ਕਿਉਂ ਨਹੀਂ ਰੁਕ ਰਹੇ ਦੇਸ਼ ’ਚ ਰੇਲ ਹਾਦਸੇ

Friday, Oct 12, 2018 - 05:52 AM (IST)

ਬੀਤੀ  ਨੂੰ ਰਾਏਬਰੇਲੀ ਨੇੜੇ ਹਰਚੰਦਪੁਰ ਰੇਲਵੇ ਸਟੇਸ਼ਨ ਉੱਤੇ ਇਕ ਰੇਲ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ’ਚ ਨਿਊ ਫਰੱਕਾ ਐਕਸਪ੍ਰੈੱਸ ਦੇ 9 ਡੱਬੇ ਲੀਹੋਂ ਲੱਥ ਗਏ, ਜਿਸ ਨਾਲ 7 ਵਿਅਕਤੀਅਾਂ ਦੀ ਮੌਤ ਹੋ ਗਈ ਤੇ ਕਈ ਲੋਕ ਜ਼ਖ਼ਮੀ ਹੋ ਗਏ। ਦੱਸਿਆ ਜਾਂਦਾ ਹੈ ਕਿ ਹਰਚੰਦਪੁਰ ਸਟੇਸ਼ਨ ਦੇ ਸਹਾਇਕ ਮਾਸਟਰ ਨੇ ਰੇਲ ਗੱਡੀ ਨੂੰ ਪਾਸ ਹੋਣ ਲਈ ਗ੍ਰੀਨ ਸਿਗਨਲ ਤਾਂ ਦਿੱਤਾ ਪਰ ਪਟੜੀਅਾਂ ਨਹੀਂ ਜੋੜੀਅਾਂ, ਜਿਸ ਕਾਰਨ ਇਹ ਹਾਦਸਾ ਹੋਇਆ, ਹਾਲਾਂਕਿ ਪੂਰਾ ਸੱਚ ਤਾਂ ਇਸ ਹਾਦਸੇ ਦੀ ਮੁਕੰਮਲ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕੇਗਾ। 
ਮੰਦਭਾਗੀ ਗੱਲ ਇਹ ਹੈ ਕਿ ਪਿਛਲੇ ਕੁਝ ਸਮੇਂ ਤੋਂ ਜਿੰਨੇ ਵੀ ਰੇਲ  ਹਾਦਸੇ ਹੋ ਰਹੇ ਹਨ, ਉਨ੍ਹਾਂ ’ਚੋਂ ਬਹੁਤਿਅਾਂ ਦੀ ਵਜ੍ਹਾ ਚੱਲਦੀ ਗੱਡੀ ਦਾ ਪਟੜੀ ਉਤੋਂ ਉਤਰ ਜਾਣਾ ਹੈ। ਸਵਾਲ ਇਹ ਹੈ ਕਿ ਵਿਕਸਿਤ ਦੌਰ ’ਚ ਟ੍ਰੇਨਾਂ ਦੇ ਸੰਚਾਲਨ ਨਾਲ ਜੁੜੇ ਬੁਨਿਆਦੀ ਪਹਿਲੂਅਾਂ ’ਤੇ ਧਿਆਨ ਕਿਉਂ ਨਹੀਂ ਦਿੱਤਾ ਜਾ ਰਿਹਾ? ਇਹ ਸ਼ਰਮਨਾਕ ਹੀ ਹੈ ਕਿ ਸਰਕਾਰ ਬੁਲੇਟ ਟ੍ਰੇਨ ਜਾਂ ਹੋਰ ਮਹਿੰਗੀਅਾਂ ਟ੍ਰੇਨਾਂ ਚਲਾਉਣ ਬਾਰੇ ਵੱਡੇ-ਵੱਡੇ ਐਲਾਨ ਕਰ ਰਹੀ ਹੈ ਪਰ ਮੁਸਾਫਿਰਾਂ ਦੀ ਸੁਰੱਖਿਆ ਵਰਗੀਅਾਂ ਬੁਨਿਆਦੀ ਲੋੜਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। 
ਇਸ ਸਮੇਂ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਸਾਡੇ ਦੇਸ਼ ’ਚ ਬੁਲੇਟ ਟ੍ਰੇਨ ਜ਼ਿਆਦਾ ਜ਼ਰੂਰੀ ਹੈ ਜਾਂ ਮੁਸਾਫਿਰਾਂ ਨੂੰ ਬੁਨਿਆਦੀ ਸਹੂਲਤਾਂ ਦੇਣੀਅਾਂ ਜ਼ਿਆਦਾ ਜ਼ਰੂਰੀ ਹਨ? ਸਰਦੀਅਾਂ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ। ਇਸ ਲਈ ਅਗਲੇ 4-5 ਮਹੀਨਿਅਾਂ ਵਿਚ ਤਾਂ ਰੇਲ  ਹਾਦਸਿਅਾਂ ਦਾ ਖਦਸ਼ਾ ਹੋਰ ਵਧ ਜਾਵੇਗਾ। ਇਕ ਤਾਂ ਧੁੰਦ ਕਾਰਨ ਤੇ ਦੂਜਾ ਠੰਡ ਕਾਰਨ ਪਟੜੀਅਾਂ ’ਚ ਕ੍ਰੈਕ ਦੀ ਵਜ੍ਹਾ ਕਰਕੇ ਹਾਦਸੇ ਹੁੰਦੇ ਹਨ, ਇਸ ਲਈ ਇਸ ਨੂੰ ਲੈ ਕੇ ਹੁਣ ਤੋਂ ਹੀ ਚੌਕੰਨੇ ਹੋਣ ਦੀ ਲੋੜ ਹੈ। 
ਪਿਛਲੇ ਕੁਝ ਸਮੇਂ ਤੋਂ ਦੇਸ਼ ’ਚ ਰੇਲ ਹਾਦਸਿਅਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। ਇਹ ਮੰਦਭਾਗਾ ਹੀ ਹੈ ਕਿ ਇਸ ਦੌਰ ’ਚ ਰੇਲਗੱਡੀਅਾਂ ਦੀ ਟੱਕਰ, ਉਨ੍ਹਾਂ ਦੇ ਪਟੜੀ ਤੋਂ ਉਤਰਨ ਤੇ ਅੱਗ ਲੱਗਣ ਦੀਅਾਂ ਘਟਨਾਵਾਂ ਆਮ ਹੋ ਗਈਅਾਂ ਹਨ। ਸਭ ਤੋਂ ਬੁਰੀ ਗੱਲ ਤਾਂ ਇਹ ਹੈ ਕਿ ਸਾਡੇ ਦੇਸ਼ ’ਚ ਰੇਲ ਹਾਦਸੇ ਰੁਕਣ ਦਾ ਨਾਂ ਨਹੀਂ ਲੈ ਰਹੇ। ਕਿਸੇ ਵੀ ਰੇਲ ਹਾਦਸੇ ਤੋਂ ਬਾਅਦ ਰੇਲ ਮੰਤਰਾਲਾ ਵੱਡੇ-ਵੱਡੇ ਦਾਅਵੇ ਤਾਂ ਕਰਦਾ ਹੈ ਪਰ ਕੁਝ ਸਮੇਂ ਬਾਅਦ ਸਭ ਕੁਝ ਭੁਲਾ ਦਿੱਤਾ ਜਾਂਦਾ ਹੈ। 
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਰੇਲ ਹਾਦਸਿਅਾਂ ’ਚ ਮਰਨ ਵਾਲਿਅਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਨ੍ਹੀਂ ਦਿਨੀਂ ਰੇਲ ਮੰਤਰਾਲਾ ਕਈ ਤਰੁੱਟੀਅਾਂ ਨਾਲ ਜੂਝ ਰਿਹਾ ਹੈ। ਗੱਲ ਚਾਹੇ ਪੁਰਾਣੀਅਾਂ ਰੇਲ ਪਟੜੀਅਾਂ ਦੇ ਰੱਖ-ਰਖਾਅ ਦੀ ਹੋਵੇ ਜਾਂ ਸਿਗਨਲਾਂ ਦੇ ਆਧੁਨਿਕੀਕਰਨ ਦੀ, ਇਨ੍ਹਾਂ ਮਾਮਲਿਅਾਂ ’ਚ ਅਸੀਂ ਅਜੇ ਵੀ ਹੋਰਨਾਂ ਦੇਸ਼ਾਂ ਤੋਂ ਬਹੁਤ ਪਿੱਛੇ ਹਾਂ।
 ਰੇਲਵੇ ਦੇ ਸਮੁੱਚੇ ਆਧੁਨਿਕੀਕਰਨ ਅਤੇ ਰੇਲ ਗੱਡੀਅਾਂ ’ਚ ਉੱਨਤ ਤਕਨੀਕ ਅਪਣਾਉਣ ਦੀ ਗੱਲ ਛੱਡ ਦੇਈਏ, ਤਾਂ ਵੀ ਰੇਲ ਮੰਤਰਾਲਾ ਮਨੁੱਖ ਰਹਿਤ ਰੇਲਵੇ ਕ੍ਰਾਸਿੰਗਾਂ ’ਤੇ ਚੌਕੀਦਾਰਾਂ ਦੀ ਨਿਯੁਕਤੀ ਨਹੀਂ ਕਰ ਸਕਿਆ। ਇਸ ਕਾਰਨ ਵੀ ਕਈ ਰੇਲ  ਹਾਦਸੇ ਹੁੰਦੇ ਰਹਿੰਦੇ ਹਨ ਤੇ ਸੈਂਕੜੇ ਲੋਕ ਅਣਆਈ ਮੌਤੇ ਮਰਦੇ ਹਨ। 
ਜਦੋਂ ਵੀ ਕਦੇ ਕੋਈ ਵੱਡਾ ਰੇਲ ਹਾਦਸਾ ਹੁੰਦਾ ਹੈ ਤਾਂ ਰੇਲ ਮੰਤਰਾਲਾ ਸਰਗਰਮੀ ਦਿਖਾਉਂਦਾ ਹੈ ਪਰ ਅਮਲੀ ਤੌਰ ’ਤੇ ਰੇਲ  ਹਾਦਸਿਅਾਂ ਨੂੰ ਰੋਕਣ ਲਈ ਕੋਈ ਗੰਭੀਰ ਯੋਜਨਾ ਨਹੀਂ ਬਣਾਈ ਜਾਂਦੀ। ਇਹੋ ਵਜ੍ਹਾ ਹੈ ਕਿ ਹਰੇਕ ਹੋਣ ਵਾਲੇ ਰੇਲ ਹਾਦਸੇ ਤੋਂ ਬਾਅਦ ਜਾਂਚ-ਦਰ-ਜਾਂਚ ਚੱਲਦੀ ਰਹਿੰਦੀ ਹੈ ਤੇ ਛੇਤੀ ਹੀ ਇਕ ਨਵੇਂ ਰੇਲ ਹਾਦਸੇ ਦਾ ਪਿਛੋਕੜ ਤਿਆਰ ਹੋ ਜਾਂਦਾ ਹੈ। 
ਅਸਲ ’ਚ ਸਿਆਸੀ ਸਿਹਰਾ ਲੈਣ ਲਈ ਲਗਾਤਾਰ ਰੇਲ ਗੱਡੀਅਾਂ ਦੀ ਗਿਣਤੀ ਵਧਾਈ ਜਾ ਰਹੀ ਹੈ ਪਰ ਉਸ ਹਿਸਾਬ ਨਾਲ ਸਹੂਲਤਾਂ ਨਹੀਂ ਵਧਾਈਅਾਂ ਜਾ ਰਹੀਅਾਂ। ਮੁਸਾਫਿਰਾਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ ਪਰ ਰੇਲਵੇ ਮੁਲਾਜ਼ਮਾਂ ਦੀ ਗਿਣਤੀ ’ਚ ਵਾਧਾ ਨਹੀਂ ਹੋ ਰਿਹਾ। 
ਜਿਵੇਂ-ਜਿਵੇਂ ਰੇਲ ਮੰਤਰਾਲਾ ਸਹੂਲਤਾਂ ਵਧਾਉਣ ਅਤੇ ਰੇਲਵੇ ਦੇ ਆਧੁਨਿਕੀਕਰਨ ਦਾ ਦਾਅਵਾ ਕਰ ਰਿਹਾ ਹੈ, ਤਿਵੇਂ-ਤਿਵੇਂ ਰੇਲ ਮੁਲਾਜ਼ਮਾਂ ਵਿਚਾਲੇ ਆਪਸੀ ਤਾਲਮੇਲ ਦੀ ਘਾਟ ਨਜ਼ਰ ਆ ਰਹੀ ਹੈ। ਸਾਨੂੰ ਇਸ ਗੱਲ ’ਤੇ ਵੀ ਵਿਚਾਰ ਕਰਨਾ ਪਵੇਗਾ ਕਿ ਮੁਲਾਜ਼ਮਾਂ ਦੀ ਘਾਟ ਨਾਲ ਜੂਝ ਰਹੇ ਰੇਲਵੇ ’ਚ ਕਿਤੇ ਮੁਲਾਜ਼ਮਾਂ/ਸਟਾਫ ’ਤੇ ਬਹੁਤ ਜ਼ਿਆਦਾ ਦਬਾਅ ਤਾਂ ਨਹੀਂ ਹੈ? 
ਫਿਲਹਾਲ ਕਮੀ ਕਿਤੇ ਵੀ ਹੋਵੇ, ਸਾਨੂੰ ਰੇਲ ਮੁਲਾਜ਼ਮਾਂ ਦੀ ਕਾਰਜਕੁਸ਼ਲਤਾ ਵਧਾਉਣ ਵੱਲ ਧਿਆਨ ਦੇਣਾ ਪਵੇਗਾ। ਇਕ ਨਿਸ਼ਚਿਤ ਸਮੇਂ ਦੇ ਵਕਫੇ ’ਤੇ ਮੁਲਾਜ਼ਮਾਂ ਨੂੰ ਸਿਖਲਾਈ ਦੇ ਕੇ ਉਨ੍ਹਾਂ ਦੀ ਕਾਰਜਕੁਸ਼ਲਤਾ ਵਧਾਈ ਜਾ ਸਕਦੀ ਹੈ। ਯੋਗ ਅਤੇ ਧਿਆਨ ਦੀਅਾਂ ਕਲਾਸਾਂ ਲਗਾ ਕੇ ਮੁਲਾਜ਼ਮਾਂ ਦਾ ਮਨੋਬਲ ਵਧਾਇਆ ਜਾ ਸਕਦਾ ਹੈ। 
ਅੱਤਵਾਦੀ ਘਟਨਾਵਾਂ ਦੀ ਗੱਲ ਛੱਡੋ, ਜ਼ਿਆਦਾਤਰ ਰੇਲ ਹਾਦਸਿਅਾਂ ਪਿੱਛੇ ਰੇਲਵੇ ਦਾ ਆਧੁਨਿਕੀਕਰਨ ਨਾ ਹੋਣਾ ਅਤੇ ਮਨੁੱਖੀ ਗਲਤੀਅਾਂ ਹੀ ਜ਼ਿੰਮੇਵਾਰ ਹਨ। ਇਸ ਲਈ ਮਨੁੱਖੀ ਗਲਤੀਅਾਂ ਕਾਰਨ ਸੈਂਕੜੇ ਲੋਕਾਂ ਨੂੰ ਮਰਨ ਲਈ ਨਹੀਂ ਛੱਡਿਆ ਜਾ ਸਕਦਾ। 
ਜਿੱਥੋਂ ਤਕ ਰੇਲਵੇ ਦੇ ਆਧੁਨਿਕੀਕਰਨ ਦੀ ਗੱਲ ਹੈ, ਇਸ ਮਾਮਲੇ ’ਚ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਭਾਰਤੀ ਰੇਲ ਪੱਛੜੀ ਹੋਈ ਹੈ। ਇਸ ਤੋਂ ਵੱਡੀ ਤ੍ਰਾਸਦੀ ਹੋਰ ਕੀ ਹੋ ਸਕਦੀ ਹੈ ਕਿ ਰੇਲਵੇ ਵਿਭਾਗ ਮੁਨਾਫੇ ਨੂੰ ਲੈ ਕੇ ਤਾਂ ਆਪਣੀ ਪਿੱਠ ਖ਼ੁਦ ਥਾਪੜਦਾ ਰਹਿੰਦਾ ਹੈ ਪਰ ਇਹ ਨਹੀਂ ਸੋਚਣਾ ਚਾਹੁੰਦਾ ਕਿ ਇਸ ਮੁਨਾਫੇ ਨਾਲ ਮੁਸਾਫਿਰਾਂ ਦੀ ਸੁਰੱਖਿਆ ਦੇ ਪ੍ਰਬੰਧ ਕਿਵੇਂ ਕੀਤੇ ਜਾਣ? 
ਜ਼ਿਕਰਯੋਗ ਹੈ ਕਿ ਭਾਰਤ ਵਿਚ ਲੱਗਭਗ 70 ਫੀਸਦੀ ਰੇਲ ਹਾਦਸੇ ਲਾਈਨਾਂ ’ਚ ਖਰਾਬੀ, ਖਰਾਬ ਮੌਸਮ ਤੇ ਮਨੁੱਖੀ ਗਲਤੀਅਾਂ ਕਾਰਨ ਹੁੰਦੇ ਹਨ। ਪਿਛਲੇ ਦਿਨੀਂ ਕੁਝ ਮਾਹਿਰਾਂ ਨੇ ਸੈਟੇਲਾਈਟ ਦੇ ਜ਼ਰੀਏ ਟ੍ਰੇਨਾਂ ਦੇ ਕੰਟਰੋਲ ਦਾ ਸੁਝਾਅ ਦਿੱਤਾ ਸੀ ਪਰ ਉਸ ਸੁੁਝਾਅ ਨੂੰ ਠੰਡੇ ਬਸਤੇ ’ਚ ਪਾ ਦਿੱਤਾ ਗਿਆ। 
ਇਸ ਦੌਰ ’ਚ ਜਦੋਂ ਹੋਰ ਬਹੁਤ ਸਾਰੇ ਕੰਮ ਸੈਟੇਲਾਈਟ ਦੇ ਜ਼ਰੀਏ ਹੋ ਰਹੇ ਹਨ ਤਾਂ ਟ੍ਰੇਨਾਂ ਦਾ ਸੰਚਾਲਨ ਕਿਉਂ ਨਹੀਂ ਹੋ ਸਕਦਾ? ਅਸਲ ’ਚ ਸਰਕਾਰ ਆਪਣੇ ਫਜ਼ੂਲ ਖਰਚਿਅਾਂ ’ਚ ਕੋਈ ਕਟੌਤੀ ਨਹੀਂ ਕਰਦੀ ਪਰ ਅਜਿਹੀਅਾਂ ਯੋਜਨਾਵਾਂ ਲਾਗੂ ਕਰਨ ਸਮੇਂ ਧਨ ਦੀ ਘਾਟ ਦਾ ਰੋਣਾ ਰੋਂਦੀ ਹੈ। 
ਜ਼ਿਕਰਯੋਗ ਹੈ ਕਿ ਸਾਡੇ ਦੇਸ਼ ’ਚ ਜਿੰਨੇ ਲੋਕ ਰੇਲ ਹਾਦਸਿਅਾਂ ’ਚ ਮਰਦੇ ਹਨ, ਓਨੇ ਦੁਨੀਆ ਦੇ ਹੋਰ ਕਿਸੇ ਦੇਸ਼ ’ਚ ਨਹੀਂ ਮਰਦੇ। ਇਹ ਮੰਦਭਾਗੀ ਗੱਲ ਹੈ ਕਿ ਰੇਲ ਮੰਤਰਾਲਾ ਉਂਝ ਤਾਂ ਮੁਸਾਫਿਰਾਂ ਦੀ ਮੰਗਲਮਈ ਯਾਤਰਾ ਦੀ ਕਾਮਨਾ ਕਰਦਾ ਹੈ ਪਰ ਅਸਲ ’ਚ ਯਾਤਰਾ ਨੂੰ ਮੰਗਲਮਈ ਬਣਾਉਣ ਲਈ ਜ਼ਰੂਰੀ ਕਦਮ ਨਹੀਂ ਚੁੱਕਦਾ। ਦੇਸ਼ ਦੇ ਕਈ ਹਿੱਸਿਅਾਂ ’ਚ ਨਵੀਅਾਂ ਰੇਲ ਗੱਡੀਅਾਂ ਚਲਾਈਅਾਂ ਗਈਅਾਂ ਹਨ ਪਰ ਉਨ੍ਹਾਂ ਦੇ ਹਿਸਾਬ ਨਾਲ ਰੇਲਵੇ ਟਰੈਕਾਂ ਨੂੰ ਉੱਨਤ ਨਹੀਂ ਕੀਤਾ ਗਿਆ। ਅਜਿਹੀ ਸਥਿਤੀ ’ਚ ਇਨ੍ਹਾਂ ਸਾਰੀਅਾਂ ਥਾਵਾਂ ’ਤੇ ਹਾਦਸੇ ਹੋਣ ਦਾ ਖਦਸ਼ਾ ਹਮੇਸ਼ਾ ਬਣਿਆ ਰਹਿੰਦਾ ਹੈ। 
ਪਤਾ ਨਹੀਂ ਕਿਉਂ ਰੇਲ ਮੰਤਰਾਲਾ ਇਕ ਤੋਂ ਬਾਅਦ ਕਿਸੇ ਦੂਜੇ ਵੱਡੇ ਹਾਦਸੇ ਦੀ ਉਡੀਕ ’ਚ ਰਹਿੰਦਾ ਹੈ, ਤਾਂ ਕਿਤੇ ਜਾ ਕੇ ਇਕ-ਦੋ ਯੋਜਨਾਵਾਂ ਦਾ ਐਲਾਨ ਕੀਤਾ ਜਾਂਦਾ ਹੈ। ਕੁਝ ਸਾਲ ਪਹਿਲਾਂ ਰੇਲ ਮੰਤਰਾਲੇ ਨੇ ਇਕ ਸੁਰੱਖਿਆ ਯੋਜਨਾ ਤਿਆਰ ਕੀਤੀ ਸੀ, ਜਿਸ ’ਚ ਕਈ ਬਿੰਦੂਅਾਂ ’ਤੇ ਵਿਚਾਰ ਕੀਤਾ ਗਿਆ ਸੀ। ਉਸ ਯੋਜਨਾ ਦੇ ਤਹਿਤ ਪੁਰਾਣੇ ਹੋ ਚੁੱਕੇ ਰੇਲ ਇੰਜਣਾਂ ਨੂੰ ਬਦਲਣਾ ਵੀ ਸ਼ਾਮਿਲ ਸੀ। 
ਜ਼ਿਕਰਯੋਗ ਹੈ ਕਿ ਕਈ ਰੇਲ ਇੰਜਣ ਆਪਣੀ ‘ਮਿਆਦ’ ਪੂਰੀ ਕਰ ਚੁੱਕੇ ਹਨ ਪਰ ਇਸ ਦੇ ਬਾਵਜੂਦ ਉਹ ਪਟੜੀਅਾਂ ’ਤੇ ਦੌੜ ਰਹੇ ਹਨ। ਇਸ ਤੋਂ ਇਲਾਵਾ ਰੇਲਵੇ ਦੇ ਕਈ ਪ੍ਰਾਜੈਕਟ ਅਜੇ ਅਧੂਰੇ ਪਏ ਹਨ। ਸਾਡੇ ਰਾਜਨੇਤਾਵਾਂ ਦੀ ਮੁਸ਼ਕਿਲ ਇਹੋ ਹੈ ਕਿ ਉਹ ਹਾਦਸਿਅਾਂ ਨੂੰ ਸਿਆਸਤ ’ਚ ਘੜੀਸਦਿਅਾਂ ਮੌਤਾਂ ’ਤੇ ਵੀ ਸਿਆਸਤ ਕਰਨ ਲੱਗਦੇ ਹਨ। ਅਜਿਹੇ ਹਾਦਸਿਅਾਂ ਦੇ ਸਮੇਂ ਸਾਡੇ ਰਾਜਨੇਤਾ ਜਾਣਬੁੱਝ ਕੇ ਅਜਿਹਾ ਮਾਹੌਲ ਬਣਾ ਦਿੰਦੇ ਹਨ, ਜਿਸ ਨਾਲ ਮੁੱਖ ਮੁੱਦਾ ਪਿੱਛੇ ਚਲਾ ਜਾਂਦਾ ਹੈ। 
ਚੰਗਾ ਹੋਵੇਗਾ ਜੇ ਰੇਲ ਮੰਤਰਾਲਾ ਅਤੇ ਸਾਰੀਅਾਂ ਸਿਆਸੀ ਪਾਰਟੀਅਾਂ ਦੇ ਨੇਤਾ ਮਿਲ-ਬੈਠ ਕੇ ਭਵਿੱਖ ’ਚ ਅਜਿਹੇ ਹਾਦਸਿਅਾਂ ਨੂੰ ਹੋਣ ਤੋਂ ਰੋਕਣ ਲਈ ਕੋਈ ਗੰਭੀਰ ਅਤੇ ਸਾਰਥਕ ਯੋਜਨਾ ਬਣਾਉਣ।                 
 


Related News