਵਨਦਾਤਿਆਂ ਦੀ ਕਮੀ ਹੈ, ਇਸ ਲਈ ਮ੍ਰਿਤਕ ਦਾਤਿਆਂ ’ਤੇ ਭਰੋਸਾ ਕਰਨ ਨਾਲ ਇਸ ਮੰਗ ਨੂੰ ਅੰਸ਼ਿਕ ਪੱਖੋਂ ਪੂਰਾ ਕਰਨ ’ਚ ਮਦਦ ਮਿਲ ਸਕਦੀ ਹੈ।

ਬਿੰਦੂ ਸ਼ਾਜਨ ਪੇਰਪਾਦਨ


author

Rakesh

Content Editor

Related News