ਭਾਰਤ ਤੇ ਹੋਰ ਦੱਖਣੀ ਏਸ਼ੀਆਈ ਦੇਸ਼ਾਂ ਦਾ ਭਵਿੱਖ ਆਰਥਿਕ ਏਕੀਕਰਨ ’ਚ ਸ਼ਾਮਲ
Monday, Jun 05, 2023 - 11:35 AM (IST)

ਦੂਜੀ ਵਿਸ਼ਵ ਜੰਗ ਦੀ ਰਾਖ ਤੋਂ ਉਭਰਨ ਵਾਲੇ ਦੱਖਣੀ ਏਸ਼ੀਆ ਨੇ ਸ਼ਾਇਦ ਦੁਨੀਆ ਦੇ ਕਿਸੇ ਵੀ ਹੋਰ ਖੇਤਰ ਦੀ ਤੁਲਨਾ ’ਚ ਆਪਣੀ ਖੁਦ ਦੀ ਮੁਕਤੀ ਦਾ ਸਭ ਤੋਂ ਗੰਭੀਰ ਖਮਿਆਜ਼ਾ ਭੁਗਤਿਆ ਹੈ। 1947 ’ਚ ਭਾਰਤ ਦੀ ਵੰਡ ਦੂਜੀ ਵਿਸ਼ਵ ਜੰਗ ਤੋਂ ਬਾਅਦ ਦੇ ਯੁੱਗ ਦੀਆਂ ਸਭ ਤੋਂ ਵੱਡੀਆਂ ਤ੍ਰਾਸਦੀਆਂ ’ਚੋਂ ਇਕ ਹੈ। ਸਭ ਤੋਂ ਭਿਆਨਕ ਹਾਲਾਤ ’ਚ 20 ਲੱਖ ਤੋਂ ਵੱਧ ਲੋਕ ਮਾਰੇ ਗਏ ਤੇ ਹੋਰ 2 ਕਰੋੜ ਜਾਂ ਉਸ ਤੋਂ ਵੱਧ ਨੂੰ ਉਨ੍ਹਾਂ ਦੇ ਘਰ ਅਤੇ ਚੁੱਲ੍ਹੇ ਤੋਂ ਉਖਾੜ ਦਿੱਤਾ ਗਿਆ, ਜਿਸ ਨੂੰ ਉਹ ਸਦੀਆਂ ਤੋਂ ਨਹੀਂ ਤਾਂ ਦਹਾਕਿਆਂ ਤੱਕ ਘਰ ਦੇ ਰੂਪ ’ਚ ਜਾਣਦੇ ਸਨ। ਬਰਮਾ ਨੇ ਜਨਵਰੀ, 1948 ’ਚ ਆਜ਼ਾਦੀ ਪ੍ਰਾਪਤ ਕੀਤੀ, ਸ਼੍ਰੀਲੰਕਾ ਨੇ 1948 ’ਚ। ਹਾਲਾਂਕਿ ਨੇਪਾਲ 1923 ’ਚ ਐਂਗਲੋ-ਨੇਪਾਲ ਸਮਝੌਤੇ ਦੇ ਸੰਦਰਭ ’ਚ ਆਜ਼ਾਦ ਹੋ ਗਿਆ ਪਰ ਇਸ ਦੇ ਬਾਹਰੀ ਸਬੰਧ ਅਸਲ ’ਚ ਅੰਗਰੇਜ਼ਾਂ ਵੱਲੋਂ ਨਿਰਦੇਸ਼ਿਤ ਹੁੰਦੇ ਰਹੇ। ਇਸੇ ਤਰ੍ਹਾਂ ਭੂਟਾਨ ਵੀ 8 ਜਨਵਰੀ, 1910 ਨੂੰ ਹਸਤਾਖਰ ਕੀਤੀ ਪੁਨਾਖਾ ਸੰਧੀ ਦੇ ਸੰਦਰਭ ’ਚ ਅੰਗਰੇਜ਼ਾਂ ਨਾਲ ਇਕ ਸਹਾਇਕ ਗਠਜੋੜ ’ਚ ਸੀ, ਜਿਸ ਨੇ ਇਸ ਦੇ ਵਿਦੇਸ਼ੀ ਮਾਮਲਿਆਂ ’ਤੇ ਕੰਟਰੋਲ ਕੀਤਾ। ਮਾਲਦੀਵ ਨੇ 26 ਜੁਲਾਈ, 1965 ਨੂੰ ਅੰਗਰੇਜ਼ਾਂ ਤੋਂ ਆਜ਼ਾਦੀ ਹਾਸਲ ਕੀਤੀ। ਅਫਗਾਨਾਂ ਨੇ ਅੰਗਰੇਜ਼ਾਂ ਨਾਲ 1839-42, 1878-1880 ਅਤੇ 1919 ’ਚ 3 ਜੰਗਾਂ ਲੜੀਆਂ। ਅਖੀਰ ’ਚ 8 ਅਗਸਤ, 1919 ਨੂੰ ਐਂਗਲੋ-ਅਫਗਾਨ ਸੰਧੀ, ਜਿਸ ਨੂੰ ਰਾਵਲਪਿੰਡੀ ਦੇ ਸਮਝੌਤੇ ਵਜੋਂ ਵੀ ਜਾਣਿਆ ਜਾਂਦਾ ਹੈ, ਰਾਹੀਂ ਤੀਜੀ ਜੰਗ ਨੂੰ ਖਤਮ ਕਰ ਿਦੱਤਾ। ਅੰਗਰੇਜ਼ਾਂ ਨੇ ਅਫਗਾਨਿਸਤਾਨ ਦੀ ਆਜ਼ਾਦੀ ਨੂੰ ਮਾਨਤਾ ਦਿੱਤੀ।ਬਸਤੀਵਾਦ ਸ਼ੋਸ਼ਣ, ਲੁੱਟ-ਮਾਰ ਤੇ ਅੰਗਰੇਜ਼ਾਂ ਵੱਲੋਂ ਕੀਤੀਆਂ ਗਈਆਂ ਵਧੇਰੇ ਜ਼ਿਆਦਤੀਆਂ ਦੀ ਸਾਂਝੀ ਵਿਰਾਸਤ ਨੂੰ ਦੇਖਦੇ ਹੋਏ ਇਹ ਉਪ ਮਹਾਦੀਪ ਜੋ ਪੱਛਮ ’ਚ ਈਰਾਨ ਦੀਆਂ ਸਰਹੱਦਾਂ ਤੋਂ ਲੈ ਕੇ ਪੂਰਬ ’ਚ ਥਾਈਲੈਂਡ ਦੀਆਂ ਸਰਹੱਦਾਂ ਤੱਕ ਫੈਲਿਆ ਹੋਇਆ ਹੈ ਪਰ ਇਸ ਵਿਸਤਾਰ ਨੇ ਇਸ ਖੇਤਰ ’ਚ ਅੰਦਰੂਨੀ ਤੌਰ ’ਤੇ ਸਹਿ-ਕਿਰਿਆਵਾਂ ਦਾ ਲਾਭ ਉਠਾਉਂਦੇ ਹੋਏ ਇਕ ਏਕੀਕ੍ਰਿਤ ਇਕਾਈ ਬਣਾਉਣ ਲਈ ਇਕ-ਦੂਜੇ ਨਾਲ ਮਿਲ ਕੇ ਕੰਮ ਕੀਤਾ। ਜਵਾਹਰ ਲਾਲ ਨਹਿਰੂ ਨੇ 23 ਮਾਰਚ-2 ਅਪ੍ਰੈਲ, 1947 ਨੂੰ ਨਵੀਂ ਦਿੱਲੀ ’ਚ ਏਸ਼ੀਆਈ ਸਬੰਧ ਸੰਮੇਲਨ ਦੀ ਮੇਜ਼ਬਾਨੀ ਕਰ ਕੇ ਭਾਰਤ ਦੀ ਰਸਮੀ ਤੌਰ ’ਤੇ ਆਜ਼ਾਦ ਹੋਣ ਦੀ ਸ਼ੁਰੂਆਤ ਕਰ ਦਿੱਤੀ ਸੀ। ਸੰਮੇਲਨ ਵਿਸ਼ਵ ਮਾਮਲਿਆਂ ਦੀ ਭਾਰਤੀ ਪ੍ਰੀਸ਼ਦ (ਆਈ. ਸੀ. ਡਬਲਿਊ. ਏ.) ਵੱਲੋਂ ਆਯੋਜਿਤ ਕੀਤਾ ਗਿਆ ਸੀ। ਇਸ ਦੇ ਨਤੀਜੇ ਵਜੋਂ ਏਸ਼ੀਆਈ ਸਬੰਧ ਸੰਗਠਨ ਦਾ ਗਠਨ ਹੋਇਆ।
ਇਸ ਤੋਂ ਬਾਅਦ 1950 ’ਚ ਫਿਲੀਪੀਨਜ਼ ਦੇ ਬਗੁਇਓ ’ਚ ਦੂਜਾ ਸੰਮੇਲਨ ਹੋਇਆ। ਹਾਲਾਂਕਿ ਉਦੋਂ ਤੱਕ ਆਇਰਨ ਕਰਟਨ ਪੂਰੇ ਯੂਰਪ ਤੋਂ ਉਤਰ ਚੁੱਕਾ ਸੀ। ਵਿੰਸਟਨ ਚਰਚਿਲ ਨੇ 5 ਮਾਰਚ, 1946 ਨੂੰ ਮਿਸੌਰੀ ’ਚ ਫੁਲਟਨ ਫਾਲਸ ’ਚ ਆਪਣੇ ਭਾਸ਼ਣ ’ਚ ਸੀਤ ਜੰਗ ਦੀ ਸ਼ੁਰੂਆਤ ਨੂੰ ਦਰਸਾਉਣ ਲਈ ਉਚਿਤ ਰੂਪ ’ਚ ਇਸ ਰੂਪਕ ਦੀ ਵਰਤੋਂ ਕੀਤੀ ਸੀ। ਇਸ ਨੇ ਬੜੀ ਛੇਤੀ 25 ਜੂਨ, 1950 ਨੂੰ ਸ਼ੁਰੂ ਹੋਈ ਕੋਰੀਆਈ ਜੰਗ ਨਾਲ ਏਸ਼ੀਆ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ ਦੁਨੀਆ ਅਜੇ ਦੂਜੀ ਵਿਸ਼ਵ ਜੰਗ ਦੀ ਅਖੌਤੀ ਭਿਆਨਕਤਾ ਤੋਂ ਉਭਰੀ ਸੀ, ਜਿਸ ’ਚ 60 ਲੱਖ ਲੋਕ ਮਾਰੇ ਗਏ ਸਨ (ਲੋਕਾਂ ਦੀ ਇਕ ਪੂਰੀ ਨਸਲ), ਯਹੂਦੀਆਂ ਦਾ ਕਤਲੇਆਮ ਦੇਖਿਆ ਸੀ। 1945 ਦੇ ਅਗਸਤ ਤੱਕ ਕੋਲੋਨ ਤੇ ਕੋਵੈਂਟਰੀ ਤੋਂ ਨਾਨਜਿੰਗ ਅਤੇ ਨਾਗਾਸਾਕੀ ਤੱਕ ਦੇ ਸ਼ਹਿਰ ਮਲਬੇ ’ਚ ਬਦਲ ਗਏ ਸਨ। ਜੰਗ ਨੇ ਹੀਰੋਸ਼ਿਮਾ ਅਤੇ ਨਾਗਾਸਾਕੀ ਸ਼ਹਿਰਾਂ ’ਤੇ ਪ੍ਰਮਾਣੂ ਬੰਬ ਦੀ ਵਰਤੋਂ ਦੀ ਵਿਨਾਸ਼ਕਾਰੀ ਸਮਰੱਥਾ ਨੂੰ ਦੇਖਿਆ। ਇਸ ਲਈ ਇਹ ਤਰਕ ਿਦੱਤਾ ਗਿਆ ਕਿ ਦੱਖਣ ਏਸ਼ੀਆ ਦੀ ਲੀਡਰਸ਼ਿਪ ਨੂੰ ਅਜਿਹੀ ਵਿਵਸਥਾ ਦੀ ਦਿਸ਼ਾ ’ਚ ਕੰਮ ਕਰਨਾ ਚਾਹੀਦਾ ਸੀ, ਜੋ ਨੇੜ ਸਹਿਯੋਗ ਦੀ ਸਹੂਲਤ ਪ੍ਰਦਾਨ ਕਰੇ। ਦੁਨੀਆ ਦੇ ਹੋਰ ਦੇਸ਼ਾਂ ਨੇ ਆਮ ਬਾਜ਼ਾਰ ਅਤੇ ਅਜਿਹੇ ਹੋਰ ਆਰਥਿਕ ਤੰਤਰ ਬਣਾਉਣ ਦੀ ਦਿਸ਼ਾ ’ਚ ਛੋਟੇ ਕਦਮ ਉਠਾਉਣੇ ਸ਼ੁਰੂ ਕਰ ਦਿੱਤੇ। ਯੂਰਪ ’ਚ ਪਹਿਲੀ ਵਿਸ਼ਵ ਜੰਗ ’ਚ 7 ਲੱਖ ਲੋਕਾਂ ਨੂੰ ਗੁਆਉਣ ਦੇ ਬਾਵਜੂਦ ਅਤੇ ਦੂਜੀ ਵਿਸ਼ਵ ਜੰਗ ’ਚ ਮਾਰੇ ਗਏ 60 ਲੱਖ ’ਚੋਂ 40 ਲੱਖ ਤੋਂ ਵੱਧ ਦੇ ਬਾਵਜੂਦ ਯੂਰਪੀ ਕੋਲਾ ਅਤੇ ਇਸਪਾਤ ਭਾਈਚਾਰੇ (ਈ. ਸੀ. ਐੱਸ. ਸੀ.) ਦੀ ਸਥਾਪਨਾ ਦੂਜੀ ਵਿਸ਼ਵ ਜੰਗ ਦੇ 6 ਸਾਲਾਂ ਅੰਦਰ 1951 ਦੀ ਸ਼ੁਰੂਆਤ ’ਚ ਕੀਤੀ ਗਈ ਸੀ। 1957 ਤੱਕ ਇਸ ਨੇ ਰੋਮ ਦੀ ਸੰਧੀ ਦੇ ਸੰਦਰਭ ’ਚ ਯੂਰਪੀ ਆਰਥਿਕ ਭਾਈਚਾਰੇ ਦੀ ਸਥਾਪਨਾ ਦਾ ਰਸਤਾ ਸਾਫ ਕਰ ਦਿੱਤਾ ਸੀ।
ਬ੍ਰਿਟੇਨ ਦੇ ਵਿੰਸਟਨ ਚਰਚਿਲ, ਫਰਾਂਸ ਦੇ ਚਾਰਲਸ ਡੀ ਗਾਲ, ਜਰਮਨੀ ਦੇ ਕੋਨਰਾਡ ਏਡੇਨਾਇਰ ਤੇ ਅਜਿਹੇ ਹੋਰ ਦੂਰਦਰਸ਼ੀ ਸਿਆਸਤਦਾਨਾਂ ਦੇ ਯਤਨਾਂ ਨੇ ਫਲ ਿਦੱਤਾ ਅਤੇ ਯੂਰਪ ਦੀ ਲੰਬੀ ਸ਼ਾਂਤੀ, ਜੋ ਆਪਣੇ ਨਾਲ ਬੇਭਰੋਸੇਗੀ ਖੁਸ਼ਹਾਲੀ ਲੈ ਕੇ ਆਈ, 1990 ਦੇ ਦਹਾਕੇ ਦੀ ਸ਼ੁਰੂਆਤ ’ਚ ਬਾਲਕਨ ਸੰਘਰਸ਼ ਅਤੇ ਹਾਲ ਹੀ ’ਚ ਫਰਵਰੀ, 2022 ’ਚ ਯੂਕ੍ਰੇਨ ’ਤੇ ਰੂਸੀ ਹਮਲੇ ਰਾਹੀਂ 2 ਵਾਰ ਖਿੱਲਰ ਗਈ। ਨਵ-ਮੁਕਤ ਅਫਰੀਕੀ ਰਾਸ਼ਟਰਾਂ ਨੇ ਇਕੱਠੇ ਹੋਣਾ ਸ਼ੁਰੂ ਕਰ ਦਿੱਤਾ। 25 ਮਈ, 1963 ਨੂੰ ਅਦੀਸ ਅਬਾਬਾ, ਇਥੋਪੀਆ ’ਚ 32 ਅਫਰੀਕੀ ਸੂਬੇ, ਜਿਨ੍ਹਾਂ ਨੇ ਇਸ ਸਮੇਂ ਆਜ਼ਾਦੀ ਹਾਸਲ ਕੀਤੀ ਸੀ, ਅਫਰੀਕੀ ਏਕਤਾ ਸੰਗਠਨ (ਓ. ਏ. ਯੂ.) ਦੀ ਸਥਾਪਨਾ ਲਈ ਸਹਿਮਤ ਹੋਏ। ਇਹ ਹੁਣ ਇਕ 54 ਰਾਸ਼ਟਰਾਂ ਦੇ ਸੰਗਠਨ ’ਚ ਵਿਸਤਾਰਿਤ ਹੋ ਗਿਆ ਹੈ ਤੇ ਇਸ ਨੇ ਖੁਦ ਨੂੰ ਅਫਰੀਕੀ ਸੰਘ ਵਜੋਂ ਮੁੜ ਬ੍ਰਾਂਡਿਡ ਕਰ ਲਿਆ ਹੈ। ਅਮਰੀਕੀ ਸੂਬਿਆਂ ਦੇ ਸੰਗਠਨ (ਓ. ਏ. ਐੱਸ.) ਦੀ ਸਥਾਪਨਾ ਅਪ੍ਰੈਲ 1948 ’ਚ ਹੀ ਕੀਤੀ ਗਈ ਸੀ। ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਦਰਮਿਆਨ ਉੱਤਰ ਅਮਰੀਕੀ ਮੁਕਤ ਵਪਾਰ ਸਮਝੌਤਾ (ਨਾਫਟਾ) 1994 ’ਚ ਸਥਾਪਿਤ ਕੀਤਾ ਗਿਆ ਸੀ। ਇੱਥੋਂ ਤੱਕ ਕਿ ਦੱਖਣੀ ਪ੍ਰਸ਼ਾਂਤ ਦੇ ਛੋਟੇ ਦੀਪ ਰਾਸ਼ਟਰਾਂ ’ਚ ਪਾਪੁਆ ਨਿਊ ਗਿਨੀ ਸਮੇਤ 22 ਦੇਸ਼ਾਂ ਦਾ ਮਜ਼ਬੂਤ ਭਾਈਚਾਰਾ ਹੈ, ਜਿਸ ਦਾ ਪ੍ਰਧਾਨ ਮੰਤਰੀ ਨੇ ਹਾਲ ਹੀ ’ਚ ਦੌਰਾ ਕੀਤਾ ਸੀ।
ਹਾਲਾਂਕਿ ਦੱਖਣੀ ਏਸ਼ੀਆ ’ਚ ਇਕ ਸੰਸਥਾ, ਜਿਸ ਨੇ 1985 ’ਚ ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ (ਸਾਰਕ) ਬਣਾਇਆ ਸੀ, ਨੂੰ ਭਾਰਤ-ਪਾਕਿਸਤਾਨ ਦੇ ਤਿੱਖੇਪਨ ਨੇ ਨਿਰਾਰਥਕ ਬਣਾ ਦਿਤਾ ਹੈ। ਦੱਖਣੀ ਏਸ਼ੀਆ 2 ਅਰਬ ਤੋਂ ਵੱਧ ਲੋਕਾਂ ਦਾ ਘਰ ਹੈ। ਇਸ ਦੀ ਇਕ ਬਹੁਤ ਹੀ ਨੌਜਵਾਨ ਆਬਾਦੀ ਹੈ। ਇਸ ’ਚ ਕੁਝ ਸਭ ਤੋਂ ਤੇਜ਼ੀ ਨਾਲ ਵਧਦੀਆਂ ਅਰਥਵਿਵਸਥਾਵਾਂ ਸ਼ਾਮਲ ਹਨ। ਭਾਰਤ ਅਤੇ ਦੱਖਣੀ ਏਸ਼ੀਆ ਦੇ ਹੋਰਨਾਂ ਰਾਸ਼ਟਰਾਂ ਨੂੰ ਵੀ ਸਮਝਣ ਦੀ ਲੋੜ ਹੈ ਕਿ ਭਵਿੱਖ ਆਰਥਿਕ ਏਕੀਕਰਨ, ਕਸਟਮ ਡਿਊਟੀ ਸੰਘ, ਮਾਲ ਦੀ ਮੁਕਤ ਆਵਾਜਾਈ, ਸੇਵਾਵਾਂ, ਸੱਭਿਆਚਾਰਕ ਪ੍ਰਭਾਵਾਂ ਅਤੇ ਬਾਕੀ ਖੇਤਰ ’ਚ ਰਚਨਾਤਮਕ ਅਤੇ ਆਰਥਿਕ ਸਮਰੱਥਾ ਦੇ ਨਾਲ ਨਿਆਂ ਕਰਨ ’ਚ ਨਿਹਿਤ ਹੈ। ਪਹਿਲਾਂ ਤੋਂ ਹੀ ਸੋਸ਼ਲ ਮੀਡੀਆ ਅਤੇ ਇੰਟਰਨੈੱਟ ਨੇ ਨਕਸ਼ੇ ’ਤੇ ਲਾਈਨਾਂ ਨੂੰ ਬੇਮਾਨੀ ਬਣਾ ਦਿੱਤਾ ਹੈ। ਸਾਨੂੰ ਜਿਸ ਚੀਜ਼ ਤੋਂ ਛੁਟਕਾਰਾ ਪਾਉਣ ਦੀ ਲੋੜ ਹੈ, ਉਹ ਹੈ ਮਨ ’ਚ ਰੇਖਾਵਾਂ। ਇਸ ਲਈ ਦੱਖਣੀ ਏਸ਼ੀਆ ਨੂੰ ਅਜਿਹੇ ਸਿਆਸਤਦਾਨਾਂ ਦੀ ਲੋੜ ਹੈ ਜੋ ਸ਼ਿਤਿਜ ਤੋਂ ਪਰ੍ਹੇ ਭਵਿੱਖ ਵੱਲ ਦੇਖ ਸਕਣ।
ਮਨੀਸ਼ ਤਿਵਾੜੀ