ਮੰਦਭਾਗੇ ਸਿਆਸੀ ਵਿਵਾਦ ’ਚ ਫਸ ਗਿਆ ਹੈ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਲਾਂਘਾ ਖੋਲ੍ਹਣ ਦਾ ਪ੍ਰਸਤਾਵ

Thursday, Sep 20, 2018 - 06:39 AM (IST)

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਮੌਕੇ ਪਾਕਿਸਤਾਨ ’ਚ ਸਥਿਤ ਇਤਿਹਾਸਕ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਕੋਰੀਡੋਰ ਖੋਲ੍ਹਣ ਦਾ ਪ੍ਰਸਤਾਵ ਬਦਕਿਸਮਤੀ ਨਾਲ ਇਕ ਸਿਆਸੀ ਵਿਵਾਦ ’ਚ ਫਸ ਗਿਆ ਹੈ।
ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਰੋਹ ’ਚ ਪਾਕਿ ਫੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਵਲੋਂ ਭਾਰਤੀ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਪਾਈ ਗਈ ਜੱਫੀ ਹੁਣ ਹਿੰਸਕ ਅਤੇ ਤਿੱਖੇ ਵਿਵਾਦ ’ਚ ਉਲਝ ਗਈ ਹੈ।
ਇਹ ਸਭ ਨੂੰ ਪਤਾ ਹੈ ਕਿ ਪੰਜਾਬੀ, ਖਾਸ ਕਰਕੇ ਸਿੱਖ ਪਾਕਿਸਤਾਨ ’ਚ ਇਥੋਂ ਸਿਰਫ ਤਿੰਨ ਕਿਲੋਮੀਟਰ ਅੰਦਰ ਪੈਂਦੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਲਾਂਘੇ ਦੀ ਮੰਗ ਕਰਦੇ ਆ ਰਹੇ ਹਨ, ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ 15 ਤੋਂ ਜ਼ਿਆਦਾ ਸਾਲ ਬਿਤਾਏ ਸਨ। ਤੁਹਾਨੂੰ ਇਹ ਦੇਖਣ ਲਈ ਭਾਰਤ ਵੱਲ ਗੁਰਦੁਆਰਾ ਸਾਹਿਬ ਨੇੜੇ ਪੈਂਦੀ ਸਰਹੱਦ ’ਤੇ ਜਾਣਾ ਪਵੇਗਾ  ਕਿ ਕਿਵੇਂ ਗੁਰਦੁਆਰਾ ਸਾਹਿਬ ਦੀ ਇਕ ਝਲਕ ਦੇਖਣ ਲਈ ਸ਼ਰਧਾਲੂ ਉਥੇ ਇਕੱਠੇ ਹੁੰਦੇ ਹਨ। ਬਹੁਤ ਸਾਰੇ ਲੋਕ ਆਪਣੇ ਦਿਲ ’ਚ ਅਰਦਾਸ ਕਰਦੇ ਹਨ ਕਿ ਇਕ ਨਾ ਇਕ ਦਿਨ ਉਹ ਗੁਰਦੁਆਰਾ ਸਾਹਿਬ ’ਚ ਜਾ ਕੇ ਮੱਥਾ ਟੇਕ ਸਕਣ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਸ਼ਰਧਾਲੂਆਂ ਲਈ ਗੁਰਦੁਆਰਾ ਕਰਤਾਰਪੁਰ ਸਾਹਿਬ ਜਾ ਕੇ ਅਰਦਾਸ ਕਰਨ ਦਾ ਇਕ ਸ਼ਾਨਦਾਰ ਮੌਕਾ ਹੈ ਤੇ ਪਾਕਿਸਤਾਨ ਵਲੋਂ ਕੀਤੀ ਗਈ ਲਾਂਘਾ ਖੋਲ੍ਹਣ ਦੀ ਪੇਸ਼ਕਸ਼ ਦਾ ਸਾਰਿਆਂ ਨੂੰ ਸਵਾਗਤ ਕਰਨਾ ਚਾਹੀਦਾ ਸੀ। ਪਾਕਿਸਤਾਨ ਪਹਿਲਾਂ ਹੀ ਗੁਰਪੁਰਬ ਮੌਕੇ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ  ਸਾਹਿਬ ਲਈ ਰਸਤਾ ਖੋਲ੍ਹ ਦਿੰਦਾ ਹੈ ਤੇ ਭਾਰਤ ਵੀ ਦਰਿਆਦਿਲੀ ਦਿਖਾਉਂਦਿਆਂ ਅਜਮੇਰ ਸ਼ਰੀਫ ਦਰਗਾਹ ਅਤੇ ਮੁਸਲਮਾਨਾਂ ਲਈ ਹੋਰਨਾਂ ਅਹਿਮ ਥਾਵਾਂ ਵਾਸਤੇ ਪਾਕਿਸਤਾਨ ਤੋਂ ਸ਼ਰਧਾਲੂਆਂ ਨੂੰ ਆਉਣ ਦੀ ਇਜਾਜ਼ਤ ਦੇ ਦਿੰਦਾ ਹੈ।
ਪਾਕਿਸਤਾਨ ਵਲੋਂ ਅਜਿਹੀ ਭਾਵਨਾ ਦਾ ਪ੍ਰਦਰਸ਼ਨ ਨਾ ਤਾਂ ਪਾਕਿਸਤਾਨੀ ਫੌਜ ਤੇ ਨਾ ਹੀ ਉਥੋਂ ਦੇ ਸ਼ਾਸਕਾਂ ਨੂੰ ਭਾਰਤ ’ਤੇ ਵਾਰ-ਵਾਰ ਤੇ ਲਗਾਤਾਰ ਕੀਤੇ ਜਾਣ ਵਾਲੇ ਹਮਲਿਆਂ ਤੋਂ ਬਰੀ ਕਰਦਾ ਹੈ। ਇਸ ਇਕ ਸੁਹਿਰਦਤਾ ਦੀ ਦੋਹਾਂ ਦੇਸ਼ਾਂ ਵਿਚਾਲੇ ਹੋਰਨਾਂ ਮੁੱਦਿਆਂ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ।
ਭਾਰਤ-ਪਾਕਿ ਵਿਚਾਲੇ ਸਰਹੱਦ ਜਲਦਬਾਜ਼ੀ ’ਚ ਬ੍ਰਿਟਿਸ਼ ਇੰਜੀਨੀਅਰ ਮੈਕਮੋਹਨ ਨੇ ਦੋ ਮਹੀਨਿਆਂ ਅੰਦਰ ਤੈਅ ਕੀਤੀ ਸੀ, ਜੋ ਪਹਿਲਾਂ ਕਦੇ ਵੀ ਭਾਰਤ ਨਹੀਂ ਆਇਆ ਸੀ ਤੇ ਨਾ ਹੀ ਉਸ ਨੂੰ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਦੀਆਂ ਭਾਵਨਾਵਾਂ ਬਾਰੇ ਕੋਈ ਅੰਦਾਜ਼ਾ ਸੀ। ਉਸ ਨੇ ਸਿਰਫ ਰਾਵੀ ਨਦੀ ’ਤੇ ਇਕ ਲਾਈਨ  ਖਿੱਚ ਦਿੱਤੀ। ਕੋਈ ਵੀ ਅੰਦਾਜ਼ਾ ਲਾ ਸਕਦਾ ਹੈ ਕਿ ਜੇ ਉਸ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਮਹੱਤਤਾ ਬਾਰੇ ਪਤਾ ਹੁੰਦਾ ਤਾਂ ਉਹ ਉਸ ਨੂੰ ਭਾਰਤੀ ਖੇਤਰ ’ਚ ਸ਼ਾਮਲ ਕਰ ਦਿੰਦਾ।
ਖੈਰ, ਜਦੋਂ ਤੋਂ ਬਨਾਉਟੀ ਰੇਖਾ ਖਿੱਚੀ ਗਈ ਸੀ, ਉਦੋਂ ਤੋਂ ਸਰਹੱਦ ਕਦੇ ਵੀ ਸਥਾਈ ਨਹੀਂ ਰਹੀ। ਜੰਗਾਂ ਤੋਂ ਬਾਅਦ ਇਸ ’ਚ ਕਈ ਤਬਦੀਲੀਆਂ ਆਉਂਦੀਆਂ ਰਹੀਆਂ ਹਨ। ਜ਼ਮੀਨਾਂ ਦੀ ਇਕ ਸ਼ੁਰੂਆਤੀ  ਸ਼ਾਂਤੀਪੂਰਨ ਅਦਲਾ-ਬਦਲੀ ’ਚ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀਆਂ ਸਮਾਧੀਆਂ ਪਾਕਿਸਤਾਨ ਵਲੋਂ ਜ਼ਮੀਨ ਦੇ ਇਕ ਟੋਟੇ ਬਦਲੇ ਭਾਰਤ ਨੂੰ ਤਬਦੀਲ ਕਰ ਦਿੱਤੀਆਂ ਗਈਆਂ।
ਇਥੋਂ ਤਕ ਕਿ ਹੁਣੇ ਜਿਹੇ 1947 ਤੋਂ ਬਾਅਦ ਵਾਲੀਆਂ ਵਿਵਾਦਪੂਰਨ ਜ਼ਮੀਨਾਂ ਦਾ ਹੱਲ ਕੱਢਣ ਲਈ  ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਕਈ ਖੇਤਰਾਂ ਦੀ ਅਦਲਾ-ਬਦਲੀ ਕੀਤੀ ਗਈ। ਅਸਲ ’ਚ ਭਾਰਤ ਨੂੰ ਵੀ ਪਾਕਿਸਤਾਨ ਨਾਲ ਜ਼ਮੀਨ ਦੀ ਸੰਭਾਵੀ ਅਦਲਾ-ਬਦਲੀ ਵਾਸਤੇ ਗੱਲਬਾਤ ਕਰਨੀ ਚਾਹੀਦੀ ਹੈ ਤਾਂ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਭਾਰਤ ’ਚ ਸ਼ਾਮਲ ਕੀਤਾ ਜਾ ਸਕੇ। ਅਜਿਹੇ ਯਤਨ ਕਰਨ ਦੀ ਬਜਾਏ ਸ਼੍ਰੋਮਣੀ ਅਕਾਲੀ ਦਲ ਨਵਜੋਤ ਸਿੰਘ ਸਿੱਧੂ ਦੀ ਆਲੋਚਨਾ ਕਰਨ ’ਚ ਸਭ ਤੋਂ ਅੱਗੇ ਹੈ।
ਜਿਥੇ ਸਿੱਧੂ ਅਤੇ ਅਕਾਲੀ ਲੀਡਰਸ਼ਿਪ ਵਿਚਾਲੇ ਦੁਸ਼ਮਣੀ ਬਾਰੇ ਸਭ ਜਾਣਦੇ ਹਨ, ਉਥੇ ਹੀ ਸਿੱਧੂ ਨੂੰ ਰਾਸ਼ਟਰ ਵਿਰੋਧੀ, ਇਥੋਂ ਤਕ ਕਿ ਆਈ. ਐੱਸ. ਆਈ. ਦਾ ਏਜੰਟ ਕਹਿਣਾ ਮੂਰਖਤਾ ਵਾਲੀ ਗੱਲ ਹੈ। ਅਕਾਲੀ ਦਲ ਦੀ ਗੱਠਜੋੜ ਭਾਈਵਾਲ ਭਾਜਪਾ ਨੇ ਵੀ ਕੋਈ ਹਾਂ-ਪੱਖੀ ਰਵੱਈਆ ਨਹੀਂ ਅਪਣਾਇਆ। ਕੁਝ ਲੀਕ ਹੋਈਆਂ ਕਹਾਣੀਆਂ, ਜੋ ਸਪੱਸ਼ਟ ਤੌਰ ’ਤੇ ਅਕਾਲੀਆਂ ਦੀ ਸ਼ਹਿ ’ਤੇ ਕੀਤੀਆਂ ਗਈਆਂ, ਅਨੁਸਾਰ ਸਿੱਧੂ ਦੀ ਕਥਿਤ ਤੌਰ ’ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵਲੋਂ ‘ਖਿਚਾਈ’ ਕੀਤੀ ਗਈ। ‘ਖਿਚਾਈ’ ਕਿਸ ਲਈ, ਇਹ ਸਪੱਸ਼ਟ ਨਹੀਂ ਕੀਤਾ।
ਅਕਾਲੀ ਜੋ ਬੇਅਦਬੀ ਦੀਆਂ ਘਟਨਾਵਾਂ ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ  ਮੱਦੇਨਜ਼ਰ ਇਸ ਸਮੇਂ ਮੁਸ਼ਕਿਲ ਸਥਿਤੀ ’ਚ ਹਨ, ਪੂਰੇ ਜ਼ੋਰ ਨਾਲ ਲੜਾਈ ਲੜ ਰਹੇ ਹਨ। ਉਹ ਸਿੱਖਾਂ ਦੇ ਅਸਲੀ ਨੁਮਾਇੰਦੇ ਹੋਣ ਦਾ ਦਾਅਵਾ ਕਰਦੇ ਹਨ ਪਰ ਉਨ੍ਹਾਂ ਨੂੰ ਇਹ ਅਹਿਸਾਸ ਜ਼ਰੂਰ ਹੋਣਾ ਚਾਹੀਦਾ ਹੈ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਉਨ੍ਹਾਂ ਲੋਕਾਂ ਦੀਆਂ ਭਾਵਨਾਵਾਂ ਦੇ ਭਾਵਨਾਤਮਕ ਤੌਰ ’ਤੇ ਬਹੁਤ ਨੇੜੇ ਹੈ, ਜਿਨ੍ਹਾਂ ਦੀ ਨੁਮਾਇੰਦਗੀ ਕਰਨ ਦਾ ਦਾਅਵਾ ਕਰਦੇ ਹਨ। ਇਹ ਉਨ੍ਹਾਂ ਦੇ ਆਪਣੇ ਸਿਆਸੀ ਭਵਿੱਖ ਦੇ ਹਿੱਤ ’ਚ ਹੋਵੇਗਾ ਕਿ ਉਹ ਪਾਕਿਸਤਾਨ ਕੋਲ ਇਹ ਮੁੱਦਾ ਉਠਾਉਣ ਲਈ ਭਾਰਤ ਸਰਕਾਰ ’ਤੇ ਦਬਾਅ  ਬਣਾਉਣ। 
 


Related News