ਵੱਡੀਅਾਂ ਇੱਛਾਵਾਂ ਪਾਲਣ ਵਾਲੀ ਮਾਇਆਵਤੀ ਨੇ ਫੇਰਿਆ ਕਾਂਗਰਸ ਦੀਅਾਂ ਉਮੀਦਾਂ ’ਤੇ ਪਾਣੀ

Wednesday, Sep 26, 2018 - 06:49 AM (IST)

ਕੌਣ ਕਹਿੰਦਾ ਹੈ ਕਿ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਸੁਪਰੀਮੋ ਮਾਇਆਵਤੀ ਵੱਡੇ ਸੁਪਨੇ ਨਹੀਂ ਦੇਖਦੀ? ਯੂ. ਪੀ. ’ਚ ਇਕ ਤੋਂ  ਬਾਅਦ ਇਕ ਤਿੰਨ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਹਾਰਨ, ਮੌਜੂਦਾ ਲੋਕ ਸਭਾ ’ਚ ਇਕ ਵੀ ਸੀਟ ਨਾ ਮਿਲਣ ਦੇ ਬਾਵਜੂਦ ਮਾਇਆਵਤੀ ਨੇ ਇਸ ਦੇਸ਼ ਦੀ ਪਹਿਲੀ ਦਲਿਤ ਪ੍ਰਧਾਨ ਮੰਤਰੀ ਬਣਨ ਦੀ ਇੱਛਾ ਨਹੀਂ ਛੱਡੀ ਹੈ। 
ਇਸ  ਬਾਰੇ ਗੱਲ ਕਰਨਾ ਅਜੇ ਜਲਦਬਾਜ਼ੀ ਹੋਵੇਗੀ ਪਰ ਇਸ ਇੱਛਾ ਨੂੰ ਬਹੁਤ ਲੰਮੇ ਸਮੇਂ ਤੋਂ ਪਾਲ਼ੀ ਬੈਠੀ ਖ਼ੁਦ ਮਾਇਆਵਤੀ ਨੇ 2012 ’ਚ ਇਕ ਚੋਣ ਰੈਲੀ ਦੌਰਾਨ ਦਹਾੜ ਲਾਈ ਸੀ ਕਿ ਸੱਤਾ ਦੀ ਚਾਬੀ ਉਨ੍ਹਾਂ ਦੇ ਹੱਥ ’ਚ ਹੈ। ਫਿਰ 2014 ’ਚ ਬਸਪਾ ਨੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਉਮੀਦਵਾਰ ਐਲਾਨਿਆ ਸੀ। 
ਇਸ ਸਾਲ ਮਈ ’ਚ ਬਸਪਾ ਦੀ ਕੌਮੀ ਕਾਰਜਕਾਰਨੀ ਨੇ ਇਕ ਮਤਾ ਪਾਸ ਕਰ ਕੇ ਇਹ ਐਲਾਨ ਕਰ ਦਿੱਤਾ ਕਿ 2019 ਦੀਅਾਂ ਚੋਣਾਂ ’ਚ ਮਾਇਆਵਤੀ  ਪ੍ਰਧਾਨ ਮੰਤਰੀ ਦੇ ਅਹੁਦੇ ਦੀ ਉਮੀਦਵਾਰ ਹੋਵੇਗੀ। ਉਹ ਅਜਿਹਾ ਕਿਸੇ ਮਕਸਦ ਤੋਂ ਬਿਨਾਂ ਨਹੀਂ ਕਰ ਰਹੀ ਕਿਉਂਕਿ ਇਸ ਇਰਾਦੇ ਦਾ ਮਕਸਦ ਪਾਰਟੀ ਵਰਕਰਾਂ ਨੂੰ ਪ੍ਰੇਰਿਤ ਕਰਨਾ ਸੀ, ਤਾਂ ਕਿ ਉਹ ‘ਦਲਿਤ ਦੀ ਬੇਟੀ ਸਿਖਰ ’ਤੇ ਪਹੁੰਚ ਰਹੀ ਹੈ’ ਦਾ ਸੁਪਨਾ ਵੇਚ ਸਕਣ। ਘੱਟੋ-ਘੱਟ ਇੰਨਾ ਹੋਵੇ ਕਿ ਮਾਇਆਵਤੀ 2019 ਤੋਂ ਬਾਅਦ ਦੇ ਚੋਣ ਦ੍ਰਿਸ਼ ’ਚ ਇਕ ਕਿੰਗਮੇਕਰ ਵਜੋਂ ਉੱਭਰੇ।
ਮਜ਼ੇ ਦੀ ਗੱਲ ਇਹ ਹੈ ਕਿ ਬਸਪਾ ਦੇ ਲਗਾਤਾਰ ਪਤਨ ਦੇ ਬਾਵਜੂਦ ਸਿਆਸੀ ਪਾਰਟੀਅਾਂ ਇਸ ਨਾਲ ਇਕ ਸਾਧਾਰਨ ਵਜ੍ਹਾ ਕਰਕੇ ਗੱਠਜੋੜ ਬਣਾਉਣ ਲਈ ਇਕ-ਦੂਜੀ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ’ਚ ਹਨ ਕਿਉਂਕਿ ਬਸਪਾ ਦੀਅਾਂ ਵੋਟਾਂ ‘ਟਰਾਂਸਫਰ’ ਹੋਣਯੋਗ ਹਨ। ਇਥੇ ਇਕ ਵੱਡਾ ਸਵਾਲ ਇਹ ਹੋ ਸਕਦਾ ਹੈ ਕਿ ਮਾਇਆਵਤੀ  ਕੀ ਆਪਣੀ ਇੱਛਾ ਪੂਰੀ ਕਰ ਸਕੇਗੀ? ਦੂਜੇ ਪਾਸੇ ਵਿਰੋਧੀ ਧਿਰ ਦੀ ਏਕਤਾ ਲਈ ਵੱਡੀਅਾਂ ਯੋਜਨਾਵਾਂ ’ਚ ਉਨ੍ਹਾਂ ਦੇ ਢੁੱਕਵੇਂਪਣ ’ਤੇ ਸਵਾਲ ਨਹੀਂ ਉਠਾਇਆ ਜਾ ਸਕਦਾ। ਇਥੋਂ ਤਕ ਕਿ ਭਾਜਪਾ ਵੀ ਬਸਪਾ ਨਾਲ ਗੱਠਜੋੜ ਬਣਾਉਣ ਦੇ ਵਿਰੁੱਧ ਨਹੀਂ ਹੈ। 
ਬਸਪਾ ਦੀ 18 ਸੂਬਿਅਾਂ ’ਚ ਮੌਜੂਦਗੀ ਹੈ। ਜੇ ਵੋਟ ਹਿੱਸੇਦਾਰੀ ਦੀ ਗੱਲ ਕਰੀਏ ਤਾਂ ਕਾਂਗਰਸ ਤੇ ਭਾਜਪਾ ਤੋਂ ਬਾਅਦ ਇਹ ਤੀਜੀ ਸਭ ਤੋਂ ਵੱਡੀ ਪਾਰਟੀ ਹੈ। 2014 ’ਚ ਇਕ ਵੀ ਸੀਟ ਨਾ ਮਿਲਣ ਦੇ ਬਾਵਜੂਦ ਬਸਪਾ ਨੇ ਯੂ. ਪੀ. ’ਚ 19.8 ਫੀਸਦੀ ਵੋਟਾਂ ਹਾਸਿਲ ਕੀਤੀਅਾਂ, ਜਦਕਿ ਮੱਧ ਪ੍ਰਦੇਸ਼ ਅਤੇ ਉੱਤਰਾਖੰਡ ’ਚ 4.5 ਫੀਸਦੀ ਤੋਂ ਜ਼ਿਆਦਾ। ਇਸ ਤੋਂ ਇਲਾਵਾ ਇਸ ਨੇ ਕਰਨਾਟਕ, ਪੰਜਾਬ, ਦਿੱਲੀ, ਰਾਜਸਥਾਨ ਅਤੇ ਛੱਤੀਸਗੜ੍ਹ ’ਚ ਸਨਮਾਨਜਨਕ ਵੋਟ ਹਿੱਸੇਦਾਰੀ  ਹਾਸਿਲ ਕੀਤੀ।
ਗੋਰਖਪੁਰ ਤੇ ਫੂਲਪੁਰ ’ਚ ਪਿੱਛੇ ਜਿਹੇ ਹੋਈਅਾਂ ਉਪ-ਚੋਣਾਂ ’ਚ ਸਪਾ ਦਾ ਸਮਰਥਨ ਕਰਨ ਤੋਂ ਬਾਅਦ ਮਾਇਆਵਤੀ ਦੀ ਤਾਕਤ ਵਧੀ ਹੈ, ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਇਕਜੁੱਟ ਵਿਰੋਧੀ ਧਿਰ ਭਾਜਪਾ ਨੂੰ ਆਸਾਨੀ ਨਾਲ ਹਰਾ ਸਕਦੀ ਹੈ। ਕਰਨਾਟਕ ’ਚ ਜਨਤਾ ਦਲ (ਐੱਸ) ਨਾਲ ਅਜਿਹਾ ਹੀ ਚੋਣਾਂ ਤੋਂ ਪਹਿਲਾਂ ਗੱਠਜੋੜ ਇਕਜੁੱਟ ਵਿਰੋਧੀ ਧਿਰ ਦੀ ਸਫਲਤਾ ਨੂੰ ਦਰਸਾਉਂਦਾ ਹੈ। ਇਸ ਗੱਲ ਦੀ ਸੰਭਾਵਨਾ ਸੀ ਕਿ ਇਸ ਨੂੰ ਸ਼ਾਇਦ ਸਾਲ ਦੇ ਅਖੀਰ ’ਚ ਹੋਣ ਵਾਲੀਅਾਂ ਵਿਧਾਨ ਸਭਾ ਚੋਣਾਂ ਦੇ ਨਾਲ-ਨਾਲ 2019 ਦੀਅਾਂ ਲੋਕ ਸਭਾ ਚੋਣਾਂ ਤਕ ਖਿੱਚਿਆ ਜਾ ਸਕਦਾ ਸੀ। 
ਪਹਿਲਾ ਇਮਤਿਹਾਨ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ’ਚ ਹੋਣ ਵਾਲੀਅਾਂ ਵਿਧਾਨ ਸਭਾ ਚੋਣਾਂ ਹੋਣਗੀਅਾਂ, ਜਿਥੇ ਇਨ੍ਹਾਂ ਸਾਰੇ ਭਾਜਪਾ ਦੇ ਸ਼ਾਸਨ ਵਾਲੇ ਸੂਬਿਅਾਂ ’ਚ ਤੇਜ਼ ਸੱਤਾ ਵਿਰੋਧੀ ਲਹਿਰ ਚੱਲ ਰਹੀ ਹੈ। ਭਾਜਪਾ ਜਾਂ ਕਾਂਗਰਸ ਲਈ ਹਾਰ ਜਾਂ ਜਿੱਤ ਦੇ ਦੂਰਰਸ ਨਤੀਜੇ ਨਿਕਲਣਗੇ। ਰਾਜਸਥਾਨ ’ਚ ਦਲਿਤਾਂ ਦੀ ਗਿਣਤੀ ਕੁਲ ਆਬਾਦੀ ਦਾ 17 ਫੀਸਦੀ ਤੋਂ ਵੱਧ ਹੈ, ਮੱਧ ਪ੍ਰਦੇਸ਼ ’ਚ 15 ਫੀਸਦੀ ਅਤੇ ਛੱਤੀਸਗੜ੍ਹ ’ਚ ਲੱਗਭਗ 12 ਫੀਸਦੀ। ਤਿੰਨਾਂ ਸੂਬਿਅਾਂ ’ਚ 65 ਲੋਕ ਸਭਾ ਸੀਟਾਂ ਹਨ। 2013 ਦੀਅਾਂ ਰਾਜਸਥਾਨ ਵਿਧਾਨ ਸਭਾ ਚੋਣਾਂ ’ਚ ਬਸਪਾ ਨੂੰ 3.5 ਫੀਸਦੀ, ਮੱਧ ਪ੍ਰਦੇਸ਼ ’ਚ 6.3 ਫੀਸਦੀ ਤੇ ਛੱਤੀਸਗੜ੍ਹ ’ਚ 4.25 ਫੀਸਦੀ ਵੋਟਾਂ ਮਿਲੀਅਾਂ ਸਨ। ਇਸ ਲਈ ਮਾਇਆਵਤੀ ਲੈਣ-ਦੇਣ ਦੀ ਸਥਿਤੀ ’ਚ ਹੈ। 
ਹਾਲਾਂਕਿ ਮਹਾਗੱਠਜੋੜ, ਜਿਸ ਦੇ ਬਣਨ ਦੀ ਉਮੀਦ ਕਾਂਗਰਸ ਕਰ ਰਹੀ ਸੀ, ਲਈ ਜਾਣ ਦੀ ਬਜਾਏ ਮਾਇਆਵਤੀ ਨੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਨਾਲ ਗੱਠਜੋੜ ਕਰ ਕੇ ਆਪਣੀ ਉਮੀਦ ਛੱਤੀਸਗੜ੍ਹ ’ਤੇ ਕੇਂਦ੍ਰਿਤ ਕਰ ਦਿੱਤੀ ਹੈ। ਅਜੀਤ ਜੋਗੀ ਨੇ ਕਾਂਗਰਸ ਨੂੰ ਛੱਡ ਕੇ ਆਪਣੀ ਪਾਰਟੀ ‘ਜਨਤਾ ਕਾਂਗਰਸ’ ਦਾ ਗਠਨ ਕਰ ਲਿਆ ਸੀ। ਮਾਇਆਵਤੀ ਨੇ ਦਿਖਾਇਆ ਹੈ ਕਿ ਉਹ ਅੱਖਾਂ ਮੀਚ ਕੇ ਭਾਜਪਾ ਵਿਰੋਧੀ ਮੋਰਚੇ ’ਚ ਸ਼ਾਮਿਲ ਨਹੀਂ ਹੋਵੇਗੀ। 
ਇਹ ਕਾਂਗਰਸ ਲਈ ਦੋਹਰਾ ਅਪਮਾਨ ਹੈ ਕਿ ਗੱਠਜੋੜ ਲਈ ਮਾਇਆਵਤੀ ਨੇ ਅਜੀਤ ਜੋਗੀ ਨੂੰ ਚੁਣਿਆ। ਦੂਜੇ ਝਟਕੇ ਦੇ ਤੌਰ ’ਤੇ ਮੱਧ ਪ੍ਰਦੇਸ਼ ’ਚ ਬਸਪਾ ਨੇ ਸਾਰੀਅਾਂ ਸੀਟਾਂ ’ਤੇ ਚੋਣਾਂ ਲੜਨ ਦਾ ਐਲਾਨ ਕੀਤਾ ਹੈ, ਜਦਕਿ ਕਾਂਗਰਸ ਸੀਟਾਂ ਦੀ ਵੰਡ ਦੇ ਫਾਰਮੂਲੇ ਨੂੰ ਲੈ ਕੇ ਟਾਲ-ਮਟੋਲ ਕਰ ਰਹੀ ਸੀ। ਜਿਥੇ ਬਸਪਾ ਨੇ ਮੱਧ ਪ੍ਰਦੇਸ਼ ’ਚ ਸਿਰਫ 4 ਸੀਟਾਂ ਜਿੱਤੀਅਾਂ ਸਨ, ਉਥੇ ਹੀ ਦਲਿਤ ਵੋਟਰ ਸ਼ਾਇਦ ਸੰਤੁਲਨ ਨੂੰ ਉਨ੍ਹਾਂ ਦੇ ਪੱਖ ’ਚ ਝੁਕਾ ਸਕਦੇ ਹਨ, ਖਾਸ ਕਰਕੇ ਚੰਬਲ ਖੇਤਰ ’ਚ।
ਕਾਂਗਰਸ ਨੂੰ ਤੀਜਾ ਝਟਕਾ ਦਿੰਦਿਅਾਂ ਬਸਪਾ ਸ਼ਾਇਦ ਰਾਜਸਥਾਨ ’ਚ ਸਪਾ ਤੇ ਖੱਬੀਅਾਂ ਪਾਰਟੀਅਾਂ ਵਲੋਂ ਬਣਾਏ ਤੀਜੇ ਮੋਰਚੇ ਨਾਲ ਗੱਠਜੋੜ ਕਰ ਸਕਦੀ ਹੈ, ਜਿਥੇ ਕਾਂਗਰਸ ਜਿੱਤਣ ਦੀ ਸਥਿਤੀ ’ਚ ਹੈ। ਜੇ ਕਾਂਗਰਸ ਸੀਟਾਂ ਦੀ ਵੰਡ ਦੇ ਮਾਮਲੇ ’ਚ ਬਸਪਾ ਪ੍ਰਤੀ ਜ਼ਿਆਦਾ ਉਦਾਰ  ਹੁੰਦੀ ਤਾਂ ਮਾਮਲਾ ਇੰਨਾ ਨਾ ਵਿਗੜਦਾ। ਕਾਂਗਰਸ ਅਜੇ ਵੀ ‘ਬਹੁਮਤ ਵਾਲੀ ਪਾਰਟੀ’ ਦੀ ਮਾਨਸਿਕਤਾ ’ਚ ਹੈ ਤੇ ਇਸ ਅਸਲੀਅਤ ਨੂੰ ਮਹਿਸੂਸ ਨਹੀਂ ਕਰ ਰਹੀ ਕਿ ਉਹ ਆਪਣੀ ਤਾਕਤ ਗੁਆ ਚੁੱਕੀ ਹੈ। 
ਇਸ ਲਈ ਵਿਰੋਧੀ ਧਿਰ ਦੀਅਾਂ ਵੋਟਾਂ ਵੰਡ ਹੋ ਸਕਦੀਅਾਂ ਹਨ, ਜਿਸ ਦਾ ਲਾਭ ਸ਼ਾਇਦ ਭਾਜਪਾ ਨੂੰ ਹੋਵੇਗਾ। ਸੱਤਾ ’ਚ ਵਾਪਸੀ ਕਰਨ ਦੀ ਭਾਜਪਾ ਦੀ ਉਮੀਦ ਪੂਰੀ ਤਰ੍ਹਾਂ ਨਾਲ ਇਕ ਵੰਡੀ ਹੋਈ ਵਿਰੋਧੀ ਧਿਰ ’ਤੇ ਟਿਕੀ ਹੈ ਤੇ ਕੇਂਦਰ ’ਚ ਸੱਤਾ ਵਿਚ ਹੋਣ ਦੇ ਨਾਤੇ ਭਾਜਪਾ ਮਾਇਆਵਤੀ ਤੇ ਵਿਰੋਧੀ ਧਿਰ ਦੇ ਹੋਰਨਾਂ ਨੇਤਾਵਾਂ ’ਤੇ ਦਬਾਅ ਬਣਾਉਣ ਦੀ ਸਥਿਤੀ ’ਚ ਹੈ, ਜੋ ਵੱਖ-ਵੱਖ ਕੇਸਾਂ ਦਾ ਸਾਹਮਣਾ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਮਾਇਆਵਤੀ ਤੇ ਅਜੀਤ ਜੋਗੀ ਦੋਵੇਂ ਹੀ ਭ੍ਰਿਸ਼ਟਾਚਾਰ ਦੇ ਮਾਮਲਿਅਾਂ ’ਚ ਸੀ. ਬੀ. ਆਈ. ਜਾਂਚ ਦਾ ਸਾਹਮਣਾ ਕਰ  ਰਹੇ ਹਨ। 
ਇਹ ਸਭ ਦਰਸਾਉਂਦਾ ਹੈ ਕਿ ਜੇ ਚੀਜ਼ਾਂ ਨਾਲ ਸਹੀ ਢੰਗ ਨਾਲ ਨਾ ਨਜਿੱਠਿਆ ਗਿਆ ਤਾਂ ਵਿਰੋਧੀ ਧਿਰ ਦੀ ਮਹਾਗੱਠਜੋੜ ਦੀ ਯੋਜਨਾ ਸਿਰੇ ਨਹੀਂ ਚੜ੍ਹੇਗੀ। ਇਹੋ ਮਾਇਆਵਤੀ ਨੇ ਯੂ. ਪੀ. ’ਚ ਕੀਤਾ, ਜੋ ਜ਼ਿਆਦਾ ਮਾਇਨੇ ਰੱਖਦਾ ਹੈ। ਇਸ ਗੱਲ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਆਪਣੀ ਸਿਆਸੀ ਹੋਂਦ ਲਈ ਵਿਰੋਧੀ  ਪਾਰਟੀਅਾਂ ਸ਼ਾਇਦ ਇਕੱਠੀਅਾਂ ਹੋ ਜਾਣ ਪਰ ਜ਼ਿਆਦਾਤਰ ਪਾਰਟੀਅਾਂ ਨੇ ਚੋਣਾਂ ਤੋਂ ਬਾਅਦ ਦੀਅਾਂ ਸਥਿਤੀਅਾਂ ਨੂੰ ਧਿਆਨ ’ਚ ਰੱਖਿਆ ਹੋਇਆ ਹੈ। ਹੁਣ ਜੋ ਸਥਿਤੀ ਹੈ, ਉਸ ਨੂੰ ਦੇਖਦਿਅਾਂ ਇਸ ਗੱਲ ’ਚ ਕੋਈ ਸ਼ੱਕ ਨਹੀਂ ਕਿ ਮਾਇਆਵਤੀ ਨੇ ਆਪਣਾ ਰਾਹ ਖ਼ੁਦ ਚੁਣ ਕੇ ਕਾਂਗਰਸ ਦੀਅਾਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਹੈ। 

 


Related News