ਇਹ ‘ਹਿਟਲਰ ਦੇ ਪੁਜਾਰੀ’
Tuesday, Sep 18, 2018 - 06:11 AM (IST)

ਉਂਝ ਤਾਂ ਹਜ਼ਾਰਾਂ-ਲੱਖਾਂ ਲੋਕ ਰੋਜ਼ਾਨਾ ਇਹ ਦੁਨੀਆ ਛੱਡ ਕੇ ਤੁਰ ਜਾਂਦੇ ਹਨ ਪਰ ਇਨ੍ਹਾਂ ’ਚੋਂ ਬਹੁਤਿਅਾਂ ਦੇ ਤੁਰ ਜਾਣ ’ਤੇ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ। ਲੋਕ ਉਨ੍ਹਾਂ ਦੀ ਲਾਸ਼ ਨੂੰ ਜ਼ਮੀਨ ’ਤੇ ਬੋਝ ਸਮਝ ਕੇ ਛੇਤੀ ਤੋਂ ਛੇਤੀ ਮਗਰੋਂ ਲਾਹ ਦਿੰਦੇ ਹਨ।
ਅਸੀਂ ਸਾਰੇ ਜਾਣਦੇ ਹਾਂ ਕਿ ਬੰਦਾ ਬੇਬੁਨਿਆਦ ਅਤੇ ਆਰਜ਼ੀ ਹੈ। ਉਹ ਇਕ ਪਲ ਬੰਦਾ ਹੈ ਤੇ ਦੂਜੇ ਪਲ ਲਾਸ਼। ਹੁਣੇ-ਹੁਣੇ 2 ਮੌਤਾਂ ਹੋਈਅਾਂ ਹਨ। ਇਕ ਦੀ ਮੌਤ ’ਤੇ ਸਾਰੇ ਜਹਾਨ ’ਚ ਹਾਹਾਕਾਰ ਮਚ ਗਈ ਤੇ ਦੂਜੇ ਦੀ ਮੌਤ ਦੀ ਕਦਰ ਕਿਸੇ ਕੁੱਤੇ ਦੀ ਮੌਤ ਤੋਂ ਵੀ ਘੱਟ ਪਈ। ਪਹਿਲੀ ਮੌਤ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਤਨੀ ਕੁਲਸੂਮ ਨਵਾਜ਼ ਦੀ ਹੈ ਤੇ ਦੂਜੀ ਮੌਤ ਇਕ ਹਿਜੜੇ (ਖੁਸਰੇ) ਦੀ ਹੈ, ਜਿਸ ਨੂੰ ਸਾਹੀਵਾਲ ’ਚ ਸ਼ਰੇਆਮ ਦਿਨ-ਦਿਹਾੜੇ ਜ਼ਿੰਦਾ ਸਾੜ ਦਿੱਤਾ ਗਿਆ।
ਉਹ ਚੀਕਦਾ-ਚਿੱਲਾਉਂਦਾ ਰਿਹਾ ਪਰ ਉਸ ਦੇ ਸੜਨ ਦੀ ਨਾ ਕਿਸੇ ਨੂੰ ਬੋ ਆਈ ਅਤੇ ਨਾ ਕਿਸੇ ਨੇ ਉਸ ਦੀਅਾਂ ਚੀਕਾਂ ਸੁਣੀਅਾਂ। ਜੇ ਕਿਸੇ ਨੂੰ ਬੋ ਆਈ ਵੀ ਤਾਂ ਉਸ ਨੇ ਨੱਕ ਨੂੰ ਕੱਪੜੇ ਨਾਲ ਢਕ ਕੇ ਆਪਣਾ ਰਾਹ ਫੜ ਲਿਆ। ਕੁਲਸੂਮ ਨਵਾਜ਼ ਅਤੇ ਇਹ ਹਿਜੜਾ ਦੋਵੇਂ ਇਨਸਾਨ ਸਨ। ਇਨ੍ਹਾਂ ਦੋਹਾਂ ’ਚ ਇਨਸਾਨਾਂ ਵਾਲੀਅਾਂ ਸਾਰੀਅਾਂ ਸਰੀਰਕ ਖਾਸੀਅਤਾਂ ਵੀ ਸਨ। ਦੋਹਾਂ ਨੂੰ ਰੱਬ ਨੇ ਬਣਾਇਆ ਸੀ ਪਰ ਇਕ ਨੂੰ ਬਚਾਉਣ ਵਾਸਤੇ ਦੁਨੀਆ ਦਾ ਹਰ ਹੀਲਾ ਵਰਤਿਆ ਗਿਆ। ਮਸੀਤਾਂ ’ਚ ਉਸ ਦੀ ਜ਼ਿੰਦਗੀ ਲਈ ਸਭ ਨੇ ਇਕਮੁੱਠ ਹੋ ਕੇ ਰੱਬ ਕੋਲੋਂ ਭੀਖ ਮੰਗੀ, ਦਰਬਾਰਾਂ-ਮਜ਼ਾਰਾਂ ’ਤੇ ਮੰਨਤਾਂ ਮੰਗੀਅਾਂ ਗਈਅਾਂ, ਲੱਖਾਂ-ਕਰੋੜਾਂ ਦੁਆਵਾਂ ਮੰਗੀਅਾਂ ਗਈਅਾਂ। ਦੁਨੀਆ ’ਚ ਜੋ ਵੀ ਤਰਲਾ ਪਾਇਆ ਜਾ ਸਕਦਾ ਸੀ, ਪਾਇਆ ਗਿਆ ਪਰ ਕੁਲਸੂਮ ਨਹੀਂ ਬਚੀ ਤੇ ਕੈਂਸਰ ਦਾ ਹੜ੍ਹ ਉਸ ਨੂੰ ਰੋੜ੍ਹ ਕੇ ਲੈ ਗਿਆ।
ਦੂਜੇ ਪਾਸੇ ਵੀ ਇਕ ਇਨਸਾਨ ਸੀ, ਜ ੋ ਸਾਰੀ ਉਮਰ ਆਪਣੇ ਇਨਸਾਨ ਹੋਣ ਦੀ ਭੀਖ ਮੰਗਦਾ ਰਿਹਾ ਪਰ ਉਸ ਨੂੰ ਕਿਸੇ ਨੇ ਵੀ ਇਨਸਾਨ ਵਜੋਂ ਜ਼ਿੰਦਗੀ ਗੁਜ਼ਾਰਨ ਦੀ ਭੀਖ ਨਹੀਂ ਦਿੱਤੀ, ਹਾਂ ਜ਼ਲਾਲਤ ਜ਼ਰੂਰ ਦਿੱਤੀ ਤੇ ਨਾਲ ਹੀ ਦਰਿੰਦਗੀ ਭਰੀ ਮੌਤ। ਉਸ ਨੂੰ ਜਿਊਂਦੇ-ਜੀਅ ਭਰੇ ਬਾਜ਼ਾਰ ’ਚ ਸਭ ਦੇ ਸਾਹਮਣੇ ਸਾੜ ਦਿੱਤਾ ਗਿਆ। ਉਦੋਂ ਉਸ ਬਾਜ਼ਾਰ ’ਚ ਮੁਸਲਮਾਨ, ਮੋਮਿਨ, ਹਾਜੀ, ਨਮਾਜ਼ੀ, ਮਸਜਿਦਾਂ ਨੂੰ ਵੱਡੇ-ਵੱਡੇ ਚੰਦੇ ਦੇਣ ਵਾਲੇ, ਪੀਰਾਂ-ਫਕੀਰਾਂ ਦੇ ਦਰਬਾਰਾਂ ’ਤੇ ਹਾਜ਼ਰੀਅਾਂ ਭਰਨ ਵਾਲੇ ਤੇ ਮੰਨਤਾਂ ਮੰਗਣ ਵਾਲੇ ਮੌਜੂਦ ਸਨ। ਉਨ੍ਹਾਂ ’ਚ ਇਨਸਾਨੀਅਤ ਦੇ ਅਹਿਤਰਾਮ ਦਾ ਪ੍ਰਚਾਰ ਕਰਨ ਵਾਲੇ ਨਾਮ-ਨਿਹਾਦ ਇਨਸਾਨੀਅਤ-ਪ੍ਰਸਤ ਅਤੇ ਖੱਬੇਪੱਖੀ ਇਨਕਲਾਬੀ ਵੀ ਸ਼ਾਮਿਲ ਹੋਣਗੇ ਪਰ ਸਾਰੇ ਉਸ ਕੋਲੋਂ ਪਾਸਾ ਵੱਟ ਕੇ ਲੰਘ ਗਏ। ਉਹ ਸੜਦਾ ਰਿਹਾ, ਚੀਕਦਾ ਰਿਹਾ, ਤੜਫਦਾ ਰਿਹਾ। ਉਸ ਦਾ ਕਸੂਰ ਕੀ ਸੀ? ਰੱਬ ਨੇ ਉਸ ਨੂੰ ਔਰਤ ਤੇ ਮਰਦ ਦੇ ਵਿਚਕਾਰਲਾ ਪੈਦਾ ਕੀਤਾ ਸੀ। ਹਿਜੜਾ ਹੋਣ ਦੇ ਨਾਤੇ ਉਹ ਇਨਸਾਨੀ ਨਸਲ ਨੂੰ ਅੱਗੇ ਵਧਾਉਣ ਲਈ ਬੱਚਾ ਪੈਦਾ ਨਹੀਂ ਸੀ ਕਰ ਸਕਦਾ। ਇਸ ਪੱਖੋਂ ਉਹ ਅਪਾਹਜ ਸੀ। ਹੋਰ ਲੋਕ ਵੀ ਅਪਾਹਜ ਪੈਦਾ ਹੁੰਦੇ ਹਨ, ਜਿਵੇਂ ਕੋਈ ਅੰਨ੍ਹਾ, ਕਾਣਾ, ਗੂੰਗਾ, ਬੋਲ਼ਾ, ਲੰਗੜਾ ਤੇ ਕੋਈ ਬਾਂਝ।
ਜੇ ਬਾਰੀਕੀ ਨਾਲ ਦੇਖਿਆ ਜਾਵੇ ਤਾਂ ਦੁਨੀਆ ’ਚ ਸ਼ਾਇਦ ਹੀ ਕੋਈ ਅਜਿਹਾ ਇਨਸਾਨ ਹੋਵੇਗਾ, ਜੋ ਬਿਨਾਂ ਕਿਸੇ ਕਮੀ ਦੇ ਪੈਦਾ ਹੋਇਆ ਹੋਵੇ। ਜੇ ਕਿਸੇ ’ਚ ਕੋਈ ਜਿਸਮਾਨੀ ਕਮੀ ਜਾਂ ਅਪਾਹਜਪੁਣਾ ਨਹੀਂ ਹੈ ਤਾਂ ਉਹਦੇ ’ਚ ਕੋਈ ਨਾ ਕੋਈ ਸਾਇਕੋਲਾਜੀਕਲ ਕਮੀ ਜ਼ਰੂਰ ਹੁੰਦੀ ਹੈ। ਇਤਿਹਾਸ ’ਚ ਸਾਨੂੰ ਵੱਡੀਅਾਂ-ਵੱਡੀਅਾਂ ਹਸਤੀਅਾਂ ਮਿਲਦੀਅਾਂ ਹਨ, ਜਿਨ੍ਹਾਂ ’ਚ ਕੋਈ ਨਾ ਕਈ ਕਮੀ ਜ਼ਰੂਰ ਸੀ। ਕਿਸੇ ਨੂੰ ਮਿਰਗੀ ਪੈਂਦੀ ਸੀ, ਕੋਈ ਲੱਤ ਤੋਂ ਲੰਗੜਾ ਸੀ ਤਾਂ ਕਿਸੇ ਨੂੰ ਕੋਈ ਹੋਰ ਰੋਗ ਸੀ।
ਇਤਿਹਾਸ ’ਚ ਇਨਸਾਨ ਨੂੰ ਇਨਸਾਨਾਂ ਦੇ ਅਪਾਹਜਪੁਣੇ ਅਤੇ ਸਰੀਰਕ ਕਮੀਅਾਂ ਦੀ ਜਾਣਕਾਰੀ ਸੀ। ਇਸੇ ਲਈ ਇਨਸਾਨ ਨੇ ਇਨ੍ਹਾਂ ਦਾ ਹੱਲ ਕੱਢਣ ਦਾ ਹੀਲਾ ਕੀਤਾ। ਹਕੀਮੀ ਅਤੇ ਤਿੱਬ ਇਸੇ ਮਸਲੇ ਦੇ ਹੱਲ ਦਾ ਨਾਂ ਸੀ। ਇਸੇ ਲਈ ਹਸਪਤਾਲ ਬਣੇ। ਜੋ ਲੋਕ ਲਾਇਲਾਜ ਸਨ, ਇਨਸਾਨ ਨੇ ਉਨ੍ਹਾਂ ਦੇ ਵੀ ਜ਼ਿੰਦਾ ਰਹਿਣ ਦਾ ਪ੍ਰਬੰਧ ਕੀਤਾ।
ਇਤਿਹਾਸ ’ਚ ਅਜਿਹੇ ਲੋਕ ਵੀ ਹੋਏ ਹਨ, ਜਿਨ੍ਹਾਂ ਨੇ ਇਨ੍ਹਾਂ ਬੀਮਾਰਾਂ ਨੂੰ ਬੋਝ ਸਮਝ ਕੇ ਇਨ੍ਹਾਂ ਦਾ ਹੱਲ ‘ਮੌਤ’ ਕੱਢਿਆ। ਇਨ੍ਹਾਂ ‘ਇਨਸਾਨ-ਮਾਰੂ’ ਲੋਕਾਂ ’ਚੋਂ ਇਕ ਸ਼ਖ਼ਸ ਸੀ ਹਿਟਲਰ, ਜਿਸ ਨੇ ਅਪਾਹਜਾਂ ਨੂੰ ਯਹੂਦੀਅਾਂ, ਕਮਿਊਨਿਸਟਾਂ, ਹੋਮੋਸੈਕਸੁਅਲ ਜਾਂ ਹਮਜਿਨਸ-ਪ੍ਰਸਤ ਲੋਕਾਂ ਨਾਲ ਗੈਸ ਚੈਂਬਰਾਂ ’ਚ ਤੁੰਨ ਕੇ ਮਾਰ ਦਿੱਤਾ।
ਹਿਟਲਰ ਤਾਂ ਮਰ ਗਿਆ ਪਰ ਵੇਲੇ-ਕੁਵੇਲੇ ਉਸ ਦੇ ਗੱਦੀਨਸ਼ੀਨ ਪੈਦਾ ਹੁੰਦੇ ਰਹੇ। ਕਦੇ ਇਹ ਜਾਨਸ਼ੀਨ ਹਾਕਮ ਸਨ ਤਾਂ ਕਦੇ ਆਮ ਫਰਦ। ਕਦੇ ਹਿਟਲਰ ਦੀ ਰੂਹ ਸਮਾਜ ਰਾਹੀਂ ਵੀ ਜ਼ਾਹਿਰ ਹੋਈ ਤੇ ਇਸ ਸਮਾਜ ’ਚ ਇਨਸਾਨਾਂ ਨੂੰ ਕਦੇ ਇਕ ਫਰਦ ਵਜੋਂ ਮਾਰਿਆ ਗਿਆ ਤੇ ਕਦੇ ਇਕ ਗਰੁੱਪ ਦੀ ਸ਼ਕਲ ’ਚ।
ਸਾਹੀਵਾਲ ’ਚ ਜਦ ਇਕ ਹਿਜੜੇ ਨੂੰ ਜ਼ਿੰਦਾ ਸਾੜਿਆ ਗਿਆ ਤਾਂ ਉਹ ਸਮਾਜਿਕ ਨਾਜ਼ੀਵਾਦ ਦੀ ਇਕ ਸ਼ਕਲ ਹੀ ਸੀ। ਜੋ ਕੰਮ ਹਿਟਲਰ ਨੇ ਕੀਤਾ ਸੀ, ਉਹੀ ਕੰਮ ਸਾਹੀਵਾਲ ’ਚ ਹਿਟਲਰ ਦੇ ਪੁਜਾਰੀਅਾਂ ਨੇ ਕੀਤਾ।
ਜੇ ਪਾਕਿਸਤਾਨ ਦੀ ਰਿਆਸਤ ਇਸ ਅਪਰਾਧ ਨੂੰ ਜਾਇਜ਼ ਸਮਝ ਕੇ ਹਿਟਲਰ ਦੇ ਇਨ੍ਹਾਂ ਪੁਜਾਰੀਅਾਂ ਵਿਰੁੱਧ ਕੋਈ ਕਾਰਵਾਈ ਨਹੀਂ ਕਰਦੀ ਤਾਂ ਫਿਰ ਅਗਲੀ ਵਾਰੀ ਪਾਕਿਸਤਾਨ ’ਚ ਰਹਿੰਦੇ ਸਾਰੇ ਅਪਾਹਜਾਂ ਤੇ ਬੀਮਾਰਾਂ ਦੀ ਹੈ। ਇਸ ਕੰਮ ਲਈ ਪਾਕਿਸਤਾਨ ਨੂੰ ਸਭ ਕੁਝ ਛੱਡ ਕੇ ਗੈਸ ਚੈਂਬਰ ਬਣਾਉਣੇ ਪੈਣਗੇ।