ਚੀਨ ਦੀ ਬੈਲਟ ਐਂਡ ਰੋਡ ਮੁਹਿੰਮ ਮਹਿਜ਼ ਇਕ ਹੋਰ ਚੂਹੇਦਾਨੀ
Wednesday, Jul 20, 2022 - 11:43 AM (IST)
ਬੈਂਕਿੰਗ ਨਿਯਮ ਅਤੇ ਸਿਆਣਪ, ਜੋ ਕਿਸੇ ਦੇਸ਼ ’ਚ ਲੋਕਾਂ ਅਤੇ ਨਿਗਮਾਂ ’ਤੇ ਲਾਗੂ ਹੁੰਦੇ ਹਨ, ਪ੍ਰਭੂਸੱਤਾ ਰਾਸ਼ਟਰਾਂ ’ਤੇ ਲਾਗੂ ਨਹੀਂ ਹੁੰਦੇ। ਤੁਸੀਂ ਇਕ ਡੁੱਬਦੇ ਹੋਏ ਕਰਜ਼ਦਾਰ ਦੇਸ਼ ’ਤੇ ਕਬਜ਼ਾ ਅਤੇ ਇਸ ਦਾ ਮੁੜ ਗਠਨ ਨਹੀਂ ਕਰ ਸਕੇ। ਤੁਸੀਂ ਅਰਜਨਟੀਨਾ ਦਾ ਪਰਿਸਮਾਪਨ ਨਹੀਂ ਕਰ ਸਕਦੇ ਜਾਂ ਬ੍ਰਿਟੇਨ ਨੂੰ ਫਰਾਂਸ ’ਚ ਰਲੇਵੇਂ ਲਈ ਮਜਬੂਰ ਨਹੀਂ ਕਰ ਸਕਦੇ। ਸਿਟੀਬੈਂਕ ਦੇ ਮਹਾਰਥੀ ਚੇਅਰਮੈਨ ਵਾਲਟਰ ਰਿਸਟਨ, ਜਿਨ੍ਹਾਂ ਨੇ ਦੱਖਣੀ ਅਮਰੀਕੀ ਅਤੇ ਅਫਰੀਕੀ ਦੇਸ਼ਾਂ ਨੂੰ ਭਾਰੀ ਕਰਜ਼ਾ ਦੇ ਕੇ ਬੈਂਕ ਨੂੰ ਲਗਭਗ ਡੋਬ ਦਿੱਤਾ ਸੀ, ਨੂੰ ਜਦੋਂ ਨੁਕਸਾਨ ਦੇ ਬਾਰੇ ’ਚ ਚਿਤਾਵਨੀ ਦਿੱਤੀ ਗਈ ਤਾਂ ਉਨ੍ਹਾਂ ਨੇ ਕਿਹਾ : ‘ਦੇਸ਼ ਹੇਠਾਂ ਨਹੀਂ ਜਾਂਦੇ, ਉਹ ਲਮਕ ਜਾਂਦੇ ਹਨ!’ ਭਾਵ ਉੱਚ ਲਾਗਤ ਨਾਲ ਕਰਜ਼ਿਆਂ ਨੂੰ ਮੁੜ ਤੋਂ ਨਵਿਆਇਆ ਜਾਂਦਾ ਹੈ।
ਹੁਣ ਸਾਡੇ ਖੇਤਰ ’ਚ ਸ਼੍ਰੀਲੰਕਾ ਤੇ ਪਾਕਿਸਤਾਨ ਦੇ ਮਾਮਲੇ ’ਤੇ ਵਿਚਾਰ ਕਰੀਏ।
ਚੀਨੀਆਂ ਨੇ ਥੋੜ੍ਹਾ ਵੱਖਰਾ ਰਸਤਾ ਅਪਣਾਉਣਾ ਸ਼ੁਰੂ ਕਰ ਦਿੱਤਾ। ਕਰਜ਼ਦਾਰਾਂ ਨੇ ‘ਤੋਹਫੇ ਦੇ ਘੋੜੇ’ ਵੱਲ ਮੁੜ ਤੋਂ ਦੇਖਣਾ ਸ਼ੁਰੂ ਕਰ ਦਿੱਤਾ। ਮਲੇਸ਼ੀਆ ਨੇ ਬੜਾ ਘੱਟ ਖਰਚਾ, ਘੱਟ ਵਿਆਜ ਦਰਾਂ ਅਤੇ ਸਥਾਨਕ ਭਾਈਵਾਲੀ ’ਚ ਵਾਧੇ ਦੇ ਨਾਲ ਰੇਲ ਪ੍ਰਾਜੈਕਟ ਦੀਆਂ ਸ਼ਰਤਾਂ ’ਤੇ ਮੁੜ ਤੋਂ ਗੱਲਬਾਤ ਕੀਤੀ ਹੈ। ਵਰਨਣਯੋਗ ਹੈ ਕਿ ਸਾਬਕਾ ਮਲੇਸ਼ੀਆਈ ਪ੍ਰਧਾਨ ਮੰਤਰੀ ਨਜੀਬ ਰਜਾਕ ਨੂੰ ਇਕ ਵੱਡੀ ਰਿਸ਼ਵਤ ਦੇ ਕੇ ਮੂਲ ਸੌਦੇ ’ਤੇ ਦਸਤਖਤ ਕੀਤੇ ਗਏ ਸਨ। ਇੱਥੋਂ ਤੱਕ ਕਿ ਪਾਕਿਸਤਾਨ ਨੇ ਵੀ ਸ਼੍ਰੀਲੰਕਾ ਦੇ ਨਾਲ ਜੋ ਕੁਝ ਹੋਇਆ, ਉਸ ਤੋਂ ਸਬਕ ਲੈ ਕੇ ਸੀ. ਪੀ. ਈ. ਸੀ. ਦੀਆਂ ਸ਼ਰਤਾਂ ’ਤੇ ਸਵਾਲ ਉਠਾਉਣਾ ਸ਼ੁਰੂ ਕਰ ਦਿੱਤਾ ਹੈ।
ਚੀਨ ਨੇ ਪਹਿਲੀ ਵਾਰ ਸ਼੍ਰੀਲੰਕਾ ਨੂੰ ਹੰਬਨਟੋਟਾ ਬੰਦਗਾਹ ਪ੍ਰਾਜੈਕਟ ਦੇ ਪਹਿਲੇ ਪੜਾਅ ਲਈ 2 ਫੀਸਦੀ ਤੋਂ ਘੱਟ ਦੀ ਦਰ ’ਤੇ 307 ਮਿਲੀਅਨ ਡਾਲਰ ਦਾ ਕਰਜ਼ਾ ਦਿੱਤਾ। ਜਦੋਂ ਸ਼੍ਰੀਲੰਕਾ 757 ਮਿਲੀਅਨ ਡਾਲਰ ਦੀ ਇਕ ਹੋਰ ਕਿਸ਼ਤ ਲਈ ਗਿਆ ਤਾਂ ਚੀਨੀਅਾਂ ਨੇ ਵਿਆਜ ਦਰ ਨੂੰ 5 ਫੀਸਦੀ ਤੋਂ ਵੱਧ ਤੱਕ ਵਧਾ ਦਿੱਤਾ ਅਤੇ ਇਹ ਨਵੀਂ ਦਰ ਪਹਿਲੇ ਕਰਜ਼ੇ ’ਤੇ ਵੀ ਲਾਗੂ ਹੋਈ।
ਕਿਉਂਕਿ ਇਹ ਇਸ ਸਾਂਝੇ ਕਰਜ਼ੇ ਨੂੰ ਨਹੀਂ ਮੋੜ ਸਕਿਆ, ਇਸ ਨੂੰ ਇਕ ਸੀਲ ਚੀਨੀ ਉਦਯੋਗਿਕ ਸ਼ਹਿਰ ਬਣਾਉਣ ਲਈ 15 ਹਜ਼ਾਰ ਏਕੜ ਜ਼ਮੀਨ ਦੇਣ ਲਈ ਮਜਬੂਰ ਹੋਣਾ ਪਿਆ, ਜਿੱਥੇ ਚੀਨੀ ਕਰੰਸੀ ਯੁਆਨ ਹੋਵੇਗੀ। ਹੰਬਨਟੋਟਾ, ਜੋ ਸੰਜੋਗ ਨਾਲ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਦੇ ਅਧਿਕਾਰ ਖੇਤਰ ’ਚ ਹੈ ਅਤੇ ਰਾਜਪਕਸ਼ੇ ਨੇ ਇਸ ਨੂੰ ਡੂੰਘੇ ਪਾਣੀ ਦੀ ਬੰਦਰਗਾਹ, ਕੌਮਾਂਤਰੀ ਹਵਾਈ ਅੱਡੇ ਅਤੇ ਰਾਜਧਾਨੀ ਲਈ ਹਾਈ ਸਪੀਡ ਐਕਸਪ੍ਰੈੱਸ ਵੇਅ ਦੇ ਨਾਲ ਇਕ ਹੋਰ ਕੋਲੰਬੋ ’ਚ ਬਦਲਣ ਦਾ ਸੁਪਨਾ ਵੇਖਿਆ ਸੀ। ਇਹ ਠੀਕ ਉਹੋ ਜਿਹਾ ਹੀ ਸੀ, ਜਿਹੋ ਜਿਹਾ ਮੁਲਾਇਮ ਸਿੰਘ ਯਾਦਵ ਦਾ ਇਟਾਵਾ ’ਚ ਸੈਫਈ ਨੂੰ ਹਰ ਮੌਸਮੀ ਹਵਾਈ ਅੱਡੇ ਦੇ ਨਾਲ ਇਕ ਉਦਯੋਗਿਕ ਕੇਂਦਰ ’ਚ ਬਦਲਣ ਦਾ ਸੁਪਨਾ ਵੇਖਿਆ ਸੀ। ਉਸ ’ਤੇ ਨੀਲ ਗਊਆਂ ਚਰਦੀਆਂ ਹਨ, ਜਿਵੇਂ ਕਿਸਾਨ ਹੁਣ ਹੰਬਨਟੋਟਾ ਦੇ ਚੌੜੇ ਰਨਵੇ ’ਤੇ ਝੋਨਾ ਸੁਕਾਉਂਦੇ ਹਨ।
ਪਹਿਲਾਂ ਬੀ. ਆਰ. ਆਈ. (ਤਤਕਾਲੀਨ ਓ. ਬੀ. ਓ. ਆਰ.) ਸੰਮੇਲਨ ’ਚ ਬੋਲਦੇ ਹੋਏ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਕਿ ਪੇਈਚਿੰਗ ਇਸ ਦਾ ਸਮਰਥਨ ਕਰਨ ਲਈ 380 ਅਰਬ ਯੁਆਨ (55 ਅਰਬ ਡਾਲਰ) ਦੀ ਪੇਸ਼ਗੀ ਰਕਮ ਦੇਵੇਗਾ। ਇਹ 750 ਬਿਲੀਅਨ ਡਾਲਰ ਜਾਂ ਇੱਥੋਂ ਤੱਕ ਕਿ 1 ਟ੍ਰਿਲੀਅਨ ਡਾਲਰ ਵਰਗੇ ਵੱਡੇ ਅੰਕੜੇ ਤੋਂ ਬਹੁਤ ਦੂਰ ਸੀ। ਲਾਲੀਪਾਪ ਦੇ ਆਕਾਰ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਨਾ ਚੀਨ ਦੀ ਆਰਥਿਕ ਕੂਟਨੀਤੀ ਦਾ ਇਕ ਅਨਿੱਖੜਵਾਂ ਪਹਿਲੂ ਹੈ। ਬੀ. ਆਰ. ਆਈ. ਨੂੰ ਵਿਸ਼ਵ ਪ੍ਰਭੂਸੱਤਾ ਦੀ ਭਾਲ ’ਚ ਚੀਨ ਦੀ ਵੱਡੀ ਖੇਡ ਦੇ ਰੂਪ ’ਚ ਦੇਖਿਆ ਜਾਂਦਾ ਹੈ। ਬੀ. ਆਰ. ਆਈ. ਇਕ ਅਜਿਹਾ ਪ੍ਰਾਜੈਕਟ ਹੈ ਜਿਸ ਦਾ ਮਤਲਬ ਹੈ ਕਿ ਪੱਛਮੀ ਬੈਂਕਾਂ ਦੇ ਨਿਵੇਸ਼ ’ਚ ਚੀਨੀ ਰਿਜ਼ਰਵਸ ਨੂੰ ਨਿਵੇਸ਼ ਕਰਨਾ, ਜਿੱਥੇ ਉਹ ਉੱਚ ਦਰ ਦੀ ਵਾਪਸੀ ਹਾਸਲ ਕਰਨਗੇ ਅਤੇ ਚੀਨੀ ਅਰਥਵਿਵਸਥਾ ਨੂੰ ਪ੍ਰਭਾਵਿਤ ਕਰਨ ਵਾਲੀ ਸਮੱਸਿਆ ਤੋਂ ਛੁਟਕਾਰਾ ਪਾ ਲੈਣਗੇ।
2013 ਤੱਕ ਚੀਨ ਨੇ ਲਗਭਗ 3.5 ਟ੍ਰਿਲੀਅਨ ਡਾਲਰ ਦਾ ਵਿਦੇਸ਼ੀ ਮੁਦਰਾ ਭੰਡਾਰ ਇਕੱਠਾ ਕੀਤਾ। ਇਸ ਦਾ ਦਾਅਵਾ ਹੈ ਕਿ ਪੂੰਜੀ ਇਸ ਨੇ ਐੱਨ. ਡੀ. ਬੀ., ਏ. ਆਈ. ਆਈ. ਬੀ. ਅਤੇ ਸਿਲਕ ਰੋਡ ਫੰਡ ਦੀ ਮੈਂਬਰੀ ਲਈ ਇਕੱਠੀ ਕੀਤੀ ਹੈ, ਇਹ ਪੱਛਮੀ ਬੈਂਕਾਂ ’ਚ ਨਿਵੇਸ਼ ਕੀਤੇ ਗਏ ਕੁਲ ਵਿਦੇਸ਼ੀ ਮੁਦਰਾ ਭੰਡਾਰ ਦਾ ਲਗਭਗ 7 ਫੀਸਦੀ ਹੋਵੇਗਾ।
ਕਿਉਂਕਿ ਚੀਨ-ਪ੍ਰੋਨੰਤ ਇਹ ਸੰਸਥਾਨ ਗ੍ਰਾਂਟ ਦੀ ਬਜਾਏ ਮੁੱਢਲਾ ਢਾਂਚਾ ਕਰਜ਼ਾ ਮੁਹੱਈਆ ਕਰਨਗੇ, ਇਸ ਲਈ ਇਨ੍ਹਾਂ ਨਿਵੇਸ਼ਾਂ ਨਾਲ ਪੂੰਜੀ ’ਤੇ ਰਿਟਰਨ ਚੀਨ ਨੂੰ ਆਪਣੇ ਵਿਦੇਸ਼ੀ ਮੁਦਰਾ ਭੰਡਾਰ ਤੋਂ ਮਿਲਣ ਵਾਲੇ ਰਿਟਰਨ ਤੋਂ ਕਾਫੀ ਵੱਧ ਹੋ ਸਕਦਾ ਹੈ, ਜੋ ਹੁਣ ਘੱਟ-ਉਤਪਾਦਕ ਅਮਰੀਕੀ ਸਰਕਾਰੀ ਬਾਂਡ ’ਚ ਨਿਵੇਸ਼ ਕੀਤਾ ਗਿਆ ਹੈ। ਇਹ ਬੜਾ ਸੌਖਾ ਹੈ। ਚੀਨ ਨੂੰ ਆਪਣੇ ਪੈਸੇ ਦਾ ਮੁੱਲ ਹਾਸਲ ਕਰਨ ਅਤੇ ਆਪਣੀ ਮੰਗ ਦੇ ਭੁੱਖੇ ਉਦਯੋਗਾਂ ਦੀ ਮਦਦ ਕਰਨ ਦੀ ਲੋੜ ਹੈ।
ਇਕ ਤਰੀਕਾ ਇਹ ਹੈ ਕਿ ਇਨ੍ਹਾਂ ਫੰਡਾਂ ਨੂੰ ਅਫਰੀਕਾ ਅਤੇ ਏਸ਼ੀਆ ਦੇ ਨਿਵੇਸ਼ ਦੇ ਭੁੱਖੇ ਦੇਸ਼ਾਂ ’ਚ ਕੰਮ ਕਰਨ ਲਈ ਲਾਇਆ ਜਾਵੇ ਅਤੇ ਖੁਦ ਨੂੰ ਆਉਣ ਵਾਲੇ ਲੰਬੇ ਸਮੇਂ ’ਚ ਰਿਟਰਨਜ਼ ਲਈ ਆਸਵੰਦ ਕੀਤਾ ਜਾਵੇ।
ਕੁਝ ’ਚ ਤਾਂ ਪੰਛੀ ਬਹੁਤ ਪਹਿਲਾਂ ਬਸੇਰਾ ਬਣਾਉਣ ਲਈ ਆ ਗਏ ਹਨ। ਸ਼੍ਰੀਲੰਕਾ ’ਚ ਵਿਸ਼ਾਲ ਹੰਬਨਟੋਟਾ ਬੰਦਰਗਾਹ ਪ੍ਰਾਜੈਕਟ, ਜਿਸ ’ਚ ਕਦੀ ਭਾਰਤੀ ‘ਰਣਨੀਤਕ ਵਿਚਾਰਕਾਂ’ ਦਾ ਅਜਿਹਾ ਹੀ ਸਮੂਹ ਸੀ, ਹੁਣ ਜਹਾਜ਼ਾਂ ਦੀ ਮੇਜ਼ਬਾਨੀ ਨਹੀਂ ਕਰਦਾ ਅਤੇ ਨਾ ਹੀ ਵੱਧ ਕਮਾਉਂਦਾ ਹੈ। ਚੀਨ ਹੁਣ ਸ਼੍ਰੀਲੰਕਾ ’ਤੇ ਆਪਣਾ ਕਰਜ਼ਾ ਮੋੜਨ ਦਾ ਦਬਾਅ ਬਣਾ ਰਿਹਾ ਹੈ ਅਤੇ ਉਸ ਦੇ ਬਦਲੇ ਕੁਝ ਹੋਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ। ਪ੍ਰਾਜੈਕਟ ਨੂੰ ਪੂਰਾ ਕਰਨ ਲਈ ਸਪਲਾਈ ਕੀਤੀ ਗਈ ਸਮੱਗਰੀ ਅਤੇ ਕਿਰਤ ਦੇ ਰਾਹੀਂ ਚੀਨ ਵੱਲੋਂ ਹੰਬਨਟੋਟਾ ਦੇ ਵਧੇਰੇ ਨਿਵੇਸ਼ ਦੀ ਪੂਰਤੀ ਪਹਿਲਾਂ ਹੀ ਕਰ ਲਈ ਗਈ ਹੈ।
ਇਸ ਲਈ ਇਕ ਚੋਟੀ ਦੇ ਯੂਰਪੀ ਟਿੱਪਣੀਕਾਰ ਨੇ ਓ. ਬੀ. ਓ. ਆਰ. ਨੂੰ ‘ਵਨ ਬੈਲਟ, ਵਨ ਰੋਡ ਐਂਡ ਵਨ ਟ੍ਰੈਪ’ ਕਿਹਾ ਹੈ। ਇਹ ਇਕ ਚੂਹੇਦਾਨੀ ਹੈ, ਜਿਸ ’ਚ ਚਾਰੇ ਦੇ ਰੂਪ ’ਚ ਪਨੀਰ ਦਾ ਇਕ ਵੱਡਾ ਟੁਕੜਾ ਹੁੰਦਾ ਹੈ।
ਮੋਹਨ ਗੁਰੂਸਵਾਮੀ