ਅਮਰੀਕਾ ਨਾਲ ਸੰਬੰਧ ਸੁਧਾਰਨ ਵੱਲ ਵਿਸ਼ੇਸ਼ ਧਿਆਨ ਦੇ ਰਹੇ ਨੇ ਮੋਦੀ

06/29/2017 7:51:52 AM

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਪਹਿਲੀ ਮੁਲਾਕਾਤ ਦਾ ਉਦੇਸ਼ ਦੋਹਾਂ ਨੇਤਾਵਾਂ ਦਰਮਿਆਨ ਜੰਮੀ ਬਰਫ ਨੂੰ ਪਿਘਲਾਉਣਾ ਅਤੇ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ 'ਚ ਸੱਤਾ ਬਦਲਣ ਦੇ ਬਾਵਜੂਦ ਦੋਹਾਂ ਦੇਸ਼ਾਂ ਦਰਮਿਆਨ ਚੰਗੇ ਸੰਬੰਧਾਂ ਦੀ ਲਗਾਤਾਰਤਾ ਦਾ ਪ੍ਰੀਖਣ ਕਰਨਾ ਸੀ। ਇਸ 'ਤੇ ਇਸ ਲਈ ਵੀ ਨੇੜਿਓਂ ਨਜ਼ਰ ਰੱਖੀ ਜਾ ਰਹੀ ਸੀ ਕਿਉਂਕਿ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਨੂੰ ਅਣਕਿਆਸੇ, ਨੌਕਰੀਆਂ ਤੇ ਵਪਾਰ ਵਰਗੇ ਕੁਝ ਮੁੱਦਿਆਂ 'ਤੇ ਬਹੁਤ ਖੁੱਲ੍ਹ ਕੇ ਬੋਲਣ ਵਾਲੇ ਮੰਨਿਆ ਜਾਂਦਾ ਹੈ। ਹੁਣੇ-ਹੁਣੇ ਉਨ੍ਹਾਂ ਨੇ ਚੌਗਿਰਦੇ ਦੀ ਰਾਖੀ ਲਈ ਹੋਏ ਪੈਰਿਸ ਸਮਝੌਤੇ ਨਾਲੋਂ ਖੁਦ ਨੂੰ ਅੱਡ ਕਰ ਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ ਤੇ ਭਾਰਤ 'ਤੇ ਚੌਗਿਰਦਾ ਬਚਾਉਣ ਦੇ ਨਾਂ 'ਤੇ ਅਰਬਾਂ ਡਾਲਰ ਮੰਗਣ ਦਾ ਦੋਸ਼ ਵੀ ਲਾਇਆ।
ਮੋਦੀ ਅਮਰੀਕਾ ਨਾਲ ਭਾਰਤ ਦੇ ਸੰਬੰਧ ਸੁਧਾਰਨ ਵੱਲ ਵਿਸ਼ੇਸ਼ ਧਿਆਨ ਦੇ ਰਹੇ ਹਨ। ਉਨ੍ਹਾਂ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਲੱਗਭਗ 10 ਵਾਰ ਮੁਲਾਕਾਤ ਕੀਤੀ (ਦੋਹਾਂ ਦੇ ਢਾਈ ਵਰ੍ਹਿਆਂ ਦੇ ਕਾਰਜਕਾਲ ਦੌਰਾਨ) ਅਤੇ ਇਨ੍ਹਾਂ 'ਚ ਓਬਾਮਾ ਦੇ ਕਾਰਜਕਾਲ ਦੌਰਾਨ ਮੋਦੀ ਦੇ ਚਾਰ ਅਮਰੀਕੀ ਦੌਰੇ ਵੀ ਸ਼ਾਮਲ ਹਨ।
ਹਾਲਾਂਕਿ ਨੌਕਰੀਆਂ ਲਈ ਐੱਚ-1ਬੀ ਵੀਜ਼ਾ ਜਾਰੀ ਕਰਨ 'ਚ ਸਖਤੀ ਅਤੇ ਬਾਹਰਲੇ ਦੇਸ਼ਾਂ ਦੇ ਲੋਕਾਂ ਦੀ ਬਜਾਏ ਅਮਰੀਕੀਆਂ ਨੂੰ ਹੀ ਜ਼ਿਆਦਾ ਨੌਕਰੀਆਂ ਦੇਣ ਦੇ ਫੈਸਲੇ ਵਰਗੇ ਕੁਝ ਮੁੱਦੇ ਹਨ, ਜਿਨ੍ਹਾਂ ਨੂੰ ਹੱਲ ਕਰਨਾ ਚਾਹੀਦਾ ਹੈ।
ਮੋਦੀ-ਟਰੰਪ ਦੀ ਮੁਲਾਕਾਤ ਮਿਲੀ-ਜੁਲੀ ਸਫਲਤਾ ਵਾਲੀ ਸੀ, ਜਿਸ 'ਚ ਦੋਹਾਂ ਨੇਤਾਵਾਂ ਨੇ ਵਪਾਰਕ ਸੰਬੰਧ ਸੁਧਾਰਨ ਅਤੇ ਅੱਤਵਾਦ ਵਿਰੁੱਧ ਲੜਨ 'ਚ ਸਹਿਮਤੀ ਪ੍ਰਗਟਾਈ। ਇਸ ਦੌਰੇ ਦਾ ਸਭ ਤੋਂ ਅਹਿਮ ਨਤੀਜਾ ਇਹ ਨਿਕਲਿਆ ਕਿ ਦੋਵੇਂ ਇਸ ਗੱਲ ਲਈ ਸਹਿਮਤ ਹੋਏ ਕਿ ਪਾਕਿਸਤਾਨ ਆਪਣੀ ਜ਼ਮੀਨ ਅੱਤਵਾਦੀਆਂ ਨੂੰ ਸਿਖਲਾਈ ਦੇਣ ਲਈ ਵਰਤਣ ਦੀ ਇਜਾਜ਼ਤ ਦੇ ਰਿਹਾ ਹੈ।
ਮੋਦੀ-ਟਰੰਪ ਦਾ ਸਾਂਝਾ ਬਿਆਨ ਵੀ ਪਾਕਿਸਤਾਨ 'ਤੇ ਇਕ ਟਿੱਪਣੀ ਹੈ, ਜਿਸ 'ਚ ਕਿਹਾ ਗਿਆ ਹੈ ਕਿ ਇਹ ਅੱਤਵਾਦੀਆਂ ਲਈ ਇਕ ਢੁੱਕਵਾਂ ਮਾਹੌਲ ਤਿਆਰ ਕਰ ਰਿਹਾ ਹੈ। ਇਸ 'ਚ ਅਮਰੀਕਾ ਦੇ ਇਸ ਫੈਸਲੇ ਦਾ ਵੀ ਜ਼ਿਕਰ ਕੀਤਾ ਗਿਆ, ਜਿਸ 'ਚ ਹਿਜ਼ਬੁਲ ਮੁਜਾਹਿਦੀਨ ਦੇ ਨੇਤਾ ਸਲਾਹੂਦੀਨ ਨੂੰ ਇਕ ਵਿਸ਼ੇਸ਼ ਕੌਮਾਂਤਰੀ ਅੱਤਵਾਦੀ ਐਲਾਨਿਆ ਗਿਆ ਹੈ।
ਪਾਕਿਸਤਾਨ 'ਤੇ ਸਰਹੱਦ ਪਾਰ ਅੱਤਵਾਦ ਫੈਲਾਉਣ ਦਾ ਦੋਸ਼ ਲਾਉਣ ਦੇ ਨਾਂ 'ਤੇ ਇਸ ਫੈਸਲੇ ਦਾ ਉਦੇਸ਼ ਪਾਕਿਸਤਾਨ ਨੂੰ ਇਹ ਮਜ਼ਬੂਤ ਸੰਦੇਸ਼ ਦੇਣਾ ਹੈ ਕਿ ਉਹ ਹੁਣ ਅੱਤਵਾਦ 'ਤੇ ਰੋਕ ਲਾਵੇ।
ਇਕ ਹੋਰ ਅਹਿਮ ਵਿਸ਼ਾ ਚੀਨ ਦੀ 'ਵਨ ਬੈਲਟ-ਵਨ ਰੋਡ' ਯੋਜਨਾ ਨੂੰ ਲੈ ਕੇ ਭਾਰਤ ਦੀ ਚਿੰਤਾ ਸੀ। ਅਮਰੀਕਾ ਨੇ ਸਹਿਮਤੀ ਪ੍ਰਗਟਾਈ ਕਿ ਕੁਨੈਕਟੀਵਿਟੀ ਪ੍ਰਾਜੈਕਟ ਚਲਾਉਣ ਵਾਲਿਆਂ ਨੂੰ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਲਈ ਸਨਮਾਨ ਯਕੀਨੀ ਬਣਾਉਣਾ ਚਾਹੀਦਾ ਹੈ। ਰੱਖਿਆ ਦੇ ਪਹਿਲੂ 'ਤੇ ਦੋਹਾਂ ਦੇਸ਼ਾਂ ਨੇ ਸੁਰੱਖਿਆ ਸੰਬੰਧਾਂ ਨੂੰ ਮਜ਼ਬੂਤ ਕਰਨ 'ਤੇ ਸਹਿਮਤੀ ਪ੍ਰਗਟਾਈ ਤੇ ਇਸ ਗੱਲ ਦੇ ਸੰਕੇਤ ਦਿੱਤੇ ਹਨ ਕਿ ਦੋਹਾਂ ਦੇਸ਼ਾਂ ਵਿਚਾਲੇ ਰੱਖਿਆ ਵਪਾਰ ਵਿਚ ਵੀ ਵਾਧਾ ਹੋਵੇਗਾ।
ਹਾਲਾਂਕਿ ਟਰੰਪ ਨੇ ਖੁਦ ਇਕ ਕਾਰੋਬਾਰੀ ਹੋਣ ਦੇ ਨਾਤੇ ਭਾਰਤ ਨੂੰ ਬਰਾਮਦ ਵਧਾਉਣ ਦੀ ਇੱਛਾ ਪ੍ਰਗਟਾਈ ਅਤੇ ਸੰਕੇਤ ਦਿੱਤਾ ਕਿ ਦੋਹਾਂ ਦੇਸ਼ਾਂ ਵਿਚਾਲੇ ਵਪਾਰਕ ਅਸੰਤੁਲਨ ਹੈ। ਉਨ੍ਹਾਂ ਨੇ 31 ਅਰਬ ਡਾਲਰ ਦੇ ਘਾਟੇ ਨੂੰ ਪੂਰਾ ਕਰਨ ਲਈ ਵਿਆਪਕ ਬਾਜ਼ਾਰ ਪਹੁੰਚ ਦੀ ਮੰਗ ਕੀਤੀ ਤੇ ਭਾਰਤ ਨਾਲ ਪਾਰਦਰਸ਼ੀ ਤੇ ਆਪਸੀ ਕਾਰੋਬਾਰੀ ਸੰਬੰਧਾਂ ਦਾ ਸੱਦਾ ਦਿੱਤਾ।
ਇਕ ਹੋਰ ਅਹਿਮ ਪਹਿਲੂ ਸੀ ਐੱਚ-1ਬੀ ਵੀਜ਼ੇ 'ਤੇ ਲਾਈ ਗਈ ਪਾਬੰਦੀ ਦਾ, ਜਿਸ 'ਤੇ ਭਾਰਤ ਅਮਰੀਕਾ ਨੂੰ ਪ੍ਰਭਾਵਿਤ ਨਹੀਂ ਕਰ ਸਕਿਆ। ਟਰੰਪ ਵਾਰ-ਵਾਰ ਅਮਰੀਕੀਆਂ ਦੀਆਂ ਨੌਕਰੀਆਂ ਖੁੱਸਣ ਦੀ ਗੱਲ ਕਰਦੇ ਹਨ ਤੇ ਵਿਦੇਸ਼ੀਆਂ ਨੂੰ ਆਪਣੇ ਦੇਸ਼ 'ਚ ਨੌਕਰੀਆਂ ਲਈ ਨਿਰਉਤਸ਼ਾਹਿਤ ਕਰਦੇ ਆ ਰਹੇ ਹਨ, ਜਿਨ੍ਹਾਂ 'ਚ ਭਾਰਤੀ ਵੀ ਸ਼ਾਮਲ ਹਨ।
ਸਾਂਝੇ ਬਿਆਨ 'ਚ ਇਸ ਮੁੱਦੇ 'ਤੇ ਚੁੱਪ ਧਾਰ ਲਈ ਗਈ ਕਿਉਂਕਿ ਭਾਰਤੀ ਪੱਖ ਟਰੰਪ ਨੂੰ ਪ੍ਰਭਾਵਿਤ ਕਰਨ 'ਚ ਨਾਕਾਮ ਰਿਹਾ। ਇਸ ਤੱਥ ਦੇ ਮੱਦੇਨਜ਼ਰ ਕਿ ਉਨ੍ਹਾਂ ਨੇ ਚੋਣਾਂ ਦੌਰਾਨ ਵੋਟਰਾਂ ਨੂੰ ਜੋ ਭਰੋਸੇ ਦਿੱਤੇ ਸਨ, ਇਹ ਉਨ੍ਹਾਂ 'ਚੋਂ ਇਕ ਸੀ, ਇਸ ਲਈ ਉਨ੍ਹਾਂ ਦੀ ਗੱਲ ਨੂੰ ਸਮਝਿਆ ਜਾ ਸਕਦਾ ਹੈ।
ਮਜ਼ਬੂਤ ਰਾਸ਼ਟਰਵਾਦੀ ਭਾਵਨਾਵਾਂ ਲਈ ਜਾਣੇ ਜਾਂਦੇ ਦੋਹਾਂ ਨੇਤਾਵਾਂ 'ਤੇ ਨਿੱਜੀ ਨੇੜਤਾ ਲਈ ਨੇੜਿਓਂ ਨਜ਼ਰ ਰੱਖੀ ਜਾ ਰਹੀ ਸੀ ਤੇ ਦੋਹਾਂ ਨੇ ਇਕ-ਦੂਜੇ ਦੀ ਖੁੱਲ੍ਹ ਕੇ ਤਾਰੀਫ ਕੀਤੀ।
ਹਾਲਾਂਕਿ ਕਿਸੇ ਨੂੰ ਵੀ ਮੋਦੀ ਦੇ ਅਮਰੀਕਾ ਦੌਰੇ ਤੋਂ ਬਹੁਤੀਆਂ ਜ਼ਿਆਦਾ ਉਮੀਦਾਂ ਨਹੀਂ ਸਨ, ਫਿਰ ਵੀ ਕੁਲ ਮਿਲਾ ਕੇ ਇਸ ਦੌਰੇ ਨੇ ਦੋਹਾਂ ਦੇਸ਼ਾਂ ਵਿਚਾਲੇ ਭਵਿੱਖ ਦੇ ਸੰਬੰਧਾਂ ਬਾਰੇ ਅਨੁਮਾਨਾਂ 'ਤੇ ਰੋਕ ਲਾ ਦਿੱਤੀ ਹੈ ਅਤੇ ਅਜਿਹਾ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਇਕ ਨੇੜਲੇ ਭਾਈਵਾਲ ਲਈ ਨੀਂਹ ਰੱਖ ਦਿੱਤੀ ਗਈ ਹੈ।
                                vipinpubby@gmail.com


Related News