ਨੋਟਬੰਦੀ ਦੇ ਉਦੇਸ਼ ''ਚ ਅਸਫਲ ਹੋਏ ਤਾਂ ਮੋਦੀ ਨੂੰ ਚੋਣਾਂ ''ਚ ਹਰਾ ਦਿਓ

Saturday, Dec 31, 2016 - 06:54 AM (IST)

ਨੋਟਬੰਦੀ ਦੇ ਉਦੇਸ਼ ''ਚ ਅਸਫਲ ਹੋਏ ਤਾਂ ਮੋਦੀ ਨੂੰ ਚੋਣਾਂ ''ਚ ਹਰਾ ਦਿਓ

ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਦੇ ਵਿਚਾਰਕ ਅਤੇ ਸਿਆਸੀ ਟਿੱਪਣੀਕਾਰ ਐੱਸ. ਗੁਰੂਮੂਰਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨੋਟਬੰਦੀ ਵਾਲੇ ਪ੍ਰੋਗਰਾਮ ਦਾ ਜ਼ੋਰਦਾਰ ਸਮਰਥਨ ਕਰਦਿਆਂ ਕਿਹਾ ਹੈ ਕਿ ਪ੍ਰਧਾਨ ਮੰਤਰੀ ਨੇ ਇਕ ਜੋਖ਼ਮ ਉਠਾਇਆ ਹੈ ਅਤੇ ਜੇ ਉਹ ਆਪਣੇ ਉਦੇਸ਼ ''ਚ ਅਸਫਲ ਹੁੰਦੇ ਹਨ ਤਾਂ ਲੋਕ ਚੋਣਾਂ ''ਚ ਵੋਟਿੰਗ ਜ਼ਰੀਏ ਉਨ੍ਹਾਂ ਨੂੰ ਸੱਤਾ ''ਚੋਂ ਬਾਹਰ ਕਰ ਸਕਦੇ ਹਨ। 
ਇਹ ਪੁੱਛਣ ''ਤੇ ਕਿ ਕੀ ਨੋਟਬੰਦੀ ਨਾਲ ਅਰਥ ਵਿਵਸਥਾ ਨੂੰ ਝਟਕਾ ਲੱਗੇਗਾ, ਗੁਰੂਮੂਰਤੀ ਨੇ ਦੱਸਿਆ ਕਿ ਉਦੋਂ ਤਕ ਨੌਕਰੀਆਂ ਵਾਪਿਸ ਨਹੀਂ ਮਿਲਣਗੀਆਂ, ਜਦੋਂ ਤਕ ਗ਼ੈਰ-ਉਤਪਾਦਕ ਖੇਤਰਾਂ ਤਕ ਪਹੁੰਚਣ ਵਾਲੇ ਸੋਮਿਆਂ ਨੂੰ ਰੋਕਿਆ ਨਹੀਂ ਜਾਂਦਾ ਤੇ ਇਹ ਸਭ ਬਾਜ਼ਾਰੀ ਤਾਕਤਾਂ ਵਲੋਂ ਕੀਤਾ ਜਾ ਰਿਹਾ ਹੈ। ਅਰਥ ਸ਼ਾਸਤਰੀ ਇਨ੍ਹਾਂ ਮੁੱਦਿਆਂ ਬਾਰੇ ਨਹੀਂ, ਸਗੋਂ ਲੋਕਾਂ ਦੇ ਤਰਸਯੋਗ ਰੂਪ ''ਚ ਲਾਈਨਾਂ ਵਿਚ ਖੜ੍ਹੇ ਹੋਣ ਬਾਰੇ ਗੱਲ ਕਰ ਰਹੇ ਹਨ। ਉਨ੍ਹਾਂ ਨੇ ਪੁੱਛਿਆ ਕਿ ਕੀ ਕੋਈ ਦਲੀਲ ਨਾਲ ਕਹਿ ਸਕਦਾ ਹੈ ਕਿ ਸਥਿਤੀ ਜਿਉਂ ਦੀ ਤਿਉਂ ਚੱਲਦੀ ਰਹਿਣੀ ਚਾਹੀਦੀ ਹੈ? 
ਲੋਕਾਂ ਨੂੰ ਜੋ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ, ਉਸ ਬਾਰੇ ਗੁਰੂਮੂਰਤੀ ਨੇ ਕਿਹਾ ਕਿ ਮੀਡੀਆ ਨੂੰ ਇਹ ਸਮੱਸਿਆ ਨਜ਼ਰ ਆਉਂਦੀ ਹੈ, ਵਿਰੋਧੀ ਪਾਰਟੀਆਂ ਵੀ ਇਸ ਨੂੰ ਇਕ ਸਮੱਸਿਆ ਦੇ ਰੂਪ ਵਿਚ ਦੇਖਦੀਆਂ ਹਨ ਅਤੇ ਇਥੋਂ ਤਕ ਕਿ ਸੁਪਰੀਮ ਕੋਰਟ ਵੀ ਇਸ ਨੂੰ ਇਕ ਸਮੱਸਿਆ ਮੰਨਦੀ ਹੈ ਪਰ ਕਰੋੜਾਂ ਲੋਕ ਲਾਈਨਾਂ ਵਿਚ ਖੜ੍ਹੇ ਹਨ ਕਿਉਂਕਿ ਉਹ ਸਮਝਦੇ ਹਨ ਕਿ ਇਸ ਵਿਚ ਕੁਝ ਨਾ ਕੁਝ ਚੰਗਾ ਹੈ, ਨਹੀਂ ਤਾਂ ਉਹ ਸਹਿਯੋਗ ਨਾ ਦਿੰਦੇ। 
ਮੋਦੀ ਵਲੋਂ 50 ਦਿਨਾਂ ਵਿਚ ਸਥਿਤੀ ਆਮ ਵਰਗੀ ਬਣਾਉਣ ਦਾ ਵਾਅਦਾ ਅਤੇ ਇਸ ਦੇ ਸੰਕੇਤ ਨਜ਼ਰ ਨਾ ਆਉਣ ਬਾਰੇ ਗੁਰੂਮੂਰਤੀ ਨੇ ਕਿਹਾ ਕਿ ਰਿਜ਼ਰਵ ਬੈਂਕ ਦਾ ਕਹਿਣਾ ਹੈ ਕਿ ਲੱਗਭਗ 5 ਲੱਖ ਕਰੋੜ ਰੁਪਏ ਵਾਪਿਸ ਨਹੀਂ ਆਉਣਗੇ, ਇਸ ਲਈ ਸੁਭਾਵਿਕ ਹੈ ਕਿ ਉਨ੍ਹਾਂ ਨੂੰ ਇਸ ਦੇ ਲਈ ਵੀ ਨੋਟ ਛਾਪਣੇ ਪੈਣਗੇ। ਨੋਟਬੰਦੀ ਇਕ ਅਣਕਿਆਸਾ ਕਦਮ ਹੈ। ਹਰੇਕ ਕਦਮ ''ਤੇ ਤੁਹਾਨੂੰ ਸੁਧਾਰ ਕਰਨਾ ਪੈਂਦਾ ਹੈ। ਇਸ ਦੇ ਲਈ ਕੋਈ ਬਲਿਊ ਪਿੰ੍ਰਟ ਜਾਂ ਸੱਚਾ ਮੁਹੱਈਆ ਨਹੀਂ ਹੈ। 
ਇਹ ਪੁੱਛਣ ''ਤੇ ਕਿ ਕੀ ਤੁਸੀਂ 45 ਦਿਨਾਂ ''ਚ 60 ਨੋਟੀਫਿਕੇਸ਼ਨਾਂ ਨੂੰ ਸਹੀ ਠਹਿਰਾ ਰਹੇ ਹੋ, ਗੁਰੂਮੂਰਤੀ ਨੇ ਕਿਹਾ ਕਿ ਹਾਂ, ਸੌ ਫੀਸਦੀ ਕਿਉਂਕਿ ਦੁਨੀਆ ''ਚ ਅਜਿਹੀ ਕੋਈ ਕਾਰਵਾਈ ਨਹੀਂ ਹੋਈ ਹੈ। ਇਸ ਦੀ ਕੋਈ ਮਿਸਾਲ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਪੂਰੀ ਤਰ੍ਹਾਂ ਨਾਲ ਸੋਚ-ਵਿਚਾਰ ਕੇ ਕੀਤੀ ਗਈ ਸੀ, ਨਹੀਂ ਤਾਂ ਇਹ ਇੰਨੀ ਗੁਪਤ ਨਾ ਹੁੰਦੀ। 
ਇਹ ਪੁੱਛਣ ''ਤੇ ਕਿ ਆਸ ਨਾਲੋਂ ਜ਼ਿਆਦਾ ਨਕਦੀ ਵਾਪਿਸ ਆਉਣ ਦਾ ਅਰਥ ਇਹ ਨਹੀਂ ਕਿ ਲੋਕਾਂ ਨੇ ਆਪਣੇ ਕਾਲੇ ਧਨ ਨੂੰ ਚਿੱਟੇ ਧਨ ''ਚ ਬਦਲਣ ਦੇ ਸਫਲ ਤਰੀਕੇ ਲੱਭ ਰਹੇ ਹਨ, ਗੁਰੂਮੂਰਤੀ ਨੇ ਇਸ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਕਾਰਵਾਈ (ਨੋਟਬੰਦੀ) ਸਿਰਫ ਕਾਲੇ ਧਨ ਬਾਰੇ ਨਹੀਂ ਹੈ। ਇਹ ਗੈਰ-ਰਿਕਾਰਡਿਡ ਨਕਦੀ ਲਈ ਵੀ ਹੈ ਅਤੇ ਅਰਥ ਵਿਵਸਥਾ ਨੂੰ ਦਰੁੱਸਤ ਕਰਨ ਵੱਲ ਇਕ ਕਦਮ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਪਰਿਵਾਰ ਦਾ 70 ਤੋਂ 80 ਫੀਸਦੀ ਲੈਣ-ਦੇਣ ਕੈਸ਼ਲੈੱਸ ਹੋ ਸਕਦਾ ਹੈ ਅਤੇ ਉਹ ਉਦੋਂ ਤਕ ਅਜਿਹਾ ਨਹੀਂ ਕਰਨਗੇ, ਜਦੋਂ ਤਕ ਉਨ੍ਹਾਂ ''ਤੇ ਕੋਈ ਦਬਾਅ ਨਹੀਂ ਹੋਵੇਗਾ। 
ਇਸ ਲਈ ਹੁਣ ਗੱਲ ਕਾਲੇ ਧਨ ''ਤੇ ਹਮਲਾ ਕਰਨ ਤੋਂ ਬਦਲ ਕੇ ਨਕਦੀ ਤਕ ਪਹੁੰਚਣ ''ਤੇ ਆ ਗਈ ਹੈ। ਇਸ ਬਾਰੇ ਉਨ੍ਹਾਂ ਕਿਹਾ ਕਿ ਉਹ ਕਿਸੇ ਲਈ ਕੋਈ ਵਿਚਾਰ ਨਹੀਂ ਰੱਖ ਰਹੇ, ਇਸ ਦੇ ਲਈ ਬਹੁਤ ਸਾਰੇ ਯੋਗ ਅਰਥ ਸ਼ਾਸਤਰੀ ਹਨ ਪਰ ਅਰਥ ਸ਼ਾਸਤਰ ਦਾ ਇਕ ਵਿਦਿਆਰਥੀ ਰਹੇ ਹੋਣ ਦੇ ਨਾਤੇ ਉਹ ਅਜਿਹਾ ਕਹਿ ਰਹੇ ਹਨ। ਹਰ ਕੋਈ ਨਕਦੀ ਨੂੰ ਦਬਾ ਕੇ ਰੱਖਣਾ ਚਾਹੁੰਦਾ ਹੈ ਪਰ ਮੋਦੀ ਅਜਿਹਾ ਨਹੀਂ ਕਰਨ ਦੇਣਾ ਚਾਹੁੰਦੇ ਕਿਉਂਕਿ ਉਹ ਕਾਲੇ ਧਨ ਤੇ ਭ੍ਰਿਸ਼ਟਾਚਾਰ ਦੇ ਵਿਰੁੱਧ ਹਨ। 10 ਸਾਲ ਪਹਿਲਾਂ ਇਹ ਕੰਮ ਸੌਖਾ ਹੁੰਦਾ ਸੀ, 5 ਸਾਲ ਪਹਿਲਾਂ ਅਸੰਭਵ ਸੀ ਪਰ ਅੱਜ ਇਹ ਆਖਰੀ ਮੌਕਾ ਹੈ। 
ਮੋਦੀ ਨੇ ਇਕ ਜੋਖ਼ਮ ਉਠਾਇਆ ਹੈ। ਜੇ ਤੁਸੀਂ ਇਸ ਨੂੰ ਪਸੰਦ ਨਹੀਂ ਕਰਦੇ ਤਾਂ ਚੋਣਾਂ ਵਿਚ ਉਨ੍ਹਾਂ ਨੂੰ ਹਰਾ ਦਿਓ। ਕੀ ਤੁਸੀਂ ਮੋਦੀ ਨੂੰ ਸਲਾਹ ਦਿੰਦੇ ਹੋ? ਇਸ ''ਤੇ ਗੁਰੂਮੂਰਤੀ ਨੇ ਕਿਹਾ ਕਿ ਮੋਦੀ ਕੋਲ ਬਹੁਤ ਬਿਹਤਰ ਸਲਾਹਕਾਰ ਹਨ ਤੇ ਉਨ੍ਹਾਂ ਨੇ ਮੈਨੂੰ ਸਲਾਹਕਾਰ ਵਜੋਂ ਨਿਯੁਕਤ ਨਹੀਂ ਕੀਤਾ ਹੈ। ਮੀਡੀਆ ਨੇ ਤਾਂ ਮੈਨੂੰ ਵੀ. ਪੀ. ਸਿੰਘ ਤੇ ਵਾਜਪਾਈ ਦਾ ਸਲਾਹਕਾਰ ਵੀ ਬਣਾਇਆ ਸੀ ਪਰ ਉਨ੍ਹਾਂ ਨੇ ਮੇਰੀ ਨਿਯੁਕਤੀ ਨਹੀਂ ਕੀਤੀ ਸੀ। 
ਕੋਈ ਅਜਿਹੀਆਂ ਤਿੰਨ ਚੀਜ਼ਾਂ, ਜਿਨ੍ਹਾਂ ਦੇ ਆਧਾਰ ''ਤੇ ਤੁਸੀਂ ਕਹਿ ਸਕੋ ਕਿ ਨੋਟਬੰਦੀ ਦੀ ਕਾਰਵਾਈ ਸਫਲ ਹੈ? ਗੁਰੂਮੂਰਤੀ ਨੇ ਕਿਹਾ ਕਿ ਨੋਟਬੰਦੀ ਜੀ. ਡੀ. ਪੀ. ਵਿਕਾਸ ਦੀ ਗੁਣਵੱਤਾ ਨੂੰ ਬਦਲ ਦੇਵੇਗੀ। ਇਹ ਇਕ ਉਤਪਾਦਕਤਾਪੂਰਨ ਵਾਧਾ ਹੋਵੇਗਾ। ਜੀ. ਡੀ. ਪੀ. ਸਿਰਫ ਆਮਦਨ ਮਾਪਦੀ ਹੈ ਪਰ ਕਿੰਨੀ ਆਮਦਨ ਵੱਧ ਤੋਂ ਵੱਧ ਲੋਕਾਂ ਕੋਲ ਪਹੁੰਚਦੀ ਹੈ? ਇਹ ਅਰਥ ਵਿਵਸਥਾ ਵਿਚ ਸੁਧਾਰ ਕਰਨ ਦਾ ਇਕ ਕਦਮ ਹੈ। ਇਹ ਉਸ ਧਨ ਨੂੰ ਵਾਪਿਸ ਲਿਆਏਗੀ, ਜੋ ਬੈਂਕਿੰਗ ਪ੍ਰਣਾਲੀ ਤੋਂ ਬਾਹਰ ਘੁੰਮ ਰਿਹਾ ਹੈ। ਅਜਿਹਾ ਬਹੁਤ ਘੱਟ ਹੋਵੇਗਾ, ਜਿਸ ਦਿਨ ਨਕਦੀ ''ਤੇ ਨਜ਼ਰ ਨਾ ਰੱਖੀ ਜਾ ਸਕੇ। ਇਹ ਮਾਲੀਆ ਤੇ ਹੋਰਨਾਂ ਵਿਭਾਗਾਂ ਦਾ ਕੰਮ ਹੋਵੇਗਾ ਕਿ ਉਹ ਇਸ ''ਤੇ ਨਜ਼ਰ ਰੱਖਣ।
ਇਸ ਨਾਲ ਕਰਜ਼ਾ ਦਰਾਂ ''ਚ ਵੀ ਕਮੀ ਆਏਗੀ ਅਤੇ ਬੈਂਕਾਂ ਲਈ ਛੋਟੇ ਦਰਜੇ ਦੇ ਉਦਯੋਗਾਂ ਨੂੰ ਕਰਜ਼ਾ ਦੇਣਾ ਸੌਖਾ ਹੋ ਜਾਵੇਗਾ। ਤੀਜਾ ਬਿੰਦੂ ਇਹ ਹੈ ਕਿ ਸਾਰੇ ਖੇਤਰ ਨੋਟਬੰਦੀ ਤੋਂ ਬਾਅਦ ਧਨ ''ਚ ਸਾਂਝੇਦਾਰੀ ਕਰਨਗੇ। ਜਿਸ ਖੇਤਰ ਬਾਰੇ ਲਾਭ ਦਾ ਅਨੁਮਾਨ ਲਗਾਇਆ ਜਾ ਰਿਹਾ ਸੀ, ਉਹ ਜ਼ਿਆਦਾ ਵਿਕਾਸ ਨਹੀਂ ਕਰੇਗਾ, ਸਗੋਂ ਸਾਰਿਆਂ ''ਚ ਵਿਕਾਸ ਹੋਵੇਗਾ। ਇਸ ਤੋਂ ਬਾਅਦ ਹੀ ਰੋਜ਼ਗਾਰ ਪੈਦਾ ਹੋਣਗੇ, ਮਹਿੰਗਾਈ ਘਟੇਗੀ ਕਿਉਂਕਿ ਕਿਸੇ ਕੋਲ ਖਰਚਣ ਲਈ ਵਾਧੂ ਨਕਦੀ ਨਹੀਂ ਹੋਵੇਗੀ। ਇਸ ਦੀ ਵਜ੍ਹਾ ਇਹ ਕਿ ਧਨ ਬੈਂਕਾਂ ''ਚ ਹੋਵੇਗਾ। ਸਿੱਟੇ ਵਜੋਂ ਕਾਲਾ ਧਨ ਅਤੇ ਭ੍ਰਿਸ਼ਟਾਚਾਰ ਖਤਮ ਹੋ ਜਾਵੇਗਾ। 
ਇਹ ਪੁੱਛਣ ''ਤੇ ਕਿ ਅਜਿਹਾ ਕਦੋਂ ਹੋਵੇਗਾ, ਗੁਰੂਮੂਰਤੀ ਨੇ ਕਿਹਾ ਕਿ ਜੇ ਮੋਦੀ ਨਤੀਜੇ ਦੇਣ ''ਚ ਸਫਲ ਨਹੀਂ ਹੋਣਗੇ ਤਾਂ ਉਹ ਚੋਣਾਂ ''ਚ ਹਾਰ ਜਾਣਗੇ। ਸਿਰਫ 6 ਮਹੀਨਿਆਂ ਦਾ ਕਸ਼ਟ ਹੈ, ਮਾਰਚ ਤੋਂ ਸਭ ਆਸਾਨ ਹੋ ਜਾਵੇਗਾ। ਆਰ. ਬੀ. ਆਈ. ਦੇ ਗਵਰਨਰ ਉਰਜਿਤ ਪਟੇਲ ਬਾਰੇ ਪੁੱਛਣ ''ਤੇ ਉਨ੍ਹਾਂ ਕਿਹਾ ਕਿ ਪਟੇਲ ਸੁਝਾਵਾਂ ਤੇ ਨਵੀਆਂ ਸਥਿਤੀਆਂ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕਰ ਰਹੇ ਹਨ।   


Related News