ਰੇਲ ਹਾਦਸੇ ਰੋਕਣ ਲਈ ਸਟਾਫ ਦੀ ਕਮੀ ਅਤੇ ਹੋਰ ਨੁਕਸ ਤੁਰੰਤ ਦੂਰ ਕੀਤੇ ਜਾਣ
Tuesday, Jun 18, 2024 - 02:07 AM (IST)
ਭਾਰਤੀ ਰੇਲਵੇ ਏਸ਼ੀਆ ਦਾ ਦੂਜਾ ਸਭ ਤੋਂ ਵੱਡਾ ਰੇਲ ਨੈੱਟਵਰਕ ਹੈ। ਜਨਤਕ ਟਰਾਂਸਪੋਰਟ ਹੋਣ ਦੇ ਨਾਅਤੇ ਇਸ ਦੇ ਸਸਤਾ ਅਤੇ ਸੁਰੱਖਿਅਤ ਹੋਣ ਦੀ ਉਮੀਦ ਕੀਤੀ ਜਾਂਦੀ ਹੈ ਪਰ ਲਗਾਤਾਰ ਕਿਰਾਏ ਵਧਾਉਣ ਦੇ ਬਾਵਜੂਦ ਸਹੂਲਤਾਂ ਅਤੇ ਸੁਰੱਖਿਆ ਦੇ ਮਾਮਲੇ ’ਚ ਅਕਸਰ ਰੇਲਵੇ ’ਚ ਲਾਪ੍ਰਵਾਹੀ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ।
ਪਿਛਲੇ ਇਕ ਸਾਲ ’ਚ ਦੇਸ਼ ’ਚ ਦਰਜਨਾਂ ਰੇਲ ਹਾਦਸੇ ਹੋ ਚੁੱਕੇ ਹਨ। ਜਿਨ੍ਹਾਂ ’ਚ 330 ਦੇ ਲੱਗਭਗ ਮੁਸਾਫਰਾਂ ਦੀ ਮੌਤ ਅਤੇ 1500 ਦੇ ਲੱਗਭਗ ਜ਼ਖਮੀ ਹੋਏ ਹਨ। ਇੱਥੇ ਪੇਸ਼ ਹਨ ਪਿਛਲੇ ਇਕ ਸਾਲ ਦੌਰਾਨ ਹੋਏ ਕੁਝ ਵੱਡੇ ਰੇਲ ਹਾਦਸੇ :
* 2 ਜੂਨ, 2023 ਨੂੰ ਓਡਿਸ਼ਾ ਦੇ ਬਾਲਾਸੋਰ ’ਚ ਚੇਨਈ ਤੋਂ ਹਾਵੜਾ ਜਾ ਰਹੀ ਕੋਰੋਮੰਡਲ ਐਕਸਪ੍ਰੈੱਸ ਦੇ ਇਕ ਮਾਲਗੱਡੀ ਅਤੇ ਇਕ ਹੋਰ ਮੁਸਾਫਰ ਗੱਡੀ ਨਾਲ ਟਕਰਾਅ ਜਾਣ ਕਾਰਨ 296 ਵਿਅਕਤੀਆਂ ਦੀ ਮੌਤ ਅਤੇ 1200 ਤੋਂ ਵੱਧ ਵਿਅਕਤੀ ਜ਼ਖਮੀ ਹੋ ਗਏ।
* 11 ਅਕਤੂਬਰ, 2023 ਨੂੰ ਨਵੀਂ ਦਿੱਲੀ ਤੋਂ ਕਾਮੱਖਿਆ ਜਾ ਰਹੀ ‘ਨਾਰਥ ਐਕਸਪ੍ਰੈੱਸ’ ਦੇ ਬਕਸਰ ਸਟੇਸ਼ਨ ਨੇੜੇ ਹਾਦਸੇ ਦਾ ਸ਼ਿਕਾਰ ਹੋ ਜਾਣ ਕਾਰਨ 4 ਵਿਅਕਤੀਆਂ ਦੀ ਮੌਤ ਹੋ ਗਈ।
* 29 ਅਕਤੂਬਰ, 2023 ਨੂੰ ਆਂਧਰਾ ਪ੍ਰਦੇਸ਼ ’ਚ ਵਿਦਯਨਗਰਮ ਜ਼ਿਲ੍ਹੇ ਦੇ ‘ਕੰਟਾਕਾਪੱਲੀ’ ’ਚ ‘ਰਾਏਗੜ੍ਹਾ ਪੈਸੰਜਰ ਟਰੇਨ’ ਨੇ ਪਿੱਛੋਂ ਆ ਕੇ ਵਿਸ਼ਾਖਾਪਟਨਮ ਪਲਾਸਾ ਟਰੇਨ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ 14 ਮੁਸਾਫਰਾਂ ਦੀ ਮੌਤ ਹੋ ਗਈ ਅਤੇ 50 ਮੁਸਾਫਰ ਜ਼ਖਮੀ ਹੋ ਗਏ।
* 2 ਜੂਨ, 2024 ਨੂੰ ਪੰਜਾਬ ’ਚ ਸਰਹਿੰਦ ਦੇ ਮਾਧੋਪੁਰ ਨੇੜੇ 2 ਮਾਲਗੱਡੀਆਂ ਦੇ ਆਪਸ ’ਚ ਟਕਰਾਅ ਜਾਣ ਕਾਰਨ 2 ਡਰਾਈਵਰ ਜ਼ਖਮੀ ਹੋ ਗਏ।
* 7 ਜੂਨ, 2024 ਨੂੰ ਰਾਜਸਥਾਨ ਦੇ ਜੈਪੁਰ ’ਚ ‘ਖਾਤੀਪੁਰਾ’ ਅਤੇ ‘ਜਗਤਪੁਰਾ’ ਰੇਲਵੇ ਸਟੇਸ਼ਨਾਂ ਦਰਮਿਆਨ ‘ਦੌਲਤਪੁਰ-ਸਾਬਰਮਤੀ ਐਕਸਪ੍ਰੈੱਸ’ ਦੇ ਥਰਡ ਏ. ਸੀ. ਕੋਚ ’ਚ ਅੱਗ ਲੱਗ ਗਈ।
* 10 ਜੂਨ, 2024 ਨੂੰ ਦਿੱਲੀ ਦੇ ਸਰਾਏ ਰੋਹਿਲਾ ਤੋਂ ਜੰਮੂ-ਤਵੀ ਜਾ ਰਹੀ ਦੁਰੰਤੋ ਐਕਸਪ੍ਰੈੱਸ ਦੇ ਇੰਜਣ ’ਚ ਸ਼ਾਹਬਾਦ ਰੇਲਵੇ ਸਟੇਸ਼ਨ ’ਤੇ ਸ਼ਾਰਟ-ਸਰਕਟ ਨਾਲ ਅੱਗ ਲੱਗ ਗਈ।
* 16 ਜੂਨ, 2024 ਨੂੰ ਵੈਸ਼ਣੋ ਦੇਵੀ ਜਾ ਰਹੀ ਮਾਲਵਾ ਐਕਸਪ੍ਰੈੱਸ ਟਰੇਨ ਦੇ ਇੰਜਣ ਦੀ ਪਾਵਰ ਫਗਵਾੜਾ ਅਤੇ ਗੋਰਾਇਆ ਦਰਮਿਆਨ ਅਤੇ ਜੰਮੂ ਤਵੀ-ਗਾਂਧੀਨਗਰ ਕੈਪੀਟੋਲ ਦੀ ਪਾਵਰ ਦਸੂਹਾ ਨੇੜੇ ਫੇਲ ਹੋ ਜਾਣ ਕਾਰਨ ਮੁਸਾਫਰਾਂ ਨੂੰ ਭਾਰੀ ਪ੍ਰੇਸ਼ਾਨੀ ਹੋਈ।
* ਅਤੇ ਹੁਣ 17 ਜੂਨ, 2024 ਨੂੰ ਸਵੇਰੇ ਪੱਛਮੀ ਬੰਗਾਲ ਦੇ ਸਿਆਲਦਾ ਜਾ ਰਹੀ ‘ਕੰਚਨਜੰਗਾ ਐਕਸਪ੍ਰੈੱਸ’ ਨੂੰ ਦਾਰਜੀਲਿੰਗ ਜ਼ਿਲੇ ’ਚ ਇਕ ਮਾਲਗੱਡੀ ਵੱਲੋਂ ਪਿੱਛੋਂ ਟੱਕਰ ਮਾਰ ਦੇਣ ਕਾਰਨ ਮਾਲਗੱਡੀ ਦੇ ਪਾਇਲਟ ਅਤੇ ਸਹਾਇਕ ਪਾਇਲਟ ਸਮੇਤ 15 ਵਿਅਕਤੀਆਂ ਦੀ ਮੌਤ ਹੋ ਗਈ ਅਤੇ 60 ਹੋਰ ਜ਼ਖਮੀ ਹੋ ਗਏ।
ਰੇਲਵੇ ਦੇ ਸੂਤਰਾਂ ਅਨੁਸਾਰ ‘ਰਾਣੀਪਾਤਰਾ’ ਰੇਲਵੇ ਸਟੇਸ਼ਨ ਅਤੇ ‘ਛੱਤਰਹਾਟ’ ਜੰਕਸ਼ਨ ਦਰਮਿਆਨ ਆਟੋਮੈਟਿਕ ਸਿਗਨਲਿੰਗ ਸਿਸਟਮ ਸਵੇਰੇ 5.50 ਵਜੇ ਤੋਂ ਹੀ ਖਰਾਬ ਸੀ।
ਰੇਲ ਮੰਤਰਾਲਾ ਕਰੋੜਾਂ ਰੁਪਏ ਖਰਚ ਕਰ ਕੇ ਰੇਲਵੇ ਸਟੇਸ਼ਨਾਂ ਦੇ ਨਵੀਨੀਕਰਨ ਅਤੇ ਤੇਜ਼ ਰਫਤਾਰ ਗੱਡੀਆਂ ਚਲਾਉਣ ’ਤੇ ਤਾਂ ਜ਼ੋਰ ਦੇ ਰਿਹਾ ਹੈ ਪਰ ਰੇਲਵੇ ’ਚ ਸੁਰੱਖਿਅਤ ਆਵਾਜਾਈ ਲਈ ਜ਼ਰੂਰੀ ਖਾਲੀ ਅਹੁਦੇ ਭਰਨ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ।
ਜੂਨ 2023 ਤੱਕ ਰੇਲਵੇ ’ਚ ਗਰੁੱਪ ‘ਸੀ’ ਵਿਚ ਸੇਫਟੀ ਕੈਟਾਗਿਰੀ ਦੇ 1.7 ਲੱਖ ਅਹੁਦਿਆਂ ਸਮੇਤ 2,74,580 ਅਹੁਦੇ ਖਾਲੀ ਸਨ, ਜਿਸ ਕਾਰਨ ਸਟਾਫ ਨੂੰ ਓਵਰਟਾਈਮ ਕੰਮ ਕਰਨਾ ਪੈ ਰਿਹਾ ਹੈ ਅਤੇ ਰੇਲ ਹਾਦਸਿਆਂ ਦਾ ਇਕ ਕਾਰਨ ਆਵਾਜਾਈ ਸਟਾਫ ਦੀ ਥਕਾਣ ਅਤੇ ਨਜ਼ਰ ਦਾ ਕਮਜ਼ੋਰ ਹੋਣਾ ਵੀ ਸ਼ਾਮਲ ਹੈ।
ਲੋਕੋ ਪਾਇਲਟਾਂ ਦੀ ਨਜ਼ਰ ਕਾਫੀ ਦੂਰ ਤੱਕ ਸਪੱਸ਼ਟ ਵੇਖਣ ’ਚ ਸਮਰੱਥ ਹੋਣੀ ਚਾਹੀਦੀ ਹੈ ਪਰ ਕਈ ਮਾਮਲਿਆਂ ’ਚ ਉਹ ਵਧੇਰੇ ਦੂਰ ਤੱਕ ਸਪੱਸ਼ਟ ਨਹੀਂ ਵੇਖ ਸਕਦੇ। ਫਿਟਨੈੱਸ ਸਰਟੀਫਿਕੇਟ ਲੈਣ ਲਈ ਕਥਿਤ ਤੌਰ ’ਤੇ ਰਿਸ਼ਵਤ ਦਾ ਸਹਾਰਾ ਲਿਆ ਜਾਂਦਾ ਹੈ।
ਇਕ ਪਾਸੇ ਦੁਨੀਆ ਦੇ ਵਿਕਾਸਸ਼ੀਲ ਦੇਸ਼ਾਂ ਨਾਲ ਕਦਮ ਨਾਲ ਕਦਮ ਮਿਲਾ ਕੇ ਭਾਰਤੀ ਰੇਲ ਮੰਤਰਾਲਾ ਨਵੀਆਂ ਤੇਜ਼ ਰਫਤਾਰ ਗੱਡੀਆਂ ਚਲਾ ਰਿਹਾ ਹੈ ਤਾਂ ਦੂਜੇ ਪਾਸੇ ਸਵਾਲੀਆ ਨਿਸ਼ਾਨ ਲਾਉਂਦੇ ਉਕਤ ਰੇਲ ਹਾਦਸੇ ਸਬੂਤ ਹਨ ਕਿ ਭਾਰਤੀ ਰੇਲਾਂ ਕਿਸ ਹੱਦ ਤੱਕ ਹਾਦਸਿਆਂ ਦੇ ਖਤਰੇ ’ਤੇ ਹਨ।
ਅਜਿਹੀ ਸਥਿਤੀ ਪੈਦਾ ਨਾ ਹੋਵੇ, ਇਸ ਲਈ ਭਾਰਤੀ ਰੇਲਾਂ ਦੀ ਕਾਰਜਸ਼ੈਲੀ ਅਤੇ ਸੇਵਾ-ਸੰਭਾਲ ’ਚ ਤੁਰੰਤ ਬਹੁਮੰਤਵੀ ਸੁਧਾਰ ਲਿਆਉਣ ਅਤੇ ਰੇਲ ਗੱਡੀਆਂ ਨੂੰ ਚਲਾਉਣ ਵਰਗੀ ਅਹਿਮ ਡਿਊਟੀ ’ਤੇ ਤਾਇਨਾਤ ਹੋਣ ਦੇ ਬਾਵਜੂਦ ਲਾਪ੍ਰਵਾਹੀ ਵਰਤਣ ਵਾਲੇ ਮੁਲਾਜ਼ਮਾਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਲੋੜ ਹੈ। ਇਸ ਦੇ ਨਾਲ ਹੀ ਰੇਲਾਂ ਅਤੇ ਆਵਾਜਾਈ ਦੇ ਹੋਰ ਜਨਤਕ ਸਾਧਨਾਂ ਦੇ ਡਰਾਈਵਰਾਂ ਦੀ ਚੋਣ ਦੇ ਪੈਮਾਨੇ ਸਖਤ ਅਤੇ ਨਿਰਪੱਖ ਹੋਣੇ ਚਾਹੀਦੇ ਹਨ।
- ਵਿਜੇ ਕੁਮਾਰ