ਇਮਰਾਨ ਖਾਨ ਫੌਜ ਦੇ ਸਮਰਥਨ ਤੋਂ ਬਿਨਾਂ ਵੀ ਚੋਣਾਂ ਜਿੱਤ ਸਕਦੇ ਸਨ
Tuesday, Aug 07, 2018 - 05:57 AM (IST)

2018 ਦੀਆਂ ਚੋਣਾਂ ਇਕ ਤਰ੍ਹਾਂ ਨਾਲ ਪ੍ਰੇਸ਼ਾਨ ਕਰਨ ਵਾਲੀਆਂ ਰਹੀਆਂ ਹਨ। ਜ਼ਿਆਦਾਤਰ ਸਮੀਖਿਅਕ ਪਾਕਿਸਤਾਨ 'ਚ ਲੰਗੜੀ ਸੰਸਦ ਆਉਣ ਦੀ ਭਵਿੱਖਬਾਣੀ ਕਰ ਰਹੇ ਸਨ ਅਤੇ ਆਮ ਧਾਰਨਾ ਇਹ ਸੀ ਕਿ ਦੇਸ਼ਵਿਆਪੀ ਸੱਤਾ ਅਦਾਰੇ ਨੇ ਚੋਣਾਂ ਤੋਂ ਪਹਿਲਾਂ ਹੀ ਸਾਰੇ ਸਿਸਟਮ 'ਚ ਧਾਂਦਲੀ ਕਰ ਦਿੱਤੀ ਸੀ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਸੰਸਦ 'ਚ ਕੋਈ ਵੀ ਪਾਰਟੀ ਆਪਣੇ ਦਮ 'ਤੇ ਸਪੱਸ਼ਟ ਬਹੁਮਤ ਹਾਸਿਲ ਨਾ ਕਰ ਸਕੇ। ਇਮਰਾਨ ਖਾਨ ਕੌਮੀ ਅਸੈਂਬਲੀ 'ਚ 116 ਸੀਟਾਂ ਨਾਲ ਸਪੱਸ਼ਟ ਜੇਤੂ ਵਜੋਂ ਉੱਭਰੇ ਹਨ। ਉਨ੍ਹਾਂ ਨੂੰ ਸਰਕਾਰ ਬਣਾਉਣ ਲਈ ਇਕ ਗੱਠਜੋੜ ਸਹਿਯੋਗੀ ਵਜੋਂ ਕੁਝ ਆਜ਼ਾਦ ਸੰਸਦ ਮੈਂਬਰਾਂ ਦੀ ਲੋੜ ਪਵੇਗੀ। ਇਸ ਤਰ੍ਹਾਂ ਆਮ ਚੋਣਾਂ ਦੇ ਛੋਟੇ ਪੱਧਰ 'ਤੇ ਮੈਨੇਜਮੈਂਟ ਦੇ ਯਤਨ ਸਿਰਫ ਅੰਸ਼ਿਕ ਤੌਰ 'ਤੇ ਸਫਲ ਰਹੇ।
ਚੋਣਾਂ 'ਚ ਯਕੀਨੀ ਤੌਰ 'ਤੇ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) (ਪੀ. ਐੱਮ. ਐੱਲ.-ਐੱਨ) ਸਪੱਸ਼ਟ ਤੌਰ 'ਤੇ ਮੰਦਭਾਗੀ ਪਾਰਟੀ ਰਹੀ। ਸ਼ਰੀਫ ਪਰਿਵਾਰ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਹੱਥ ਚੋਣਾਂ ਲੜਨ ਦੌਰਾਨ ਉਨ੍ਹਾਂ ਦੀ 'ਪਿੱਠ ਪਿੱਛੇ' ਬੰਨ੍ਹ ਦਿੱਤੇ ਗਏ ਸਨ। ਇਸ ਸੰਦਰਭ 'ਚ ਇਹ ਤੱਥ ਕਿ ਪੀ. ਐੱਮ. ਐੱਲ. (ਐੱਨ) ਕੌਮੀ ਅਸੈਂਬਲੀ ਵਿਚ 64 ਸੀਟਾਂ ਜਿੱਤਣ 'ਚ ਸਫਲ ਰਹੀ, ਆਪਣੇ ਆਪ ਵਿਚ ਇਕ ਚਮਤਕਾਰ ਹੈ। ਜਿਵੇਂ ਇੰਨਾ ਹੀ ਕਾਫੀ ਨਹੀਂ ਸੀ, ਪੰਜਾਬ ਵਿਧਾਨ ਸਭਾ ਵੀ ਲੰਗੜੀ (ਤ੍ਰਿਸ਼ੰਕੂ) ਹੀ ਹੈ। ਇਥੇ ਪਾਕਿਸਤਾਨ ਤਹਿਰੀਕੇ-ਇਨਸਾਫ (ਪੀ. ਟੀ. ਆਈ.) ਅਤੇ ਪੀ. ਐੱਮ. ਐੱਲ. (ਐੱਨ) ਨੇ ਲੱਗਭਗ ਬਰਾਬਰ ਸੀਟਾਂ ਜਿੱਤੀਆਂ ਹਨ। ਇਸ ਲਈ ਸਰਕਾਰ ਬਣਾਉਣ ਵਿਚ ਆਜ਼ਾਦ ਵਿਧਾਇਕਾਂ ਦੀ ਭੂਮਿਕਾ ਅਹਿਮ ਹੋਵੇਗੀ।
ਇਮਰਾਨ ਖਾਨ ਦੀ ਜਿੱਤ ਯਕੀਨੀ ਬਣਾਉਣ ਲਈ ਸਮਰੱਥ ਲੋਕਾਂ ਨੂੰ ਮੈਦਾਨ 'ਚ ਉਤਾਰਨ ਦੀ ਰਣਨੀਤੀ ਵੀ ਕਾਫੀ ਹੱਦ ਤਕ ਅਸਫਲ ਰਹੀ। ਬਹੁਤ ਸਾਰੇ ਕਥਿਤ ਜੇਤੂ ਘੋੜੇ ਹਾਰ ਗਏ, ਜਿਨ੍ਹਾਂ ਨੇ ਹਰੀਆਂ-ਭਰੀਆਂ ਚਰ੍ਹਾਂਦਾਂ ਦੇ ਲਾਲਚ ਵਿਚ ਆਪਣੀ ਮੂਲ ਪਾਰਟੀ ਨੂੰ ਛੱਡ ਦਿੱਤਾ ਸੀ। ਮੀਡੀਆ ਵਿਚ 'ਜੀਪ ਵਾਲਾਜ਼' ਨੂੰ ਲੈ ਕੇ ਕਾਫੀ ਪ੍ਰਚਾਰ ਕੀਤਾ ਗਿਆ ਸੀ, ਜਿਨ੍ਹਾਂ ਨੇ ਆਜ਼ਾਦ ਉਮੀਦਵਾਰਾਂ ਵਜੋਂ ਜੀਪ ਨੂੰ ਆਪਣਾ ਚੋਣ ਨਿਸ਼ਾਨ ਚੁਣਿਆ ਸੀ। ਛੁਪੇ ਰੁਸਤਮ ਚੌਧਰੀ ਨਿਸਾਰ ਅਲੀ ਖਾਨ, ਜੋ ਸ਼ਰੀਫ ਭਰਾਵਾਂ ਦੇ ਮਿੱਤਰ ਰਹੇ ਹਨ, ਨੇ ਸੱਤਾ ਸਮਰਥਕ ਉਮੀਦਵਾਰਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਹਾਰ ਗਏ। ਇਸੇ ਤਰ੍ਹਾਂ ਮੁਸਤਫਾ ਕਮਾਲ ਤੇ ਉਨ੍ਹਾਂ ਦੀ ਪਾਕਿ ਸਰਜ਼ਮੀਂ ਪਾਰਟੀ (ਪੀ. ਐੱਸ. ਪੀ.), ਜਿਸ ਨੂੰ ਸੱਤਾਧਾਰੀਆਂ ਦਾ ਇਕ ਟੈਸਟ ਟਿਊਬ ਬੇਬੀ ਕਿਹਾ ਜਾ ਰਿਹਾ ਸੀ, ਸਿਰਫ 1 ਸੀਟ ਜਿੱਤ ਸਕੀ। ਦੂਜੇ ਪਾਸੇ ਫੌਜ ਦੇ ਕੁਝ ਕੱਟੜ ਆਲੋਚਕ ਆਪਣੀਆਂ ਸੀਟਾਂ ਕੱਢਣ 'ਚ ਸਫਲ ਰਹੇ। ਇਨ੍ਹਾਂ 'ਚ ਸ਼ਾਹਬਾਜ਼ ਸ਼ਰੀਫ ਦੇ ਪ੍ਰਬੰਧਕ ਰਾਣਾ ਸਨਾਉੱਲਾ ਅਤੇ ਖਵਾਜ਼ਾ ਮੁਹੰਮਦ ਆਸਿਫ ਸ਼ਾਮਿਲ ਹਨ। 'ਪਸ਼ਤੂਨ ਤਹਾਫੁਜ਼ ਮੁਹਾਜ' (ਪੀ. ਟੀ. ਐੱਮ.) ਦੇ 2 ਉਮੀਦਵਾਰਾਂ ਅਲੀ ਵਜ਼ੀਰ ਅਤੇ ਮੋਹਸਿਨ ਡਾਵਰ ਨੇ ਵਜ਼ੀਰਿਸਤਾਨ ਤੋਂ ਜਿੱਤ ਪ੍ਰਾਪਤ ਕੀਤੀ। ਆਖਰੀ ਸਰਵੇਖਣ 'ਚ ਪੀ. ਟੀ. ਆਈ. ਦੇ ਮੁਖੀ ਅਤੇ ਉਨ੍ਹਾਂ ਦੇ ਨੇੜਲੇ ਸਲਾਹਕਾਰ ਇਹ ਮਹਿਸੂਸ ਕਰਨ 'ਚ ਅਸਫਲ ਰਹੇ ਕਿ ਦੇਸ਼ ਭਰ ਵਿਚ ਹਵਾ ਉਨ੍ਹਾਂ ਦੇ ਪੱਖ ਵਿਚ ਅਤੇ ਸਾਬਕਾ ਸੱਤਾਧਾਰੀ ਪਾਰਟੀ ਦੇ ਵਿਰੁੱਧ ਚੱਲ ਰਹੀ ਸੀ। ਉਹ ਫੌਜੀ ਅਦਾਰੇ ਦੇ ਚੁੰਗਲ 'ਚ ਆਏ ਬਿਨਾਂ ਵੀ ਚੋਣਾਂ ਜਿੱਤ ਸਕਦੇ ਸਨ।
ਬਿਨਾਂ ਸ਼ੱਕ ਇਨ੍ਹਾਂ ਚੋਣਾਂ ਦੇ ਸਿੱਟੇ ਵਜੋਂ ਪੀ. ਟੀ. ਆਈ. ਨਾ ਸਿਰਫ ਇਕਲੌਤੀ ਸਭ ਤੋਂ ਵੱਡੀ ਪਾਰਟੀ ਵਜੋਂ, ਸਗੋਂ ਇਕੋ-ਇਕ ਕੌਮੀ ਪਾਰਟੀ ਵਜੋਂ ਵੀ ਉੱਭਰੀ ਹੈ। ਇਮਰਾਨ ਖਾਨ ਨੇ ਦੇਸ਼ ਭਰ 'ਚ 5 ਸੀਟਾਂ ਤੋਂ ਚੋਣਾਂ ਲੜੀਆਂ ਤੇ ਜਿੱਤੀਆਂ, ਜਦਕਿ ਸ਼ਾਹਬਾਜ਼ ਸ਼ਰੀਫ ਅਤੇ ਬਿਲਾਵਲ ਭੁੱਟੋ ਆਪਣੇ ਗ੍ਰਹਿ ਚੋਣ ਹਲਕਿਆਂ ਨੂੰ ਛੱਡ ਕੇ ਹੋਰ ਸਾਰੀਆਂ ਸੀਟਾਂ ਤੋਂ ਹਾਰ ਗਏ।
ਪੀ. ਟੀ. ਆਈ. ਸਿੰਧ 'ਚ ਪੀ. ਪੀ. ਪੀ. ਤੋਂ ਬਾਅਦ ਦੂਜੀ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ, ਜਿਸ ਨੇ ਕਰਾਚੀ 'ਚ ਕਾਫੀ ਸੀਟਾਂ ਹਾਸਿਲ ਕੀਤੀਆਂ। ਇਸ ਨੇ ਖੈਬਰ-ਪਖਤੂਨਖਵਾ ਵਿਚ ਇਕ ਕਾਰਜਕਾਲ ਵਾਲੀ ਪਾਰਟੀ ਹੋਣ ਦੀ ਮਨਹੂਸੀਅਤ ਨੂੰ ਵੀ ਤੋੜ ਦਿੱਤਾ ਕਿਉਂਕਿ ਇਸ ਨੇ ਸੂਬੇ ਵਿਚ ਰਿਕਾਰਡ 60 ਸੀਟਾਂ ਹਾਸਿਲ ਕੀਤੀਆਂ ਹਨ।
ਹਾਲਾਂਕਿ ਪੀ. ਐੱਮ. ਐੱਲ. (ਐੱਨ) ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ ਅਤੇ ਮੁਤਾਹਿਦਾ ਮਜਲਿਸ-ਏ-ਅਮਾਲ (ਐੱਮ. ਐੱਮ. ਏ.) ਦੇ ਪ੍ਰਧਾਨ ਮੌਲਾਨਾ ਫਜ਼ਲੁਰ ਰਹਿਮਾਨ ਦੀ ਸਹਿ-ਪ੍ਰਧਾਨਗੀ ਹੇਠ ਬੀਤੇ ਸ਼ੁੱਕਰਵਾਰ ਹੋਈ ਇਕ ਬਹੁਦਲੀ ਕਾਨਫਰੰਸ 'ਚ ਚੋਣ ਨਤੀਜਿਆਂ ਨੂੰ ਖਾਰਿਜ ਕਰ ਦਿੱਤਾ। ਸਾਬਕਾ ਸੱਤਾਧਾਰੀ ਪਾਰਟੀ ਇਕ ਬੰਧਨ 'ਚ ਹੈ। ਇਕ ਪਾਸੇ ਹਮਜ਼ਾ ਆਪਣੇ ਗ੍ਰਹਿ ਚੋਣ ਮੈਦਾਨ ਪੰਜਾਬ 'ਚ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਦਕਿ ਉਨ੍ਹਾਂ ਦੇ ਪਿਤਾ ਚੋਣ ਨਤੀਜਿਆਂ ਦਾ ਬਾਈਕਾਟ ਕਰਦਿਆਂ ਇਕ ਪੀ. ਟੀ. ਆਈ. ਵਿਰੋਧੀ ਗੱਠਜੋੜ ਬਣਾਉਣ ਦੀ ਕੋਸ਼ਿਸ਼ 'ਚ ਹਨ। ਪੰਜਾਬ 'ਚ 123 ਸੀਟਾਂ ਜਿੱਤਣ ਵਾਲੀ ਪੀ. ਐੱਮ. ਐੱਲ. (ਐੱਨ) ਨੂੰ ਆਜ਼ਾਦ ਵਿਧਾਇਕਾਂ ਦੇ ਸਮਰਥਨ ਨਾਲ ਸਰਕਾਰ ਬਣਾਉਣ ਦਾ ਪੂਰਾ ਹੱਕ ਹੈ ਪਰ ਪੀ. ਐੱਮ. ਐੱਲ. (ਐੱਨ) ਨੂੰ ਆਮ ਚੋਣਾਂ ਵਿਚ ਪੂਰੀ ਤਰ੍ਹਾਂ ਹਾਰ ਚੁੱਕੇ ਲੋਕਾਂ ਨਾਲ ਗੱਠਜੋੜ ਕਰਨ ਦੀ ਬਜਾਏ ਵਿਰੋਧੀ ਧਿਰ ਵਿਚ ਬੈਠਣ ਦਾ ਫੈਸਲਾ ਲੈਣਾ ਚਾਹੀਦਾ ਹੈ। 'ਫਾਫੇਨ' (ਫੇਅਰ ਐਂਡ ਫ੍ਰੀ ਇਲੈਕਸ਼ਨ ਨੈੱਟਵਰਕ) ਅਤੇ ਯੂਰਪੀਅਨ ਯੂਨੀਅਨ ਆਬਜ਼ਰਵਰਜ਼ ਮਿਸ਼ਨ ਵਰਗੇ ਆਜ਼ਾਦ ਚੋਣ ਨਿਗਰਾਨਕਰਤਾਵਾਂ ਨੇ ਤਕਨੀਕੀ ਗੜਬੜੀਆਂ ਅਤੇ ਪੋਲਿੰਗ ਬੂਥਾਂ 'ਤੇ ਫੌਜ ਦੀ ਤਾਇਨਾਤੀ ਦੇ ਬਾਵਜੂਦ ਵੋਟਿੰਗ ਨੂੰ ਕਾਫੀ ਹੱਦ ਤਕ ਨਿਰਪੱਖ ਦੱਸਿਆ ਹੈ।
ਉਨ੍ਹਾਂ ਨੇ ਚੋਣਾਂ ਤੋਂ ਪਹਿਲਾਂ ਅਪਣਾਏ ਗਏ ਹੱਥਕੰਡਿਆਂ ਅਤੇ ਅੜਿੱਕਿਆਂ ਨੂੰ ਵੀ ਧਿਆਨ ਵਿਚ ਰੱਖਿਆ। ਪੀ. ਐੱਮ. ਐੱਲ. (ਐੱਨ) ਲਈ ਚੰਗਾ ਹੁੰਦਾ, ਜੇ ਉਹ ਹਾਰੇ ਹੋਏ ਲੋਕਾਂ ਨਾਲ ਮੰਚ ਸਾਂਝਾ ਕਰਨ ਦੀ ਬਜਾਏ ਬੇਨਿਯਮੀਆਂ ਦੇ ਮੁੱਦੇ 'ਤੇ ਪੀ. ਪੀ. ਪੀ. ਨਾਲ ਤਾਲਮੇਲ ਬਣਾਉਂਦੀ।
ਸੰਭਾਵੀ ਪ੍ਰਧਾਨ ਮੰਤਰੀ ਵਜੋਂ ਇਮਰਾਨ ਖਾਨ ਨੇ ਆਪਣੇ ਪਹਿਲੇ ਭਾਸ਼ਣ ਵਿਚ ਵਿਰੋਧੀ ਧਿਰ ਨੂੰ ਕਿਸੇ ਵੀ ਵਿਵਾਦ ਵਾਲੇ ਚੋਣ ਹਲਕੇ ਵਿਚ ਵੋਟਾਂ ਦੀ ਦੁਬਾਰਾ ਗਿਣਤੀ ਕਰਵਾਉਣ ਲਈ ਕਹਿ ਦਿੱਤਾ। ਇਹ 2013 ਦੀਆਂ ਚੋਣਾਂ ਤੋਂ ਤੁਰੰਤ ਬਾਅਦ ਪੀ. ਟੀ. ਆਈ. ਵਲੋਂ 4 ਵਿਵਾਦਪੂਰਨ ਚੋਣ ਹਲਕਿਆਂ ਵਿਚ ਮੁੜ ਗਿਣਤੀ ਦੀ ਮੰਗ ਨੂੰ ਲੈ ਕੇ ਸੱਤਾਧਾਰੀ ਪੀ. ਐੱਮ. ਐੱਲ. (ਐੱਨ) ਵਲੋਂ ਦਿਖਾਏ ਗਏ ਢਿੱਲੇ-ਮੱਠੇ ਰਵੱਈਏ ਦੇ ਬਿਲਕੁਲ ਉਲਟ ਹੈ।
ਪੀ. ਐੱਮ. ਐੱਲ. (ਐੱਨ) ਅਜੇ ਵੀ ਦੇਸ਼ ਵਿਚ ਦੂਜੀ ਸਭ ਤੋਂ ਵੱਡੀ ਸਿਆਸੀ ਪਾਰਟੀ ਹੈ। ਫੌਜੀ ਅਦਾਰੇ ਵਲੋਂ ਆਪਣੇ ਮੌਜੂਦਾ ਨੇਤਾਵਾਂ ਨੂੰ ਸ਼ਿਕਾਰ ਬਣਾਏ ਜਾਣ ਅਤੇ ਧਾਂਦਲੀਆਂ ਦੇ ਦੋਸ਼ ਲਾਉਣ ਦੀ ਬਜਾਏ ਇਸ ਦੀ ਲੀਡਰਸ਼ਿਪ ਨੂੰ ਸਵੈ-ਪੜਚੋਲ ਕਰਨੀ ਚਾਹੀਦੀ ਹੈ। ਵੋਟਰਾਂ ਨੂੰ ਆਕਰਸ਼ਿਤ ਕਰਨ ਲਈ 'ਸ਼ਿਕਾਰ' ਬਣਾਏ ਜਾਣ ਦੇ ਪੱਤੇ ਬਿਲਕੁਲ ਅਸਫਲ ਰਹੇ। ਇਸੇ ਤਰ੍ਹਾਂ ਇਸ ਦੀ ਹਾਈਕਮਾਨ ਦਾ 'ਹੈੱਡ ਆਇਆ ਤਾਂ ਮੈਂ ਜਿੱਤਿਆ, ਟੇਲ ਆਇਆ ਤਾਂ ਤੂੰ ਹਾਰਿਆ' ਵਾਲਾ ਪਖੰਡੀ ਰਵੱਈਆ ਪਾਰਟੀ ਨੂੰ ਕੋਈ ਲਾਭ ਨਹੀਂ ਦਿਵਾ ਸਕਿਆ।
ਦੋਵੇਂ ਸ਼ਰੀਫ (ਨਵਾਜ਼ ਅਤੇ ਸ਼ਾਹਬਾਜ਼) ਜਦੋਂ ਤਕ ਸੱਤਾ ਵਿਚ ਰਹੇ, ਉਨ੍ਹਾਂ ਨੇ ਆਪਣੇ ਅਹਿਮ ਸਮਰਥਕਾਂ ਨਾਲੋਂ ਸੰਪਰਕ ਤੋੜੀ ਰੱਖਿਆ ਤੇ ਸਿਰਫ ਆਪਣੇ ਹੰਕਾਰ 'ਚ ਘੁੰਮਦੇ ਰਹੇ। ਜਿਥੇ ਨਵਾਜ਼ ਸ਼ਰੀਫ ਕੈਬਨਿਟ ਅਤੇ ਨੌਕਰਸ਼ਾਹੀ 'ਚੋਂ ਆਪਣੇ ਚੋਣਵੇਂ ਨੇੜਲੇ ਅਧਿਕਾਰੀਆਂ ਦੀ ਮੰਡਲੀ ਤੇ ਸਲਾਹਕਾਰਾਂ ਦੇ ਜ਼ਰੀਏ 'ਮੁਗਲ-ਏ-ਆਜ਼ਮ' ਵਰਗਾ ਸਲੂਕ ਕਰ ਰਹੇ ਸਨ, ਉਥੇ ਹੀ ਉਨ੍ਹਾਂ ਦੀ ਧੀ ਮਰੀਅਮ ਕਿਸੇ ਨਾਮਜ਼ਦ ਤੇ ਸਿਆਸੀ ਅਹੁਦੇ 'ਤੇ ਨਾ ਹੋਣ ਦੇ ਬਾਵਜੂਦ ਉਨ੍ਹਾਂ ਦੀ ਨੇੜਲੀ ਸਹਿਯੋਗੀ ਬਣੀ ਹੋਈ ਸੀ।
ਸ਼ਰੀਫ ਸ਼ਾਇਦ ਹੀ ਕਦੇ ਆਪਣੇ ਸੰਸਦ ਮੈਂਬਰਾਂ ਨਾਲ ਸੰਵਾਦ ਕਰਦੇ ਸਨ, ਸਿਵਾਏ ਕਦੇ-ਕਦਾਈਂ ਕੌਮੀ ਅਸੈਂਬਲੀ ਦੇ ਸੈਸ਼ਨਾਂ 'ਚ ਸ਼ਾਮਿਲ ਹੋਣ ਦੇ। ਇਥੋਂ ਤਕ ਕਿ ਮੰਤਰੀ ਮੰਡਲ ਦੇ ਮੈਂਬਰਾਂ ਤੋਂ ਵੀ ਦੂਰੀ ਬਣਾ ਕੇ ਰੱਖਦੇ ਸਨ।
ਸ਼ਰੀਫ ਦੀ ਧੀ ਨਾਲ ਆਪਣੇ ਬੇਟੇ ਦਾ ਨਿਕਾਹ ਹੋਣ ਕਾਰਨ ਇਸਹਾਕ ਡਾਰ ਮੁੱਖ ਸਕੱਤਰ ਫਵਾਦ ਹਸਨ ਨਾਲ ਮਿਲ ਕੇ ਮੁੱਖ ਤੌਰ 'ਤੇ ਪਾਰਟੀ ਦਾ ਸਾਰਾ ਕੰਮ ਦੇਖ ਰਹੇ ਸਨ। ਦੋਵੇਂ ਸ਼ਰੀਫ ਭਰਾ ਸਥਿਤੀ ਨੂੰ ਤਾੜਨ 'ਚ ਅਸਫਲ ਰਹੇ। ਇਸ ਵਿਚ ਆਖਰੀ ਕਿੱਲ ਨਵਾਜ਼ ਸ਼ਰੀਫ ਸਿੱਧ ਹੋਏ, ਜਿਨ੍ਹਾਂ ਨੇ ਫੌਜੀ ਲੀਡਰਸ਼ਿਪ ਵਿਰੁੱਧ ਮੋਰਚਾ ਖੋਲ੍ਹੀ ਰੱਖਿਆ। ਸਿੱਟੇ ਵਜੋਂ ਉਨ੍ਹਾਂ ਵਲੋਂ ਖ਼ੁਦ ਚੁਣੇ ਸੈਨਾ ਮੁਖੀ ਨਾਲ ਉਨ੍ਹਾਂ ਦੇ ਸਬੰਧ ਵਿਗੜ ਗਏ।
(ਮੰਦਿਰਾ ਪਬਲੀਕੇਸ਼ਨਜ਼)