ਕੁੜੱਤਣ ਤੇ ਨਫਰਤ ਨਾਲ ਸਾਕਾਰਾਤਮਕ ਅਤੇ ਲਾਹੇਵੰਦ ਨਤੀਜੇ ਨਹੀਂ ਨਿਕਲਦੇ

Monday, Nov 26, 2018 - 06:57 AM (IST)

6 ਦਸੰਬਰ 1992 ਨੂੰ ਮੇਰੇ 23ਵੇਂ ਜਨਮ ਦਿਨ ’ਚ ਕੁਝ ਹੀ ਦਿਨ ਬਾਕੀ ਸਨ। ਉਸ ਸ਼ਾਮ ਮੈਂ ਆਪਣੇ ਦੋਸਤ ਰਾਜੀਵ ਦੇਸਾਈ ਦੇ ਘਰ ਸੀ ਅਤੇ ਉਸ ਨੇ ਮੈਨੂੰ ਕਿਹਾ ਕਿ ਬਾਬਰੀ ਮਸਜਿਦ ਨੂੰ ਡੇਗ ਦਿੱਤਾ ਗਿਆ ਹੈ। 
ਮੈਂ ਇਹ ਸੋਚ ਕੇ ਹੈਰਾਨ ਹੋ ਗਿਆ ਕਿ ਕੁਝ ਨਵਾਂ ਅਤੇ ਹਿੰਸਕ ਹੋਇਆ ਹੈ। ਅਗਲੇ ਦਿਨ ਮੈਂ ਸੂਰਤ ਦੀ ਕੱਪੜਾ ਮਾਰਕੀਟ ’ਚ ਆਪਣੀ ਛੋਟੀ ਜਿਹੀ ਦੁਕਾਨ ਖੋਲ੍ਹਣ ਗਿਆ  ਤਾਂ ਸਾਰੀਅਾਂ ਦੁਕਾਨਾਂ ਬੰਦ ਸਨ। ਮੈਂ ਇਹ ਪੁੱਛਣ ਲਈ ਆਪਣੇ ਪਿਤਾ ਨੂੰ ਫੋਨ ਕੀਤਾ ਕਿ ਮੈਂ ਕੀ ਕਰਾਂ ਅਤੇ ਉਨ੍ਹਾਂ ਨੇ ਕਿਹਾ ਕਿ ਮੈਨੂੰ ਕੁਝ ਦੇਰ ਉਡੀਕ ਕਰਨੀ ਅਤੇ ਫਿਰ ਪਰਤ ਆਉਣਾ ਚਾਹੀਦਾ ਹੈ। ਪਰਤਦੇ ਸਮੇਂ ਇਕ ਕਾਲੋਨੀ ’ਚ ਮੇਰੀ ਬਾਈਕ ਨੂੰ ਰੋਕ ਕੇ ਮੇਰੇ ਕੋਲੋਂ ਮੇਰਾ ਨਾਂ ਪੁੱਛਿਆ ਗਿਆ। ਮੈਂ ਆਪਣਾ ਨਾਂ ਦੱਸਿਆ ਅਤੇ ਫਿਰ ਵਿਅਕਤੀ ਨੇ ਕਿਹਾ ਕਿ ‘‘ਕ੍ਰਿਪਾ ਕਰ ਕੇ ਦੁਬਾਰਾ ਇਥੇ ਵਾਪਿਸ ਨਾ ਆਉਣਾ।’’
ਆਪਣੇ 8ਵੀਂ ਮੰਜ਼ਿਲ ’ਤੇ ਸਥਿਤ ਫਲੈਟ ਤੋਂ ਮੈਂ ਦੇਖ ਸਕਦਾ ਸੀ ਕਿ ਬਾਅਦ ਦੁਪਹਿਰ 1 ਵਜੇ ਤਕ ਸੂਰਤ  ’ਚ ਕਈ ਥਾਵਾਂ ’ਤੇ ਧੂੰਏਂ ਦੇ ਗੁਬਾਰ ਉੱਠ ਰਹੇ ਸਨ। ਇਸ ਤੋਂ ਪਹਿਲਾਂ ਮੈਂ ਕਦੇ ਵੀ ਇੰਨੀ ਵੱਡੀ ਪੱਧਰ ’ਤੇ ਹਿੰਸਾ ਨਹੀਂ ਦੇਖੀ ਸੀ ਅਤੇ ਨਹੀਂ ਸੋਚਿਆ ਸੀ ਕਿ ਕੁਝ ਹੀ ਦਿਨਾਂ ’ਚ 500 ਤੋਂ ਵੱਧ ਲੋਕਾਂ, ਜ਼ਿਆਦਾਤਰ ਮੁਸਲਮਾਨਾਂ,  ਨੂੰ ਸ਼ਹਿਰ ’ਚ ਕੱਟ ਦਿੱਤਾ ਜਾਵੇਗਾ। ਇਹ ਧੂੰਏਂ ਦੇ ਗੁਬਾਰ ਮੁਸਲਮਾਨਾਂ ਦੇ ਘਰਾਂ ਅਤੇ ਕਾਰੋਬਾਰੀ ਅਦਾਰਿਅਾਂ ਤੋਂ ਉੱਠ ਰਹੇ ਸਨ, ਜਿਨ੍ਹਾਂ ਨੂੰ ਯੋਜਨਾਬੱਧ ਢੰਗ ਨਾਲ ਲੁੱਟਿਆ ਅਤੇ ਸਾੜਿਆ ਜਾ ਰਿਹਾ ਸੀ। 
ਨਿਸ਼ਚਿਤ ਤੌਰ ’ਤੇ ਮੇਰਾ ਰੋਮਾਂਚ ਉਸ ਸਮੇਂ ਹਵਾ ਹੋ ਗਿਆ, ਜਦੋਂ ਮੈਨੂੰ ਅਹਿਸਾਸ ਹੋਇਆ ਕਿ ਕੁਝ ਨਵਾਂ ਅਤੇ ਹਿੰਸਕ ਜ਼ਰੂਰ ਹੋਇਆ ਹੈ ਪਰ ਇਹ ਕਿਸੇ ਵੀ ਤਰ੍ਹਾਂ ਨਾਲ ਸਾਕਾਰਾਤਮਕ ਨਹੀਂ ਸੀ। 
ਜਵਾਬ ਦੇਣਾ ਅਾਸਾਨ ਨਹੀਂ
ਅਸੀਂ ਮੁਸਲਮਾਨਾਂ ਨੂੰ ਢਾਂਚਾ ਡੇਗਣ ਤੋਂ ਬਾਅਦ ਉਨ੍ਹਾਂ ਨੂੰ ਸਜ਼ਾ ਦੇ ਰਹੇ ਸੀ। ਕਿਉ? ਇਸ ਦਾ ਜਵਾਬ ਦੇਣਾ ਆਸਾਨ ਨਹੀਂ ਸੀ। ਲੇਖਕ ਵੀ. ਐੱਸ. ਨਾਇਪਾਲ, ਜੋ ਕੋਈ ਵੀ ਭਾਰਤੀ ਭਾਸ਼ਾ ਨਹੀਂ ਬੋਲਦੇ ਪਰ ਸਾਡੇ ਸਮਾਜ ਨੂੰ  ਕਾਫੀ ਡੂੰਘਾਈ ਨਾਲ ਸਮਝਣ ’ਚ ਸਮਰੱਥ ਸਨ, ਨੇ ਮਹਿਸੂਸ ਕੀਤਾ ਕਿ ਮਸਜਿਦ ਦੇ ਵਿਰੁੱਧ ਅੰਦੋਲਨ ਇਕ ਸਾਕਾਰਾਤਮਕ ਚੀਜ਼ ਸੀ। ਉਨ੍ਹਾਂ ਦਾ ਸਪੱਸ਼ਟੀਕਰਨ ਇਹ ਸੀ ਕਿ ਭਾਰਤੀ ਸਮਾਜ ਉਸੇ ਰਸਤੇ ’ਤੇ ਸੀ, ਜਿਸ ’ਤੇ ਇਸ ਨੂੰ ਹੋਣਾ ਚਾਹੀਦਾ ਸੀ–ਭਾਵ ਗਰੀਬ, ਗੰਦਾ ਅਤੇ ਗੈਰ-ਕਲਪਨਾਸ਼ੀਲ ਕਿਉਂਕਿ ਹਿੰਦੂ ਮਾਨਸਿਕਤਾ ਬਸਤੀਵਾਦੀ ਵਾਲੀ ਰਹੀ ਹੈ ਅਤੇ ਇਸ ਨੂੰ ਉਸ ਤੋਂ ਆਜ਼ਾਦ ਹੋਣ ਦੀ ਲੋੜ ਸੀ। ਤਬਾਹੀ ਦੇ ਕਾਰਨ ਪੈਦਾ ਹਿੰਸਾ ਅਤੇ ਊਰਜਾ ਸਾਕਾਰਾਤਮਕ ਬੌਧਿਕ ਤਬਦੀਲੀ ਲਿਆਏਗੀ। 
ਇਹ ਬੌਧਿਕਤਾ ’ਤੇ ਨਹੀਂ, ਸਗੋਂ ਉਨ੍ਹਾਂ ਦੇ ਤਜਰਬਿਅਾਂ ’ਤੇ ਆਧਾਰਿਤ ਸੀ। ਜੇਕਰ ਕੋਈ ਇਸ ਬਾਰੇ ਗੰਭੀਰਤਾਪੂਰਵਕ ਸੋਚੇ ਤਾਂ ਇਹ ਕਾਫੀ ਬੇਹੂਦਾ ਹੈ। ਇਸ ਤੋਂ ਇਹ ਅਨੁਮਾਨ ਲੱਗਦਾ ਹੈ ਕਿ ਵੱਖ-ਵੱਖ ਸਾਮਰਾਜਾਂ–ਅਫਗਾਨ, ਤੁਰਕ, ਮੁਗਲ ਅਤੇ ਪਰਸ਼ੀਅਨਾਂ ਵਲੋਂ ਜਿੰਨੀਅਾਂ ਵੀ ਸਦੀਅਾਂ ਤਕ ਸ਼ਾਸਨ ਕੀਤਾ ਗਿਆ, ਉਨ੍ਹਾਂ ’ਚ ਉਹ ਸਾਰੇ ਇਕ-ਦੂਜੇ ਨਾਲ ਲੜਦੇ ਰਹੇ, ਜੋ ਇਕ ਲਗਾਤਾਰ ਚੱਲਣ ਵਾਲੀ ਚੀਜ਼ ਸੀ। ਇਸ ਤੋਂ ਇਹ ਵੀ ਅਨੁਮਾਨ ਲੱਗਦਾ ਹੈ ਕਿ ਬਸਤੀਵਾਦੀ ਸ਼ਾਸਕ, ਜੋ ਮੁਸਲਮਾਨ ਨਹੀਂ ਸਨ (ਮਿਸਾਲ ਵਜੋਂ ਬੜੌਦਾ ’ਚ ਮਰਾਠਾ ਗਾਇਕਵਾੜ ਜਾਂ ਗਵਾਲੀਅਰ ’ਚ ਸਿੰਧੀਆ), ਵੱਖ ਸਨ ਅਤੇ ਉਨ੍ਹਾਂ ਨੇ ਆਪਣੀ ਜਨਤਾ ’ਤੇ ਨਾ ਤਾਂ ਕੋਈ ਕਰ ਲਾਇਆ ਅਤੇ ਨਾ ਹੀ ਉਸ ਦਾ ਦਮਨ ਕੀਤਾ। ਇਸ ਤੋਂ ਇਹ ਵੀ ਅਨੁਮਾਨ ਲੱਗਦਾ ਹੈ ਕਿ ਭਾਰਤ ਦੇ ਸਾਰੇ ਹਿੱਸਿਅਾਂ ’ਤੇ ਮੁਸਲਮਾਨਾਂ ਦਾ ਸ਼ਾਸਨ ਰਿਹਾ। ਇਹ ਸੱਚ ਨਹੀਂ ਹੈ।
ਨਾਇਪਾਲ ਇਕ ਸਿੱਖਿਆ ਸ਼ਾਸਤਰੀ ਨਹੀਂ ਸਨ ਅਤੇ ਇਸ ਲਈ ਉਨ੍ਹਾਂ ਦੇ ਕਥਨਾਂ ਨੂੰ ਉਚਿਤ ਚੁਣੌਤੀ ਨਹੀਂ ਦਿੱਤੀ ਗਈ। ਕੋਈ ਵੀ ਸਹੀ ਵਿਦਵਾਨ ਇਸ ਤਰ੍ਹਾਂ ਢਿੱਲੇ ਤਰਕ ਨਹੀਂ ਦੇਵੇਗਾ ਅਤੇ ਨਾ ਹੀ ਕਿਸੇ ਨੇ ਦਿੱਤੇ ਹਨ। ਕੀ 6 ਦਸੰਬਰ 1992 ਨੂੰ ਸਮੂਹਿਕ ਹਿੰਦੂ ਮਾਨਸਿਕਤਾ ਆਜ਼ਾਦ ਹੋ ਗਈ ਸੀ? ਨਹੀਂ, ਨਹੀਂ ਹੋਈ ਸੀ। ਅਸੀਂ ਕਿਸੇ ਵੀ ਤਰ੍ਹਾਂ ਨਾਲ ਇਕ ਵੱਖਰਾ ਰਾਸ਼ਟਰ ਨਹੀਂ ਹਾਂ। ਸਾਡੀ ਸਮੂਹਿਕ ਸੋਚ ’ਚ ਵੱਡੀ ਤਬਦੀਲੀ 1991 ’ਚ ਮਨਮੋਹਨ ਸਿੰਘ ਦੀਅਾਂ ਉਦਾਰ ਨੀਤੀਅਾਂ ਨਾਲ ਆਈ, ਨਾ ਕਿ 1992 ਦੀਅਾਂ ਜ਼ਾਲਿਮਾਨਾ ਕਾਰਵਾਈਅਾਂ ਨਾਲ। 
ਸ਼ਾਇਦ ਨਾਇਪਾਲ ਦਾ ਮਤਲਬ ਲੰਮੇ ਸਮੇਂ ਤੋਂ ਹੋਵੇਗਾ ਪਰ ਫਿਰ ਇਕ-ਚੌਥਾਈ ਸਦੀ ਇਕ ਲੰਮਾ ਸਮਾਂ ਹੈ ਅਤੇ ਅਸੀਂ ਪਹਿਲਾਂ ਤੋਂ ਹੀ ਇਕ ਅਜਿਹੇ ਸਮੇਂ ’ਚ ਰਹਿ ਰਹੇ ਹਾਂ, ਜਦੋਂ ਅੱਜ  ਦੇ ਜ਼ਿਆਦਾਤਰ ਭਾਰਤੀ ਤਬਾਹੀ ਤੋਂ ਬਾਅਦ ਪੈਦਾ ਹੋਏ ਸਨ। ਨਿਸ਼ਚਿਤ ਤੌਰ ’ਤੇ ਇਸ ਨੇ ਉਨ੍ਹਾਂ ਨੂੰ ਪ੍ਰਭਾਵਿਤ ਨਹੀਂ ਕੀਤਾ ਹੋਵੇਗਾ।
ਆਸਾਨੀ ਨਾਲ ਫਿਰਕਾਪ੍ਰਸਤ ਬਣ ਗਏ
ਇਥੇ ਕੋਈ ਆਜ਼ਾਦੀ ਨਹੀਂ ਹੈ। ਜੋ ਇਕ ਤਬਦੀਲੀ ਹੋਈ ਹੈ, ਉਹ ਇਹ ਕਿ ਅਸੀਂ ਇਕ ਰਾਸ਼ਟਰ ਦੇ ਤੌਰ ’ਤੇ ਆਪਣੇ ਪ੍ਰਗਟਾਵੇ ’ਚ ਜ਼ਿਆਦਾ ਆਸਾਨੀ ਨਾਲ ਫਿਰਕਾਪ੍ਰਸਤ ਬਣ ਗਏ ਹਾਂ। ਅੱਜ ਸਿਆਸੀ ਦਲ ਅਤੇ ਮਾਸ ਮੀਡੀਆ ਅਤੇ ਅਸੀਂ ਅਜਿਹੀਅਾਂ ਚੀਜ਼ਾਂ ਗੁਸਤਾਖੀ  ਭਰੀਅਾਂ  ਕਹਿ ਸਕਦੇ ਹਾਂ, ਜਿਨ੍ਹਾਂ ਨੂੰ 1992 ਤੋਂ ਪਹਿਲਾਂ ਕਹਿਣ ’ਚ ਉਹ ਸ਼ਾਇਦ ਝਿਜਕਦੇ ਸਨ। 
ਹੁਣ ਅਜਿਹੀਅਾਂ ਖ਼ਬਰਾਂ ਹਨ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ 2 ਲੱਖ ਲੋਕ ਅਯੁੱਧਿਆ ’ਚ ਇਕੱਠੇ ਹੋਏ। ਊਧਵ ਠਾਕਰੇ ਅਤੇ ਉਨ੍ਹਾਂ ਦੇ ਬੇਟੇ ਦੀ ਅਗਵਾਈ ’ਚ ਲੱਗਭਗ 5000 ਸ਼ਿਵ ਸੈਨਿਕ ਵੀ ਪਹੁੰਚੇ। ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਜੋ ਕੁਝ  ਠੀਕ  ਨਹੀਂ ਹੈ,  ਕੀ ਇਹ ਅਯੁੱਧਿਆ ’ਚ ਅੰਤਿਮ ‘ਧਰਮ ਸਭਾ’ ਹੋਵੇਗੀ।  ਉਨ੍ਹਾਂ ਦੇ ਅਜਿਹਾ ਕਰਨ ਦੇ ਪਿੱਛੇ ਕਾਰਨ ਇਹ ਹੈ ਕਿ ਉਹ ਭਾਜਪਾ ਸਰਕਾਰ ’ਤੇ ਚੋਣਾਂ ਤੋਂ ਪਹਿਲਾਂ ਮੰਦਰ ਬਣਾਉਣਾ ਸ਼ੁਰੂ ਕਰਨ ਲਈ ਦਬਾਅ ਬਣਾਉਣਾ ਚਾਹੁੰਦੇ ਹਨ। ਇਹ ਅਜਿਹਾ ਹੈ ਕਿ ਜਿਵੇਂ ਭਾਰਤੀ ਜਨਤਾ ਪਾਰਟੀ ਨੂੰ ਅਜਿਹਾ ਕਰਨ ਲਈ ਉਤਸ਼ਾਹ ਦੇਣ ਦੀ ਲੋੜ ਸੀ। 
ਭਾਵਨਾ ਨਕਾਰਾਤਮਕ ਸੀ
ਜੇਕਰ ਅੱਜ ਭਾਜਪਾ ਸੱਤਾ ’ਚ ਹੈ ਤਾਂ ਇਸ ਦੇ ਪਿੱਛੇ ਇਕ ਵੱਡਾ ਕਾਰਨ ਇਸ ਦੀਅਾਂ 1992 ਦੀਅਾਂ ਕਾਰਵਾਈਅਾਂ ਸਨ। ਜਿਸ ਭਾਵਨਾ ਨੇ ਉਸ ਸਮੇਂ ਭਾਜਪਾ ਨੂੰ ਲੋਕਪ੍ਰਿਯ ਬਣਾਇਆ ਸੀ, ਉਹ ਨਕਾਰਾਤਮਕ ਸੀ। ਇਸ ਦਾ ਅਰਥ ਇਹ ਸੀ ਕਿ ਉਹ ਫਿਰਕਾਪ੍ਰਸਤੀ ਤੋਂ  ਪ੍ਰੇਰਿਤ ਸੀ।  ਇਹ ਮੰਦਰ ਦੇ ਪੱਖ ’ਚ ਹੋਣ ਦੀ ਬਜਾਏ ਮਸਜਿਦ ਦੇ ਵਿਰੁੱਧ ਸੀ। ਇਹੀ ਕਾਰਨ ਹੈ ਕਿ ਰਾਮ ਜਨਮ ਭੂਮੀ ਅੰਦੋਲਨ ਤਬਾਹੀ ਤੋਂ ਬਾਅਦ ਧਰਾਸ਼ਾਹੀ ਹੋ ਗਿਆ ਅਤੇ ਇਸ ਕਾਰਨ ਹਿੰਸਾ ਪੈਦਾ ਹੋਈ। 
ਇਹ ਹੁਣ ਤਕ ਨਕਾਰਾਤਮਕ ਬਣੀ ਹੋਈ ਹੈ ਤੇ ਇਸ ਦਾ ਉਦੇਸ਼ ਹੋਰਨਾਂ ਭਾਰਤੀਅਾਂ ਨੂੰ ਸਜ਼ਾ ਦੇਣਾ ਹੈ। ਇਹ ਲੋਕ ਭਗਤੀ ਜਾਂ ਧਰਮ ਨਿਸ਼ਠਾ ਦੀ ਭਾਵਨਾ ਨਾਲ ਇਕੱਠੇ ਨਹੀਂ ਹੋ ਰਹੇ ਹਨ, ਇਹ ਜ਼ਿਆਦਾਤਰ ਨਫਰਤ ਦੀਅਾਂ ਭਾਵਨਾਵਾਂ ਕਾਰਨ ਹੈ। ਉਨ੍ਹਾਂ ਦੇ ਨਾਅਰਿਅਾਂ ਤੇ ਭਾਸ਼ਣਾਂ ਨੂੰ ਸੁਣੋ ਅਤੇ ਇਹ ਤੁਰੰਤ ਸਪੱਸ਼ਟ ਹੋ ਜਾਵੇਗਾ। 
ਇਸ ਤਰ੍ਹਾਂ ਦੀ ਕੁੜੱਤਣ ਅਤੇ ਨਫਰਤ ਨਾਲ ਕੁਝ ਵੀ ਸਾਕਾਰਾਤਮਕ ਅਤੇ ਲਾਹੇਵੰਦ ਸਿੱਟਾ ਨਹੀਂ  ਨਿਕਲ ਸਕਦਾ। ਨਾਇਪਾਲ ਨੇ ਇਹ ਨਹੀਂ ਸਮਝਿਆ ਪਰ ਫਿਰ ਉਨ੍ਹਾਂ ਲਈ ਦਾਅ ਬਹੁਤ ਉੱਚੇ ਨਹੀਂ ਸਨ। 
ਉਹ ਸਾਡੇ ਸਮਾਜ ’ਤੇ ਆਪਣੀ ਇਕ ਗੈਰ-ਰਸਮੀ ਰਾਇ ਦੇ ਸਕਦੇ ਸਨ ਅਤੇ ਫਿਰ ਇੰਗਲੈਂਡ  ਸਥਿਤ ਆਪਣੇ ਘਰ ਲਈ ਵਾਪਸੀ ਦੀ ਫਲਾਈਟ ਫੜ ਲੈਂਦੇ। 
ਅਸੀਂ ਇਸ ਦੇਸ਼ ’ਚ ਹੋਰਨਾਂ ਭਾਰਤੀਅਾਂ ਨਾਲ ਰਹਿਣਾ ਹੈ। ਸਾਨੂੰ ਉਨ੍ਹਾਂ ਦਾਨਵਾਂ ਤੋਂ ਚੌਕਸ ਰਹਿਣਾ ਚਾਹੀਦਾ ਹੈ, ਜਿਨ੍ਹਾਂ ਨੂੰ ਅਸੀਂ ਉਦੋਂ ਦੌੜਨ ਦਿੱਤਾ, ਜਦੋਂ  ਅਸੀਂ ਸਮੂਹਿਕ ਹਿੰਦੂ ਮਾਨਸਿਕਤਾ ਨੂੰ ਆਜ਼ਾਦ ਕਰਵਾਉਣ ਚੱਲੇ ਸੀ।  


Related News