ਪ੍ਰਦੂਸ਼ਣ ਵਿਚ ''ਜ਼ਿੰਦਾ ਰਹਿਣ'' ਦੇ ਚਾਰ ਉਪਾਅ

Thursday, Nov 23, 2017 - 08:13 AM (IST)

ਪ੍ਰਦੂਸ਼ਣ ਵਿਚ ''ਜ਼ਿੰਦਾ ਰਹਿਣ'' ਦੇ ਚਾਰ ਉਪਾਅ

1. ਸ਼ਾਕਾਹਾਰ ਅਪਣਾਓ : ਸਾਡੇ ਸਰੀਰ 'ਚ ਭੋਜਨ ਦੇ ਰਸਤੇ ਜਿੰਨੇ ਰਸਾਇਣਕ ਪਦਾਰਥ ਜਾਂਦੇ ਹਨ, ਉਨ੍ਹਾਂ ਨੂੰ ਭੁੱਲ ਜਾਣਾ ਬਹੁਤ ਸੌਖਾ ਹੈ। ਰੈਸਟੋਰੈਂਟਾਂ ਤੋਂ ਲੈ ਕੇ ਪ੍ਰੋਸੈੱਸਡ ਫੂਡ ਵਾਲੀਆਂ  ਦੁਕਾਨਾਂ ਤਕ 'ਤੇ ਅਸੀਂ ਢੇਰ ਸਾਰੇ ਗ਼ੈਰ-ਕੁਦਰਤੀ ਪ੍ਰਦੂਸ਼ਕ ਨਿਗਲਦੇ ਰਹਿੰਦੇ ਹਾਂ। ਜੇ ਅਸੀਂ ਹਫਤੇ 'ਚ ਕੁਝ ਦਿਨ ਹੀ ਸ਼ਾਕਾਹਾਰੀ ਭੋਜਨ ਕਰੀਏ ਤਾਂ ਇਸ ਨਾਲ ਬਹੁਤ ਫਾਇਦਾ ਹੋ ਸਕਦਾ ਹੈ। 
ਅਸਲ 'ਚ ਮਾਸ (ਮੀਟ) ਨੂੰ ਖਰਾਬ ਹੋਣ ਤੋਂ ਬਚਾਉਣ ਲਈ ਉਸ 'ਚ ਕੁਝ ਰਸਾਇਣਕ ਪਦਾਰਥ ਮਿਲਾਏ ਜਾਂਦੇ ਹਨ ਤੇ ਕੁਝ ਪਦਾਰਥ ਉਸ ਨੂੰ ਦਿਲਖਿੱਚਵਾਂ ਬਣਾਉਣ ਲਈ ਵਰਤੇ ਜਾਂਦੇ ਹਨ। ਇਹ ਦੋਵੇਂ ਤਰ੍ਹਾਂ ਦੇ ਪਦਾਰਥ ਸਾਡੇ ਸਰੀਰ ਲਈ ਹਾਨੀਕਾਰਕ ਹੁੰਦੇ ਹਨ।
2. ਆਰਗੈਨਿਕ ਭੋਜਨ ਦਾ ਬਦਲ ਅਪਣਾਓ : ਹਾਲਾਂਕਿ ਇਸ ਬਾਰੇ ਕਾਫੀ ਚਰਚਾ ਚਲਦੀ ਹੈ ਕਿ ਆਰਗੈਨਿਕ ਭੋਜਨ ਮਨੁੱਖੀ ਸਰੀਰ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ, ਫਿਰ ਵੀ ਕਾਨੂੰਨ ਦੇ ਨਜ਼ਰੀਏ ਤੋਂ ਆਰਗੈਨਿਕ ਹੋਣ ਲਈ ਕਿਸੇ ਚੀਜ਼ ਦਾ ਉਤਪਾਦਨ ਕੀੜੇਮਾਰ ਤੇ ਰਸਾਇਣਕ ਪ੍ਰਕਿਰਿਆਵਾਂ ਦੇ ਸੰਬੰਧ ਚ ਕੁਝ ਵਿਸ਼ੇਸ਼ ਹੱਦਾਂ ਅੰਦਰ ਕਰਨਾ ਜ਼ਰੂਰੀ ਹੈ। ਇਸ ਦਾ ਭਾਵ ਇਹ ਹੈ ਕਿ ਆਰਗੈਨਿਕ ਭੋਜਨ 'ਚ ਹੋਰਨਾਂ ਖੁਰਾਕੀ ਪਦਾਰਥਾਂ ਦੇ ਮੁਕਾਬਲੇ ਪ੍ਰਦੂਸ਼ਕਾਂ ਦੀ ਮਾਤਰਾ ਘੱਟ ਹੋਵੇਗੀ।
ਬ੍ਰਿਟੇਨ ਦੀ ਐੱਨ. ਜੀ. ਓ. 'ਪੈਸਟੀਸਾਈਡ ਐਕਸ਼ਨ ਨੈੱਟਵਰਕ' ਨੇ ਕੀਟਨਾਸ਼ਕਾਂ ਦੇ ਜ਼ਰੀਏ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਇਕ ਅਜਿਹਾ ਕਿਤਾਬਚਾ ਤਿਆਰ ਕੀਤਾ ਹੈ, ਜੋ ਤੁਹਾਨੂੰ ਦੱਸਦਾ ਹੈ ਕਿ ਕਿਹੜੇ ਫਲਾਂ ਤੇ ਸਬਜ਼ੀਆਂ 'ਚ ਕੀਟਨਾਸ਼ਕਾਂ ਜਾਂ ਰਸਾਇਣਕ ਪਦਾਰਥਾਂ ਦੀ ਮਾਤਰਾ ਸਭ ਤੋਂ ਜ਼ਿਆਦਾ ਹੋ ਸਕਦੀ ਹੈ।
3. 'ਐਂਟੀ ਆਕਸੀਡੈਂਟਸ' ਦੀ ਜ਼ਿਆਦਾ ਵਰਤੋਂ ਕਰੋ : ਪ੍ਰਦੂਸ਼ਣ ਦਾ ਭਾਵ ਇਹ ਹੈ ਕਿ ਸਾਡੇ ਸਰੀਰ ਨੂੰ ਜ਼ਹਿਰੀਲੇ ਪਦਾਰਥਾਂ 'ਫ੍ਰੀ ਰੈਡੀਕਲਜ਼' (ਮੁਕਤ ਕਣਾਂ) ਤੋਂ ਖਤਰਾ ਵਧ ਗਿਆ ਹੈ। ਇਸ ਨਾਲ ਚਮੜੀ ਦਾ ਲਚਕੀਲਾਪਣ ਘਟ ਜਾਂਦਾ ਹੈ। ਪ੍ਰਦੂਸ਼ਕਾਂ ਅਤੇ ਜ਼ਹਿਰੀਲੇ ਰਸਾਇਣਾਂ ਨਾਲ ਸਰੀਰ ਨੂੰ ਜਿਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ, ਉਸ ਨੂੰ ਵਿਗਿਆਨਕ ਭਾਸ਼ਾ ਵਿਚ 'ਆਕਸੀਡੇਟਿਵ ਸਟ੍ਰੈੱਸ' ਦਾ ਨਾਂ ਦਿੱਤਾ ਜਾਂਦਾ ਹੈ।
ਇਸ ਸਮੱਸਿਆ ਤੋਂ ਬਚਣ ਲਈ ਤੁਹਾਨੂੰ ਆਪਣੇ ਭੋਜਨ 'ਚ ਜ਼ਿਆਦਾ 'ਐਂਟੀ ਆਕਸੀਡੈਂਟਸ' ਇਸਤੇਮਾਲ ਕਰਨੇ ਚਾਹੀਦੇ ਹਨ, ਜੋ ਜ਼ਹਿਰੀਲੇ ਪਦਾਰਥਾਂ ਅਤੇ ਮੁਕਤ ਕਣਾਂ ਨਾਲ ਰਸਾਇਣਕ ਕਿਰਿਆ ਕਰ ਕੇ ਉਨ੍ਹਾਂ ਨੂੰ ਬੇਅਸਰ ਕਰਦੇ ਹਨ। 
ਆਰਗੈਨਿਕ ਫਸਲਾਂ 'ਚ ਐਂਟੀ ਆਕਸੀਡੈਂਟਸ ਦੀ ਮਾਤਰਾ ਆਮ ਫਸਲਾਂ ਦੇ ਮੁਕਾਬਲੇ 60 ਫੀਸਦੀ ਜ਼ਿਆਦਾ ਹੁੰਦੀ ਹੈ, ਇਸ ਲਈ ਆਰਗੈਨਿਕ ਭੋਜਨ ਦਾ ਸੇਵਨ ਕਰਨ ਨਾਲ ਸਰੀਰ ਨੂੰ ਯਕੀਨੀ ਤੌਰ 'ਤੇ ਤੰਦਰੁਸਤ ਰੱਖਣ 'ਚ ਸਹਾਇਤਾ ਮਿਲਦੀ ਹੈ। 
4. ਸਫਾਈ ਲਈ ਕੁਦਰਤੀ ਉਤਪਾਦ ਵਰਤੋ : ਸਫਾਈ ਲਈ ਅਸੀਂ ਜਿੰਨੇ ਵੀ ਉਤਪਾਦ ਇਸਤੇਮਾਲ ਕਰਦੇ ਹਾਂ, ਉਨ੍ਹਾਂ 'ਚੋਂ ਬਹੁਤੇ ਉਤਪਾਦਾਂ 'ਚ ਬਹੁਤ ਤੇਜ਼ ਰਸਾਇਣਕ ਪਦਾਰਥ (ਕੈਮੀਕਲਜ਼) ਹੁੰਦੇ ਹਨ, ਜੋ ਸਾਡੇ ਘਰ ਅੰਦਰ ਬਹੁਤ ਜ਼ਹਿਰੀਲੇ ਪ੍ਰਦੂਸ਼ਕ ਪੈਦਾ ਕਰਦੇ ਹਨ। 
ਪ੍ਰੋ. ਹਾਲਗੇਟ ਦਾ ਕਹਿਣਾ ਹੈ ਕਿ ਘਰ ਅੰਦਰ ਪੈਦਾ ਹੋਣ ਵਾਲੇ ਪ੍ਰਦੂਸ਼ਣ ਲਈ ਭੋਜਨ ਪਕਾਉਣ ਦੀ ਪ੍ਰਕਿਰਿਆ ਤੇ ਸਫਾਈ ਲਈ ਵਰਤੇ ਜਾਣ ਵਾਲੇ ਰਸਾਇਣਕ ਉਤਪਾਦ ਜ਼ਿੰਮੇਵਾਰ ਹਨ। ਉਹ ਇਸ ਤੱਥ ਨੂੰ ਰੇਖਾਂਕਿਤ ਕਰਦੇ ਹਨ ਕਿ ਸਾਨੂੰ ਘਰ ਦੇ ਅੰਦਰੂਨੀ ਪ੍ਰਦੂਸ਼ਣ ਬਾਰੇ ਵੱਧ ਤੋਂ ਵੱਧ ਜਾਣਕਾਰੀ ਹੋਣੀ ਚਾਹੀਦੀ ਹੈ। ਜ਼ਹਿਰੀਲੇ ਪਦਾਰਥਾਂ ਤੋਂ ਬਚਣ ਲਈ ਤੁਸੀਂ ਸਿਰਕਾ, ਨਿੰਬੂ ਤੇ ਬੇਕਿੰਗ ਸੋਡਾ ਆਦਿ ਇਸਤੇਮਾਲ ਕਰ ਕੇ ਆਪਣੇ ਖੁਦ ਦੇ ਕਲੀਨਿੰਗ ਉਤਪਾਦ ਤਿਆਰ ਕਰ ਸਕਦੇ ਹੋ।         (ਮੇ. ਟੁ.)


Related News