ਫਸਲਾਂ ਦੀ ਰਹਿੰਦ-ਖੂੰਹਦ ਸਾੜਨ ਦੀ ਬਜਾਏ ਹੋਰ ਬਦਲ ਅਪਣਾਏ ਜਾਣ

04/29/2017 7:25:26 AM

ਸਾਡੇ ਦੇਸ਼ ''ਚ ਅਪ੍ਰੈਲ, ਮਈ ਅਤੇ ਅਕਤੂਬਰ, ਨਵੰਬਰ ਵਿਚ ਅਜਿਹੀਆਂ ਖ਼ਬਰਾਂ ਆਮ ਆਉਂਦੀਆਂ ਹਨ ਕਿ ਫਸਲ ਕੱਟਣ ਤੋਂ ਬਾਅਦ ਖੇਤਾਂ ''ਚ ਰਹਿੰਦ-ਖੂੰਹਦ ਨੂੰ ਅੱਗ ਲਾਉਣ ਨਾਲ ਚੌਗਿਰਦੇ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਧੂੰਏਂ ਦਾ ਅਸਰ ਉਨ੍ਹਾਂ ਸੂਬਿਆਂ ''ਚ ਤਾਂ ਹੁੰਦਾ ਹੀ ਹੈ, ਆਲੇ-ਦੁਆਲੇ ਦੇ ਖੇਤਰਾਂ ਵਿਚ ਵੀ ਇਸ ਦਾ ਭੈੜਾ ਅਸਰ ਹੁੰਦਾ ਹੈ, ਜਿਵੇਂ ਸਾਹ ਦੀ ਤਕਲੀਫ, ਦਿਲ ਦੀ ਬੀਮਾਰੀ ਅਤੇ ਹੋਰ ਕਈ ਗੰਭੀਰ ਬੀਮਾਰੀਆਂ ਹੋਣ ਦਾ ਖ਼ਤਰਾ ਵਧ ਜਾਂਦਾ ਹੈ। 
ਇਸ ਸੰਬੰਧ ''ਚ ਬਣੇ ਕਾਨੂੰਨ ਮੰਨਣ ਦੀ ਬਜਾਏ ਖੇਤੀਬਾੜੀ ਦੇ ਧੰਦੇ ''ਚ ਲੱਗੇ ਲੋਕ ਇਸ ਦੀ ਉਲੰਘਣਾ ਕਰਨ ''ਚ ਜ਼ਿਆਦਾ ਮੁਸਤੈਦੀ ਦਿਖਾਉਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ''''ਇਹ ਕੋਈ ਅੱਜ ਤੋਂ ਤਾਂ ਹੋ ਨਹੀਂ ਰਿਹਾ, ਪੀੜ੍ਹੀ-ਦਰ-ਪੀੜ੍ਹੀ ਤੋਂ ਚੱਲਦਾ ਆ ਰਿਹਾ ਹੈ। ਨਵੀਂ ਫਸਲ ਬੀਜਣ ਤੋਂ ਪਹਿਲਾਂ ਖੇਤਾਂ ਦੀ ਸਫਾਈ ਜ਼ਰੂਰੀ ਹੈ ਅਤੇ ਅਸੀਂ ਉਹੀ ਕਰ ਰਹੇ ਹਾਂ, ਲਾ ਲਓ ਜੁਰਮਾਨਾ, ਕਰ ਲਓ ਗ੍ਰਿਫਤਾਰ, ਚਲਾ ਲਓ ਸਾਡੇ ''ਤੇ ਮੁਕੱਦਮੇ।''''
ਅਸਲ ''ਚ ਫਸਲ ਕੱਟਣ ਤੋਂ ਬਾਅਦ ਦੂਜੀ ਫਸਲ ਬੀਜਣ ਲਈ ਕਿਸਾਨ ਕੋਲ ਇੰਨਾ ਘੱਟ ਸਮਾਂ ਹੁੰਦਾ ਹੈ ਕਿ ਉਹ ਰਹਿੰਦ-ਖੂੰਹਦ ਨੂੰ ਸਾੜਨ ਤੋਂ ਇਲਾਵਾ ਹੋਰ ਕੁਝ ਨਹੀਂ ਸੋਚਦਾ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਸਾਡੀਆਂ ਸਰਕਾਰਾਂ ਅਤੇ ਸਮਾਜ ਕਿਸਾਨ ਨੂੰ ਦੋਸ਼ ਤਾਂ ਦਿੰਦੇ ਰਹਿੰਦੇ ਹਨ ਪਰ ਉਸ ਨੂੰ ਉਹ ਬਦਲ ਦੇਣ ''ਚ ਕੋਤਾਹੀ ਵਰਤਦੇ ਹਨ, ਜਿਨ੍ਹਾਂ ਨੂੰ ਅਪਣਾ ਕੇ ਉਹ ਅੱਗ ਲਾਉਣ ਵਰਗੇ ਉਪਾਅ ਤੋਂ ਬਚ ਸਕਦਾ ਹੈ। 
ਆਜ਼ਾਦੀ ਦੇ ਇੰਨੇ ਸਾਲਾਂ ਬਾਅਦ ਵੀ ਜੇਕਰ ਉਸ ਨੂੰ ਅੱਗ ਲਾਉਣਾ ਹੀ ਚੰਗਾ ਲੱਗਦਾ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਇਸ ਦੇ ਲਈ ਸਰਕਾਰੀ ਨੀਤੀਆਂ ਜ਼ਿੰਮੇਵਾਰ ਹਨ। ਹਾਲਾਂਕਿ ਕਾਗਜ਼ਾਂ ਅਤੇ ਕਿਤਾਬਾਂ ਵਿਚ ਕਿਸਾਨਾਂ ਨੂੰ ਲਗਾਤਾਰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਰਹਿੰਦ-ਖੂੰਹਦ ਦੀ ਵਰਤੋਂ ਦੇ ਦੂਜੇ ਬਦਲ ਅਪਣਾਓ ਪਰ ਇਹ ਸਭ ''ਪਰਉਪਦੇਸ਼ ਕੁਸ਼ਲ  ਬਹੁਤੇਰੇ'' ਵਾਂਗ ਹੈ ਕਿਉਂਕਿ ਕਿਸਾਨ ਨੂੰ ਉਹ ਸਭ ਨਹੀਂ ਮਿਲ ਰਿਹਾ, ਜਿਸ ਨਾਲ ਖੇਤਾਂ ਵਿਚ ਅੱਗ ਨਾ ਲਾਉਣ ਪ੍ਰਤੀ ਉਹ ਉਤਸ਼ਾਹਿਤ ਹੋਵੇ। 
ਕਿਹਾ ਗਿਆ ਹੈ ਕਿ ਰਹਿੰਦ-ਖੂੰਹਦ ਨਾਲ ਬਿਜਲੀ ਪੈਦਾ ਕਰਨ ਲਈ ਬਾਇਓਮਾਸ ਆਧਾਰਿਤ ਬਿਜਲੀ ਪਲਾਂਟ ਲਾਏ ਜਾਣ ਪਰ ਸੱਚਾਈ ਇਹ ਹੈ ਕਿ ਪੰਜਾਬ ''ਚ ਅਜੇ ਤਕ ਇਹ ਨਹੀਂ ਲੱਗ ਸਕਿਆ ਅਤੇ ਹਰਿਆਣਾ ''ਚ ਸ਼ੁਰੂਆਤ ਹੀ ਨਹੀਂ ਹੋਈ ਹੈ। 
ਕਿਹਾ ਗਿਆ ਹੈ ਕਿ ਇਸ ਦੇ ਲਈ ਆਧੁਨਿਕ ਫੀਡਰ ਮਸ਼ੀਨਾਂ ਸਾਰੇ ਕਿਸਾਨਾਂ ਨੂੰ ਦਿੱਤੀਆਂ ਜਾਣਗੀਆਂ, ਜਿਨ੍ਹਾਂ ਦੀ ਵਰਤੋਂ ਨਾਲ ਉਹ ਖੇਤਾਂ ਦੀ ਸਫਾਈ ਦਾ ਕੰਮ ਛੇਤੀ ਨਿਪਟਾ ਸਕਦੇ ਹਨ। ਲੱਗਭਗ ਸਵਾ ਲੱਖ ਰੁਪਏ ਦੀ ਮਸ਼ੀਨ ''ਤੇ ਅੱਧੀ ਸਬਸਿਡੀ ਵੀ ਦੇਣ ਦੀ ਗੱਲ ਕਹੀ ਗਈ ਹੈ ਪਰ ਮਸ਼ੀਨਾਂ ਹੀ ਕਾਫੀ ਮਾਤਰਾ ''ਚ ਮੁਹੱਈਆ ਨਹੀਂ ਹਨ, ਜਿਸ ਕਰਕੇ ਸਿਰਫ 10 ਫੀਸਦੀ ਹੀ ਸਫਾਈ ਹੁੰਦੀ ਹੈ। 
ਕਿਸਾਨ ਨੂੰ ਕਿਹਾ ਜਾਂਦਾ ਹੈ ਕਿ ਉਹ ਝੋਨੇ ਤੇ ਕਣਕ ਨੂੰ ਛੱਡ ਕੇ ਹੋਰਨਾਂ ਫਸਲਾਂ ਦੀ ਖੇਤੀ ਕਰੇ, ਜਿਨ੍ਹਾਂ ਦੀ ਬਿਜਾਈ ਲਈ ਉਨ੍ਹਾਂ ਕੋਲ ਕਾਫੀ ਸਮਾਂ ਹੁੰਦਾ ਹੈ ਪਰ ਕੀ ਉਸ ਨੂੰ ਜ਼ਰੂਰੀ ਸਹੂਲਤਾਂ ਜਿਵੇਂ ਉੱਨਤ ਬੀਜ, ਪਨੀਰੀ ਅਤੇ ਖਾਦ ਦੇਣ ਦੇ ਸਮੁੱਚੇ ਪ੍ਰਬੰਧ  ਮੁਹੱਈਆ ਕਰਵਾਏ?  ਲੱਗਭਗ ਨਾ ਦੇ ਬਰਾਬਰ। ਫਿਰ ਜੇਕਰ ਕਿਸਾਨ ਝੋਨੇ ਅਤੇ ਕਣਕ ਦੀ ਫਸਲ ਨਹੀਂ ਬੀਜੇਗਾ ਤਾਂ ਦੇਸ਼ ਵਿਚ ਅਨਾਜ ਦੀ ਘਾਟ ਨਹੀਂ ਹੋ ਜਾਵੇਗੀ? 
ਹਾਲਾਂਕਿ ਸਾਡੇ ਕੋਲ ਅੱਜ ਖੇਤੀਬਾੜੀ ਦੇ ਵਿਗਿਆਨਕ ਅਤੇ ਤਜਰਬੇਕਾਰ ਤਰੀਕੇ ਹਨ, ਜਿਨ੍ਹਾਂ ਨੂੰ ਅਪਣਾ ਕੇ ਉਹ ਰਹਿੰਦ-ਖੂੰਹਦ ਨੂੰ ਸਾੜਨ ਤੋਂ ਪ੍ਰਹੇਜ਼ ਕਰ ਸਕਦਾ ਹੈ, ਜਿਵੇਂ ਕਿ ਜ਼ੀਰੋਟਿਲੇਜ਼, ਮਲਚਿੰਗ ਆਦਿ ਪਰ ਉਸ ਦੇ ਲਈ ਸਾਧਨ ਅਤੇ ਮਸ਼ੀਨਾਂ ਹੀ ਮੁਹੱਈਆ ਨਹੀਂ ਹਨ। ਕਿਸਾਨ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਸ ਨਾਲ ਆਰਗੈਨਿਕ ਖਾਦ ਬਣਾਏ ਪਰ ਇਸ ਦੇ ਲਈ ਕੀ ਪਲਾਂਟ ਵੀ ਉਹ ਖ਼ੁਦ ਲਾਏਗਾ?
ਕਿਸਾਨ ਇਹ ਜਾਣਦਾ ਹੈ ਕਿ ਅੱਗ ਲਾਉਣ ਨਾਲ ਜ਼ਮੀਨ ਨੂੰ ਉਪਜਾਊ ਬਣਾਈ ਰੱਖਣ ਲਈ ਨਾਈਟ੍ਰੋਜਨ, ਫਾਸਫੋਰਸ, ਸਲਫਰ, ਪੋਟਾਸ਼ੀਅਮ ਅਤੇ ਸਭ ਤੋਂ ਵੱਡੀ ਚੀਜ਼ ਮਿੱਟੀ ਦੀ ਉਪਰਲੀ ਪਰਤ ਨਸ਼ਟ ਹੋ ਜਾਂਦੀ ਹੈ। ਉਸ ਦੀ ਜ਼ਮੀਨ ਕੁਝ ਸਮੇਂ ਬਾਅਦ ਖੇਤੀ ਦੇ ਯੋਗ ਨਾ ਰਹਿ ਕੇ ਬੰਜਰ ਬਣ ਸਕਦੀ ਹੈ। 
ਉਸ ਨੂੰ ਇਹ ਵੀ ਪਤਾ ਹੈ ਕਿ ਅੱਗ ਲਾਉਣ ਨਾਲ ਅਜਿਹੇ ਕੀੜੇ-ਮਕੌੜੇ ਵੀ ਖਤਮ ਹੋ ਜਾਂਦੇ ਹਨ, ਜੋ ਖੇਤੀਬਾੜੀ ''ਚ ਸਹਾਇਕ ਹੁੰਦੇ ਹਨ। ਇਥੋਂ ਤਕ ਕਿ ਅੱਗ ਲਾਉਣ ਨਾਲ ਬਿਜਲੀ ਅਤੇ ਇਲੈਕਟ੍ਰਾਨਿਕ ਯੰਤਰਾਂ ਨੂੰ ਵੀ ਨੁਕਸਾਨ ਪਹੁੰਚਦਾ ਹੈ। ਜ਼ਮੀਨ ਦੇ ਨਾਲ-ਨਾਲ ਜਲ ਸੋਮਿਆਂ ਵਿਚ ਵੀ ਕਮੀ ਆਉਣ ਲੱਗਦੀ ਹੈ, ਜੋ ਉਸ ਦੇ ਆਪਣੇ ਭਵਿੱਖ ਲਈ ਵੀ ਘਾਤਕ ਹੈ। 
ਇਨ੍ਹਾਂ ਸਾਰੀਆਂ ਗੱਲਾਂ ਨੂੰ ਜਾਣਦੇ ਹੋਏ ਵੀ ਜੇ ਕਿਸਾਨ ਖੇਤਾਂ ਵਿਚ ਫਸਲਾਂ ਦੀ ਕਟਾਈ  ਤੋਂ ਬਾਅਦ ਰਹਿੰਦ-ਖੂੰਹਦ ਨੂੰ ਅੱਗ ਲਾਉਣ ਵਰਗੇ ਬਦਲ ਚੁਣਦਾ ਹੈ ਤਾਂ ਇਸ ਦਾ ਮਤਲਬ ਉਸ ਦੀ ਕੰਮਚੋਰੀ, ਲਾਪਰਵਾਹੀ ਅਤੇ ਲਾਲਚ ਨਹੀਂ ਹੈ, ਸਗੋਂ ਅਜਿਹੀਆਂ ਸਹੂਲਤਾਂ ਦਾ ਉਸ ਦੇ ਲਈ ਇੰਤਜ਼ਾਮ ਨਾ ਹੋਣਾ ਹੈ, ਜਿਨ੍ਹਾਂ ਦੀ ਮਦਦ ਨਾਲ ਉਹ ਇਹ ''ਅਪਰਾਧ'' ਕਰਨ ਤੋਂ ਬਚ ਸਕਦਾ ਹੈ। ਅੱਗ ਲਾਉਣ ਤੋਂ ਬਾਅਦ ਕਿਸਾਨ ਨੂੰ ਫੜਨ, ਜੁਰਮਾਨਾ ਕਰਨ ਲਈ ਸੈਟੇਲਾਈਟ  ਰਾਹੀਂ ਜਾਣਕਾਰੀ ਲੈਣੀ ਸੌਖੀ ਹੈ ਪਰ ਉਸੇ ਸੈਟੇਲਾਈਟ ਰਾਹੀਂ ਕਿਸਾਨ ਦੀ ਦੁਰਦਸ਼ਾ ਅਤੇ ਮਜਬੂਰੀ ਦਾ ਜਾਇਜ਼ਾ ਨਹੀਂ ਲਿਆ ਜਾ ਸਕਦਾ, ਇਹ ਤ੍ਰਾਸਦੀ ਹੀ ਤਾਂ ਹੈ!
ਉਪਾਅ : ਪੰਜਾਬ, ਹਰਿਆਣਾ ਤੇ ਯੂ. ਪੀ. ਵਿਚ ਅੰਦਾਜ਼ੇ ਮੁਤਾਬਿਕ ਸਾਲਾਨਾ 550 ਮਿਲੀਅਨ ਟਨ ਰਹਿੰਦ-ਖੂੰਹਦ ਖੇਤਾਂ ''ਚੋਂ ਨਿਕਲਦੀ ਹੈ। ਇਹ ਅਜਿਹੀ ਜਾਇਦਾਦ ਹੈ, ਜਿਸ ਨੂੰ ਸਾੜਨ ਦੀ ਬਜਾਏ ਉਪਯੋਗੀ ਕੰਮਾਂ ਵਿਚ ਇਸਤੇਮਾਲ ਕੀਤਾ ਜਾਵੇ ਤਾਂ ਸੂਬਿਆਂ ਦੀ ਆਰਥਿਕ ਸਥਿਤੀ ਹੋਰ ਜ਼ਿਆਦਾ ਮਜ਼ਬੂਤ ਹੋ ਸਕਦੀ ਹੈ। ਇਹ ਜੋ 10 ਇੰਚ ਲੰਮਾ ਨਾੜ ਹੁੰਦਾ ਹੈ, ਇਸ ਨਾਲ ਪਿੰਡਾਂ ਵਿਚ ਔਰਤਾਂ ਰੋਜ਼ਗਾਰ ਕਰ ਸਕਦੀਆਂ ਹਨ। ਉੱਤਰਾਖੰਡ ਵਿਚ ਇਸ ਦੀ ਵਰਤੋਂ ਕਰਕੇ ਅਜਿਹੀਆਂ ਚੀਜ਼ਾਂ ਬਣਾਈਆਂ ਜਾ ਰਹੀਆਂ ਹਨ, ਜੋ ਚੰਗੇ ਭਾਅ ''ਤੇ ਵਿਕਦੀਆਂ ਹਨ ਅਤੇ ਸ਼ਹਿਰੀ ਇਲਾਕਿਆਂ ਦੇ ਮਕਾਨਾਂ ਵਿਚ ਡਰਾਇੰਗਰੂਮਾਂ ਦੀ ਸ਼ੋਭਾ ਵਧਾਉਂਦੀਆਂ ਹਨ। 
ਇਸ ਰਹਿੰਦ-ਖੂੰਹ ਦੀ ਵਰਤੋਂ ਨਾਲ ਜੈਵਿਕ ਬਾਲਣ ਬਣਾਉਣ ਦੀ ਤਕਨਾਲੋਜੀ ਵਿਕਸਿਤ ਹੋ ਚੁੱਕੀ ਹੈ, ਜੈਵਿਕ ਖਾਦਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ। ਹੁਣ ਤਾਂ ਇਸ ਰਹਿੰਦ-ਖੂੰਹਦ ਨਾਲ ਕਾਰਡ ਬੋਰਡ ਤੋਂ ਲੈ ਕੇ ਮਜ਼ਬੂਤ ਟਾਈਲਾਂ ਤਕ ਬਣਾਉਣ ਦੀ ਤਕਨਾਲੋਜੀ ਸਾਡੇ ਦੇਸ਼ ''ਚ ਮੁਹੱਈਆ ਹੈ। 
ਪੂਰੇ ਦੇਸ਼ ਦਾ ਸਿਰਫ ਡੇਢ ਫੀਸਦੀ ਭੂਗੋਲਿਕ ਖੇਤਰ ਰੱਖਣ ਵਾਲਾ ਪੰਜਾਬ ਦੇਸ਼ ''ਚ ਅਨਾਜ ਦੀਆਂ 50 ਫੀਸਦੀ ਲੋੜਾਂ ਪੂਰੀਆਂ ਕਰਦਾ ਹੈ। ਹਰਿਆਣਾ ''ਚ ਪੰਜਾਬ ਨਾਲੋਂ ਲੱਗਭਗ ਅੱਧੀ ਪੈਦਾਵਾਰ ਹੁੰਦੀ ਹੈ। ਇਹ 2 ਸੂਬੇ ਪੂਰੇ ਭਾਰਤ ਦੀ ਭੁੱਖ ਮਿਟਾਉਣ ''ਚ ਭਾਰੀ ਯੋਗਦਾਨ ਦਿੰਦੇ ਹਨ ਪਰ ਬਦਨਾਮ ਇਸ ਗੱਲ ਕਾਰਨ ਹੁੰਦੇ ਹਨ ਕਿ ਰਹਿੰਦ-ਖੂੰਹਦ ਨੂੰ ਅੱਗ ਲਾ ਕੇ ਪ੍ਰਦੂਸ਼ਣ ਵਧਾ ਰਹੇ ਹਨ, ਲੋਕਾਂ ਨੂੰ ਬੀਮਾਰੀਆਂ ਦੀ ਸੌਗਾਤ ਦੇ ਰਹੇ ਹਨ। 
ਖੇਤੀ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਕ ਟਨ ਰਹਿੰਦ-ਖੂੰਹਦ ਸਾੜੇ ਜਾਣ ਨਾਲ 5.5 ਕਿਲੋ ਨਾਈਟ੍ਰੋਜਨ, 2.3 ਕਿਲੋ ਫਾਸਫੋਰਸ, 25 ਕਿਲੋ ਪੋਟਾਸ਼ੀਅਮ ਅਤੇ 1.2 ਕਿਲੋ ਸਲਫਰ ਨਸ਼ਟ ਹੋ ਜਾਂਦਾ ਹੈ। ਇਸ ਤੋਂ ਇਲਾਵਾ ਅੱਗ ਲਾਉਣ ਨਾਲ ਜ਼ਮੀਨ ਦਾ ਤਾਪਮਾਨ ਬਹੁਤ ਵਧ ਜਾਂਦਾ ਹੈ, ਜਿਸ ਨਾਲ ਮਿੱਟੀ ਵਿਚ ਮੌਜੂਦ ਲਾਭਦਾਇਕ ਤੱਤ, ਜਿਵੇਂ ਫੁੰਗੀ, ਕੀੜੇ-ਮਕੌੜੇ ਅਤੇ ਰੀਂਗਣ ਵਾਲੇ ਜੀਵ ਖਤਮ ਹੋ ਜਾਂਦੇ ਹਨ। ਇਸ ਅੱਗ ਨਾਲ ਜੰਗਲ ਵੀ ਤਬਾਹ ਹੁੰਦੇ ਹਨ ਤੇ ਧੂੰਏਂ ਦੀ ਸੰਘਣੀ ਚਾਦਰ ਵਿਛ ਜਾਣ ਨਾਲ ਸੜਕ ਹਾਦਸੇ ਵੀ ਹੁੰਦੇ ਹਨ। 
ਜਦ ਅੱਗ ਲਾਉਣਾ ਇੰਨਾ ਹਾਨੀਕਾਰਕ ਹੈ ਤਾਂ ਅਜਿਹੇ ਉਪਾਵਾਂ ''ਤੇ ਤੇਜ਼ੀ ਨਾਲ ਅਮਲ ਕਿਉਂ ਨਹੀਂ ਕੀਤਾ ਜਾਂਦਾ, ਜਿਨ੍ਹਾਂ ਨਾਲ ਅਸੀਂ ਇਨ੍ਹਾਂ ਬੁਰੇ ਅਸਰਾਂ ਤੋਂ ਬਚ ਸਕੀਏ। ਅਪ੍ਰੈਲ ਮਹੀਨਾ ਖਤਮ ਹੋਣ ਵਾਲਾ ਹੈ ਤੇ ਮਈ ''ਚ ਵੀ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਹੋਣਗੀਆਂ। ਫਿਰ ਉਸ ਤੋਂ ਬਾਅਦ ਅਕਤੂਬਰ, ਨਵੰਬਰ ''ਚ ਅਸੀਂ ਦੁਬਾਰਾ ਇਸ ਸਮੱਸਿਆ ਨਾਲ ਜੂਝ ਰਹੇ ਹੋਵਾਂਗੇ। 
ਹਰ ਸਾਲ ਹੋਣ ਵਾਲੀਆਂ ਅਜਿਹੀਆਂ ਘਟਨਾਵਾਂ ਤੋਂ ਬਚਣ ਦੇ ਤਰੀਕਿਆਂ ''ਚ ਕਿਸਾਨਾਂ ਨੂੰ ਫੜ ਕੇ ਜੇਲ ਵਿਚ ਬੰਦ ਕਰਨ ਜਾਂ ਜੁਰਮਾਨੇ ਕਰਨ ਦੀ ਬਜਾਏ ਕੀ ਆਧੁਨਿਕ ਤਰੀਕਿਆਂ, ਵਿਗਿਆਨਿਕ ਤਕਨੀਕਾਂ ਅਤੇ ਆਧੁਨਿਕ ਤਕਨਾਲੋਜੀ ਨਾਲ ਕਿਸਾਨਾਂ ਨੂੰ ਮਾਲਾਮਾਲ ਕਰ ਕੇ ਅਜਿਹਾ ਬਦਲ ਮੁਹੱਈਆ ਨਹੀਂ ਕਰਵਾਇਆ ਜਾ ਸਕਦਾ ਕਿ ਉਨ੍ਹਾਂ ਨੂੰ ਆਪਣੀਆਂ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਦੀ ਲੋੜ ਹੀ ਨਾ ਪਵੇ? 


Related News