ਪਾਕਿ-ਚੀਨ ਦੀਆਂ ਕੋਸ਼ਿਸ਼ਾਂ ਨਾਕਾਮ ਮਾਲਦੀਵ ’ਚ ਲੋਕਤੰਤਰ ਦੀ ਬਹਾਲੀ

Thursday, Sep 27, 2018 - 06:44 AM (IST)

ਮਾਲਦੀਵ ’ਚ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਆ ਗਏ ਹਨ। 23 ਸਤੰਬਰ ਨੂੰ ਸਵੇਰੇ ਐਲਾਨੇ ਗਏ ਨਤੀਜਿਆਂ ਮੁਤਾਬਿਕ ਭਾਰਤ ਸਮਰਥਕ ਉਮੀਦਵਾਰ ਇਬਰਾਹਿਮ ਮੁਹੰਮਦ ਸੋਲਿਹ ਨੇ ਜਿੱਤ ਦਰਜ ਕਰ ਕੇ ਦੇਸ਼ ’ਚ ਨਵੀਂ ਸਵੇਰ ਦਾ ਚਾਨਣ ਫੈਲਾ ਦਿੱਤਾ ਹੈ। ਇਨ੍ਹਾਂ ਚੋਣਾਂ ’ਚ ਪਾਕਿ-ਚੀਨ ਦੇ ਸਮਰਥਕ ਯਾਮੀਨ ਨੂੰ ਮਾਲਦੀਵ ਦੇ ਲੋਕਾਂ ਨੇ ਕਰਾਰੀ ਹਾਰ ਦਿੱਤੀ ਹੈ। 
ਹਾਲਾਂਕਿ ਚੀਨ ਨੇ ਯਾਮੀਨ ਨੂੰ ਜਿਤਾਉਣ ਲਈ ਹਰੇਕ ਤਿਕੜਮਬਾਜ਼ੀ ਅਪਣਾਈ ਪਰ ਉਹ ਕੰਮ ਨਹੀਂ ਆ ਸਕੀ। ਪਾਕਿਸਤਾਨ ਦੇ ਕੁਝ ਨੇਤਾਵਾਂ ਨੇ ਯਾਮੀਨ ਦੇ ਸਮਰਥਨ ’ਚ ਰੈਲੀਆਂ ਵੀ ਕੀਤੀਆਂ ਸਨ ਪਰ ਉਹ ਵੀ ਕੰਮ ਨਹੀਂ ਆਈਆਂ। ਚੋਣਾਂ ’ਚ ਧਾਂਦਲੀ ਦੀਆਂ ਕੋਸ਼ਿਸ਼ਾਂ ਵੀ ਹੋਈਆਂ, ਫਿਰ ਵੀ ਦੇਸ਼ ਦੇ ਲੋਕਾਂ ਨੇ ਯਾਮੀਨ ਨੂੰ ਹਰਾ ਕੇ ਇਬਰਾਹਿਮ ਸੋਲਿਹ  ਨੂੰ ਹੀ ਜਿਤਾਇਆ। 
ਮਾਲਦੀਵ ਇਕ ਛੋਟਾ ਜਿਹਾ ਦੇਸ਼ ਹੈ ਪਰ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ’ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਸਨ। ਅਸਲ ’ਚ ਕੁਝ ਇਸਲਾਮੀ ਦੇਸ਼ ਨਹੀਂ ਚਾਹੁੰਦੇ ਸਨ ਕਿ ਉਥੇ ਭਾਰਤ ਸਮਰਥਕ ਉਮੀਦਵਾਰ ਜਿੱਤੇ। ਬਹੁਤੇ ਲੋਕਾਂ ਨੂੰ ਉਮੀਦ ਸੀ ਕਿ ਯਾਮੀਨ ਦੁਬਾਰਾ ਜਿੱਤ ਜਾਣਗੇ ਪਰ ਜਦੋਂ ਨਤੀਜੇ ਆਏ ਤਾਂ ਸੋਲਿਹ ਦੀ ਜਿੱਤ ਤੋਂ ਸਿਆਸੀ ਪੰਡਿਤ ਵੀ ਹੈਰਾਨ ਰਹਿ ਗਏ। ਅਸਲ ’ਚ ਪਾਕਿਸਤਾਨ ਤੇ ਚੀਨ ਨੇ ਮਾਹੌਲ ਹੀ ਅਜਿਹਾ ਬਣਾਇਆ ਹੋਇਆ ਸੀ ਕਿ ਯਾਮੀਨ ਹੀ ਜਿੱਤਣਗੇ ਪਰ ਅਜਿਹਾ ਲੱਗ ਰਿਹਾ ਸੀ ਕਿ ਦੇਸ਼ ਦੀ ਜਨਤਾ ਆਪਣੇ ਮਨ ’ਚ ਕੁਝ ਹੋਰ ਹੀ ਠਾਣੀ ਬੈਠੀ ਸੀ।
ਮਾਲਦੀਵ ’ਚ ਲਗਭਗ 3 ਦਹਾਕਿਆਂ ਤੋਂ ਵੀ ਜ਼ਿਆਦਾ ਸਮੇਂ ਤਕ ਤਾਨਾਸ਼ਾਹੀ ਦਾ ਯੁੱਗ ਰਿਹਾ ਹੈ। ਉਥੋਂ ਦੇ ਲੋਕਾਂ ਨੇ ਕਈ ਤਰ੍ਹਾਂ ਦੇ ਜ਼ੁਲਮਾਂ ਦਾ ਸਾਹਮਣਾ ਕੀਤਾ ਤੇ ਦੇਸ਼ ਦੀ ਅਰਥ ਵਿਵਸਥਾ ਪੂਰੀ ਤਰ੍ਹਾਂ ਠੱਪ ਹੋ ਗਈ ਸੀ ਪਰ 2008 ’ਚ ਉਥੇ ਲੋਕਤੰਤਰ ਦੀ ਬਹਾਲੀ ਹੋਈ ਤੇ ਮੁਹੰਮਦ ਨਾਸ਼ੀਦ ਮਾਲਦੀਵ ਦੇ ਰਾਸ਼ਟਰਪਤੀ ਚੁਣੇ ਗਏ। ਉਨ੍ਹਾਂ ਦੇ ਰਾਸ਼ਟਰਪਤੀ ਬਣਨ ਤੋਂ ਅਗਲੇ ਹੀ ਦਿਨ ਚੁਣੌਤੀ ਸ਼ੁਰੂ ਹੋ ਗਈ। ਉਨ੍ਹਾਂ ਨੇ ਸਭ ਤੋਂ ਪਹਿਲਾਂ ਭ੍ਰਿਸ਼ਟਾਚਾਰੀਆਂ ’ਤੇ ਵਾਰ ਕਰਨਾ ਚਾਹਿਆ ਪਰ ਉਨ੍ਹਾਂ ਦੇ ਉਸ ਕਦਮ ਨਾਲ ਵਿਰੋਧੀ ਧਿਰ ਦੇ ਸਾਰੇ ਨੇਤਾ ਉਨ੍ਹਾਂ ਦੇ ਵਿਰੁੱਧ ਹੋ ਗਏ।
ਫਿਰ ਉਨ੍ਹਾਂ ਨੇ ਮਾਲਦੀਵ ਦੀ ਅਰਥ ਵਿਵਸਥਾ ਨੂੰ ਪਟੜੀ ’ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਪਰ ਉਹ ਜ਼ਿਆਦਾ ਸਫਲ ਨਹੀਂ ਹੋ ਸਕੇ। ਹੁਣ ਉਹੋ ਜਿਹੀਆਂ ਹੀ ਉਮੀਦਾਂ ਦੇਸ਼ ਦੇ ਲੋਕਾਂ ਨੂੰ ਨਵੇਂ ਚੁਣੇ ਹੋਏ ਰਾਸ਼ਟਰਪਤੀ ਇਬਰਾਹਿਮ ਸੋਲਿਹ ਤੋਂ ਹਨ। ਉਨ੍ਹਾਂ ਦਾ ਝੁਕਾਅ ਭਾਰਤ ਵੱਲ ਰਹਿੰਦਾ ਹੈ,   ਿੲਸ ਲਈ   ਪੂਰੀ ਵਿਰੋਧੀ ਧਿਰ ਉਨ੍ਹਾਂ ਵਿਰੁੱਧ ਲਾਮਬੰਦ ਹੋ ਸਕਦੀ ਹੈ।
 ਇਸ ਤੋਂ ਇਲਾਵਾ ਪਾਕਿਸਤਾਨ ਤੇ ਚੀਨ ਦੀਆਂ ਨਾਪਾਕ ਹਰਕਤਾਂ ਵੀ ਉਨ੍ਹਾਂ ਨੂੰ ਪ੍ਰੇਸ਼ਾਨ ਕਰਦੀਆਂ ਰਹਿਣਗੀਆਂ। ਸੋਲਿਹ ਨੂੰ ਵੱਡੇ ਦਿਲ ਵਾਲਾ ਨੇਤਾ ਮੰਨਿਆ ਜਾਂਦਾ ਹੈ ਤੇ ਉਨ੍ਹਾਂ ਨੂੰ ਦੇਸ਼ ਦੇ ਹਿੱਤ ’ਚ ਸਖਤ ਫੈਸਲੇ ਲੈਣ ਲਈ ਵੀ ਜਾਣਿਆ ਜਾਂਦਾ ਹੈ। 
ਮਾਲਦੀਵ ਕਾਫੀ ਸਮੇਂ ਤੋਂ ਘਟੀਆ ਸਿਆਸਤ  ਦਾ ਸ਼ਿਕਾਰ ਰਿਹਾ ਹੈ। ਤਿੰਨ ਦਹਾਕਿਆਂ ਤਕ ਇਹ ਤਾਨਾਸ਼ਾਹੀ ਦੇ ਦੌਰ ’ਚ ਰਿਹਾ। ਉਸ ਤੋਂ ਬਾਅਦ ਇਸ ਨੇ ਐਮਰਜੈਂਸੀ ਦਾ ਸੰਤਾਪ ਵੀ ਝੱਲਿਆ। ਮਾਲਦੀਵ ’ਚ ਹੋਰ ਵੀ ਕਈ ਤਰ੍ਹਾਂ ਦੇ ਉਤਰਾਅ-ਚੜ੍ਹਾਅ ਆਉਂਦੇ ਰਹੇ ਪਰ ਹੁਣ ਦੇਸ਼ ’ਚ ਇਕ ਨਵਾਂ ਸਵੇਰਾ ਹੋਇਆ ਹੈ।  ਇਸ ਲਿਹਾਜ਼ ਨਾਲ ਸਿਆਸੀ ਗਲਿਆਰਿਆਂ ’ਚ ਚਰਚਾ ਹੈ ਕਿ ਸੋਲਿਹ ਦੀ ਜਿੱਤ ਤੋਂ ਬਾਅਦ ਮਾਲਦੀਵ ਤੇ ਭਾਰਤ ਦੇ ਰਿਸ਼ਤੇ ਹੁਣ ਮਜ਼ਬੂਤ ਹੋਣਗੇ। 
ਇਕ ਸਮਾਂ ਅਜਿਹਾ ਵੀ ਆਇਆ ਸੀ, ਜਦੋਂ ਭਾਰਤ ਤੇ ਮਾਲਦੀਵ ਦੇ ਰਿਸ਼ਤੇ ਕਾਫੀ  ਵਿਗੜ ਗਏ ਸਨ। ਹਾਲਾਂਕਿ ਉਸ ਪਿੱਛੇ ਵੀ ਕਈ ਕਾਰਨ ਸਨ ਪਰ ਹੁਣ ਸਮੇਂ ਦੀ ਮੰਗ ਇਹੋ ਹੈ ਕਿ ਅਤੀਤ ’ਚ ਜੋ ਹੋਇਆ, ਉਸ  ਨੂੰ ਚੇਤੇ ਕਰਨ ਦਾ ਹੁਣ ਕੋਈ ਫਾਇਦਾ ਨਹੀਂ। ਹੁਣ ਦੋਹਾਂ ਦੇਸ਼ਾਂ ਨੂੰ ਦੋਸਤੀ ਦੀ ਨਵੀਂ ਇਬਾਰਤ ਲਿਖਣੀ ਚਾਹੀਦੀ ਹੈ ਤਾਂ ਕਿ ਪਾਕਿਸਤਾਨ ਤੇ ਚੀਨ ਨੂੰ  ਇਹ ਸੰਦੇਸ਼ ਮਿਲੇ ਕਿ ਅੱਤਵਾਦ ਫੈਲਾਉਣ ਨਾਲੋਂ ਕਿਤੇ ਬਿਹਤਰ ਹੈ ਦੋਸਤੀ ਕਰ ਲੈਣਾ।
ਸੋਲਿਹ ਨੂੰ ਹਮੇਸ਼ਾ ਦੋਸਤੀ ਦਾ ਸਮਰਥਕ ਹੀ ਮੰਨਿਆ ਜਾਂਦਾ ਰਿਹਾ ਹੈ। ਇਹੋ ਵਜ੍ਹਾ ਹੈ ਕਿ ਦੇਸ਼ ਦੇ ਲੋਕਾਂ ਨੇ ਉਨ੍ਹਾਂ ਨੂੰ ਕੁਲ ਵੋਟਾਂ ’ਚੋਂ 58.3 ਫੀਸਦੀ ਵੋਟਾਂ ਦੇ ਕੇ ਜਿਤਾਇਆ ਹੈ। ਲੋਕਾਂ ਨੇ ਤਾਂ ਆਪਣਾ ਕੰਮ ਕਰ ਦਿੱਤਾ, ਹੁਣ ਵਾਰੀ ਸੋਲਿਹ  ਦੀ ਹੈ। ਉਨ੍ਹਾਂ ਨੂੰ ਲੋਕਾਂ ਦੀਆਂ ਇੱਛਾਵਾਂ ’ਤੇ ਖਰੇ ਉਤਰਨਾ ਪਵੇਗਾ। ਉਨ੍ਹਾਂ ਦੀ ਜਿੱਤ ਦਾ ਐਲਾਨ ਹੋਣ ਦੇ ਨਾਲ ਹੀ ਉਨ੍ਹਾਂ ਦੇ ਸਮਰਥਕ ਸੜਕਾਂ ’ਤੇ ਉਤਰ ਆਏ ਸਨ ਤੇ ਸਾਰੇ ਸੋਲਿਹ  ਦੀ ਮਾਲਦੀਵੀਅਨ ਡੈਮੋਕ੍ਰੇਟਿਕ ਪਾਰਟੀ (ਐੈੱਮ. ਡੀ. ਪੀ.) ਦੇ ਪੀਲੇ ਝੰਡੇ ਲੈ ਕੇ ਘੁੰਮ ਰਹੇ ਸਨ। ਇੰਨੇ ਵੱਡੇ ਜਨ-ਸਮੂਹ ਦੀ ਇਕਜੁੱਟਤਾ ਦੱਸ ਰਹੀ ਸੀ ਕਿ ਲੋਕ ਉਨ੍ਹਾਂ ਨੂੰ ਕਿੰਨਾ ਪਸੰਦ ਕਰਦੇ ਹਨ।
ਮਾਲਦੀਵ ਦੇ ਨਵੇਂ ਰਾਸ਼ਟਰਪਤੀ ਸੋਲਿਹ ਆਪਣੀ ਜਿੱਤ ਤੋਂ ਬਾਅਦ ਹੁਣ ਭਾਰਤ ਨਾਲ ਭਵਿੱਖ ’ਚ ਕਿਹੋ ਜਿਹੇ ਰਿਸ਼ਤੇ ਰੱਖਣਗੇ, ਇਹ ਦੇਖਣ ਵਾਲੀ ਗੱਲ ਹੋਵੇਗੀ ਕਿਉਂਕਿ ਪਿਛਲੇ ਕੁਝ ਸਾਲਾਂ ਤੋਂ  ਦੋਹਾਂ ਦੇਸ਼ਾਂ ਵਿਚਾਲੇ ਰਿਸ਼ਤੇ ਕਾਫੀ ਤਲਖ ਰਹੇ ਹਨ। ਦੋ ਮੌਕਿਆਂ ’ਤੇ ਭਾਰਤ-ਮਾਲਦੀਵ ਦੇ  ਰਿਸ਼ਤਿਆਂ ’ਚ ਕਾਫੀ ਤਲਖੀ ਰਹੀ। ਇਸ ਸਾਲ ਇਨ੍ਹਾਂ ਦੋਹਾਂ ਦੇਸ਼ਾਂ ਵਿਚਾਲੇ ਰਿਸ਼ਤਿਆਂ ’ਚ ਸਭ ਤੋਂ ਜ਼ਿਆਦਾ ਕੁੜੱਤਣ ਆਈ। 
ਇਸ ਦੀ ਸ਼ੁਰੂਆਤ ਮਾਲਦੀਵ ਦੀ ਸੁਪਰੀਮ ਕੋਰਟ ਦੇ ਪਹਿਲੀ ਫਰਵਰੀ ਵਾਲੇ ਫੈਸਲੇ ਨਾਲ ਹੋ ਗਈ ਸੀ, ਜਦੋਂ ਅਦਾਲਤ ਨੇ ਫੈਸਲਾ ਦਿੱਤਾ ਸੀ ਕਿ ਰਾਸ਼ਟਰਪਤੀ ਅਬਦੁੱਲਾ ਯਾਮੀਨ ਨੇ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਕੈਦ ਕਰਵਾ ਕੇ ਸੰਵਿਧਾਨ ਅਤੇ ਕੌਮਾਂਤਰੀ ਨਿਯਮਾਂ ਦੀ ਉਲੰਘਣਾ ਕੀਤੀ ਹੈ। 
ਅਦਾਲਤ ਨੇ ਇਹ ਵੀ ਹੁਕਮ ਦਿੱਤਾ ਸੀ ਕਿ ਸਰਕਾਰ ਸਾਬਕਾ ਰਾਸ਼ਟਰਪਤੀ ਮੁਹੰਮਦ ਨਾਸ਼ੀਦ ਸਮੇਤ ਵਿਰੋਧੀ ਧਿਰ ਦੇ ਸਾਰੇ ਨੇਤਾਵਾਂ ਨੂੰ ਰਿਹਾਅ ਕਰੇ ਪਰ ਯਾਮੀਨ ਨੇ ਅਦਾਲਤ ਦੇ ਇਸ ਹੁਕਮ ਨੂੰ ਮੰਨਣ ਤੋਂ ਇਨਕਾਰ ਕਰ ਕੇ ਦੇਸ਼ ’ਚ ਐਮਰਜੈਂਸੀ ਦਾ  ਐਲਾਨ ਕਰ ਦਿੱਤਾ, ਜੋ 45 ਦਿਨਾਂ ਤਕ ਚੱਲੀ।
ਯਾਮੀਨ ਦੇ ਇਸ ਫੈਸਲੇ ਦਾ ਭਾਰਤ ਨੇ ਡਟਵਾਂ ਵਿਰੋਧ ਕੀਤਾ ਸੀ ਤੇ ਮਾਲਦੀਵ ’ਚ ਐਮਰਜੈਂਸੀ ਲਾਉਣ ਦੇ ਫੈਸਲੇ ਨੂੰ ਜਨ-ਵਿਰੋਧੀ ਦੱਸਿਆ ਸੀ ਪਰ ਯਾਮੀਨ ਨੇ ਭਾਰਤ ਦੇ ਇਸ  ਵਿਰੋਧ ਨੂੰ ਪੂਰੀ ਤਰ੍ਹਾਂ ਨਕਾਰਦੇ ਹੋਏ ਆਪਣੀ ਮਨਮਰਜ਼ੀ ਕੀਤੀ ਸੀ। ਉਦੋਂ ਭਾਰਤ ਨੇ ਕਿਹਾ ਸੀ ਕਿ ਮਾਲਦੀਵ ’ਚ ਐਮਰਜੈਂਸੀ ਨੂੰ ਤੁਰੰਤ ਖਤਮ ਕਰ ਕੇ ਸਾਰੇ ਸੰਵਿਧਾਨਿਕ ਅਦਾਰਿਆਂ ਨੂੰ ਬਹਾਲ ਕਰਨਾ ਚਾਹੀਦਾ ਹੈ।
ਦੋਹਾਂ ਦੇਸ਼ਾਂ ਵਿਚਾਲੇ ਤਲਖੀ ਦੀ ਦੂਜੀ ਘਟਨਾ ਨੂੰ ਵੀ ਮਾਲਦੀਵ ਨੇ ਜਨਮ ਦਿੱਤਾ। ਜ਼ਿਕਰਯੋਗ ਹੈ ਕਿ ਭਾਰਤ ਨੇ ਕੁਝ ਸਾਲ ਪਹਿਲਾਂ ਮਾਲਦੀਵ ਨੂੰ ਤੋਹਫੇ ਵਜੋਂ ਦੋ ਨੇਵੀ ਹੈਲੀਕਾਪਟਰ ਦਿੱਤੇ ਸਨ। ਮਕਸਦ ਇਹ ਸੀ ਕਿ ਜੇ ਦੇਸ਼ ’ਤੇ ਕੋਈ ਆਫਤ ਆਏ ਤਾਂ ਇਹ ਹੈਲੀਕਾਪਟਰ ਰਾਹਤ, ਬਚਾਅ ਦਾ ਕੰਮ ਕਰ ਸਕਣਗੇ ਪਰ ਯਾਮੀਨ ਨੇ ਖੁਣਸ ’ਚ ਆ ਕੇ ਭਾਰਤ ਨੂੰ ਸੁਨੇਹਾ ਭੇਜ ਦਿੱਤਾ ਕਿ ਜੋ ਹੈਲੀਕਾਪਟਰ ਉਸ ਨੇ ਮਾਲਦੀਵ ਨੂੰ ਤੋਹਫੇ ’ਚ ਦਿੱਤੇ ਹਨ, ਉਹ ਤੁਰੰਤ ਵਾਪਸ ਲੈ ਜਾਵੇ। 
ਯਾਮੀਨ ਨੇ ਹੈਲੀਕਾਪਟਰ ਵਾਪਸ ਲਿਜਾਣ ਦੀ ਤਰੀਕ ਵੀ ਤੈਅ ਕਰ ਦਿੱਤੀ, ਹਾਲਾਂਕਿ ਭਾਰਤ ਨੇ ਉਹ ਹੈਲੀਕਾਪਟਰ ਵਾਪਸ ਨਹੀਂ ਲਏ ਅਤੇ ਇਸ ਸਮੇਂ ਦੋ ਹੈਲੀਕਾਪਟਰ ਬੇੜੇ ਦੇ ਕਿਨਾਰੇ ਖੜ੍ਹੇ ਹਨ। ਉਮੀਦ ਹੈ ਕਿ ਹੁਣ ਸੋਲਿਹ ਇਨ੍ਹਾਂ ਹੈਲੀਕਾਪਟਰਾਂ ਦਾ ਨਵੀਨੀਕਰਨ ਕਰਵਾ ਕੇ ਇਸਤੇਮਾਲ ਕਰਨਗੇ।
ਇਨ੍ਹਾਂ ਘਟਨਾਵਾਂ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ’ਚ ਕਿੰਨੀ ਕੁੜੱਤਣ ਆ ਗਈ ਸੀ। ਮਾਲਦੀਵ ’ਚ ਚੀਨ ਦੇ ਵਧਦੇ ਪ੍ਰਭਾਵ ਕਾਰਨ ਭਾਰਤ-ਮਾਲਦੀਵ ਰਿਸ਼ਤਿਆਂ ’ਚ ਅਗਾਂਹ ਵੀ ਤਰੇੜ ਆ ਸਕਦੀ ਹੈ, ਇਸ ਲਈ ਸੋਲਿਹ ਨੂੰ ਚੌਕੰਨੇ ਰਹਿ ਕੇ ਚੱਲਣਾ ਪਵੇਗਾ ਕਿਉਂਕਿ ਪਾਕਿ-ਚੀਨ ਕਦੇ ਨਹੀਂ ਚਾਹੁਣਗੇ ਕਿ ਭਾਰਤ ਤੇ ਮਾਲਦੀਵ ਲੰਬੇ ਸਮੇਂ ਤਕ ਦੋਸਤ ਬਣੇ ਰਹਿਣ।             


Related News