ਗੁਜਰਾਤ ਦੇ ਨਵੇਂ ਮੁੱਖ ਮੰਤਰੀ ਲਈ ਮੋਦੀ ਦੀ ''ਪਹਿਲੀ ਪਸੰਦ'' ਵਜੁਭਾਈ ਵਾਲਾ

12/17/2017 7:33:12 AM

ਮੋਦੀ ਅਤੇ ਸ਼ਾਹ ਦੀ ਜੋੜੀ ਟੀ. ਵੀ. ਚੈਨਲਾਂ ਦੇ ਐਗਜ਼ਿਟ ਪੋਲ ਦੇ ਨਤੀਜਿਆਂ ਤੋਂ ਬਹੁਤ ਖੁਸ਼ ਹੈ। ਹੁਣ ਇਨ੍ਹਾਂ ਦੋਹਾਂ ਵਿਚਾਲੇ ਇਹ ਮੰਥਨ ਜਾਰੀ ਹੈ ਕਿ ਗੁਜਰਾਤ ਦੀ ਗੱਦੀ ਕਿਸ ਨੂੰ ਸੌਂਪੀ ਜਾਵੇ? ਇਕ ਨਾਂ ਤਾਂ ਅਮਿਤ ਸ਼ਾਹ ਦਾ ਵੀ ਉੱਭਰ ਕੇ ਸਾਹਮਣੇ ਆਇਆ ਪਰ ਸ਼ਾਹ ਇਸ ਦੇ ਲਈ ਤਿਆਰ ਨਹੀਂ। ਸੂਤਰ ਦੱਸਦੇ ਹਨ ਕਿ ਆਪਣੇ ਨੇੜਲਿਆਂ ਸਾਹਮਣੇ ਅਮਿਤ ਸ਼ਾਹ ਨੇ ਦਲੀਲ ਦਿੱਤੀ ਕਿ ਜੇ ਉਨ੍ਹਾਂ ਨੇ ਗੁਜਰਾਤ ਜਾਣਾ ਮੰਨ ਲਿਆ ਤਾਂ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਵਿਰੋਧੀ ਧਿਰ ਇਸ ਨੂੰ ਉਨ੍ਹਾਂ ਦੇ ਬੇਟੇ ਜੈ ਸ਼ਾਹ ਦੇ ਕਾਂਡ ਨਾਲ ਜੋੜ ਕੇ ਦੇਖੇਗੀ। ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਕਰਨਾਟਕ ਦੇ ਮੌਜੂਦਾ ਗਵਰਨਰ ਵਜੁਭਾਈ ਰੂਦਾਭਾਈ ਵਾਲਾ ਨੂੰ ਫੋਨ ਕਰ ਕੇ ਕਿਹਾ ਗਿਆ ਹੈ ਕਿ ਉਹ 18 ਦਸੰਬਰ ਤੋਂ ਪਹਿਲਾਂ ਆਪਣੀਆਂ ਸਾਰੀਆਂ ਜ਼ਰੂਰੀ ਫਾਈਲਾਂ ਨਿਬੇੜ ਲੈਣ ਕਿਉਂਕਿ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪੈ ਸਕਦਾ ਹੈ। 
ਮੋਦੀ ਦੇ 'ਅੰਨ੍ਹੇ ਸ਼ਰਧਾਲੂ' ਵਜੁਭਾਈ ਲਈ ਦਿੱਲੀ ਤੋਂ ਗਿਆ ਇਹ ਫੋਨ ਕਿਸੇ ਸਦਮੇ ਤੋਂ ਘੱਟ ਨਹੀਂ ਸੀ। ਫਿਰ ਉਨ੍ਹਾਂ ਨੂੰ ਸਮਝਾਇਆ ਗਿਆ ਕਿ ਉਨ੍ਹਾਂ ਨੂੰ ਗੁਜਰਾਤ ਦਾ ਨਵਾਂ ਮੁੱਖ ਮੰਤਰੀ ਬਣਾਉਣ ਬਾਰੇ ਵਿਚਾਰ ਹੋ ਰਿਹਾ ਹੈ। ਇਹ ਖ਼ਬਰ ਵੀ 78 ਸਾਲਾ ਵਜੁਭਾਈ ਲਈ ਹੈਰਾਨੀਜਨਕ ਸੀ ਕਿਉਂਕਿ ਮੋਦੀ ਰਾਜ 'ਚ ਤਾਂ 75 ਸਾਲ ਦੀ ਉਮਰ ਵਿਚ 'ਰਿਟਾਇਰਮੈਂਟ' ਦੇ ਕੇ ਵੱਡੇ ਨੇਤਾਵਾਂ ਨੂੰ ਮਾਰਗਦਰਸ਼ਕ ਮੰਡਲ 'ਚ ਸ਼ਾਮਿਲ ਕਰ ਲਿਆ ਜਾਂਦਾ ਹੈ। ਆਨੰਦੀਬੇਨ ਪਟੇਲ ਤੋਂ ਗੱਦੀ ਵਾਪਿਸ ਲੈਣ ਦੀ ਵਜ੍ਹਾ ਵੀ ਇਹੋ ਦੱਸੀ ਗਈ ਸੀ ਕਿ ਉਨ੍ਹਾਂ ਦੀ ਉਮਰ ਜ਼ਿਆਦਾ ਹੋ ਗਈ ਹੈ।
ਵਜੁਭਾਈ ਜ਼ਮੀਨ ਨਾਲ ਜੁੜੇ ਨੇਤਾ ਹਨ ਅਤੇ ਸੂਬੇ ਦੀ ਪੱਛੜੀ ਜਾਤ ਨਾਲ ਸਬੰਧਤ ਹਨ। ਉਹ ਗੁਜਰਾਤ ਦੇ ਰਾਜਕੋਟ (ਪੱਛਮੀ) ਤੋਂ 7 ਵਾਰ ਵਿਧਾਨ ਸਭਾ ਦੀ ਚੋਣ ਜਿੱਤ ਚੁੱਕੇ ਹਨ। 2002 ਦੀ ਉਪ-ਚੋਣ ਵਿਚ ਉਨ੍ਹਾਂ ਨੇ ਆਪਣੀ ਸੀਟ ਨਰਿੰਦਰ ਮੋਦੀ ਲਈ ਛੱਡ ਦਿੱਤੀ ਸੀ। ਉਹ ਨਾ ਸਿਰਫ ਮੋਦੀ ਦੀਆਂ ਅੱਖਾਂ ਦੇ ਤਾਰੇ ਰਹੇ ਹਨ, ਸਗੋਂ 2012 ਤੋਂ ਲੈ ਕੇ 2014 ਤਕ  ਉਹ ਗੁਜਰਾਤ ਵਿਧਾਨ ਸਭਾ ਦੇ ਸਪੀਕਰ ਵੀ ਰਹੇ।
2014 ਵਿਚ ਹੀ ਉਨ੍ਹਾਂ ਨੂੰ ਕਰਨਾਟਕ ਦਾ ਰਾਜਪਾਲ ਨਿਯੁਕਤ ਕੀਤਾ ਗਿਆ। ਵਜੁਭਾਈ ਦੀ ਚੋਣ ਕਰ ਕੇ ਮੋਦੀ ਸੂਬੇ ਦੀਆਂ ਪੱਛੜੀਆਂ ਜਾਤਾਂ 'ਚ ਇਹ ਸੰਦੇਸ਼ ਪਹੁੰਚਾਉਣਾ ਚਾਹੁੰਦੇ ਹਨ ਕਿ ਉਨ੍ਹਾਂ ਦੀ ਚਿੰਤਾ ਪੱਛੜੇ ਭਾਈਚਾਰੇ ਨੂੰ ਲੈ ਕੇ ਹਮੇਸ਼ਾ ਰਹੀ ਹੈ, ਇਸ ਲਈ ਉਹ ਕਾਂਗਰਸ ਦੇ ਝਾਂਸੇ 'ਚ ਨਾ ਆਉਣ। 
ਵਰੁਣ ਭਗਤ ਸਵਾਮੀ 
ਗਾਂਧੀ ਪਰਿਵਾਰ ਦੇ ਸਖਤ ਵਿਰੋਧੀਆਂ 'ਚ ਗਿਣੇ ਜਾਂਦੇ ਡਾ. ਸੁਬਰਾਮਣੀਅਮ ਸਵਾਮੀ ਇਕ ਵੱਖਰੀ ਕਿਸਮ ਦੀ ਸਿਆਸੀ ਵਿਚਾਰਧਾਰਾ ਦੇ ਪ੍ਰਵਰਤਕ ਰਹੇ ਹਨ। ਪਾਰਟੀ ਲਾਈਨ ਤੋਂ ਇਲਾਵਾ ਉਹ ਆਪਣੇ ਵਿਚਾਰ ਖੁੱਲ੍ਹ ਕੇ ਪ੍ਰਗਟਾਉਣ ਲਈ ਜਾਣੇ ਜਾਂਦੇ ਹਨ। ਪਿਛਲੇ ਦਿਨੀਂ ਜਿਵੇਂ ਹੀ ਗਾਂਧੀ ਪਰਿਵਾਰ ਦੇ ਇਕ ਹੋਰ ਚਿਰਾਗ ਵਰੁਣ ਗਾਂਧੀ ਨੂੰ ਲੈ ਕੇ ਉਨ੍ਹਾਂ ਦਾ ਇਕ ਟਵੀਟ ਸਾਹਮਣੇ ਆਇਆ ਅਤੇ ਜਦੋਂ ਉਹ ਟਵੀਟ ਤੇਜ਼ੀ ਨਾਲ ਸੋਸ਼ਲ ਮੀਡੀਆ ਵਿਚ ਵਾਇਰਲ ਹੋ ਗਿਆ ਤਾਂ ਭਾਜਪਾ ਹਾਈਕਮਾਨ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ।
ਸਵਾਮੀ ਨੇ ਟਵੀਟ ਕੀਤਾ ਸੀ, ''ਇਕ ਭਾਜਪਾ ਐੱਮ. ਪੀ. ਹਨ ਵਰੁਣ ਗਾਂਧੀ, ਜੋ ਆਪਣੀ ਪਾਰਟੀ ਦੀ ਸਹਾਇਤਾ ਤੋਂ ਬਿਨਾਂ ਰੈਲੀਆਂ ਵਿਚ ਖੂਬ ਭੀੜ ਇਕੱਠੀ ਕਰ ਰਹੇ ਹਨ। ਉਨ੍ਹਾਂ ਦਾ ਸ਼ਾਨਦਾਰ ਭਵਿੱਖ ਹੈ।'' 
ਇਸ ਟਵੀਟ ਦੇ ਆਉਂਦਿਆਂ ਹੀ ਸਵਾਮੀ 'ਟਰੋਲ' ਹੋਣੇ ਸ਼ੁਰੂ ਹੋ ਗਏ। ਮੋਦੀ ਬ੍ਰਿਗੇਡ ਦੇ ਕਈ ਸ਼ਰਧਾਲੂਆਂ ਨੇ ਇਕਸੁਰ ਵਿਚ ਸਵਾਮੀ ਨੂੰ ਪੁੱਛਿਆ—ਕੀ ਵਰੁਣ ਗਾਂਧੀ ਹਿੰਦੂ ਹਨ?  ਉਹ ਕੀ ਹਨ, ਪਹਿਲਾਂ ਇਹ ਕਲੀਅਰ ਕਰ ਦਿਓ, ਤੁਹਾਡਾ ਜਵਾਬ ਅਸੀਂ 'ਸੇਵ' ਕਰ ਲਵਾਂਗੇ।
ਸਵਾਮੀ ਨੇ ਝੱਟਪਟ ਇਸ ਦਾ ਜਵਾਬ ਦਿੰਦਿਆਂ ਟਵੀਟ ਕੀਤਾ, ''ਮੈਂ ਵਰੁਣ ਗਾਂਧੀ ਨੂੰ ਹਨੂਮਾਨ ਭਗਤ ਵਜੋਂ ਜਾਣਦਾ ਹਾਂ, ਜੋ ਹਰ ਰੋਜ਼ ਸਵੇਰ ਨੂੰ ਨਿਯਮ ਨਾਲ ਇਕ ਘੰਟਾ ਬਜਰੰਗ ਬਲੀ ਦੀ ਪੂਜਾ ਕਰਦਾ ਹੈ।''
ਅੱਜ ਦੀ ਭਾਜਪਾ ਵਿਚ ਬੇਸ਼ੱਕ ਵਰੁਣ ਗਾਂਧੀ ਵਰਗੇ ਨੌਜਵਾਨਾਂ ਦੀ ਨਵੀਂ ਸਿਆਸਤ ਤੋਂ ਭਗਵਾ ਹਾਈਕਮਾਨ ਨੂੰ ਬਗ਼ਾਵਤ ਦੀ ਬੂ ਆ ਰਹੀ ਹੋਵੇ ਪਰ ਘੱਟੋ-ਘੱਟ ਵਰੁਣ ਗਾਂਧੀ ਇਸ ਗੱਲ ਦਾ ਖਾਸ ਖਿਆਲ ਰੱਖ ਰਹੇ ਹਨ ਕਿ ਉਨ੍ਹਾਂ ਦੀ ਨਵੀਂ ਸਿਆਸਤ ਦੇ ਚਿਹਰੇ 'ਤੇ ਬਾਗੀ ਤੇਵਰਾਂ ਵਾਲੀਆਂ ਸਿਲਵਟਾਂ ਨਜ਼ਰ ਨਾ ਆਉਣ।
ਵੈਂਕੱਈਆ ਦੇ ਰਾਜ ਵਿਚ ਰਾਜ ਸਭਾ ਟੀ. ਵੀ. 
ਰਾਜ ਸਭਾ ਟੀ. ਵੀ.-ਉਪ ਰਾਸ਼ਟਰਪਤੀ ਸਕੱਤਰੇਤ-ਪ੍ਰਸਾਰ ਭਾਰਤੀ ਦੇ ਸੀ. ਈ. ਓ. ਵਿਚਾਲੇ ਸਭ ਕੁਝ ਠੀਕ ਨਹੀਂ ਚੱਲ ਰਿਹਾ। ਪ੍ਰਸਾਰ ਭਾਰਤੀ ਦੇ ਸੀ. ਈ. ਓ. ਸ਼ਸ਼ੀ ਸ਼ੇਖਰ ਕੋਲ ਰਾਜ ਸਭਾ ਟੀ. ਵੀ. ਦੇ ਐਡੀਟਰ ਇਨ ਚੀਫ ਦਾ ਵੀ ਜ਼ਿੰਮਾ ਹੈ। ਸ਼ਸ਼ੀ ਸ਼ੇਖਰ ਦੂਰਦਰਸ਼ਨ ਅਤੇ ਰਾਜ ਸਭਾ ਟੀ. ਵੀ. ਦਾ ਪੂਰਾ ਚਿਹਰਾ-ਮੋਹਰਾ ਬਦਲਣਾ ਚਾਹੁੰਦੇ ਹਨ ਪਰ ਉਪ-ਰਾਸ਼ਟਰਪਤੀ ਸਕੱਤਰੇਤ ਉਨ੍ਹਾਂ ਦੇ ਇਸ ਰਵੱਈਏ ਤੋਂ ਖੁਸ਼ ਨਹੀਂ ਲੱਗਦਾ। 
ਸੂਤਰ ਦੱਸਦੇ ਹਨ ਕਿ ਵੈਂਕੱਈਆ ਨਾਇਡੂ ਅਸਲ 'ਚ ਆਪਣੇ ਅਧੀਨ ਆਉਣ ਵਾਲੇ ਰਾਜ ਸਭਾ ਟੀ. ਵੀ. ਦੇ ਮੁੱਖ ਸੰਪਾਦਕ ਦੇ ਅਹੁਦੇ 'ਤੇ ਆਪਣੇ ਖਾਸ ਰਹੇ ਆਈ. ਏ. ਐੱਸ. ਅਫਸਰ ਡਾ. ਆਈ. ਵੀ. ਸੁੱਬਾਰਾਓ ਨੂੰ ਬਿਠਾਉਣਾ ਚਾਹੁੰਦੇ ਹਨ, ਜੋ ਇਸ ਸਮੇਂ ਉਪ-ਰਾਸ਼ਟਰਪਤੀ ਦੇ ਸਕੱਤਰ ਵੀ ਹਨ। 
ਇਸ ਪੂਰੇ ਮਾਮਲੇ 'ਚ ਨਵਾਂ ਅੜਿੱਕਾ ਪੀ. ਐੱਮ. ਓ. ਨੇ ਪਾ ਦਿੱਤਾ ਹੈ। ਸੂਤਰਾਂ ਮੁਤਾਬਿਕ ਪੀ. ਐੱਮ. ਓ. ਹੁਣ ਰਾਜ ਸਭਾ ਟੀ. ਵੀ. 'ਤੇ ਆਪਣਾ ਪੂਰਾ ਕੰਟਰੋਲ ਚਾਹੁੰਦਾ ਹੈ। ਇਸੇ ਆਪਸੀ ਖਿੱਚੋਤਾਣ 'ਚ ਰਾਜ ਸਭਾ ਟੀ. ਵੀ. ਗੁਜਰਾਤ ਦੀਆਂ ਚੋਣਾਂ ਨੂੰ 'ਕਵਰ' ਕਰਨ ਲਈ ਆਪਣੀ ਟੀਮ ਉਥੇ ਨਹੀਂ ਭੇਜ ਸਕਿਆ, ਜਦਕਿ ਪਹਿਲਾਂ ਇਹ ਤੈਅ ਹੋਇਆ ਸੀ ਕਿ ਰਾਜ ਸਭਾ ਟੀ. ਵੀ. ਦੀਆਂ ਘੱਟੋ-ਘੱਟ 3-4 ਕੈਮਰਾ ਟੀਮਾਂ ਗੁਜਰਾਤ ਦੀਆਂ ਚੋਣਾਂ ਨੂੰ 'ਕਵਰ' ਕਰਨਗੀਆਂ ਅਤੇ ਉਥੋਂ ਸਿੱਧੀ ਰਿਪੋਰਟ ਭੇਜਣਗੀਆਂ ਪਰ ਸ਼ਸ਼ੀ ਸ਼ੇਖਰ ਬਨਾਮ ਸੁੱਬਾਰਾਓ ਦੀ ਲੜਾਈ ਵਿਚ ਅਜਿਹਾ ਨਹੀਂ ਹੋ ਸਕਿਆ। 
ਹੁਣ ਆਲਮ ਇਹ ਹੈ ਕਿ ਇਨ੍ਹਾਂ ਦੋਹਾਂ ਦੀ ਲੜਾਈ 'ਚ ਪੀ. ਐੱਮ. ਓ. ਇਕ ਜੱਜ ਬਣ ਕੇ ਆ ਗਿਆ ਹੈ ਅਤੇ ਉਸ ਦੀ ਨਜ਼ਰ ਸ਼ਿਕਾਰ 'ਤੇ ਹੀ ਹੈ। 
ਰਾਹੁਲ ਗਾਂਧੀ ਗੁਜਰਾਤੀ ਵਿਅੰਜਨਾਂ ਦੇ ਦੀਵਾਨੇ
ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਰਾਹੁਲ ਗਾਂਧੀ ਮੋਦੀ-ਸ਼ਾਹ ਨਾਲ ਚਾਹੇ ਜਿੰਨੀ ਵੀ ਖਾਰ ਖਾਂਦੇ ਹੋਣ ਪਰ ਇਕ ਗੱਲ ਤੈਅ ਹੈ ਕਿ ਗੁਜਰਾਤੀ ਵਿਅੰਜਨਾਂ ਨੇ ਰਾਹੁਲ ਨੂੰ ਆਪਣਾ ਦੀਵਾਨਾ ਬਣਾ ਲਿਆ ਹੈ। ਗੁਜਰਾਤ ਦੀਆਂ ਚੋਣਾਂ ਦੇ ਪ੍ਰਚਾਰ ਦੌਰਾਨ ਰਾਹੁਲ ਨੇ ਘੁੰਮ-ਘੁੰਮ ਕੇ ਗੁਜਰਾਤੀ ਵਿਅੰਜਨਾਂ ਦਾ ਆਨੰਦ ਮਾਣਿਆ।
ਜਦੋਂ ਉਹ ਆਣੰਦ ਦੇ ਤਾਰਾਪੁਰ ਵਿਚ ਚੋਣ ਪ੍ਰਚਾਰ ਲਈ ਪਹੁੰਚੇ ਤਾਂ ਉਨ੍ਹਾਂ ਨੇ ਉਥੋਂ ਦੀ ਪ੍ਰਸਿੱਧ 'ਪਾਓ-ਭਾਜੀ' ਦਾ ਸੜਕ ਕੰਢੇ ਲੱਗੀ ਦੁਕਾਨ 'ਤੇ ਮਜ਼ਾ ਲਿਆ। ਜਦੋਂ ਅਹਿਮਦਾਬਾਦ ਵਿਚ ਉਨ੍ਹਾਂ ਨੇ ਆਪਣੇ 3 ਮਹੀਨਿਆਂ ਤਕ ਚੱਲੇ ਚੋਣ ਪ੍ਰਚਾਰ ਨੂੰ ਖਤਮ ਕੀਤਾ ਤਾਂ ਪ੍ਰੈੱਸ ਕਾਨਫਰੰਸ 'ਚ ਖਾਸ ਤੌਰ 'ਤੇ ਸ਼ਹਿਰ ਦੀ ਇਕ ਮਸ਼ਹੂਰ ਦੁਕਾਨ ਸਵਾਤੀ ਸਨੈਕਸ ਨੂੰ ਲੰਚ ਦਾ ਪ੍ਰਬੰਧ ਕਰਨ ਲਈ ਕਿਹਾ ਗਿਆ। 
ਗੁਜਰਾਤੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਹੁਲ ਨੇ ਖ਼ੁਦ ਮੰਨਿਆ ਕਿ ਕੱਛ ਦੇ ਚੋਣ ਦੌਰੇ ਦੌਰਾਨ ਉਨ੍ਹਾਂ ਦਾ ਪਸੰਦੀਦਾ ਵਿਅੰਜਨ ਖਾਕੜਾ, ਅਚਾਰ ਤੇ ਮੂੰਗਫਲੀ ਸੀ। ਸਭ ਨੂੰ ਪਤਾ ਹੈ ਕਿ ਰਾਹੁਲ ਗਾਂਧੀ ਤੇ ਉਨ੍ਹਾਂ ਦੀ ਮਾਂ ਸੋਨੀਆ ਮਿੱਠੇ ਦੇ ਬਹੁਤ ਸ਼ੌਕੀਨ ਹਨ। ਇਸ ਲਈ ਜਦੋਂ ਅਹਿਮਦਾਬਾਦ ਦੀ ਇਕ ਪ੍ਰਸਿੱਧ ਸਵੀਟ ਸ਼ਾਪ 'ਚ ਰਾਹੁਲ ਉਥੋਂ ਦੇ ਮਸ਼ਹੂਰ 'ਸ਼੍ਰੀਖੰਡ' ਦਾ ਸੁਆਦ ਲੈ ਰਹੇ ਸਨ ਤਾਂ ਉਨ੍ਹਾਂ ਨੇ ਆਪਣੀ ਮਾਂ ਤੇ ਭੈਣ ਲਈ ਵੀ 'ਸ਼੍ਰੀਖੰਡ' ਦੇ ਡੱਬੇ ਪੈਕ ਕਰਵਾ ਲਏ। ਗੁਜਰਾਤ ਦੀਆਂ ਚੋਣਾਂ ਦੇ ਨਤੀਜੇ ਚਾਹੇ ਕਿੰਨੇ ਵੀ ਤਿੱਖੇ ਰਹਿਣ, ਰਾਹੁਲ ਦੇ ਮੂੰਹ ਦੇ ਜ਼ਾਇਕੇ ਵਿਚ ਗੁਜਰਾਤੀ ਵਿਅੰਜਨਾਂ ਦਾ ਸੁਆਦ ਅਜੇ ਵੀ ਘੁਲਿਆ ਹੋਇਆ ਹੈ। 
ਅਗਿਆਤਵਾਸ ਤੋਂ ਬਾਹਰ ਆਉਂਦੀ ਮਾਇਆ 
ਸਿਆਸੀ ਜਲਾਵਤਨੀ ਦੀ ਪੀੜ ਝੱਲ ਰਹੀ ਬਸਪਾ ਸੁਪਰੀਮੋ ਮਾਇਆਵਤੀ ਨੂੰ ਯੂ. ਪੀ. ਦੀਆਂ ਹੁਣੇ-ਹੁਣੇ ਹੋਈਆਂ ਲੋਕਲ ਬਾਡੀਜ਼ ਚੋਣਾਂ ਦੇ ਨਤੀਜਿਆਂ ਨਾਲ ਇਕ ਨਵੀਂ ਸੰਜੀਵਨੀ ਮਿਲੀ ਹੈ। ਪਿਛਲੇ ਦਿਨੀਂ ਮਾਇਆਵਤੀ ਨੇ ਲਖਨਊ 'ਚ ਆਪਣੇ ਘਰ ਪਾਰਟੀ ਦੇ ਖੇਤਰੀ ਕੋਆਰਡੀਨੇਟਰਾਂ ਦੀ ਇਕ ਅਹਿਮ ਮੀਟਿੰਗ ਸੱਦੀ, ਜਿਸ 'ਚ ਉਹ ਖੁਸ਼ ਨਜ਼ਰ ਆ ਰਹੀ ਸੀ। ਮਾਇਆਵਤੀ ਨੇ ਸਭ ਤੋਂ ਪਹਿਲਾਂ ਦਿਲ ਖੋਲ੍ਹ ਕੇ ਆਪਣੇ ਕੋਆਰਡੀਨੇਟਰਾਂ ਦੀਆਂ ਤਾਰੀਫਾਂ ਦੇ ਪੁਲ ਬੰਨ੍ਹੇ ਤੇ ਇਸ ਤੋਂ ਬਾਅਦ ਉਨ੍ਹਾਂ ਤੋਂ ਭਵਿੱਖ ਦੀ ਰਣਨੀਤੀ, ਭਾਵ 2019 ਦੀਆਂ ਲੋਕ ਸਭਾ ਚੋਣਾਂ ਬਾਰੇ ਸੁਝਾਅ ਮੰਗੇ। 
ਇਥੇ ਆਮ ਸਹਿਮਤੀ ਨਾਲ ਇਕ ਸੁਝਾਅ ਉੱਭਰ ਕੇ ਸਾਹਮਣੇ ਆਇਆ ਕਿ ਪਾਰਟੀ ਨੇ ਜਿਥੇ-ਜਿਥੇ ਵੀ ਮੁਸਲਿਮ ਪਿਆਰ ਦੇ ਰਾਗ ਨੂੰ ਹਵਾ ਦਿੱਤੀ, ਉਥੇ ਇਸ ਨੂੰ ਮੂੰਹ ਦੀ ਖਾਣੀ ਪਈ ਹੈ। ਸੋ ਮਾਇਆਵਤੀ ਨੇ ਤੈਅ ਕੀਤਾ ਹੈ ਕਿ ਬੁੰਦੇਲਖੰਡ,  ਸੈਂਟਰਲ ਯੂ. ਪੀ. ਤੇ ਪੂਰਵਾਂਚਲ ਵਿਚ ਇਕ ਵਾਰ ਫਿਰ ਫਾਰਵਰਡ ਜਾਤਾਂ ਨੂੰ ਬਸਪਾ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਵੇਗੀ। 
ਸੂਤਰ ਦੱਸਦੇ ਹਨ ਕਿ ਇਸ ਮੀਟਿੰਗ 'ਚ ਮਾਇਆਵਤੀ ਨੇ ਸਾਫ ਕਰ ਦਿੱਤਾ ਕਿ 2019 ਦੀਆਂ ਆਮ ਚੋਣਾਂ 'ਚ ਬਸਪਾ ਕਿਸੇ ਵੀ ਗੱਠਜੋੜ (ਮਹਾਗੱਠਜੋੜ) ਦਾ ਹਿੱਸਾ ਨਹੀਂ ਬਣੇਗੀ ਤੇ ਆਪਣੇ ਦਮ 'ਤੇ ਹੀ ਯੂ. ਪੀ. ਦੀਆਂ ਸਾਰੀਆਂ ਲੋਕ ਸਭਾ ਸੀਟਾਂ 'ਤੇ ਲੜੇਗੀ। ਹਾਲਾਂਕਿ ਮਾਇਆਵਤੀ ਨੇ ਆਪਣੇ ਪਾਰਟੀ ਆਗੂਆਂ ਸਾਹਮਣੇ ਇਹ ਵੀ ਮੰਨਿਆ ਕਿ ਬਸਪਾ ਨੂੰ ਮਹਾਗੱਠਜੋੜ ਦਾ ਹਿੱਸਾ ਬਣਾਉਣ ਲਈ ਅਖਿਲੇਸ਼ ਯਾਦਵ ਉਨ੍ਹਾਂ ਨਾਲ ਕਈ ਵਾਰ ਗੱਲ ਕਰ ਚੁੱਕੇ ਹਨ ਪਰ ਉਨ੍ਹਾਂ ਨੇ ਆਪਣੇ ਵਲੋਂ ਇਸ 'ਚ ਸ਼ਾਮਿਲ ਹੋਣ ਦਾ ਕੋਈ ਵਾਅਦਾ ਨਹੀਂ ਕੀਤਾ ਹੈ। ਮਾਇਆਵਤੀ ਨੇ ਇਕ ਹੋਰ ਪਤੇ ਦੀ ਗੱਲ ਕਹੀ ਕਿ ਜਿਹੜੇ ਨੇਤਾਵਾਂ ਤੇ ਵਰਕਰਾਂ ਦਾ ਭਾਜਪਾ 'ਚ ਦਮ ਘੁੱਟ ਰਿਹਾ ਹੈ, ਬਸਪਾ ਦੇ ਬੂਹੇ ਉਨ੍ਹਾਂ ਲਈ ਖੁੱਲ੍ਹੇ ਹਨ। 
ਮੋਦੀ ਕਰਨਗੇ ਬੇਰੋਜ਼ਗਾਰਾਂ ਦੀ ਚਿੰਤਾ 
ਗੁਜਰਾਤ ਵਿਧਾਨ ਸਭਾ ਦੀਆਂ ਚੋਣਾਂ 'ਚ ਭਗਵਾ ਸਿਰਮੌਰ ਮੋਦੀ-ਸ਼ਾਹ ਦੀ ਜੋੜੀ ਨੂੰ ਕਈ ਨਵੇਂ ਸਬਕ ਸਿੱਖਣ ਲਈ ਮਿਲੇ ਹਨ। ਮੋਦੀ ਨੇ ਆਪਣੀਆਂ ਚੋਣ ਰੈਲੀਆਂ 'ਚ ਮਹਿਸੂਸ ਕੀਤਾ ਕਿ ਸੂਬੇ ਦੇ ਨੌਜਵਾਨ ਕਿਸੇ ਨਾ ਕਿਸੇ ਤਰ੍ਹਾਂ ਭਾਜਪਾ ਤੋਂ ਨਾਰਾਜ਼ ਹਨ ਕਿਉਂਕਿ ਰਾਹੁਲ ਗਾਂਧੀ, ਹਾਰਦਿਕ ਪਟੇਲ, ਅਲਪੇਸ਼ ਤੇ ਜਿਗਨੇਸ਼ ਦੀਆਂ ਚੋਣ ਰੈਲੀਆਂ 'ਚ ਨੌਜਵਾਨਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਸੋ ਚੋਣ ਸਿਆਸਤ ਦੇ ਮਾਹਿਰ ਨਰਿੰਦਰ ਮੋਦੀ 2019 ਦੀਆਂ ਆਮ ਚੋਣਾਂ ਵਿਚ ਅਜਿਹਾ ਕੋਈ ਰਿਸਕ ਨਹੀਂ ਲੈਣਾ ਚਾਹੁੰਦੇ। ਇਸ ਲਈ ਬੇਰੋਜ਼ਗਾਰ ਨੌਜਵਾਨਾਂ ਨੂੰ ਆਪਣੇ ਵੱਲ ਖਿੱਚਣ ਲਈ ਮੋਦੀ ਸਰਕਾਰ ਕਈ ਨਵੀਆਂ ਯੋਜਨਾਵਾਂ ਨੂੰ ਅਮਲੀ ਜਾਮਾ ਪਹਿਨਾ ਸਕਦੀ ਹੈ। 
ਅਗਲੇ ਬਜਟ 'ਚ ਕੌਮੀ ਰੋਜ਼ਗਾਰ ਨੀਤੀ ਨੂੰ ਲੈ ਕੇ ਵੱਡੇ ਐਲਾਨ ਹੋਣੇ ਸੰਭਵ ਹਨ। ਯਾਦ ਰਹੇ ਕਿ ਇਹ ਨੀਤੀ ਨੌਜਵਾਨਾਂ ਲਈ ਨੌਕਰੀਆਂ ਦੀ ਵਿਵਸਥਾ ਕਰਨ ਲਈ ਬਣਾਈ ਗਈ ਹੈ। ਇਸ ਦੇ ਤਹਿਤ ਸੰਗਠਿਤ ਅਤੇ ਗੈਰ-ਸੰਗਠਿਤ ਖੇਤਰਾਂ ਦੇ ਮਜ਼ਦੂਰਾਂ ਦੀ ਆਰਥਿਕ ਤੇ ਸਮਾਜਿਕ ਬਿਹਤਰੀ ਲਈ ਨਵੀਂ ਕਿਰਤ ਨੀਤੀ ਨੂੰ ਵੀ ਸਾਹਮਣੇ ਲਿਆਂਦਾ ਜਾ ਸਕਦਾ ਹੈ। 
ਨਵੇਂ ਰੋਜ਼ਗਾਰਾਂ ਦੀ ਸਿਰਜਣਾ ਲਈ ਛੋਟੇ ਤੇ ਦਰਮਿਆਨ ਉਦਯੋਗਾਂ ਨੂੰ ਕਈ ਤਰ੍ਹਾਂ ਦੀਆਂ ਰਿਆਇਤਾਂ ਦਿੱਤੀਆਂ ਜਾ ਸਕਦੀਆਂ ਹਨ ਤੇ ਵਿੱਤੀ ਅਦਾਰਿਆਂ ਤੋਂ ਉਨ੍ਹਾਂ ਨੂੰ ਕਰਜ਼ੇ ਮਿਲਣ ਦਾ ਰਾਹ ਵੀ ਪਹਿਲਾਂ ਨਾਲੋਂ ਸੌਖਾ ਕੀਤਾ ਜਾ ਸਕਦਾ ਹੈ। ਨੀਤੀ ਆਯੋਗ ਨੇ ਆਪਣੀ ਇਕ ਤਾਜ਼ਾ ਰਿਪੋਰਟ 'ਚ ਚਿੰਤਾ ਪ੍ਰਗਟਾਈ ਹੈ ਕਿ ਭਾਰਤ ਵਿਚ 15 ਤੋਂ 30 ਸਾਲ ਦੀ ਉਮਰ ਦੇ 30 ਫੀਸਦੀ ਤੋਂ ਜ਼ਿਆਦਾ ਨੌਜਵਾਨਾਂ ਨੂੰ ਸਹੀ ਤੇ ਸਟੀਕ ਟ੍ਰੇਨਿੰਗ, ਸਿੱਖਿਆ ਦੀ ਜ਼ਰੂਰਤ ਹੈ, ਜੋ ਉਨ੍ਹਾਂ ਨੂੰ ਘੱਟ ਤਨਖਾਹ ਵਾਲੀਆਂ ਨੌਕਰੀਆਂ ਕਰਨ ਲਈ ਮਜਬੂਰ ਕਰ ਰਹੀ ਹੈ। ਇਸ ਮਾਮਲੇ 'ਚ ਚੀਨ ਵਰਗੇ ਦੇਸ਼ ਵੀ ਸਾਡੇ ਨਾਲੋਂ ਕਿਤੇ ਅੱਗੇ ਹਨ। ਸੋ ਅਗਲਾ ਬਜਟ ਨਾ ਸਿਰਫ ਚੋਣਾਵੀ ਹੋਵੇਗਾ, ਸਗੋਂ ਨੌਜਵਾਨਾਂ ਦੇ ਹਿੱਤਾਂ ਦੀ ਚਿੰਤਾ ਵੀ ਉਸ 'ਚੋਂ ਝਲਕੇਗੀ। 
...ਤੇ ਆਖਿਰ 'ਚ 
ਮੋਦੀ-ਸ਼ਾਹ ਜੋੜੀ ਨੂੰ ਹਰ ਵੇਲੇ 'ਇਲੈਕਸ਼ਨ ਮੋਡ' ਵਿਚ ਰਹਿਣਾ ਪਸੰਦ ਹੈ। ਗੁਜਰਾਤ ਦੀਆਂ ਚੋਣਾਂ ਦਾ ਹੁਣੇ-ਹੁਣੇ ਕੰਮ ਨਿੱਬੜਨ ਤੋਂ ਬਾਅਦ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਆਪਣੇ ਖਾਸ ਮੰਤਰੀਆਂ ਦੀ ਟੀਮ ਨੂੰ ਕਰਨਾਟਕ ਰਵਾਨਾ ਹੋਣ ਲਈ ਕਹਿ ਦਿੱਤਾ ਹੈ। ਸੂਤਰ ਦੱਸਦੇ ਹਨ ਕਿ ਸੰਸਦ ਦੇ ਮੌਜੂਦਾ ਸੈਸ਼ਨ ਦੀ ਸਮਾਪਤੀ ਤੋਂ ਬਾਅਦ ਮੋਦੀ-ਸ਼ਾਹ ਦੇ ਦੁਲਾਰੇ ਮੰਤਰੀਆਂ ਦੇ ਦਿੱਲੀ 'ਚ ਦਰਸ਼ਨ ਦੁਰਲੱਭ ਹੋ ਜਾਣਗੇ ਅਤੇ ਇਹ ਹਫਤੇ 'ਚੋਂ ਘੱਟੋ-ਘੱਟ 5 ਦਿਨ ਕਰਨਾਟਕ 'ਚ ਬਿਤਾਉਣਗੇ। 
ਪਿਊਸ਼ ਗੋਇਲ ਤੇ ਨਿਰਮਲਾ ਸੀਤਾਰਮਨ ਵਰਗੇ ਮੰਤਰੀਆਂ ਨੇ ਆਪਣੇ ਅਧਿਕਾਰੀਆਂ ਦੀ ਮੀਟਿੰਗ 'ਚ ਇਸ ਗੱਲ ਦੇ ਸਾਫ ਸੰਕੇਤ ਦੇ ਦਿੱਤੇ ਹਨ ਕਿ ਆਉਣ ਵਾਲੇ ਦਿਨਾਂ 'ਚ ਉਹ ਆਪਣੇ ਸਬੰਧਤ ਮੰਤਰਾਲਿਆਂ ਨੂੰ ਬਹੁਤ ਘੱਟ ਸਮਾਂ ਦੇ ਸਕਣਗੇ।
                      (g@ssipguru.in) 


Related News