ਕਰਨਾਟਕ ਚੋਣ ਨਤੀਜਿਆਂ ਦਾ ਰਾਜਸਥਾਨ ਤੱਕ ਅਸਰ ਹੋਵੇਗਾ

05/20/2023 2:04:14 PM

ਕਰਨਾਟਕ ਚੋਣ ਨਤੀਜਿਆਂ ਦੀ ਕਹਾਣੀ ਦਾ ਰਾਜਸਥਾਨ ਤੱਕ ਅਸਰ ਹੋਣ ਵਾਲਾ ਹੈ। ਲੋਕਾਂ ਦੇ ਫਤਵੇ ’ਚ ਭਾਜਪਾ ਅਤੇ ਕਾਂਗਰਸ ਦੋਵਾਂ ਪਾਰਟੀਆਂ ਲਈ ਸੰਦੇਸ਼ ਲੁਕੇ ਹੋਏ ਹਨ। ਇਹੀ ਕਾਰਨ ਹੈ ਕਿ ਇਸ ਨਤੀਜੇ ਦੀ ਰੌਸ਼ਨੀ ’ਚ ਦੋਵੇਂ ਹੀ ਪਾਰਟੀਆਂ ਆਪਣੀ-ਆਪਣੀ ਨਵੀਂ ਰਣਨੀਤੀ ਬਣਾਉਣ ’ਤੇ ਜ਼ੋਰ ਦੇ ਰਹੀਆਂ ਹਨ। ਨਵੀਂ ਰਣਨੀਤੀ ’ਚ ਸੂਬਾ ਪੱਧਰ ਦੇ ਉਨ੍ਹਾਂ ਵੱਡੇ ਆਗੂਆਂ ਨੂੰ ਮੌਕਾ ਮਿਲ ਸਕਦਾ ਹੈ ਜੋ ਅਜੇ ਹਾਸ਼ੀਏ ’ਤੇ ਹਨ। ਕਰਨਾਟਕ ਦੇ ਚੋਣ ਨਾਟਕ ਤੋਂ ਪਰਦਾ ਉੱਠਣ ਪਿੱਛੋਂ ਇਹ ਤਾਂ ਤੈਅ ਹੋ ਗਿਆ ਹੈ ਕਿ ਵਿਧਾਨ ਸਭਾ ਦੀਆਂ ਚੋਣਾਂ ’ਚ ਸਿਆਸੀ ਪਾਰਟੀਆਂ ਨੂੰ ਕੌਮੀ ਅਹਿਮੀਅਤ ਨਾਲ ਜੁੜੇ ਵੱਡੇ ਮੁੱਦਿਆਂ ਦੇ ਨਾਲ-ਨਾਲ ਸਥਾਨਕ ਮੁੱਦਿਆਂ ’ਤੇ ਹੀ ਫੋਕਸ ਕਰਨਾ ਹੋਵੇਗਾ।

ਰਾਜਸਥਾਨ ਵਾਂਗ ਕਰਨਾਟਕ ਕਾਂਗਰਸ ’ਚ ਵੀ ਡੀ. ਕੇ. ਸ਼ਿਵਕੁਮਾਰ ਅਤੇ ਸਿਧਰਮੱਈਆ ਦਰਮਿਆਨ ਮੁੱਖ ਮੰਤਰੀ ਦੀ ਕੁਰਸੀ ਨੂੰ ਲੈ ਕੇ ਚੋਣਾਂ ਤੋਂ ਪਹਿਲਾਂ ਹੀ ਠੰਡੀ ਜੰਗ ਵਾਲੀ ਹਾਲਤ ਸੀ। ਪਾਰਟੀ ਨੇ ਮਾਰਚ 2020 ’ਚ ਡੀ. ਕੇ. ਸ਼ਿਵ ਕੁਮਾਰ ਨੂੰ ਸੂਬਾਈ ਪ੍ਰਧਾਨ ਬਣਾ ਕੇ ਅੱਗੇ ਕੀਤਾ ਪਰ ਸਿਧਰਮੱਈਆ ਨੂੰ ਵੀ ਪੂਰਾ ਧਿਆਨ ਦਿੱਤਾ। ਮੁੱਖ ਮੰਤਰੀ ਦੀ ਚਾਹਤ ਦੇ ਬਾਵਜੂਦ ਦੋਹਾਂ ਆਗੂਆਂ ਨੇ ਇਕਮੁੱਠਤਾ ਨਾਲ ਚੋਣ ਪ੍ਰਚਾਰ ਕੀਤਾ। ਵਰਕਰਾਂ ਤੱਕ ਵੀ ਏਕਤਾ ਦਾ ਸੰਦੇਸ਼ ਗਿਆ।

ਇਹ ਵੀ ਵੱਡਾ ਕਾਰਨ ਰਿਹਾ ਹੈ ਕਿ ਕਾਂਗਰਸ ਨੇ ਕਰਨਾਟਕ ਦਾ ਕਿਲਾ ਜਿੱਤ ਲਿਆ ਕਿਉਂਕਿ ਆਉਂਦੀਆਂ ਵਿਧਾਨ ਸਭਾ ਦੀਆਂ ਚੋਣਾਂ ਹੁਣ ਰਾਜਸਥਾਨ ’ਚ ਹੋਣੀਆਂ ਹਨ, ਭਾਜਪਾ ਉੱਥੇ ਵੱਡੇ ਬਹੁਮਤ ਨਾਲ ਸੂਬੇ ਦੀ ਸੱਤਾ ’ਤੇ ਕਾਬਜ਼ ਹੋਣ ਲਈ ਸਭ ਦਾਅ-ਪੇਚ ਲਾ ਰਹੀ ਹੈ। ਆਉਂਦੀਆਂ ਚੋਣਾਂ ਨੂੰ ਵੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੂਬੇ ਦੇ ਦੌਰੇ ਵਧਾਏ ਜਾ ਰਹੇ ਹਨ। ਪਿਛਲੇ 8 ਮਹੀਨਿਆਂ ਭਾਵ 240 ਦਿਨਾਂ ’ਚ ਮੋਦੀ 5 ਵਾਰ ਰਾਜਸਥਾਨ ਦਾ ਦੌਰਾ ਕਰ ਚੁੱਕੇ ਹਨ।

ਭਾਜਪਾ ਲਈ ਰਾਜਸਥਾਨ ’ਚ ਜਿੱਤ ਦਰਜ ਕਰਨੀ ਜ਼ਰੂਰੀ ਹੋ ਜਾਂਦੀ ਹੈ ਕਿਉਂਕਿ ਇਹ ਜਿੱਤ ਰਾਜ ਸਭਾ ’ਚ ਚੰਗੀ ਗਿਣਤੀ ਹਾਸਲ ਕਰਨ ’ਚ ਮਦਦ ਕਰੇਗੀ। ਨਾਲ ਹੀ ਇਹ ਜਿੱਤ ਲੋਕ ਸਭਾ ਚੋਣਾਂ ’ਚ ਵੀ ਫਾਇਦੇਮੰਦ ਸਾਬਤ ਹੋਵੇਗੀ। ਕਰਨਾਟਕ ’ਚ ਮਿਲੀ ਹਾਰ ਪਿੱਛੋਂ ਭਾਜਪਾ ਆਪਣੀ ਚੋਣ ਪ੍ਰਚਾਰ ਮੁਹਿੰਮ ’ਚ ਤਬਦੀਲੀ ਕਰ ਸਕਦੀ ਹੈ। ਪਾਰਟੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਨੂੰ ਚੋਣ ਪ੍ਰਚਾਰ ’ਚ ਉਤਾਰਨ ’ਤੇ ਵਿਚਾਰ ਕਰ ਸਕਦੀ ਹੈ।

ਰਾਜੇ ਇਸ ਸਮੇਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਧਿਆਨ ’ਚ ਰੱਖਦਿਆਂ ਆਪਣੇ ਖੁਦ ਦੇ ਜਨਤਕ ਪ੍ਰੋਗਰਾਮਾਂ ਦਾ ਆਯੋਜਨ ਕਰ ਰਹੀ ਹੈ। ਰਾਜਸਥਾਨ ’ਚ ਭਾਜਪਾ ਕੋਲ ਰਾਜੇ ਦੇ ਕੱਦ ਦੀ ਹੋਰ ਕੋਈ ਮਹਿਲਾ ਆਗੂ ਨਹੀਂ ਹੈ। ਉਨ੍ਹਾਂ ਲੋਕ ਸਭਾ ਅਤੇ ਵਿਧਾਨ ਸਭਾ ਦੋਵਾਂ ਚੋਣਾਂ ’ਚ ਆਪਣੀ ਤਾਕਤ ਸਾਬਤ ਕੀਤੀ ਹੈ। ਦੱਸਿਆ ਜਾਂਦਾ ਹੈ ਕਿ ਭਾਜਪਾ ਦੇ ਅੰਦਰੂਨੀ ਸੂਤਰਾਂ ਦਾ ਦਾਅਵਾ ਹੈ ਕਿ ਪਾਰਟੀ ਦੇ ਅੰਦਰੂਨੀ ਅਨੁਮਾਨ ਨੇ ਇਹ ਸੰਕੇਤ ਦਿੱਤਾ ਹੈ ਕਿ ਰਾਜਸਥਾਨ ’ਚ ਵਿਧਾਨ ਸਭਾ ਦੀਆਂ ਚੋਣਾਂ ’ਚ ਪਾਰਟੀ ਮੁਸ਼ਕਲ ਨਾਲ ਸਾਧਾਰਨ ਬਹੁਮਤ ਹਾਸਲ ਕਰ ਸਕੇਗੀ। ਅਜੇ ਭਾਜਪਾ ਸੂਬੇ ’ਚ ਅਸ਼ੋਕ ਗਹਿਲੋਤ ਦੀ ਅਗਵਾਈ ਵਾਲੀ ਕਾਂਗਰਸ ਵਿਰੁੱਧ ਜਿੱਤ ਦੇ ਫਾਰਮੂਲੇ ਦੀ ਭਾਲ ਕਰ ਰਹੀ ਹੈ। ਸਵਾਲ ਇਹ ਵੀ ਹੈ ਕਿ ਕੀ ਭਾਜਪਾ ਸੱਤਾਧਾਰੀ ਪਾਰਟੀ ਦੇ ਸੰਭਾਵਤ ਦਲ-ਬਦਲੂਆਂ ’ਤੇ ਸਵੈਨਿਰਭਰਤਾ ਦਾ ਖਤਰਾ ਉਠਾ ਸਕਦੀ ਹੈ?

ਰਿਪੋਰਟਾਂ ਮੁਤਾਬਕ ਰਾਜਸਥਾਨ ’ਚ ਆਰ. ਐੱਸ. ਐੱਸ. ਦੇ ਪਿਛੋਕੜ ਵਾਲੇ ਆਗੂਆਂ ਸਮੇਤ ਕਈ ਭਾਜਪਾ ਨੇਤਾਵਾਂ ਦਾ ਕਹਿਣਾ ਹੈ ਕਿ ਕਾਂਗਰਸ ਮੁਕਤ ਭਾਰਤ ਦੇ ਨਿਸ਼ਾਨੇ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਕਾਂਗਰਸ ਵਾਲੀ ਭਾਜਪਾ ਬਣਾ ਰਹੇ ਹਾਂ। ਭਾਜਪਾ ਅੰਦਰ ਇਹ ਸਵਾਲ ਵੀ ਉਠਣ ਲੱਗੇ ਹਨ ਕਿ ਭਾਜਪਾ ਸੀਟਾਂ ਗਵਾਉਣ ਦੀ ਕੀਮਤ ’ਤੇ ਰਵਾਇਤੀ ਸਿਆਸੀ ਪਰਿਵਾਰਾਂ ਨੂੰ ਚੋਣ ਟਿਕਟਾਂ ਦੇਣ ਤੋਂ ਕਿਵੇਂ ਇਨਕਾਰ ਕਰੇਗੀ।

ਰਾਜਸਥਾਨ ’ਚ ਭਾਜਪਾ ਨੇ 2013 ’ਚ 200 ਵਿਧਾਨ ਸਭਾ ਸੀਟਾਂ ’ਚੋਂ 163 ’ਤੇ ਜਿੱਤ ਹਾਸਲ ਕੀਤੀ ਸੀ ਪਰ ਇਸ ਵਾਰ ਪਾਰਟੀ ਲਈ ਇੰਨੀਆਂ ਸੀਟਾਂ ਹਾਸਲ ਕਰਨੀਆਂ ਇਕ ਚੁਣੌਤੀ ਹੋਵੇਗੀ। ਪਿਛਲੇ ਸਾਲ ਦਸੰਬਰ ’ਚ ਹਿਮਾਚਲ ਪ੍ਰਦੇਸ਼ ਪਿੱਛੋਂ ਕਰਨਾਟਕ ਦੂਜਾ ਸੂਬਾ ਹੈ ਜਿੱਥੇ ਭਾਜਪਾ ਨੇ ਇਕ ਤੋਂ ਬਾਅਦ ਇਕ ਸੱਤਾ ਗਵਾਈ ਹੈ।

ਰਾਜਸਥਾਨ ਦੇ ਚੋਣ ਪ੍ਰਚਾਰ ’ਚ ਭਾਜਪਾ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਚਿਹਰਾ ਪੇਸ਼ ਕਰਨ ਦੀ ਲੋੜ ਪੈ ਸਕਦੀ ਹੈ। ਰਾਜੇ ਇਕ ਵਧੀਆ ਚਿਹਰਾ ਮੰਨੀ ਜਾਂਦੀ ਹੈ ਪਰ ਇਸ ’ਚ ਪਾਰਟੀ ਅੰਦਰ ਰਾਜੇ ਦੀ ਵਿਰੋਧਤਾ ਕਰਨ ਵਾਲੇ ਨੇਤਾ ਸਭ ਤੋਂ ਵੱਡੀ ਚੁਣੌਤੀ ਬਣ ਸਕਦੇ ਹਨ। ਜਾਣਕਾਰਾਂ ਦਾ ਮੰਨਣਾ ਹੈ ਕਿ ਵਸੁੰਧਰਾ ਰਾਜੇ ਫੈਕਟਰ ਵਿਧਾਨ ਸਭਾ ਦੀਆਂ ਇਸ ਸਾਲ ਹੋਣ ਵਾਲੀਆਂ ਅਤੇ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ’ਚ ਅਹਿਮ ਰਹੇਗਾ।

ਅਜਿਹੀ ਹਾਲਤ ’ਚ ਭਾਜਪਾ ਨੂੰ ਉਨ੍ਹਾਂ ਨੂੰ ਲੈ ਕੇ ਜਲਦੀ ਹੀ ਕੋਈ ਫੈਸਲਾ ਕਰਨਾ ਹੋਵੇਗਾ। ਉਨ੍ਹਾਂ ਦੀ ਭੂਮਿਕਾ ਛੇਤੀ ਹੀ ਤੈਅ ਹੋ ਜਾਵੇਗੀ। ਹੁਣ ਗੱਲ ਜੇ ਕਾਂਗਰਸ ਦੀ ਕਰੀਏ ਤਾਂ 2018 ’ਚ ਰਾਜਸਥਾਨ ’ਚ ਕਾਂਗਰਸ ਦੀ ਪ੍ਰੇਸ਼ਾਨੀ ਮੁੱਖ ਰੂਪ ਨਾਲ ਚੋਣ ਮੁਹਿੰਮ ਦੌਰਾਨ ਮੁੱਖ ਮੰਤਰੀ ਦੇ ਅਹੁਦੇ ਦਾ ਚਿਹਰਾ ਪੇਸ਼ ਕਰਨ ਨੂੰ ਲੈ ਕੇ ਹੋਈ ਸੀ। ਚੋਣ ਨਤੀਜੇ ਆਉਣ ਤੋਂ ਬਾਅਦ ਕਾਂਗਰਸ ਦੇ ਵਧੇਰੇ ਵਿਧਾਇਕਾਂ ਨੇ ਨਿੱਜੀ ਤੌਰ ’ਤੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਕਿਹਾ ਸੀ ਕਿ ਉਹ ਸੂਬਾਈ ਇਕਾਈ ਦੇ ਸਾਬਕਾ ਮੁਖੀ ਪਾਇਲਟ ਦੀ ਥਾਂ ਗਹਿਲੋਤ ਨੂੰ ਮੁੱਖ ਮੰਤਰੀ ਵਜੋਂ ਪਸੰਦ ਕਰਦੇ ਹਨ।

ਪਾਇਲਟ ਅਜੇ ਭ੍ਰਿਸ਼ਟਾਚਾਰ ਵਿਰੁੱਧ 5 ਦਿਨਾਂ ਯਾਤਰਾ ’ਤੇ ਹਨ। ਕਾਂਗਰਸ ਨੇ ਪਾਇਲਟ ਦੀ ਯਾਤਰਾ ਤੋਂ ਖੁਦ ਨੂੰ ਪੂਰੀ ਤਰ੍ਹਾਂ ਵੱਖ ਕਰ ਲਿਆ ਹੈ। ਇਹ ਠੀਕ ਉਸੇ ਤਰ੍ਹਾਂ ਹੈ ਜਿਵੇਂ ਪਿਛਲੇ ਮਹੀਨੇ ‘ਭਾਜਪਾ ਭ੍ਰਿਸ਼ਟਾਚਾਰ’ ਵਿਰੁੱਧ ਪਾਇਲਟ ਦੇ ਅਨਸ਼ਨ ਤੋਂ ਕਾਂਗਰਸ ਨੇ ਆਪਣੇ ਆਪ ਨੂੰ ਦੂਰ ਕਰ ਲਿਆ ਸੀ। ਪਾਇਲਟ ਸਮੇਂ-ਸਮੇਂ ’ਤੇ ਇਹ ਮੰਗ ਵੀ ਉਠਾ ਚੁੱਕੇ ਹਨ ਕਿ ਮੁੱਖ ਮੰਤਰੀ ਨੂੰ ਬਦਲਿਆ ਜਾਵੇ ਅਤੇ ਪਾਰਟੀ ਗਹਿਲੋਤ ਦੀ ਅਗਵਾਈ ’ਚ ਰਾਜਸਥਾਨ ਵਿਖੇ ਚੋਣਾਂ ਨਾ ਲੜੇ।

ਹੁਣੇ ਜਿਹੇ ਹੀ ਭਾਜਪਾ ਨੇ ਰਾਜਸਥਾਨ ’ਚ ਵੱਡਾ ਸੰਗਠਨਾਤਮਕ ਫੇਰ ਬਦਲ ਕੀਤਾ ਹੈ। ਇਸ ਦੇ ਬਾਵਜੂਦ ਹੁਣ ਵੀ ਇਸ ਨੂੰ ਲੈ ਕੇ ਤਸਵੀਰ ਸਪੱਸ਼ਟ ਨਹੀਂ ਹੋ ਸਕੀ ਕਿ ਭਾਜਪਾ ’ਚ ਅਗਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਮੁੱਖ ਮੰਤਰੀ ਚਿਹਰਾ ਕੌਣ ਹੋਵੇਗਾ। ਭਾਜਪਾ ਦੇ ਕਈ ਆਗੂ ਅੱਜ ਵੀ ਵੱਖ-ਵੱਖ ਦਾਅਵੇ ਕਰਦੇ ਨਜ਼ਰ ਆ ਰਹੇ ਹਨ।

ਰਾਜਸਥਾਨ ’ਚ ਕਾਂਗਰਸ ’ਚ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਕੁਝ ਵੀ ਸਪੱਸ਼ਟ ਨਹੀਂ ਹੈ। ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੂੰ ਮੁੱਖ ਮੰਤਰੀ ਬਣਾਉਣ ਦੀ ਮੰਗ ਨੇ ਜ਼ੋਰ ਫੜ ਲਿਆ ਹੈ। ਅਸ਼ੋਕ ਗਹਿਲੋਤ ਸੋਨੀਆ ਗਾਂਧੀ ਦੇ ਸਾਹਮਣੇ ਰਾਜਸਥਾਨ ਦੇ ਮੌਜੂਦਾ ਵਿਧਾਨ ਸਭਾ ਸਪੀਕਰ ਸੀ.ਪੀ. ਜੋਸ਼ੀ ਦੇ ਨਾਂ ਦੀ ਸਿਫਾਰਿਸ਼ ਮੁੱਖ ਮੰਤਰੀ ਦੇ ਅਹੁਦੇ ਲਈ ਕਰ ਚੁੱਕੇ ਹਨ।

ਪਾਇਲਟ ਹਮਾਇਤੀ ਵਿਧਾਇਕ ਵੇਦ ਪ੍ਰਕਾਸ਼ ਸੋਲੰਕੀ ਅਤੇ ਇੰਦਰਾਜ ਗੁਰਜਰ ਪਾਇਲਟ ਨੂੰ ਮੁੱਖ ਮੰਤਰੀ ਬਣਾਉਣ ਦੀ ਖੁੱਲ੍ਹ ਕੇ ਪੈਰਵੀ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਬਸੇਡਰ ਤੋਂ ਕਾਂਗਰਸ ਵਿਧਾਇਕ ਖਿਡਾਰੀ ਲਾਲ ਬੈਰਵਾ ਨੇ ਸਚਿਨ ਪਾਇਲਟ ਨੂੰ ਮੁੱਖ ਮੰਤਰੀ ਬਣਾਉਣ ਦੀ ਮੰਗ ਕਰਦੇ ਹੋਏ ਕਿਹਾ ਸੀ ਕਿ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਪਾਰਟੀ ਨੇ ਬਹੁਤ ਕੁਝ ਦਿੱਤਾ ਹੈ, ਹੁਣ ਨੌਜਵਾਨਾਂ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਹੈ।

ਅਸ਼ੋਕ ਭਾਟੀਆ


Rakesh

Content Editor

Related News