ਪਾਕਿਸਤਾਨ-ਰੂਸ ਤੇਲ ਵਪਾਰ ਅੱਧ-ਵਿਚਾਲੇ

Saturday, Aug 05, 2023 - 05:34 PM (IST)

ਪਾਕਿਸਤਾਨ-ਰੂਸ ਤੇਲ ਵਪਾਰ ਅੱਧ-ਵਿਚਾਲੇ

ਪਾਕਿਸਤਾਨ ਰੂਸੀ ਕੱਚੇ ਤੇਲ ਦੀ ਇਕ ਹੋਰ ਖੇਪ ਦਰਾਮਦ ਨਹੀਂ ਕਰ ਸਕਦਾ ਕਿਉਂਕਿ ਕਿਸੇ ਵੀ ਦੇਸ਼ ਨੇ ਇਸ ਮੰਤਵ ਲਈ ਕੋਈ ਕਦਮ ਨਹੀਂ ਚੁੱਕਿਆ ਅਤੇ ਨਾ ਹੀ ਸਥਾਨਕ ਰਿਫਾਈਨਰੀਆਂ ਨੇ ਇਸ ’ਚ ਦਿਲਚਸਪੀ ਦਿਖਾਈ ਹੈ। ਪਾਕਿਸਤਾਨ ਦੀ ਵਰਤਮਾਨ ਸਰਕਾਰ ਦਾ ਕਾਰਜਕਾਲ ਖਤਮ ਹੋਣ ਵਾਲਾ ਹੈ। ਸਰਕਾਰ ਨੇ ਕੋਈ ਸੰਕੇਤ ਨਹੀਂ ਦਿੱਤਾ ਹੈ ਕਿ ਉਹ ਯੂ. ਆਰ. ਏ. ਐੱਲ. ਲਈ ਰੂਸੀ ਸਰਕਾਰ ਨਾਲ ਇਕ ਹੋਰ ਡੀਲ ਕਰੇਗੀ। ਪੈਟਰੋਲੀਅਮ ਰਾਜ ਮੰਤਰੀ ਡ. ਮੁਸਾਦਿਕ ਮਲਿਕ ਦੇ ਪਿਛਲੇ ਐਲਾਨ ਅਨੁਸਾਰ ਪਾਕਿਸਤਾਨ ਨੇ ਹਰ ਮਹੀਨੇ 1 ਲੱਖ ਟਨ ਕੱਚਾ ਤੇਲ ਦਰਾਮਦ ਕਰਨ ਦੀ ਯੋਜਨਾ ਬਣਾਈ ਸੀ। ਹਾਲਾਂਕਿ ਇਸ ਸਾਲ ਜੂਨ ’ਚ 1 ਲੱਖ ਟਨ ਦੇ ਪਹਿਲੇ ਕਾਰਗੋ ਦੇ ਪੁੱਜਣ ਪਿੱਛੋਂ ਸਰਕਾਰ ਨੇ ਨਾ ਤਾਂ ਜੁਲਾਈ ’ਚ ਰੂਸੀ ਕੱਚੇ ਤੇਲ ਲਈ ਕੋਈ ਆਰਡਰ ਦਿੱਤਾ ਅਤੇ ਨਾ ਹੀ ਅਗਸਤ ਮਹੀਨੇ ਲਈ ਕੋਈ ਦਰਾਮਦ ਆਰਡਰ ਦਿੱਤਾ। ਤੇਲ ਖੇਤਰ ਦੇ ਸੂਤਰਾਂ ਅਨੁਸਾਰ, ‘‘ਫਿਲਹਾਲ ਅਜਿਹਾ ਲੱਗਦਾ ਹੈ ਕਿ ਰੂਸੀ ਕੱਚੇ ਤੇਲ ਦੀ ਦਰਾਮਦ ਬੰਦ ਹੋ ਗਈ ਹੈ ਕਿਉਂਕਿ ਪਾਕਿਸਤਾਨ ਸਰਕਾਰ ਸਥਾਨਕ ਰਿਫਾਈਨਰੀਆਂ ਨੂੰ ਸਮਝਣ ’ਚ ਅਸਮਰੱਥ ਰਹੀ।’’ ਵਰਤਮਾਨ ’ਚ ਰੂਸੀ ਕੱਚੇ ਤੇਲ ਦੀ ਦਰਾਮਦ ਵੀ ਲੁਭਾਉਣੀ ਨਹੀਂ ਦਿਸਦੀ ਕਿਉਂਕਿ ਭਾਰਤ ’ਚ ਬੰਦਰਗਾਹ ’ਤੇ ਡਲਿਵਰੀ 78 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ ਹੈ ਅਤੇ ਜੇ ਉਸ ਦਰ ’ਤੇ ਦਰਾਮਦ ਕੀਤੀ ਜਾਂਦੀ ਹੈ ਤਾਂ ਇਹ ਸਥਾਨਕ ਰਿਫਾਈਨਰੀਆਂ ਲਈ ਇਕ ਲੁਭਾਉਣਾ ਬਦਲ ਨਹੀਂ ਹੋਵੇਗਾ।

ਪਾਕਿਸਤਾਨ ਰਿਫਾਈਨਰੀ ਲਿਮਟਿਡ (ਪੀ. ਆਰ. ਐੱਲ.) ਜੂਨ ’ਚ ਰੂਸੀ ਕੱਚੇ ਤੇਲ ਦੀ ਦਰਾਮਦ ਕਰਨ ਵਾਲੀ ਇਕੋ-ਇਕ ਰਿਫਾਈਨਰੀ ਸੀ ਕਿਉਂਕਿ ਹੋਰ ਰਿਫਾਈਨਰੀਆਂ ਆਪਣੀਆਂ ਪ੍ਰਤੀਬੱਧਤਾਵਾਂ ਕਾਰਨ ਇਸ ਦੇ ਲਈ ਨਹੀਂ ਗਈਆਂ। ਸੂਤਰਾਂ ਨੇ ਦੱਸਿਆ ਕਿ ਹੁਣ ਸਥਿਤੀ ਇਹ ਹੈ ਕਿ ਪੀ. ਆਰ. ਐੱਲ. ਸਮੇਤ ਸਾਰੀਆਂ ਰਿਫਾਈਨਰੀਆਂ ਵਸਤੂਆਂ ਨੂੰ ਦਰਾਮਦ ਕਰਨ ’ਚ ਘੱਟ ਰੁਚੀ ਰੱਖਦੀਆਂ ਹਨ। ਤੇਲ ਖੇਤਰ ਦੇ ਲੋਕਾਂ ਨੇ ਕਿਹਾ ਹੈ ਕਿ ਵਪਾਰਕ ਵਿਵਹਾਰ ਅਤੇ ਰਿਫਾਈਨਰੀਆਂ ਦੇ ਲੰਬੇ ਸਮੇਂ ਦੇ ਸਮਝੌਤਿਆਂ ਤੋਂ ਇਲਾਵਾ ਸਰਕਾਰ ਨੇ ਰੂਸ ਨਾਲ ਆਪਣੇ ਕੱਚੇ ਤੇਲ ਦੀ ਦਰਾਮਦ ਨੂੰ ਸਸਤਾ ਅਤੇ ਸਥਾਨਕ ਰਿਫਾਈਨਰੀਆਂ ਲਈ ਦਿਲਚਸਪ ਬਣਾਉਣ ਲਈ ਲੰਮੇ ਸਮੇਂ ਦੇ ਸਮਝੌਤੇ ’ਤੇ ਵੀ ਕੰਮ ਨਹੀਂ ਕੀਤਾ। ਇਸ ਤੋਂ ਇਲਾਵਾ ਲੰਮੇ ਸਮੇਂ ਦੇ ਆਧਾਰ ’ਤੇ ਰੂਸੀ ਕੱਚੇ ਤੇਲ ਦੀ ਦਰਾਮਦ ਨੂੰ ਅੱਗੇ ਵਧਾਉਣ ਲਈ ਕੋਈ ਸਪੈਸ਼ਲ ਪਰਪਜ਼ ਵ੍ਹੀਕਲ (ਐੱਸ. ਪੀ. ਵੀ.) ਦਾ ਗਠਨ ਨਹੀਂ ਕੀਤਾ ਗਿਆ ਸੀ। ਤੇਲ ਖੇਤਰ ਦੇ ਲੋਕਾਂ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਸਰਕਾਰ ਨੇ ਇਹ ਵੀ ਨਹੀਂ ਦੱਸਿਆ ਕਿ ਜੂਨ ’ਚ ਰੂਸੀ ਕੱਚੇ ਤੇਲ ਦੀ ਪਹਿਲੀ ਖੇਪ ਆਉਣ ’ਤੇ ਉਸਦੀ ਕੀਮਤ ਕੀ ਸੀ ਅਤੇ ਇਸਦਾ ਪੈਟਰੋਲੀਅਮ ਉਤਪਾਦਾਂ ਦੀਆਂ ਪੂਰਵ ਰਿਫਾਈਨਰੀ ਕੀਮਤਾਂ ’ਤੇ ਕੀ ਪ੍ਰਭਾਵ ਪਿਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਡੀਜ਼ਲ ਅਤੇ ਗੈਸੋਲੀਨ ਦੀਆਂ ਸਥਾਨਕ ਕੀਮਤਾਂ ’ਤੇ ਰੂਸੀ ਕੱਚੇ ਤੇਲ ਦਾ ਪ੍ਰਭਾਵ ਉਮੀਦ ਅਨੁਸਾਰ ਨਹੀਂ ਹੈ ਅਤੇ ਜਦ ਤੱਕ ਥੋਕ ’ਚ ਅਤੇ ਸਾਰੀਆਂ ਰਿਫਾਈਨਰੀਆਂ ਵੱਲੋਂ ਦਰਾਮਦ ਨਹੀਂ ਕੀਤੀ ਜਾਂਦੀ ਤਦ ਤੱਕ ਖਪਤਕਾਰ ਕੀਮਤਾਂ ਘੱਟ ਨਹੀਂ ਹੋਣਗੀਆਂ। ਜੇ ਪਾਕਿਸਤਾਨ ਅੱਜ ਆਰਡਰ ਦਿੰਦਾ ਹੈ ਤਾਂ ਰੂਸੀ ਤੇਲ ਨੂੰ ਪਾਕਿਸਤਾਨ ਪਹੁੰਚਣ ’ਚ ਇਕ ਮਹੀਨੇ ਦਾ ਸਮਾਂ ਲੱਗੇਗਾ। ਅਜੇ ਤੱਕ ਕੋਈ ਆਰਡਰ ਨਹੀਂ ਦਿੱਤਾ ਗਿਆ ਅਤੇ ਨੇੜ ਭਵਿੱਖ ’ਚ ਵੀ ਇਸ ਦੀ ਸੰਭਾਵਨਾ ਦਿਖਾਈ ਨਹੀਂ ਦੇ ਰਹੀ ਹੈ।

ਤਨਵੀਰ ਮਲਿਕ


author

Anuradha

Content Editor

Related News