ਗ੍ਰੇਟਰ ਮੁੰਬਈ ਦੇ ਮੇਅਰ ਦੀ ਚੋਣ

11/18/2019 12:37:49 AM

ਸੋਮਵਾਰ ਨੂੰ ਸ਼ੁਰੂ ਹੋਣ ਜਾ ਰਹੇ ਸੰਸਦ ਸੈਸ਼ਨ ਤੋਂ ਇਕ ਦਿਨ ਪਹਿਲਾਂ ਐਤਵਾਰ ਨੂੰ ਆਯੋਜਿਤ ਐੱਨ. ਡੀ. ਏ. ਦੀ ਬੈਠਕ ਵਿਚ ਸ਼ਿਵ ਸੈਨਾ ਨੇ ਹਿੱਸਾ ਨਹੀਂ ਲਿਆ। ਇਸ ਦੌਰਾਨ ਹੁਣ ਸ਼ਿਵ ਸੈਨਾ ਦੇ ਸੰਸਦ ਮੈਂਬਰ ਵਿਰੋਧੀ ਧਿਰ ਵਿਚ ਬੈਠਣਗੇ। ਸ਼ਿਵ ਸੈਨਾ ਨੇਤਾ ਸੰਜੇ ਰਾਊਤ ਦਾ ਕਹਿਣਾ ਹੈ ਕਿ ਪ੍ਰਸਤਾਵਿਤ ਗੱਠਜੋੜ ਸਰਕਾਰ ਲਈ ਸ਼ਿਵ ਸੈਨਾ, ਐੱਨ. ਸੀ. ਪੀ. ਅਤੇ ਕਾਂਗਰਸ ਨੇ ਘੱਟੋ-ਘੱਟ ਸਾਂਝਾ ਪ੍ਰੋਗਰਾਮ (ਸੀ. ਐੱਮ. ਪੀ.) ਤਿਆਰ ਕਰ ਲਿਆ ਹੈ। ਸ਼ਿਵ ਸੈਨਾ ਦੀ ਅਗਵਾਈ ਵਾਲੀ ਐੱਨ. ਸੀ. ਪੀ.-ਕਾਂਗਰਸ ਸਰਕਾਰ ਦੇ ਗਠਨ ਨਾਲ ਨਾ ਸਿਰਫ ਸੂਬੇ ਦੀ ਰਾਜਨੀਤੀ ਪ੍ਰਭਾਵਿਤ ਹੋਵੇਗੀ, ਸਗੋਂ ਇਸ ਦਾ ਅਸਰ ਗ੍ਰੇਟਰ ਮੁੰਬਈ ਨਗਰ ਨਿਗਮ ਵਿਚ ਭਾਜਪਾ-ਸ਼ਿਵ ਸੈਨਾ ਗੱਠਜੋੜ ਉੱਤੇ ਵੀ ਪਵੇਗਾ। 22 ਨਵੰਬਰ ਨੂੰ ਮੇਅਰ ਦੀ ਚੋਣ ਹੋਵੇਗੀ ਕਿਉਂਕਿ ਮੌਜੂਦਾ ਮੇਅਰ ਦਾ ਕਾਰਜਕਾਲ ਇਸ ਸਾਲ ਸਤੰਬਰ ਵਿਚ ਖਤਮ ਹੋ ਗਿਆ ਸੀ ਪਰ 21 ਅਕਤੂਬਰ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਕਾਰਣ ਉਸ ਦਾ ਕਾਰਜਕਾਲ ਨਵੰਬਰ ਤਕ ਵਧਾ ਦਿੱਤਾ ਗਿਆ ਸੀ। 2017 ਵਿਚ ਹੋਈਆਂ ਗ੍ਰੇਟਰ ਮੁੰਬਈ ਨਗਰ ਨਿਗਮ ਚੋਣਾਂ ਵਿਚ ਸ਼ਿਵ ਸੈਨਾ ਨੇ 84 ਸੀਟਾਂ ਜਿੱਤੀਆਂ ਸਨ, ਜਦਕਿ ਭਾਜਪਾ ਨੇ 227 ਮੈਂਬਰੀ ਨਗਰ ਬਾਡੀ 'ਚ 82 ਸੀਟਾਂ 'ਤੇ ਜਿੱਤ ਹਾਸਿਲ ਕੀਤੀ ਸੀ। ਉਸ ਸਮੇਂ ਭਾਜਪਾ ਨੇ ਸੈਨਾ ਨੂੰ ਸਮਰਥਨ ਦਿੱਤਾ ਸੀ ਅਤੇ ਇਸ ਦਾ ਨੇਤਾ ਵਿਸ਼ਵਨਾਥ ਮਹਾਦੇਸ਼ਵਰ ਮੇਅਰ ਚੁਣਿਆ ਗਿਆ ਸੀ। 24 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਦੋਵੇਂ ਪਾਰਟੀਆਂ ਵੱਖ ਹੋ ਗਈਆਂ ਕਿਉਂਕਿ ਸ਼ਿਵ ਸੈਨਾ ਮੁੱਖ ਮੰਤਰੀ ਅਹੁਦੇ ਦੇ ਕਾਰਜਕਾਲ ਵਿਚ ਅੱਧਾ ਹਿੱਸਾ ਮੰਗ ਰਹੀ ਸੀ, ਜਿਸ ਨੂੰ ਦੇਣ ਤੋਂ ਭਾਜਪਾ ਨੇ ਇਨਕਾਰ ਕਰ ਦਿੱਤਾ।
ਮੌਜੂਦਾ ਸਮੇਂ ਵਿਚ ਐੱਮ. ਆਈ. ਐੱਮ. ਦੇ 6 ਅਤੇ 4 ਆਜ਼ਾਦ ਕਾਰਪੋਰੇਟਰਜ਼ ਨੂੰ ਮਿਲਾ ਕੇ ਸ਼ਿਵ ਸੈਨਾ ਦੀ ਗਿਣਤੀ 94 ਹੈ ਅਤੇ ਭਾਜਪਾ ਕੋਲ 83 ਸੀਟਾਂ ਹਨ। ਕਾਂਗਰਸ ਕੋਲ 28, ਐੱਨ. ਸੀ. ਪੀ. ਦੀਆਂ 8, ਸਪਾ ਦੀਆਂ 6, ਐੱਮ. ਆਈ. ਐੱਮ. ਦੀਆਂ 2 ਅਤੇ ਮਨਸੇ ਦੀ 1 ਸੀਟ ਹੈ। ਸਪਾ ਨੇਤਾ ਰਾਏ ਸ਼ੇਖ ਦਾ ਕਹਿਣਾ ਹੈ ਕਿ ਸਪਾ ਕਾਂਗਰਸ ਨਾਲ ਸੰਪਰਕ 'ਚ ਹੈ। ਸ਼ਿਵ ਸੈਨਾ-ਐੱਨ. ਸੀ. ਪੀ.-ਕਾਂਗਰਸ ਮੇਅਰ ਦੀ ਚੋਣ ਇਕੱਠੇ ਹੋ ਕੇ ਲੜਨਗੇ ਅਤੇ ਇਸ ਦੇ ਲਈ ਚਰਚਾ ਸੂਬੇ ਵਿਚ ਸ਼ਿਵ ਸੈਨਾ ਦੀ ਅਗਵਾਈ ਵਾਲੀ ਸਰਕਾਰ ਦੇ ਗਠਨ ਤੋਂ ਛੇਤੀ ਬਾਅਦ ਹੋਵੇਗੀ।

ਹਰਿਆਣਾ ਕੈਬਨਿਟ ਦੀ ਝਲਕ
18 ਦਿਨਾਂ ਬਾਅਦ ਆਖਿਰਕਾਰ ਮਨੋਹਰ ਲਾਲ ਖੱਟੜ ਨੇ ਹਰਿਆਣਾ ਵਿਚ ਆਪਣੇ ਮੰਤਰੀ ਮੰਡਲ ਦਾ ਵਿਸਤਾਰ ਕੀਤਾ ਹੈ। ਹਾਲਾਂਕਿ ਇਸ ਵਾਰ ਖੱਟੜ ਨੇ ਮੰਤਰੀ ਮੰਡਲ ਦਾ ਗਠਨ ਪਿਛਲੀ ਸਰਕਾਰ ਵਾਂਗ ਨਹੀਂ ਕੀਤਾ ਹੈ, ਜਦੋਂ ਭਾਜਪਾ ਨੇ 47 ਸੀਟਾਂ ਜਿੱਤੀਆਂ ਸਨ। ਉਸ ਸਮੇਂ ਹਾਈਕਮਾਨ ਨਾਲ ਸਲਾਹ-ਮਸ਼ਵਰਾ ਕਰ ਕੇ ਖੱਟੜ ਨੇ ਕੈਬਨਿਟ ਦਾ ਗਠਨ ਆਪਣੇ ਹਿਸਾਬ ਨਾਲ ਕੀਤਾ ਸੀ ਪਰ ਇਸ ਵਾਰ ਮੁੱਖ ਮੰਤਰੀ ਖੱਟੜ ਨੂੰ ਕਈ ਮੰਤਰੀਆਂ ਨੂੰ ਦਬਾਅ ਹੇਠ ਸ਼ਾਮਿਲ ਕਰਨਾ ਪਿਆ ਹੈ ਕਿਉਂਕਿ ਉਨ੍ਹਾਂ ਦੇ ਕਈ ਪੁਰਾਣੇ ਕੈਬਨਿਟ ਸਹਿਯੋਗੀ ਇਸ ਵਾਰ ਚੋਣ ਹਾਰ ਗਏ ਹਨ। ਸੂਬੇ ਵਿਚ ਬਾਣੀਆ ਭਾਈਚਾਰਾ ਕਾਫੀ ਤਾਦਾਦ ਵਿਚ ਹੈ ਅਤੇ ਖੱਟੜ ਫਰੀਦਾਬਾਦ ਤੋਂ ਦੀਪਕ ਮੰਗਲਾ ਨੂੰ ਬਾਣੀਆ ਪ੍ਰਤੀਨਿਧੀ ਦੇ ਤੌਰ 'ਤੇ ਕੈਬਨਿਟ ਮੰਤਰੀ ਬਣਾਉਣਾ ਚਾਹੁੰਦੇ ਸਨ ਪਰ ਕੇਂਦਰੀ ਮੰਤਰੀ ਕ੍ਰਿਸ਼ਨ ਪਾਲ ਗੁਰਜਰ ਦੇ ਦਬਾਅ ਕਾਰਣ ਉਨ੍ਹਾਂ ਨੂੰ ਦੀਪਕ ਮਾਂਗਲਾ ਦੀ ਥਾਂ 'ਤੇ ਮੂਲਚੰਦ ਸ਼ਰਮਾ ਨੂੰ ਮੰਤਰੀ ਮੰਡਲ ਵਿਚ ਸ਼ਾਮਿਲ ਕਰਨਾ ਪਿਆ। ਇਸ ਸਮੇਂ ਕੈਬਨਿਟ ਵਿਚ ਬਾਣੀਆ ਭਾਈਚਾਰੇ ਤੋਂ ਕੋਈ ਮੰਤਰੀ ਨਹੀਂ ਹੈ। ਇਸੇ ਤਰ੍ਹਾਂ ਜਾਟ ਭਾਈਚਾਰੇ ਤੋਂ 4 ਮੰਤਰੀ ਹਨ, 3 ਕੈਬਨਿਟ ਅਤੇ 1 ਰਾਜ ਮੰਤਰੀ। ਐੱਸ. ਸੀ. ਵਿਧਾਇਕ ਅਨੂਪ ਧਾਨਕ ਨੂੰ ਜੇ. ਜੇ. ਪੀ. ਦੇ ਕੋਟੇ ਤੋਂ ਰਾਜ ਮੰਤਰੀ ਬਣਾਇਆ ਗਿਆ ਹੈ, ਜਦਕਿ ਐੱਸ. ਸੀ. ਵੋਟਰਾਂ ਨੂੰ ਸੰਦੇਸ਼ ਦੇਣ ਲਈ ਖੱਟੜ ਨੇ ਡਾ. ਬਨਵਾਰੀ ਲਾਲ ਨੂੰ ਕੈਬਨਿਟ ਮੰਤਰੀ ਬਣਾਇਆ ਹੈ। ਭਾਜਪਾ ਦੇ ਸੀਨੀਅਰ ਮੋਸਟ ਵਿਧਾਇਕ ਅਨਿਲ ਵਿਜ ਨੂੰ ਸੂਬੇ ਦਾ ਗ੍ਰਹਿ ਮੰਤਰੀ ਬਣਾਇਆ ਗਿਆ ਹੈ, ਇਸ ਦੇ ਬਾਵਜੂਦ ਜੇ. ਜੇ. ਪੀ. ਅਜੇ ਵੀ ਖੱਟੜ ਸਰਕਾਰ 'ਤੇ ਦਬਾਅ ਪਾ ਰਹੀ ਹੈ ਕਿ ਉਸ ਦੇ ਇਕ ਹੋਰ ਵਿਧਾਇਕ ਨੂੰ ਮੰਤਰੀ ਮੰਡਲ ਵਿਚ ਸ਼ਾਮਿਲ ਕੀਤਾ ਜਾਵੇ।

ਝਾਰਖੰਡ 'ਚ ਇਕੱਲੇ ਚੋਣ ਲੜ ਰਹੇ ਨਿਤੀਸ਼ ਅਤੇ ਪਾਸਵਾਨ
ਭਾਜਪਾ ਆਪਣੇ ਸਭ ਤੋਂ ਪੁਰਾਣੇ ਸਹਿਯੋਗੀਆਂ 'ਚੋਂ ਇਕ ਅਤੇ ਵਿਚਾਰਕ ਪਾਰਟਨਰ ਸ਼ਿਵ ਸੈਨਾ ਦੇ ਵਤੀਰੇ ਤੋਂ ਦੁਖੀ ਹੈ, ਜਦਕਿ ਅਜਿਹਾ ਲੱਗਦਾ ਹੈ ਕਿ ਮਹਾਰਾਸ਼ਟਰ ਦੇ ਘਟਨਾਚੱਕਰ ਦਾ ਅਸਰ ਝਾਰਖੰਡ ਦੀ ਰਣਨੀਤੀ 'ਤੇ ਵੀ ਪੈ ਰਿਹਾ ਹੈ। ਭਾਜਪਾ ਆਪਣੇ ਹੋਰਨਾਂ ਸਹਿਯੋਗੀਆਂ ਨੂੰ ਇਕਜੁੱਟ ਰੱਖਣ ਲਈ ਕੋਸ਼ਿਸ਼ ਕਰ ਰਹੀ ਹੈ। ਜਦੋਂ ਰਾਮਵਿਲਾਸ ਪਾਸਵਾਨ ਦੀ ਜਗ੍ਹਾ ਚਿਰਾਗ ਪਾਸਵਾਨ ਐੱਲ. ਜੇ. ਪੀ. (ਲੋਕ ਜਨਸ਼ਕਤੀ ਪਾਰਟੀ) ਦੇ ਪ੍ਰਧਾਨ ਬਣੇ ਤਾਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਜੇ. ਪੀ. ਨੱਡਾ ਨੇ ਫੋਨ ਕਰ ਕੇ ਉਨ੍ਹਾਂ ਨੂੰ ਵਧਾਈ ਦਿੱਤੀ। ਇਹ ਇਸ ਤੱਥ ਦੇ ਬਾਵਜੂਦ ਹੋਇਆ ਕਿ ਐੱਲ. ਜੇ. ਪੀ. ਝਾਰਖੰਡ ਵਿਚ ਇਕੱਲਿਆਂ ਚੋਣ ਲੜ ਰਹੀ ਹੈ। ਇਸ ਦੌਰਾਨ ਝਾਰਖੰਡ ਵਿਚ ਜਿਥੇ 81 ਮੈਂਬਰੀ ਵਿਧਾਨ ਸਭਾ ਲਈ 30 ਨਵੰਬਰ ਤੋਂ 5 ਪੜਾਵਾਂ ਦੀ ਚੋਣ ਹੋਣ ਜਾ ਰਹੀ ਹੈ, ਭਾਜਪਾ ਨੂੰ ਆਪਣੇ ਪੁਰਾਣੇ ਸਹਿਯੋਗੀ ਜਨਤਾ ਦਲ (ਯੂ) ਦੇ ਵਿਰੁੱਧ ਚੋਣ ਲੜਨੀ ਪੈ ਰਹੀ ਹੈ। ਬਿਹਾਰੀ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਇਸ ਸਬੰਧ ਵਿਚ ਨਵੀਂ ਦਿੱਲੀ ਵਿਚ ਹੋਈ ਪਾਰਟੀ ਦੀ ਰਾਸ਼ਟਰੀ ਪ੍ਰੀਸ਼ਦ ਦੀ ਬੈਠਕ ਵਿਚ ਸਥਿਤੀ ਸਪੱਸ਼ਟ ਕਰ ਦਿੱਤੀ ਸੀ।

ਮੰਦਰ ਟਰੱਸਟ 'ਚ ਸ਼ਾਮਿਲ ਹੋਣ ਲਈ ਭਿੜੇ ਸਾਧੂ
ਰਾਮ ਮੰਦਰ ਮਾਮਲੇ ਵਿਚ ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਮੰਦਰ ਨਿਰਮਾਣ ਲਈ ਗਠਿਤ ਹੋਣ ਵਾਲੇ ਟਰੱਸਟ ਵਿਚ ਸ਼ਾਮਿਲ ਹੋਣ ਲਈ ਸਾਧੂ-ਸੰਤਾਂ ਅਤੇ ਧਾਰਮਿਕ ਨੇਤਾਵਾਂ ਵਿਚ ਅੰਦਰੂਨੀ ਕਲੇਸ਼ ਸ਼ੁਰੂ ਹੋ ਗਿਆ ਹੈ। ਵਰਣਨਯੋਗ ਹੈ ਕਿ ਸੁਪਰੀਮ ਕੋਰਟ ਦੇ ਹੁਕਮ ਅਨੁਸਾਰ ਕੇਂਦਰ ਸਰਕਾਰ ਨੂੰ ਮੰਦਰ ਨਿਰਮਾਣ ਲਈ 3 ਮਹੀਨਿਆਂ ਵਿਚ ਇਕ ਟਰੱਸਟ ਦਾ ਗਠਨ ਕਰਨਾ ਹੋਵੇਗਾ। ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ. ਐੱਸ. ਏ.) ਅਜੀਤ ਦੋਭਾਲ ਨੇ ਧਾਰਮਿਕ ਨੇਤਾਵਾਂ ਦੀ ਇਕ ਬੈਠਕ ਬੁਲਾਈ ਹੈ, ਜਿਸ ਵਿਚ ਬਾਬਾ ਰਾਮਦੇਵ ਨੂੰ ਵੀ ਸੱਦਾ ਦਿੱਤਾ ਗਿਆ ਹੈ। ਸਵਾਮੀ ਰਾਮਦੇਵ ਨੂੰ ਬੈਠਕ ਵਿਚ ਬੁਲਾਏ ਜਾਣ ਨਾਲ ਬਹੁਤ ਸਾਰੇ ਭਾਜਪਾ ਨੇਤਾ, ਆਰ. ਐੱਸ. ਐੱਸ. ਨੇਤਾ ਅਤੇ ਸੰਘ ਨਾਲ ਜੁੜੇ ਸਾਧੂ ਨਾਰਾਜ਼ ਹਨ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਰਾਮਦੇਵ ਇਕ ਵਪਾਰੀ ਹਨ ਅਤੇ ਉਹ ਕਦੇ ਵੀ ਰਾਮ ਮੰਦਰ ਅੰਦੋਲਨ ਨਾਲ ਜੁੜੇ ਨਹੀਂ ਰਹੇ। ਹਰਿਦੁਆਰ ਵਿਚ ਜ਼ਿਆਦਾਤਰ ਸਾਧੂ ਇਸ ਮਾਮਲੇ 'ਤੇ ਅਜੀਤ ਦੋਭਾਲ ਦੀ ਨਿੰਦਾ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਸਵਾਮੀ ਰਾਮਦੇਵ ਨੂੰ ਟਰੱਸਟ 'ਚ ਸ਼ਾਮਿਲ ਕੀਤਾ ਜਾ ਸਕਦਾ ਹੈ। ਇਸ ਦੌਰਾਨ ਅਖਿਲ ਭਾਰਤੀ ਅਖਾੜਾ ਪ੍ਰੀਸ਼ਦ ਚਾਹੁੰਦੀ ਹੈ ਕਿ ਜਗਤਗੁਰੂ ਆਸ਼ਰਮ ਕਨਖਲ ਦੇ ਆਰ. ਐੱਸ. ਐੱਸ. ਸਮਰਥਿਤ ਪੀਠਾਧੀਸ਼ਵਰ ਸਵਾਮੀ ਰਾਜ ਰਾਜੇਸ਼ਵਰਾਸ਼੍ਰਮ ਨੂੰ ਟਰੱਸਟ ਦਾ ਮੁਖੀ ਬਣਾਇਆ ਜਾਵੇ ਅਤੇ ਅਖਿਲ ਭਾਰਤੀ ਅਖਾੜਾ ਪ੍ਰੀਸ਼ਦ ਦੇ ਪ੍ਰਧਾਨ ਮਹੰਤ ਨਰਿੰਦਰ ਗਿਰੀ ਨੇ ਮੰਗ ਕੀਤੀ ਹੈ ਕਿ ਅਖਾੜਾ ਪ੍ਰੀਸ਼ਦ ਦੇ ਪ੍ਰਧਾਨ ਅਤੇ ਸਕੱਤਰ ਨੂੰ ਟਰੱਸਟ ਵਿਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ।

ਕੀ ਊਧਵ ਠਾਕਰੇ ਮੁੱਖ ਮੰਤਰੀ ਹੋਣਗੇ
ਕਾਫੀ ਜੱਦੋ-ਜਹਿਦ ਤੋਂ ਬਾਅਦ ਘੱਟੋ-ਘੱਟ ਸਾਂਝਾ ਪ੍ਰੋਗਰਾਮ (ਸੀ. ਐੱਮ. ਪੀ.) ਤਿਆਰ ਹੋ ਚੁੱਕਾ ਹੈ ਅਤੇ ਹੁਣ ਪਾਵਰ ਸ਼ੇਅਰਿੰਗ ਫਾਰਮੂਲੇ 'ਤੇ ਧਿਆਨ ਦਿੱਤਾ ਜਾ ਰਿਹਾ ਹੈ। ਹਾਲਾਂਕਿ ਸ਼ਿਵ ਸੈਨਾ, ਐੱਨ. ਸੀ. ਪੀ. ਅਤੇ ਕਾਂਗਰਸ ਨੇ ਮੂਲ ਰੂਪ ਤੌਰ 'ਤੇ ਪਾਵਰ ਸ਼ੇਅਰਿੰਗ 'ਤੇ ਫੈਸਲਾ ਕਰ ਲਿਆ ਹੈ। ਪੁਣੇ ਦੇ ਦੌਰੇ ਅਤੇ ਐੱਨ. ਸੀ. ਪੀ. ਨੇਤਾਵਾਂ ਨਾਲ ਬੈਠਕ ਤੋਂ ਬਾਅਦ ਸ਼ਰਦ ਪਵਾਰ ਦਿੱਲੀ ਪਹੁੰਚ ਕੇ ਸੋਨੀਆ ਗਾਂਧੀ ਨਾਲ ਮਹਾਰਾਸ਼ਟਰ ਵਿਚ ਸਰਕਾਰ ਦੇ ਗਠਨ ਨੂੰ ਲੈ ਕੇ ਚਰਚਾ ਕਰਨਗੇ। ਸੂਤਰਾਂ ਅਨੁਸਾਰ ਸ਼ੁਰੂਆਤੀ ਪ੍ਰਸਤਾਵਾਂ 'ਤੇ ਚਰਚਾ ਤੋਂ ਬਾਅਦ ਉਨ੍ਹਾਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਤਿੰਨਾਂ ਦਲਾਂ 'ਚ 42 ਮੰਤਰੀ ਅਹੁਦਿਆਂ ਦੀ ਵੰਡ ਹੋਵੇਗੀ। ਸ਼ਿਵ ਸੈਨਾ ਮੁਖੀ ਊਧਵ ਠਾਕਰੇ ਮੁੱਖ ਮੰਤਰੀ ਬਣ ਸਕਦੇ ਹਨ ਅਤੇ ਉਪ-ਮੁੱਖ ਮੰਤਰੀ ਦਾ ਅਹੁਦਾ ਐੱਨ. ਸੀ. ਪੀ. ਨੂੰ ਦਿੱਤਾ ਜਾਵੇਗਾ ਅਤੇ ਕਾਂਗਰਸ ਨੂੰ ਵਿਧਾਨ ਸਭਾ ਸਪੀਕਰ ਦਾ ਅਹੁਦਾ ਮਿਲੇਗਾ। ਗ੍ਰਹਿ, ਵਿੱਤ, ਮਾਲ, ਕਾਰਪੋਰੇਟਿਵ, ਲੋਕ ਨਿਰਮਾਣ, ਜਲ ਸੋਮੇ, ਸ਼ਹਿਰੀ ਵਿਕਾਸ, ਗ੍ਰਾਮੀਣ ਵਿਕਾਸ ਅਤੇ ਖੇਤੀ ਮਹੱਤਵਪੂਰਨ ਮੰਤਰਾਲੇ ਹਨ। ਸੂਤਰਾਂ ਅਨੁਸਾਰ ਐੱਨ. ਸੀ. ਪੀ. ਨੂੰ ਗ੍ਰਹਿ, ਵਿੱਤ ਅਤੇ ਕਾਰਪੋਰੇਟਿਵ ਮੰਤਰਾਲੇ ਮਿਲਣਗੇ, ਜਦਕਿ ਕਾਂਗਰਸ ਨੂੰ ਖੇਤੀ, ਗ੍ਰਾਮੀਣ ਵਿਕਾਸ ਅਤੇ ਲੋਕ ਨਿਰਮਾਣ ਵਿਭਾਗ ਮਿਲੇਗਾ। ਇਸੇ ਤਰ੍ਹਾਂ ਹੋਰਨਾਂ ਮੰਤਰਾਲਿਆਂ ਅਤੇ ਲੋਕਲ ਬਾਡੀ ਵਿਭਾਗ 'ਤੇ ਵੀ ਸਹਿਮਤੀ ਬਣ ਚੁੱਕੀ ਹੈ। ਹੁਣ ਇਹ ਸਭ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਸ਼ਰਦ ਪਵਾਰ ਕਦੋਂ ਤਕ ਇਨ੍ਹਾਂ ਪ੍ਰਸਤਾਵਾਂ 'ਤੇ ਸੋਨੀਆ ਗਾਂਧੀ ਦੀ ਸਹਿਮਤੀ ਲੈਂਦੇ ਹਨ।

                                                                                          —ਰਾਹਿਲ ਨੋਰਾ ਚੋਪੜਾ


KamalJeet Singh

Content Editor

Related News