ਅਮਰੀਕਾ ''ਚ ਪੜ੍ਹਨ ਵਾਲਾ ਹਰੇਕ 6ਵਾਂ ਕੌਮਾਂਤਰੀ ਵਿਦਿਆਰਥੀ ਭਾਰਤੀ ਹੈ

04/29/2017 7:21:55 AM

ਸਾਰੇ ਭਾਰਤੀ ਵਿਦਿਆਰਥੀਆਂ ਨੂੰ ਵਧਾਈ, ਜਿਨ੍ਹਾਂ ਨੂੰ ਅਮਰੀਕਾ ਵਿਚ ਉੱਚ ਸਿੱਖਿਆ ਵਾਲੀਆਂ 4500 ਤੋਂ ਜ਼ਿਆਦਾ ਮਾਨਤਾ ਪ੍ਰਾਪਤ ਸੰਸਥਾਵਾਂ ''ਚ ਦਾਖਲੇ ਦੀਆਂ ਤਜਵੀਜ਼ਾਂ ਮਿਲੀਆਂ ਹਨ। 
ਅਮਰੀਕੀ ਯੂਨੀਵਰਸਿਟੀਆਂ ਦੇ ਗ੍ਰੈਜੂਏਟ ਦੁਨੀਆ ਦੇ ਬਹੁਤ ਸਾਰੇ ਖੇਤਰਾਂ ਵਿਚ ਅਗਵਾਈਕਰਤਾ ਬਣ ਰਹੇ ਹਨ ਅਤੇ ਤੁਹਾਨੂੰ ਇਨ੍ਹਾਂ ਨੌਜਵਾਨਾਂ ਦੇ ਸਮੂਹ ''ਚ ਸ਼ਾਮਿਲ ਹੋਣ ਦੇ ਸੱਦੇ ''ਤੇ ਮਾਣ ਹੋਣਾ ਚਾਹੀਦਾ ਹੈ, ਜਿਨ੍ਹਾਂ ਦਾ ਜੀਵਨ ਵਿਕਾਸ, ਖੁੱਲ੍ਹੇਪਣ ਅਤੇ ਅਮਰੀਕੀ ਯੂਨੀਵਰਸਿਟੀਆਂ ਦੇ ਕੰਪਲੈਕਸਾਂ ਦੀ ਵਿਸ਼ੇਸ਼ਤਾ ਨਾਲ ਬਦਲ ਜਾਵੇਗਾ। ਅਜਿਹਾ ਕਰਕੇ ਤੁਸੀਂ ਭਾਰਤ ਦੇ ਕੁਝ ਪ੍ਰਮੁੱਖ ਸਿਆਸਤਦਾਨਾਂ, ਉਦਯੋਗਪਤੀਆਂ, ਕਲਾਕਾਰਾਂ, ਸਿੱਖਿਆ ਮਾਹਿਰਾਂ, ਵਿਗਿਆਨੀਆਂ ਤੇ ਅਭਿਨੇਤਾਵਾਂ ਨੂੰ ਵੀ ਮਿਲੋਗੇ, ਜਿਨ੍ਹਾਂ ਨੇ ਅਮਰੀਕਾ ''ਚ ਪੜ੍ਹਾਈ ਕੀਤੀ ਹੈ। 
ਅਮਰੀਕਾ ''ਚ ਇਸ ਸਮੇਂ ਲੱਗਭਗ 1 ਲੱਖ 66 ਹਜ਼ਾਰ ਭਾਰਤੀ ਵਿੱਦਿਅਕ ਪ੍ਰੋਗਰਾਮ ਦੀ ਪੜ੍ਹਾਈ ਕਰ ਰਹੇ ਹਨ (2 ਸਾਲ ਪਹਿਲਾਂ ਇਹ ਗਿਣਤੀ 1 ਲੱਖ ਸੀ) ਅਤੇ ਕਈ ਵਿਦਿਆਰਥੀਆਂ ਨੇ ਪਿਛਲੇ ਕੁਝ ਸਾਲਾਂ ''ਚ ਕਾਫੀ ਤਰੱਕੀ ਕੀਤੀ ਹੈ। ਅਮਰੀਕੀ ਦੂਤਘਰ ਦੀਆਂ ਤਰਜੀਹਾਂ ਵਿਚ ਸਭ ਤੋਂ ਪਹਿਲਾ ਕੰਮ ਵਿਦਿਆਰਥੀਆਂ ਨਾਲ ਸੰਬੰਧਾਂ ਅਤੇ ਦੋਹਾਂ ਦੇਸ਼ਾਂ (ਭਾਰਤ-ਅਮਰੀਕਾ) ਵਿਚਾਲੇ ਯੂਨੀਵਰਸਿਟੀ ਹਿੱਸੇਦਾਰੀ ਨੂੰ ਮਜ਼ਬੂਤ ਬਣਾਉਣਾ ਹੈ। 
ਦਾਖਲੇ ਦੀ ਤਜਵੀਜ਼ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਅਤੇ ਅਰਜ਼ੀਆਂ ਦੀ ਸਮੀਖਿਆ ਕਰਨ ਵਾਲੀਆਂ ਯੂਨੀਵਰਸਿਟੀਆਂ ਦੀ ਬਿਹਤਰੀਨ ਸੋਚ-ਵਿਚਾਰ ਅਤੇ ਸਖਤ ਮਿਹਨਤ ਦਾ ਨਤੀਜਾ ਹੁੰਦੀ ਹੈ। ਪਰਿਵਾਰ ਵੀ ਅਹਿਮ ਅਤੇ ਮਦਦਗਾਰ ਵਾਲੀ ਭੂਮਿਕਾ ਨਿਭਾਉਂਦੇ ਹਨ। ਪਿਛਲੇ ਸਾਲ ਮੇਰੀ ਬੇਟੀ ਨੇ ਆਪਣੀ ਅਰਜ਼ੀ ''ਤੇ ਕਈ ਘੰਟੇ ਮਿਹਨਤ ਕਰਨ ਅਤੇ ਸਟੈਂਡਰਡ ਦਾਖਲਾ ਪ੍ਰੀਖਿਆਵਾਂ ਲਈ ਤਿਆਰੀ ਤੋਂ ਬਾਅਦ ਫੈਸਲਾ ਲਿਆ ਕਿ ਕਿਸ ਯੂਨੀਵਰਸਿਟੀ ''ਚ ਜਾਣਾ ਹੈ।
ਇਹ ਇਕ ਵੱਡਾ ਫੈਸਲਾ ਹੈ ਪਰ ਇਥੇ ਅਸਲ ਵਿਚ ਕੋਈ ਗਲਤ ਬਦਲ ਨਹੀਂ ਹੁੰਦਾ। ਕਦੇ-ਕਦੇ ਇਕ ਸਕੂਲ, ਜੋ ਕਿਸੇ ਦੀ ਪਹਿਲੀ ਜਾਂ ਦੂਜੀ ਪਸੰਦ ਵੀ ਨਹੀਂ ਹੁੰਦੇ, ਉਸ ਦੇ ਲਈ ਬਿਲਕੁਲ ਸਹੀ ਹੋ ਸਕਦੇ ਹਨ, ਜਿਵੇਂ ਕਿ ਮੈਂ ਅਕਸਰ ਕਹਿੰਦੀ ਹਾਂ : ''''ਕਦੇ-ਕਦੇ ਸਾਨੂੰ ਨਹੀਂ ਪਤਾ ਹੁੰਦਾ ਕਿ ਅਸੀਂ ਕੀ ਚਾਹੁੰਦੇ ਹਾਂ।''''
ਅਮਰੀਕਾ ਦੇ ਉੱਚ ਵਿੱਦਿਅਕ ਅਦਾਰਿਆਂ ਵਿਚ 10 ਲੱਖ ਤੋਂ ਜ਼ਿਆਦਾ ਕੌਮਾਂਤਰੀ ਵਿਦਿਆਰਥੀ ਪੜ੍ਹ ਰਹੇ ਹਨ। ਉਹ ਭਾਰਤੀ ਵਿਦਿਆਰਥੀਆਂ ਤੇ ਦੁਨੀਆ ਦੇ ਹੋਰਨਾਂ ਵਿਦਿਆਰਥੀਆਂ ਲਈ ਸਭ ਤੋਂ ਵੱਡੇ ਟੀਚੇ ਦਾ ਨਿਰਮਾਣ ਕਰ ਰਹੇ ਹਨ। ਇਹ ਅਮਰੀਕੀ ਉੱਚ ਸਿੱਖਿਆ ਦੀ ਅਦੁੱਤੀ ਗੁਣਵੱਤਾ, ਅਮਰੀਕੀ ਯੂਨੀਵਰਸਿਟੀਆਂ ਨਾਲ ਮਜ਼ਬੂਤ ਸੰਬੰਧਾਂ ਅਤੇ ਖਿੱਚ ਦਾ ਗਵਾਹ ਹੈ। 
ਪਿਛਲੇ ਸਾਲ ਨਵੰਬਰ ''ਚ ''ਇੰਟਰਨੈਸ਼ਨਲ ਐਜੂਕੇਸ਼ਨ ਵੀਕ'' ਮਨਾਉਣ ਲਈ ਅਮਰੀਕੀ ਦੂਤਘਰ ਨੇ ਅਮਰੀਕੀ ਕਾਲਜਾਂ ਤੇ ਯੂਨੀਵਰਸਿਟੀਆਂ ਦੇ ''ਐਲੁਮਨੀ'' (ਪੁਰਾਣੇ ਪੜ੍ਹ ਚੁੱਕੇ ਵਿਦਿਆਰਥੀ), ਜੋ ਹੁਣ ਭਾਰਤ ਆ ਗਏ ਹਨ, ਨਾਲ ਇਕ ਵੀਡੀਓ ਲੜੀ ਦਾ ਨਿਰਮਾਣ ਕੀਤਾ ਸੀ। ਅੱਜ ਇਹ ''ਐਲੁਮਨੀ'' ਸਾਡੇ ਦੋਹਾਂ ਦੇਸ਼ਾਂ ਦਰਮਿਆਨ ਸੰਬੰਧਾਂ ਨੂੰ ਮਜ਼ਬੂਤ ਬਣਾ ਰਹੇ ਹਨ, ਆਪਣੀਆਂ ਸਥਾਨਕ ''ਐਲੁਮਨੀ'' ਕਲੱਬਾਂ ਦੀ ਅਗਵਾਈ ਕਰ ਰਹੇ ਹਨ ਅਤੇ ਸੰਸਾਰਕ, ਸਥਾਨਕ ਚੁਣੌਤੀਆਂ ਦਾ ਹੱਲ ਕਰਨ ਲਈ ਹਿੱਸੇਦਾਰੀ ਦਾ ਨਿਰਮਾਣ ਕਰ ਰਹੇ ਹਨ। 
ਅਮਰੀਕਾ ਵਿਚ ਪੜ੍ਹਨ ਦੇ ਚਾਹਵਾਨ ਲੋਕਾਂ ਨੂੰ ਮੇਰਾ ਕਹਿਣਾ ਹੈ ਕਿ ਉਹ ''ਐਜੂਕੇਸ਼ਨ ਯੂ. ਐੱਸ . ਏ.'' (educationusa.state.gov) ਨਾਲ ਸੰਪਰਕ ਕਰਨ। ਭਾਰਤ ਵਿਚ 7 ਐਜੂਕੇਸ਼ਨ ਯੂ. ਐੱਸ. ਏ. ਕੰਸਲਟੈਂਟ ਸੈਂਟਰ ਹਨ, ਜੋ ਸਥਾਨਕ ਸਕੂਲਾਂ ਅਤੇ ਉੱਚ ਸਿੱਖਿਆ ਬਾਰੇ ਆਨਲਾਈਨ ਸਟੀਕ, ਤਾਜ਼ਾ ਅਤੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹਨ। 
ਅਮਰੀਕਾ ਵੰਨ-ਸੁਵੰਨਤਾ ਨੂੰ ਅਹਿਮੀਅਤ ਦਿੰਦਾ ਹੈ ਤੇ ਸਾਰੇ ਵੱਖ-ਵੱਖ ਪਿਛੋਕੜਾਂ ਵਾਲੇ ਵਿਦਿਆਰਥੀਆਂ ਦਾ ਸਰਗਰਮ ਤੌਰ ''ਤੇ ਸਮਰਥਨ ਕਰਦਾ ਹੈ। ਸਮੁੱਚੇ ਅਮਰੀਕਾ ਵਿਚ ਕਾਲਜਾਂ ਤੇ ਯੂਨੀਵਰਸਿਟੀਆਂ ''ਚ ਅਨੋਖੇ ਅਤੇ ਵੰਨ-ਸੁਵੰਨਤਾ ਵਾਲੇ ਨਜ਼ਰੀਏ ਨਾਲ ਕੌਮਾਂਤਰੀ ਵਿਦਿਆਰਥੀਆਂ ਲਈ ਮਾਰਗਦਰਸ਼ਨ ਅਤੇ ਪ੍ਰੋਗਰਾਮ ਮੁਹੱਈਆ ਕਰਵਾਏ ਜਾਂਦੇ ਹਨ।
ਅੱਜ ਅਮਰੀਕਾ ਵਿਚ ਹਰੇਕ 6ਵਾਂ ਕੌਮਾਂਤਰੀ ਵਿਦਿਆਰਥੀ ਭਾਰਤੀ ਹੈ ਤੇ ਇਹ ਵਿਦਿਆਰਥੀ ਯੂਨੀਵਰਸਿਟੀ ਤੇ ਆਸ-ਪਾਸ ਦੇ ਭਾਈਚਾਰਿਆਂ ''ਚ ਜੀਵਨ ਦੇ ਹਰੇਕ ਖੇਤਰ ਵਿਚ ਭਾਰੀ ਯੋਗਦਾਨ ਦੇ ਰਹੇ ਹਨ। 
ਅਮਰੀਕੀ ਯੂਨੀਵਰਸਿਟੀਆਂ ਅਤੇ ਕਾਲਜ ਸੁਰੱਖਿਅਤ ਤੇ ਸਵਾਗਤ ਭਰਪੂਰ ਮਾਹੌਲ ਪ੍ਰਦਾਨ ਕਰਨ ''ਤੇ ਮਾਣ ਮਹਿਸੂਸ ਕਰਦੇ ਹਨ। ਅਮਰੀਕੀ ਯੂਨੀਵਰਸਿਟੀਆਂ ਵਲੋਂ ਆਪਣੇ ਵਿਦਿਆਰਥੀਆਂ ਦੀ ਸੁਰੱਖਿਆ ਤੇ ਕੁਸ਼ਲਤਾ ''ਤੇ ਪੂਰੀ ਚੌਕਸੀ ਨਾਲ ਧਿਆਨ ਦਿੱਤਾ ਜਾਂਦਾ ਹੈ। 
ਅਮਰੀਕਾ ਵਿਚ ਬਹੁਤ ਸਾਰੀਆਂ ਯੂਨੀਵਰਸਿਟੀਆਂ #You1reWelcome8ere ਮੁਹਿੰਮ ਦੇ ਜ਼ਰੀਏ ਵਿਸ਼ੇਸ਼ ਤੌਰ ''ਤੇ ਵਿਦਿਆਰਥੀਆਂ ਨੂੰ ਸੰਦੇਸ਼ ਭੇਜਣ ਲਈ ਸੰਗਠਿਤ ਹੋਈਆਂ ਹਨ, ਜਿਥੇ ਵਿਦਿਆਰਥੀਆਂ ਨੂੰ ਜ਼ਿੰਦਗੀ ਦੇ ਟੀਚੇ ਹਾਸਿਲ ਕਰਨ ''ਚ ਮਦਦ ਕਰਨ ਲਈ ਇਥੋਂ ਦੀਆਂ ਯੂਨੀਵਰਸਿਟੀਆਂ ਅਤੇ ਕਾਲਜ ਵਡਮੁੱਲੇ ਵਿੱਦਿਅਕ ਮੌਕੇ ਪੇਸ਼ ਕਰਦੇ ਹਨ। 

 


Related News