ਤੇਲੰਗਾਨਾ ਵਿਧਾਨ ਸਭਾ ਚੋਣਾਂ ’ਚ ਵਿਰੋਧੀਅਾਂ ਨੂੰ ਹਰਾਉਣ ਲਈ ਕਰਨਾਟਕ ’ਚੋਂ ਗਾਇਬ ਕੀਤੇ ਜਾ ਰਹੇ ਨੇ ‘ਉੱਲੂ’
Tuesday, Dec 04, 2018 - 06:21 AM (IST)

ਕਲਬੁਰਗੀ ਜ਼ਿਲੇ ’ਚ ਪੁਲਸ ਮੁਲਾਜ਼ਮਾਂ ਨੇ ਤੇਲੰਗਾਨਾ ਦੀ ਹੱਦ ਨਾਲ ਲੱਗਦੇ ਸੇਦਾਮ ਤਾਲੁਕਾ ’ਚੋਂ 6 ਵਿਅਕਤੀਅਾਂ ਨੂੰ ‘ਇੰਡੀਅਨ ਈਗਲ’ (ਉੱਲੂਅਾਂ) ਦੀ ਤਸਕਰੀ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਪੁੱਛਗਿੱਛ ਦੌਰਾਨ ਤਸਕਰਾਂ ਨੇ ਜੋ ਵਜ੍ਹਾ ਦੱਸੀ, ਉਸ ਤੋਂ ਪੁਲਸ ਮੁਲਾਜ਼ਮ ਵੀ ਹੈਰਾਨ ਰਹਿ ਗਏ।
ਨਾਜਾਇਜ਼ ਤੌਰ ’ਤੇ ਜੰਗਲੀ ਜਾਨਵਰਾਂ ਨੂੰ ਫੜਨ ਵਾਲਿਅਾਂ ਨੇ ਦੱਸਿਆ ਕਿ ਗੁਅਾਂਢੀ ਸੂਬੇ ਤੇਲੰਗਾਨਾ ’ਚ ਚੋਣਾਂ ਲੜ ਰਹੇ ਰਾਜਨੇਤਾਵਾਂ ਨੇ ਰਾਤ ਨੂੰ ਜਾਗਣ ਵਾਲੇ ਪੰਛੀਅਾਂ ਦਾ ਆਰਡਰ ਦਿੱਤਾ ਸੀ। ਅਸਲ ’ਚ ਉਹ ਇਨ੍ਹਾਂ ਦੀ ਸਹਾਇਤਾ ਨਾਲ ਆਪਣੇ ਵਿਰੋਧੀ ਦੀ ‘ਗੁੱਡਲੱਕ’ ਨੂੰ ‘ਬੈਡਲੱਕ’ ਵਿਚ ਬਦਲਣਾ ਚਾਹੁੰਦੇ ਹਨ। ਜ਼ਿਕਰਯੋਗ ਹੈ ਕਿ ਤੇਲੰਗਾਨਾ ’ਚ 7 ਦਸੰਬਰ ਨੂੰ ਵੋਟਾਂ ਪੈਣੀਅਾਂ ਹਨ।
ਜਿੱਥੇ ਇੰਗਲੈਂਡ ਤੇ ਹੋਰਨਾਂ ਦੇਸ਼ਾਂ ’ਚ ਉੱਲੂ ਨੂੰ ਬੁੱਧੀਮਾਨੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਉਥੇ ਹੀ ਭਾਰਤ ’ਚ ਇਹ ਮੰਨਿਆ ਜਾਂਦਾ ਹੈ ਕਿ ਉੱਲੂ ਆਪਣੇ ਨਾਲ ਬੁਰੀ ਕਿਸਮਤ (ਬੈਡਲੱਕ) ਲੈ ਕੇ ਆਉਂਦੇ ਹਨ, ਖਾਸ ਤੌਰ ’ਤੇ ਉਦੋਂ, ਜਦੋਂ ਉਹ ਕਿਸੇ ਦੇ ਘਰ ’ਚ ਦਾਖਲ ਹੋ ਜਾਣ। ਇਥੇ ਉੱਲੂਅਾਂ ਦੀ ਵਰਤੋਂ ਖਾਸ ਤੌਰ ’ਤੇ ਅੰਧ-ਵਿਸ਼ਵਾਸ ਭਰੀਅਾਂ ਪ੍ਰਥਾਵਾਂ ਤੇ ਕਾਲੇ ਜਾਦੂ ਲਈ ਕੀਤੀ ਜਾਂਦੀ ਹੈ।
3 ਤੋਂ 4 ਲੱਖ ਰੁਪਏ ’ਚ ਇਕ ਉੱਲੂ ਵੇਚਣ ਦੀ ਸੀ ਯੋਜਨਾ
ਵਣ ਵਿਭਾਗ ਦੇ ਸੂਤਰਾਂ ਦਾ ਕਹਿਣਾ ਹੈ ਕਿ ਸ਼ਰਾਰਤੀ ਅਨਸਰਾਂ ਦੀ ਯੋਜਨਾ ਹਰੇਕ ਉੱਲੂ ਨੂੰ 3 ਤੋਂ 4 ਲੱਖ ਰੁਪਏ ਵਿਚ ਵੇਚਣ ਦੀ ਸੀ। ਇਕ ਅਧਿਕਾਰੀ ਨੇ ਦੱਸਿਆ, ‘‘ਉੱਲੂ ਨੂੰ ਕੰਨੜ ’ਚ ‘ਕੋਂਬਿਨਾ ਗੂਬੇ’ ਕਿਹਾ ਜਾਂਦਾ ਹੈ। ਇਸ ਪਿੱਛੇ ਇਕ ਅੰਧ-ਵਿਸ਼ਵਾਸ ਇਹ ਵੀ ਜੁੜਿਆ ਹੋਇਆ ਹੈ ਕਿ ਉੱਲੂਅਾਂ ਦੇ ਜ਼ਰੀਏ ਲੋਕਾਂ ਨੂੰ ਆਪਣੇ ਵੱਸ ’ਚ ਕੀਤਾ ਜਾ ਸਕਦਾ ਹੈ ਕਿਉਂਕਿ ਇਨ੍ਹਾਂ ਪੰਛੀਅਾਂ ਦੀਅਾਂ ਅੱਖਾਂ ਵੱਡੀਅਾਂ-ਵੱਡੀਅਾਂ ਹੁੰਦੀਅਾਂ ਹਨ ਤੇ ਉਹ ਇਨ੍ਹਾਂ ਨੂੰ ਝਪਕਦੇ ਨਹੀਂ।’’
ਕਈ ਵਾਰ ਕਾਲਾ ਜਾਦੂ ਕਰਦੇ ਸਮੇਂ ਉੱਲੂਅਾਂ ਨੂੰ ਮਾਰ ਦਿੱਤਾ ਜਾਂਦਾ ਹੈ ਤੇ ਉਨ੍ਹਾਂ ਦੇ ਸਰੀਰ ਦੇ ਅੰਗ, ਜਿਵੇਂ ਕਿ ਸਿਰ, ਖੰਭ, ਅੱਖਾਂ, ਪੈਰ ਆਦਿ ਵਿਰੋਧੀ ਉਮੀਦਵਾਰ ਦੇ ਘਰ ਅੱਗੇ ਸੁੱਟ ਦਿੱਤੇ ਜਾਂਦੇ ਹਨ ਤਾਂ ਕਿ ਉਹ ਵੱਸ ’ਚ ਆ ਜਾਵੇ ਜਾਂ ਫਿਰ ਉਸ ਨੂੰ ਚੋਣਾਂ ’ਚ ਹਾਰ ਦਾ ਸਾਹਮਣਾ ਕਰਨਾ ਪਵੇ। ਸੂਤਰਾਂ ਦਾ ਕਹਿਣਾ ਹੈ ਕਿ ਵਿਰੋਧੀ ਪਾਰਟੀਅਾਂ ਦੇ ਉਮੀਦਵਾਰ ਅਕਸਰ ਇਹ ਸਾਰੀਅਾਂ ਚੀਜ਼ਾਂ ਇਸ ਲਈ ਕਰਦੇ ਹਨ ਕਿਉਂਕਿ ਉਹ ਸੋਚਦੇ ਹਨ ਕਿ ਇਸ ਨਾਲ ਉਨ੍ਹਾਂ ਨੂੰ ਜਿੱਤ ਹਾਸਿਲ ਹੋਵੇਗੀ।
ਜੰਗਲ ’ਚ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਬੈਂਗਲੁਰੂ ਤੋਂ 3, ਮੈਸੂਰ ਤੋਂ 3 ਅਤੇ ਬੇਲਾਗਵੀ ਤੋਂ 2 ਅਜਿਹੇ ਹੀ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਹਨ। ਹਾਲਾਂਕਿ ‘ਵਾਈਲਡ ਲਾਈਫ ਐਕਟੀਵਿਸਟ’ ਦੱਸਦੇ ਹਨ ਕਿ ਦੀਵਾਲੀ ’ਤੇ ਲਕਸ਼ਮੀ ਪੂਜਾ ਵਰਗੇ ਤਿਉਹਾਰਾਂ ਸਮੇਂ ਵੀ ਉੱਲੂਅਾਂ ਦੀ ਬਹੁਤ ਮੰਗ ਹੁੰਦੀ ਹੈ।
ਕਰਨਾਟਕ ਦੇ ਪੰਛੀ ਪ੍ਰੇਮੀਅਾਂ ਦਾ ਮੰਨਣਾ ਹੈ ਕਿ ਤੇਲੰਗਾਨਾ ’ਚ ਵਿਧਾਨ ਸਭਾ ਚੋਣਾਂ ਹਨ, ਇਸ ਲਈ ਕਈ ਉੱਲੂ ਖਤਰੇ ’ਚ ਹਨ। ਕਲਬੁਰਗੀ ਸਬ-ਡਵੀਜ਼ਨ ’ਚ ਜੰਗਲਾਤ ਮਹਿਕਮੇ ਦੇ ਇਕ ਅਫਸਰ ਆਰ. ਆਰ. ਯਾਦਵ, ਜਿਨ੍ਹਾਂ ਨੇ 2 ਉੱਲੂਅਾਂ ਦੀ ਆਪਣੇ ਟਿਕਾਣੇ ’ਤੇ ਪਰਤਣ ’ਚ ਮਦਦ ਕੀਤੀ ਸੀ, ਦਾ ਕਹਿਣਾ ਹੈ ਕਿ ‘‘ਇੰਝ ਲੱਗਦਾ ਹੈ ਜਿਵੇਂ ਕਰਨਾਟਕ ’ਚ ਉੱਲੂਅਾਂ ਦੇ ਵਪਾਰ ਦਾ ਇਕ ਵੱਡਾ ਨੈੱਟਵਰਕ ਚੱਲਦਾ ਹੈ। ਸਾਨੂੰ ਪਤਾ ਲੱਗਾ ਹੈ ਕਿ ਕਰਨਾਟਕ ਦੇ ਜਮਾਖੰਡੀ, ਬਾਗਲਕੋਟ ਜ਼ਿਲਿਅਾਂ ਤੋਂ ਉੱਲੂਅਾਂ ਨੂੰ ਲਿਅਾਂਦਾ ਗਿਆ ਅਤੇ ਸੇਦਾਮ ’ਚ ਇਕ ਦਲਾਲ ਦੇ ਜ਼ਰੀਏ ਹੈਦਰਾਬਾਦ ਭੇਜਿਆ ਜਾ ਰਿਹਾ ਸੀ। ਹਰੇਕ ਉੱਲੂ ਦਾ ਭਾਰ ਲੱਗਭਗ 5 ਕਿਲੋ ਸੀ ਤੇ ਇਹ ਉੱਲੂ ਅਕਸਰ ਪਹਾੜੀ ਇਲਾਕਿਅਾਂ ’ਚ ਪਾਏ ਜਾਂਦੇ ਹਨ।’’
ਤੰਤਰ-ਸਾਧਨਾ ਲਈ ਇਸਤੇਮਾਲ ਹੁੰਦੇ ਹਨ ਉੱਲੂ
‘ਕੁਇੱਕ ਐਨੀਮਲ ਰੈਸਕਿਊ ਟੀਮ’ ਦੇ ਬਾਨੀ ਮੋਹਨ ਕੇ. ਕਹਿੰਦੇ ਹਨ ਕਿ ਕਰਨਾਟਕ ਹੋਰਨਾਂ ਸੂਬਿਅਾਂ ’ਚ ਕਾਲੇ ਜਾਦੂ ਲਈ ਉੱਲੂ ਦੇ ਸ੍ਰੋਤ ਵਜੋਂ ਤੇਜ਼ੀ ਨਾਲ ਉੱਭਰ ਰਿਹਾ ਹੈ ਪਰ ਕਰਨਾਟਕ ’ਚ ਕਾਲੇ ਜਾਦੂ ਲਈ ਉੱਲੂਅਾਂ ਦੇ ਇਸਤੇਮਾਲ ਦੇ ਬਹੁਤ ਘੱਟ ਮਾਮਲੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਤਾਂਤਰਿਕ ਆਪਣੀਅਾਂ ਕਿਰਿਆਵਾਂ ’ਚ ‘ਸਲੈਂਡਰ ਲਾਰਿਸ’ ਅਤੇ ‘ਈਗਲਜ਼’ ਦਾ ਇਸਤੇਮਾਲ ਕਰਦੇ ਹਨ ਪਰ ਕਈ ਮਾਮਲਿਅਾਂ ’ਚ ਉੱਲੂਅਾਂ ਨੂੰ ਫੜਨ ਤੇ ਉਨ੍ਹਾਂ ਦੀ ਤਸਕਰੀ ਹੋਰਨਾਂ ਸੂਬਿਅਾਂ ’ਚ ਕਰਨ ਦੇ ਮਾਮਲੇ ਵੀ ਸਾਹਮਣੇ ਆਏ ਹਨ।
ਸਲੈਂਡਰ ਲਾਰਿਸ ਨੂੰ ਫੜਨਾ ਮੁਸ਼ਕਿਲ ਹੁੰਦਾ ਹੈ, ਜਿਸ ਦੀ ਵਜ੍ਹਾ ਕਰਕੇ ਤਾਂਤਰਿਕ ਆਪਣੀ ਤੰਤਰ-ਸਾਧਨਾ ਲਈ ਉੱਲੂਅਾਂ ਦਾ ਇਸਤੇਮਾਲ ਕਰਨਾਟਕ ਵਿਚ ਵੀ ਕਰ ਸਕਦੇ ਹਨ। ਉੱਲੂ ਆਪਣੀ ਗਰਦਨ 270 ਡਿਗਰੀ ਤਕ ਘੁਮਾ ਸਕਦਾ ਹੈ।
ਇਸ ਨਾਲ ਇਕ ਅੰਧ-ਵਿਸ਼ਵਾਸ ਇਹ ਵੀ ਜੁੜਿਆ ਹੋਇਆ ਹੈ ਕਿ ਉੱਲੂਅਾਂ ਨੂੰ ਲੁਕੇ ਖਜ਼ਾਨੇ ਲੱਭਣ ’ਚ ਮੁਹਾਰਤ ਹਾਸਿਲ ਹੁੰਦੀ ਹੈ ਤੇ ਇਕ ਅੰਧ-ਵਿਸ਼ਵਾਸ ਇਹ ਵੀ ਹੈ ਕਿ ਉੱਲੂ ਖਜ਼ਾਨੇ ਵਾਲੀ ਸ਼ੱਕੀ ਜਗ੍ਹਾ ਦੇ ਚਾਰੇ ਪਾਸੇ ਚੱਕਰ ਕੱਟਦਾ ਹੈ ਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਜਿਥੇ ਉੱਲੂ ਆਪਣੀ ਗਰਦਨ 270 ਡਿਗਰੀ ’ਤੇ ਘੁਮਾ ਦੇਵੇ, ਉਥੇ ਹੀ ਖਜ਼ਾਨਾ ਲੁਕਿਆ ਹੁੰਦਾ ਹੈ।
ਐਨੀਮਲ ਐਕਟੀਵਿਸਟ ਅਤੇ ਹੋਰ ਵਣ ਜੀਵ ਪ੍ਰੇਮੀ ਕਹਿੰਦੇ ਹਨ ਕਿ ਉੱਲੂਅਾਂ ਨੂੰ ਸੁਰੱਖਿਅਤ ਰੱਖਣ ਦਾ ਸਭ ਤੋਂ ਚੰਗਾ ਤਰੀਕਾ ਇਹੋ ਹੈ ਕਿ ਅੰਧ-ਵਿਸ਼ਵਾਸ ਦਾ ਭਾਂਡਾ ਭੰਨ ਕੇ ਲੋਕਾਂ ’ਚ ਜਾਗਰੂਕਤਾ ਫੈਲਾਈ ਜਾਵੇ।