ਵਿਗਿਆਨਿਕ ਸੋਚ ਵਧਾਉਣ ''ਚ ''ਵਿਗਿਆਨ-ਫਿਲਮਾਂ'' ਦਾ ਯੋਗਦਾਨ
Saturday, Nov 16, 2019 - 12:31 AM (IST)

ਇਹ ਕਹਿਣਾ ਕਿ ਵਿਗਿਆਨ ਸਾਡੀ ਸੋਚ ਨੂੰ ਬਦਲ ਸਕਣ ਦੀ ਤਾਕਤ ਰੱਖਦਾ ਹੈ, ਕਲਪਨਾ ਅਤੇ ਹਕੀਕਤ ਦਾ ਭੇਤ ਸਮਝਾ ਸਕਦਾ ਹੈ ਅਤੇ ਜ਼ਿੰਦਗੀ ਜਿਊਣ ਨੂੰ ਸੌਖਾ ਬਣਾ ਸਕਦਾ ਹੈ, ਨਾ ਸਿਰਫ 100 ਫੀਸਦੀ ਸਹੀ ਹੈ, ਸਗੋਂ ਅੰਧਵਿਸ਼ਵਾਸ ਤੋਂ ਮੁਕਤੀ ਦਿਵਾਉਣ ਵਿਚ ਵੀ ਸਮਰੱਥ ਹੈ। ਇਸ ਲਈ ਕਿਹਾ ਜਾਂਦਾ ਹੈ ਕਿ ਵਿਗਿਆਨ ਕਦੇ ਨਾਕਾਮ ਨਹੀਂ ਹੁੰਦਾ। ਉਹ ਕਿਸੇ ਪ੍ਰਯੋਗ ਦੀ ਉਮੀਦ ਅਨੁਸਾਰ ਨਤੀਜਾ ਨਾ ਦੇਣ ਨਾਲ ਖੋਜ ਅਤੇ ਲੱਭਤ ਨੂੰ ਨਵੀਆਂ ਅਤੇ ਅਣਜਾਣ ਦਿਸ਼ਾਵਾਂ ਨੂੰ ਖੋਜਣ ਦੀ ਪ੍ਰੇਰਣਾ ਦਿੰਦਾ ਹੈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਵਲੋਂ ਹਾਲ ਹੀ 'ਚ ਚੰਦ ਉੱਤੇ ਉਤਰਨ ਦੀ ਕੋਸ਼ਿਸ਼ ਵਿਚ ਆਈ ਕਮੀ ਦਾ ਵਿਸ਼ਲੇਸ਼ਣ ਕਰਨ ਅਤੇ ਇਹ ਸਮਝਣ ਕਿ 'ਕੀ ਗਲਤ ਹੋਇਆ' ਤੋਂ ਬਾਅਦ ਅਗਲੇ ਸਾਲ ਇਕ ਵਾਰ ਫਿਰ ਚੰਦ 'ਤੇ ਉਤਰਨ ਦਾ ਐਲਾਨ ਕਰਨਾ ਇਸ ਦੀ ਇਕ ਉਦਾਹਰਣ ਹੈ।
ਵਿਗਿਆਨ ਕਦੇ ਹਾਰ ਨਹੀਂ ਮੰਨਦਾ ਅਤੇ ਉਸ ਤੋਂ ਬਾਅਦ ਜਦੋਂ ਨਵੀਆਂ ਕੋਸ਼ਿਸ਼ਾਂ ਅਤੇ ਨਿਰੰਤਰ ਖੋਜ ਕਰਦੇ ਰਹਿਣ ਨਾਲ ਕੋਈ ਨਵੀਂ ਪ੍ਰਾਪਤੀ ਮਿਲਦੀ ਹੈ ਤਾਂ ਉਹ ਚਮਤਕਾਰ ਵਾਂਗ ਲੱਗਦੀ ਹੈ। ਵਿਗਿਆਨ ਇਕ ਬੋਹੜ ਦੇ ਦਰੱਖਤ ਵਾਂਗ ਆਪਣੇ ਟਾਹਣਿਆਂ ਅਤੇ ਟਾਹਣੀਆਂ ਦਾ ਨਿਰੰਤਰ ਵਾਧਾ ਕਰਦਾ ਰਹਿੰਦਾ ਹੈ, ਉਸ ਵਿਚ ਨਿੱਤ ਨਵੀਆਂ ਕਰੂੰਬਲਾਂ ਫੁੱਟਦੀਆਂ ਰਹਿੰਦੀਆਂ ਹਨ ਅਤੇ ਇਕ ਵਾਰ ਇਹ ਜਾਣਨ ਦਾ ਚਸਕਾ ਲੱਗ ਗਿਆ ਕਿ 'ਆਖਿਰ ਅਜਿਹਾ ਹੁੰਦਾ ਕਿਵੇਂ ਹੈ' ਤਾਂ ਫਿਰ ਹਰੇਕ ਚੀਜ਼ ਨੂੰ ਵਿਗਿਆਨ ਦੀ ਕਸੌਟੀ 'ਤੇ ਪਰਖਣ ਦੀ ਆਦਤ ਬਣ ਜਾਂਦੀ ਹੈ, ਜਿਸ ਨੂੰ ਅਸੀਂ ਵਿਗਿਆਨਿਕ ਸੋਚ ਦਾ ਨਾਂ ਦਿੰਦੇ ਹਾਂ।
ਵਿਗਿਆਨ ਦਾ ਪ੍ਰਗਟਾਵਾ
ਵਿਗਿਆਨ ਨੂੰ ਲੋਕਾਂ ਤਕ ਪਹੁੰਚਾਉਣ ਅਤੇ ਦੇਸ਼ਵਾਸੀਆਂ ਦੀ ਸੋਚ ਨੂੰ ਇਕ ਵਿਗਿਆਨੀ ਦੀ ਤਰ੍ਹਾਂ ਬਣਾਉਣ 'ਚ ਫਿਲਮ ਇਕ ਅਜਿਹਾ ਜ਼ਰੀਆ ਹੈ, ਜੋ ਮੁਸ਼ਕਿਲ ਤੋਂ ਮੁਸ਼ਕਿਲ ਸਮੱਸਿਆ ਨੂੰ ਸੁਲਝਾਉਣ ਦਾ ਢੰਗ ਦੱਸਣ ਅਤੇ ਕਈ ਗੁੰਝਲਦਾਰ ਸਵਾਲਾਂ ਦੇ ਜਵਾਬ ਅਤੇ ਉਨ੍ਹਾਂ ਦੀ ਵਿਆਖਿਆ ਆਮ ਭਾਸ਼ਾ ਵਿਚ ਕਰਨ ਲਈ ਸਭ ਤੋਂ ਵੱਧ ਕਾਰਗਰ ਹੈ।
ਵਿਗਿਆਨ ਫਿਲਮਾਂ ਲਈ ਖਾਸ ਤੌਰ 'ਤੇ ਬਣਾਏ ਗਏ ਮੰਚ, ਭਾਵ ਫਿਲਮ ਸਮਾਰੋਹ ਵੱਖ-ਵੱਖ ਖੇਤਰਾਂ ਵਿਚ ਵਿਕਸਿਤ ਟੈਕਨਾਲੋਜੀ ਨੂੰ ਜਨਤਾ ਤਕ ਪਹੁੰਚਾਉਣ ਦਾ ਜ਼ਰੀਆ ਹਨ। ਇਸ ਮਕਸਦ ਦੀ ਪੂਰਤੀ ਲਈ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ ਦੀ ਸ਼ੁਰੂਆਤ ਸਾਲ 2015 ਵਿਚ ਹੋਈ ਤਾਂ ਕਿ ਇਹ ਦਿਖਾਇਆ ਅਤੇ ਦੱਸਿਆ ਜਾ ਸਕੇ ਕਿ ਸਾਡਾ ਦੇਸ਼ ਵਿਗਿਆਨ ਦੀ ਮਦਦ ਨਾਲ ਕਿੰਨੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।
ਇਸ ਸਮਾਰੋਹ ਦਾ 5ਵਾਂ ਅਜਲਾਸ 5 ਤੋਂ 8 ਨਵੰਬਰ ਤਕ ਕੋਲਕਾਤਾ ਵਿਚ ਭਾਰਤ ਸਰਕਾਰ ਦੇ ਸੰਸਥਾਨ ਵਿਗਿਆਨ ਪ੍ਰਸਾਰ ਵਲੋਂ ਨੋਡਲ ਏਜੰਸੀ ਦੇ ਰੂਪ ਵਿਚ ਸ਼ਾਨਦਾਰ ਢੰਗ ਨਾਲ ਆਯੋਜਿਤ ਕੀਤਾ ਗਿਆ, ਜਿਸ ਵਿਚ ਸਤਿਆਜੀਤ ਰੇ ਫਿਲਮ ਅਤੇ ਟੈਲੀਵਿਜ਼ਨ ਸੰਸਥਾਨ ਦਾ ਮਹੱਤਵਪੂਰਨ ਯੋਗਦਾਨ ਸੀ। ਭਾਰਤੀ ਫਿਲਮ ਨਿਰਮਾਤਾਵਾਂ ਦੀਆਂ 200 ਤੋਂ ਵੱਧ ਪ੍ਰਾਪਤ ਫਿਲਮਾਂ 'ਚੋਂ 56 ਨਾਮਜ਼ਦ ਹੋਈਆਂ, ਜਿਨ੍ਹਾਂ ਦਾ ਪ੍ਰਦਰਸ਼ਨ ਸੰਸਥਾਨ ਦੇ ਵੱਖ-ਵੱਖ ਹਾਲਾਂ ਵਿਚ ਹੋਇਆ। ਇਸ ਤੋਂ ਇਲਾਵਾ ਪ੍ਰਮਾਣੂ ਅਤੇ ਮਿਸ਼ਨ ਮੰਗਲ ਵਰਗੀਆਂ ਫੀਚਰ ਫਿਲਮਾਂ ਵੀ ਦਿਖਾਈਆਂ ਗਈਆਂ ਅਤੇ ਉਨ੍ਹਾਂ ਦੇ ਨਿਰਦੇਸ਼ਕਾਂ ਨੇ ਦਰਸ਼ਕਾਂ ਨਾਲ ਗੱਲਬਾਤ ਦੌਰਾਨ ਵਿਗਿਆਨ ਅਤੇ ਉਸ ਨਾਲ ਜੁੜੇ ਵਿਸ਼ਿਆਂ 'ਤੇ ਫਿਲਮ ਨਿਰਮਾਤਾਵਾਂ ਸਾਹਮਣੇ ਆਉਣ ਵਾਲੀਆਂ ਕਠਿਨਾਈਆਂ ਦੇ ਨਾਲ-ਨਾਲ ਨਿਰਮਾਣ ਦੌਰਾਨ ਆਉਣ ਵਾਲੀਆਂ ਚੁਣੌਤੀਆਂ ਦਾ ਜ਼ਿਕਰ ਵੀ ਕੀਤਾ।
ਚੌਗਿਰਦਾ, ਪ੍ਰਦੂਸ਼ਣ, ਰਸਾਇਣਕ ਜੋਖ਼ਮ, ਜੰਗਲੀ ਜੀਵ ਸੁਰੱਖਿਆ, ਬੀਮਾਰੀਆਂ ਤੋਂ ਬਚਾਅ, ਯੋਗ, ਸਿਹਤ, ਬਦਲਵਾਂ ਈਂਧਨ, ਊਰਜਾ, ਸੱਪ ਦਾ ਡੰਗ, ਸਟਾਰਟਅੱਪ, ਪਾਣੀ ਸੁਰੱਖਿਆ, ਸਿੰਜਾਈ ਦੇ ਸ੍ਰੋਤ, ਪੀਣ ਵਾਲਾ ਪਾਣੀ, ਨੇਵੀਗੇਸ਼ਨ, ਮੋਰਿੰਗਾ ਦੀ ਖੇਤੀ, ਸਾਫ-ਸਫਾਈ, ਸੂਖਮ ਕੀਟ, ਪੁਲਾੜ, ਬਦਲਦਾ ਮੌਸਮ, ਕੀਟਨਾਸ਼ਕ, ਆਦਿਵਾਸੀ ਜੀਵਨ, ਸ਼ੂਗਰ ਤੋਂ ਬਚਾਅ, ਦਿਵਯ ਨੈਣ, ਕੈਂਸਰ ਤੋਂ ਬਚਾਅ, ਦਿਮਾਗੀ ਬੁਖਾਰ, ਪਲਾਸਟਿਕ ਦੀ ਵਰਤੋਂ ਵਰਗੇ ਵਿਸ਼ਿਆਂ 'ਤੇ ਫਿਲਮਾਂ ਇਕ ਆਮ ਦਰਸ਼ਕ ਦੇ ਮਨ ਵਿਚ ਜਿਗਿਆਸਾ ਪੈਦਾ ਕਰਨ ਵਿਚ ਮਦਦ ਕਰਦੀਆਂ ਹਨ ਕਿ ਕਿਸ ਤਰ੍ਹਾਂ ਵਿਗਿਆਨ ਅਤੇ ਤਕਨਾਲੋਜੀ ਸਾਡੀ ਜੀਵਨਸ਼ੈਲੀ ਨੂੰ ਬਿਹਤਰ ਬਣਾ ਸਕਦੀਆਂ ਹਨ।
ਯੋਗ ਕਿਰਿਆਵਾਂ ਨਾਲ ਬਿਹਤਰ ਜ਼ਿੰਦਗੀ ਜੀਣ ਦੀ ਕਲਾ ਸਮਝਾਉਂਦੀ ਫਿਲਮ 'ਸਤਯਮ' ਅਤੇ ਬੰਦ ਕਮਰੇ ਵਿਚ ਕਾਰਬਨ ਮੋਨੋਆਕਸਾਈਡ ਨਾਲ ਮੌਤ ਅਤੇ ਮੌਸਮ ਵਿਚ ਹੋਣ ਵਾਲੇ ਗੰਭੀਰ ਬਦਲਾਅ ਨਾਲ ਆਉਣ ਵਾਲੇ ਖਤਰੇ ਦੀ ਚਿਤਾਵਨੀ ਵਰਗੀਆਂ ਫਿਲਮਾਂ ਜਨਤਕ ਤੌਰ 'ਤੇ, ਖਾਸ ਤੌਰ 'ਤੇ ਸਕੂਲਾਂ ਵਿਚ ਦਿਖਾਈਆਂ ਜਾਣੀਆਂ ਚਾਹੀਦੀਆਂ ਹਨ। ਇਹ ਜਾਣਨਾ ਆਪਣੇ-ਆਪ ਵਿਚ ਡਰਾਉਣਾ ਹੈ ਕਿ ਸਾਡੇ ਦੇਸ਼ ਵਿਚ 50,000 ਤੋਂ ਜ਼ਿਆਦਾ ਮੌਤਾਂ ਹਰ ਸਾਲ ਸੱਪ ਦੇ ਡੰਗਣ ਨਾਲ ਹੋ ਜਾਂਦੀਆਂ ਹਨ ਅਤੇ ਸਾਡੇ ਕੋਲ ਇਨ੍ਹਾਂ ਨੂੰ ਰੋਕਣ ਲਈ ਲੋੜੀਂਦੇ ਸਾਧਨ ਨਹੀਂ ਹਨ। ਅਜੇ ਵੀ ਪੀੜਤ ਦਾ ਇਲਾਜ ਸਪੇਰਾ ਅਤੇ ਝਾੜ-ਫੂਕ ਨਾਲ ਇਲਾਜ ਕਰਨ ਵਾਲਾ ਢੋਂਗੀ ਹੀ ਕਰਦਾ ਹੈ।
ਮੋਰਿੰਗਾ ਦੀ ਖੇਤੀ 'ਤੇ ਬਣੀ ਫਿਲਮ ਨਾਲ ਅਹਿਸਾਸ ਹੋਇਆ ਕਿ ਚੰਗੀ ਸਿਹਤ ਅਤੇ ਲੰਮੀ ਉਮਰ ਪਾਉਣ ਦਾ ਇਹ ਵਧੀਆ ਉਪਾਅ ਹੈ। ਕੈਂਸਰ ਅਤੇ ਫਲੇਰੀਆ ਵਰਗੀਆਂ ਖਤਰਨਾਕ ਬੀਮਾਰੀਆਂ ਦਾ ਇਲਾਜ ਸੰਭਵ ਹੈ। ਜਿਨ੍ਹਾਂ ਸੂਬਿਆਂ ਵਿਚ ਪਰਾਲੀ ਸਾੜਨ ਨਾਲ ਪ੍ਰਦੂਸ਼ਣ ਦੀ ਗੰਭੀਰ ਸਮੱਸਿਆ ਪੈਦਾ ਹੁੰਦੀ ਹੈ, ਉਨ੍ਹਾਂ ਲਈ ਇਸ ਤੋਂ ਬਚਣ ਲਈ ਤਕਨਾਲੋਜੀ ਉਪਲੱਬਧ ਹੈ। ਫਲਾਂ ਅਤੇ ਸਬਜ਼ੀਆਂ 'ਚੋਂ ਕੀਟਨਾਸ਼ਕ ਦੂਰ ਕਰਨ ਦੇ ਉਪਾਅ ਹਨ, ਅੱਖਾਂ ਦੀ ਰੌਸ਼ਨੀ ਤੋਂ ਵਾਂਝੇ ਲੋਕਾਂ ਲਈ ਦਿਵਯ ਨੈਣ ਵਰਗੇ ਯੰਤਰ ਹਨ। ਜਲ ਸੁਰੱਖਿਆ ਅਤੇ ਸਾਫ ਪੀਣ ਵਾਲੇ ਪਾਣੀ ਤੋਂ ਲੈ ਕੇ ਖੇਤੀ ਵਿਚ ਵਰਤੇ ਜਾਣ ਵਾਲੇ ਹਾਨੀਕਾਰਕ ਰਸਾਇਣਾਂ ਦੇ ਬਦਲ ਤਿਆਰ ਹਨ। ਖੁਰਾਕ ਪਦਾਰਥਾਂ ਦੇ ਉਤਪਾਦਨ ਸਮੇਂ ਵਰਤੋਂ ਵਿਚ ਲਿਆਂਦੇ ਗਏ ਨੁਕਸਾਨ ਪਹੁੰਚਾਉਣ ਵਾਲੇ ਤੱਤਾਂ ਦੇ ਬਚਾਅ ਤੋਂ ਲੈ ਕੇ ਜ਼ਮੀਨ ਦੀ ਉਪਜਾਊ ਸ਼ਕਤੀ ਬਣਾਈ ਰੱਖਣ ਦੇ ਉਪਾਅ ਸਾਡੇ ਵਿਗਿਆਨਿਕਾਂ ਨੇ ਮੁਹੱਈਆ ਕਰਵਾ ਦਿੱਤੇ ਹਨ। ਇਥੋਂ ਤਕ ਕਿ ਸ਼ਹਿਰ ਹੋਵੇ ਜਾਂ ਪਿੰਡ, ਗੰਦੇ ਨਾਲਿਆਂ ਦੀ ਸਫਾਈ ਅਤੇ ਉਨ੍ਹਾਂ 'ਚ ਪੈਦਾ ਹੋਣ ਵਾਲੀ ਜਾਨਲੇਵਾ ਗੈਸ ਨੂੰ ਬੇਅਸਰ ਕਰਨ ਵਾਲੀ ਤਕਨੀਕ ਮੁਹੱਈਆ ਹੈ। ਪਸ਼ੂ ਪਾਲਣ ਵਿਚ ਆਧੁਨਿਕ ਤਕਨੀਕਾਂ ਨਾਲ ਨਾ ਸਿਰਫ ਵੱਧ ਦੁੱਧ ਉਤਪਾਦਨ ਹੋ ਸਕਦਾ ਹੈ, ਸਗੋਂ ਉਨ੍ਹਾਂ ਤੋਂ ਮਿਲਣ ਵਾਲੇ ਗੋਹੇ ਨਾਲ ਖਾਦ ਅਤੇ ਈਂਧਨ ਵੀ ਮਿਲਦਾ ਹੈ।
ਸਾਡੇ ਦੇਸ਼ ਵਿਚ ਹੀ ਵਿਗਿਆਨ ਨਾਲ ਸਬੰਧਤ ਵਿਸ਼ਿਆਂ 'ਤੇ ਹਰ ਸਾਲ ਸੈਂਕੜੇ ਫਿਲਮਾਂ ਬਣਦੀਆਂ ਹਨ ਅਤੇ ਵਿਦੇਸ਼ਾਂ ਤੋਂ ਆਉਣ ਵਾਲੀਆਂ ਫਿਲਮਾਂ ਦੀ ਗਿਣਤੀ ਹਜ਼ਾਰਾਂ ਵਿਚ ਹੈ ਪਰ ਤ੍ਰਾਸਦੀ ਇਹ ਹੈ ਕਿ ਇਨ੍ਹਾਂ ਦਾ ਪ੍ਰਸਾਰਣ ਸਿਰਫ ਫਿਲਮ ਸਮਾਰੋਹਾਂ ਜਾਂ ਉਨ੍ਹਾਂ ਦੇ ਉਦਘਾਟਨ ਤਕ ਹੀ ਸਿਮਟ ਕੇ ਰਹਿ ਜਾਂਦਾ ਹੈ। ਇਸ ਤੋਂ ਵੱਡੀ ਮੰਦਭਾਗੀ ਗੱਲ ਇਹ ਹੈ ਕਿ ਸਾਡੇ ਵਿਗਿਆਨਿਕਾਂ ਦੀ ਸਖਤ ਮਿਹਨਤ ਨਾਲ ਤਿਆਰ ਕੀਤੀ ਗਈ ਟੈਕਨਾਲੋਜੀ ਉਸੇ ਤਰ੍ਹਾਂ ਅਲਮਾਰੀਆਂ ਵਿਚ ਬੰਦ ਹੋ ਕੇ ਫਜ਼ੂਲ ਹੋ ਜਾਂਦੀ ਹੈ, ਜਿਸ ਤਰ੍ਹਾਂ ਕਿਸੇ ਫਿਲਮ ਨਿਰਮਾਤਾ ਵਲੋਂ ਉਸ 'ਤੇ ਬਣਾਈ ਗਈ ਫਿਲਮ ਇਕ ਵਾਰ ਪ੍ਰਦਰਸ਼ਿਤ ਹੋਣ ਜਾਂ ਦੇਖਣ ਤੋਂ ਬਾਅਦ ਭੁਲਾ ਦਿੱਤੀ ਜਾਂਦੀ ਹੈ।
ਕੀ ਸਰਕਾਰ ਅਤੇ ਪ੍ਰਸ਼ਾਸਨ ਨੂੰ ਕੋਈ ਅਜਿਹੀ ਨੀਤੀ ਨਹੀਂ ਬਣਾਉਣੀ ਚਾਹੀਦੀ, ਜਿਸ ਨਾਲ ਜੀਵਨ ਨੂੰ ਬਿਹਤਰ ਬਣਾ ਸਕਣ ਦੀ ਸਮਰੱਥਾ ਰੱਖਣ ਵਾਲੀ ਵਿਕਸਿਤ ਅਤੇ ਪ੍ਰਮਾਣਿਕ ਤਕਨਾਲੋਜੀ 'ਤੇ ਅਮਲ ਕੀਤੇ ਜਾਣ ਦਾ ਕਾਨੂੰਨ ਲਾਜ਼ਮੀ ਹੋਵੇ। ਪੁਲਾੜ, ਅਣੂ, ਹਥਿਆਰਾਂ ਵਰਗੇ ਵਿਸ਼ੇ ਨੂੰ ਲੈ ਕੇ ਵਿਗਿਆਨਿਕ ਤਰੱਕੀ ਦੀ ਗੱਲ ਕਰਨਾ ਅਤੇ ਉਨ੍ਹਾਂ ਨਾਲ ਸਬੰਧਤ ਨੀਤੀ ਬਣਾਉਣ ਬਾਰੇ ਅਕਸਰ ਸੁਣਨ ਨੂੰ ਮਿਲਦਾ ਹੈ ਪਰ ਅਜਿਹਾ ਦੇਖਣ ਅਤੇ ਸੁਣਨ ਵਿਚ ਕਦੇ-ਕਦਾਈਂ ਹੀ ਆਉਂਦਾ ਹੈ ਕਿ ਆਮ ਲੋਕਾਂ ਦੀ ਸਹੂਲਤ ਲਈ ਕਿਸੇ ਟੈਕਨਾਲੋਜੀ 'ਤੇ ਅਮਲ ਕਰਨ ਦੀ ਨੀਤੀ ਬਣਾਈ ਗਈ ਹੋਵੇ।
ਵਿਗਿਆਨ ਦੀ ਮਦਦ ਨਾਲ ਪ੍ਰਦੂਸ਼ਣ, ਮੌਸਮ ਵਿਚ ਤਬਦੀਲੀ, ਚੌਗਿਰਦੇ ਦੀ ਸੁਰੱਖਿਆ ਤੋਂ ਲੈ ਕੇ ਆਬਾਦੀ ਵਿਚ ਵਾਧੇ ਤਕ ਨੂੰ ਰੋਕਣ ਵਿਚ ਸਫਲਤਾ ਮਿਲ ਸਕਦੀ ਹੈ। ਜੇ ਵਿਕਾਸਸ਼ੀਲ ਜਾਂ ਪੱਛੜੇ ਦੇਸ਼ਾਂ ਦੀ ਕਤਾਰ 'ਚੋਂ ਨਿਕਲ ਕੇ ਵਿਕਸਿਤ ਦੇਸ਼ਾਂ ਵਿਚ ਸ਼ਾਮਿਲ ਹੋਣਾ ਹੈ ਤਾਂ ਵਿਗਿਆਨਿਕ ਸੋਚ ਅਤੇ ਵਿਗਿਆਨਿਕ ਉਪਾਵਾਂ 'ਤੇ ਅਮਲ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ।
—ਪੂਰਨ ਚੰਦ ਸਰੀਨ