ਖਿਸਕਦੀ ਜ਼ਮੀਨ, ਪੰਥ ’ਤੇ ਢਿੱਲੀ ਪੈਂਦੀ ਪਕੜ ਅਕਾਲੀ ਦਲ ਲਈ ਬਣੀ ਵੱਡੀ ਚੁਣੌਤੀ

Friday, Jul 22, 2022 - 03:00 PM (IST)

ਖਿਸਕਦੀ ਜ਼ਮੀਨ, ਪੰਥ ’ਤੇ ਢਿੱਲੀ ਪੈਂਦੀ ਪਕੜ ਅਕਾਲੀ ਦਲ ਲਈ ਬਣੀ ਵੱਡੀ ਚੁਣੌਤੀ

ਪੰਜਾਬ ’ਚ ਖਿਸਕਦੀ ਸਿਆਸੀ ਜ਼ਮੀਨ, ਪੰਥ ’ਤੇ ਢਿੱਲੀ ਪੈਂਦੀ ਪਕੜ ਅਤੇ ਅੰਦਰੂਨੀ ਬਗਾਵਤ ਦੇ ਕੰਢੇ ’ਤੇ ਖੜ੍ਹੀ ਪਾਰਟੀ ਨੂੰ ਬਚਾਉਣ ਲਈ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੀ ਸੰਸਦ ਮੈਂਬਰ ਪਤਨੀ ਹਰਸਿਮਰਤ ਕੌਰ ਬਾਦਲ ਨਾਲ ਮੈਦਾਨ ’ਚ ਉਤਰ ਗਏ ਹਨ। ਰਾਸ਼ਟਰਪਤੀ ਲਈ ਚੋਣ ’ਚ ਐੱਨ. ਡੀ. ਏ. ਉਮੀਦਵਾਰ ਦ੍ਰੌਪਦੀ ਮੁਰਮੂ ਦਾ ਸਮਰਥਨ ਕਰਨ ਦੇ ਬਾਅਦ ਆਪਣੀ ਹੀ ਪਾਰਟੀ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਵੱਲੋਂ ਬਗਾਵਤ ਨਾਲ ਬਾਦਲ ਪਰਿਵਾਰ ਸ਼ਸ਼ੋਪੰਜ ’ਚ ਹੈ। ਪਾਰਟੀ ’ਚ ਉੱਠ ਰਹੀ ਬਗਾਵਤ ਬਾਦਲ ਪਰਿਵਾਰ ਲਈ ਖ਼ਤਰੇ ਦੀ ਘੰਟੀ ਹੈ। ਨਾਲ ਹੀ ਚੋਣਾਂ ’ਚ ਮਿਲ ਰਹੀ ਲਗਾਤਾਰ ਹਾਰ ਦੇ ਬਾਅਦ ਸੁਖਬੀਰ ਬਾਦਲ ਨੂੰ ਪਾਰਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਲਈ ਪਾਰਟੀ ਦੇ ਹੀ ਕਈ ਸੀਨੀਅਰ ਨੇਤਾ ਬਗਾਵਤੀ ਸੁਰ ਅਪਣਾ ਚੁੱਕੇ ਹਨ। ਇਸ ਲਈ ਬੰਦੀ ਸਿੱਖਾਂ ਦੀ ਰਿਹਾਈ ਵਰਗੇ ਭਾਵੁਕ ਮਸਲੇ ਚੁੱਕ ਕੇ ਬਾਦਲ ਜੋੜੇ ਨੇ ਵੱਡਾ ਸਿਆਸੀ ਦਾਅ ਖੇਡਿਆ ਹੈ।

ਇਹ ਵੀ ਪੜ੍ਹੋ: ਮੁਹੱਲਾ ਕਲੀਨਿਕਾਂ 'ਚ ਸਟਾਫ਼ ਭਰਤੀ ਲਈ ਨਿਯਮ ਤਿਆਰ, ਇਸ ਆਧਾਰ 'ਤੇ ਮਿਲੇਗੀ ਤਨਖ਼ਾਹ

ਕਿਉਂਕਿ ਇਸ ਸਮੇਂ ਸੰਸਦ ਦਾ ਮਾਨਸੂਨ ਸੈਸ਼ਨ ਚੱਲ ਰਿਹਾ ਹੈ ਅਤੇ ਪੂਰੇ ਦੇਸ਼ ਦੇ ਸੰਸਦ ਮੈਂਬਰ ਦਿੱਲੀ ’ਚ ਡੇਰਾ ਲਾਈ ਬੈਠੇ ਹਨ, ਇਸ ਲਈ ਬਾਦਲ ਜੋੜੇ ਨੇ ਬੰਦੀ ਸਿੱਖਾਂ ਦੇ ਮੁੱਦੇ ਨੂੰ ਸੰਸਦ ਤੋਂ ਸੜਕ ਤੱਕ ਚੁੱਕ ਦਿੱਤਾ ਹੈ। ਇਸ ਮਸਲੇ ਨੂੰ ਲੈ ਕੇ ਦਿੱਲੀ ਦੀਆਂ ਕਈ ਵਿਰੋਧੀ ਪਾਰਟੀਆਂ ਦਾ ਸਮਰਥਨ ਵੀ ਮਿਲਿਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 4 ਸਾਬਕਾ ਪ੍ਰਧਾਨਾਂ ਪਰਮਜੀਤ ਸਿੰਘ ਸਰਨਾ, ਹਰਵਿੰਦਰ ਸਿੰਘ ਸਰਨਾ, ਮਨਜੀਤ ਸਿੰਘ ਜੀ. ਕੇ. ਅਤੇ ਅਵਤਾਰ ਸਿੰਘ ਹਿੱਤ ਸੁਖਬੀਰ ਸਿੰਘ ਬਾਦਲ ਦੇ ਨਾਲ ਮੰਚ ਸਾਂਝਾ ਕਰਨ ਪਹੁੰਚੇ। ਹਾਲਾਂਕਿ ਦਿੱਲੀ ਕਮੇਟੀ ’ਤੇ ਕਾਬਜ਼ ਅਕਾਲੀ ਦਲ ਦੇ ਬਾਗੀ ਧੜੇ ਨੇ ਇਸ ਪ੍ਰੋਗਰਾਮ ਤੋਂ ਦੂਰੀ ਬਣਾ ਕੇ ਰੱਖੀ।

ਆਪਣੀਆਂ ਸਜ਼ਾਵਾਂ ਪੂਰੀ ਕਰ ਚੁੱਕੇ ਬੰਦੀ ਸਿੱਖਾਂ ਦੀ ਰਿਹਾਈ ਲਈ ਸ਼੍ਰੋਮਣੀ ਅਕਾਲੀ ਦਲ ਨੇ ਸੰਸਦ ਤੋਂ ਸੜਕ ਤੱਕ ਮੋਰਚਾ ਖੋਲ੍ਹ ਦਿੱਤਾ ਹੈ। ਆਪਣੀ ਲੀਡਰਸ਼ਿਪ ਨੂੰ ਪਾਰਟੀ ਦੇ ਅੰਦਰ ਮਿਲ ਰਹੀ ਚੁਣੌਤੀ ਦੇ ਬਾਅਦ ਸੁਖਬੀਰ ਸਿੰਘ ਬਾਦਲ ਦਿੱਲੀ ਦੇ ਜੰਤਰ-ਮੰਤਰ ’ਤੇ ਹੁੰਮਸ ਅਤੇ ਸਖਤ ਗਰਮੀ ਦਰਮਿਆਨ 3 ਘੰਟਿਆਂ ਤੱਕ ਡਟੇ ਰਹੇ। ਇਸ ਤੋਂ ਪਹਿਲਾਂ ਸੰਸਦ ਦੇ ਗੇਟ ’ਤੇ ਆਪਣੀ ਸੰਸਦ ਮੈਂਬਰ ਪਤਨੀ ਹਰਸਿਮਰਤ ਕੌਰ ਬਾਦਲ ਦੇ ਨਾਲ ਹੱਥਾਂ ’ਚ ਤਖਤੀਆਂ ਫੜ ਕੇ ਮੋਦੀ ਸਰਕਾਰ ਦੇ ਕੈਬਨਿਟ ਮੰਤਰੀਆਂ ਨਾਲ ਗੱਲਬਾਤ ਕਰਦੇ ਹੋਏ ਵੀ ਨਜ਼ਰ ਆਏ। ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਬੰਦੀ ਸਿੱਖਾਂ ਦੀ ਰਿਹਾਈ ਲਈ ਬਾਦਲ ਜੋੜੇ ਨੇ ਖੂਬ ਜ਼ੋਰਦਾਰ ਵਾਸਤਾ ਪਾਇਆ ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋਈ।

ਇਹ ਵੀ ਪੜ੍ਹੋ: ਸਸਤੀ ਸ਼ਰਾਬ ਮੁਹੱਈਆ ਕਰਵਾਉਣ ਲਈ ਐਕਸਾਈਜ਼ ਅਧਿਕਾਰੀਆਂ ਨੇ ਖਿੱਚੀ ਤਿਆਰੀ, ਠੇਕਿਆਂ ’ਤੇ ਤਿੱਖੀ ਨਜ਼ਰ

ਅਕਾਲੀ ਦਲ ਦੇ ਸਾਹਮਣੇ ਦੋਹਰੀ ਚੁਣੌਤੀ

ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਰਾਜ ਸਭਾ ’ਚ ਆਪਣੀ ਹਾਜ਼ਰੀ ਗੁਆ ਚੁੱਕੇ ਅਕਾਲੀ ਦਲ ਦੇ ਸਾਹਮਣੇ ਇਸ ਸਮੇਂ ਦੋਹਰੀ ਚੁਣੌਤੀ ਹੈ। ਇਕ ਤਾਂ ਰਾਜ ਸਭਾ ’ਚ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ 7 ਰਾਜ ਸਭਾ ਮੈਂਬਰ ਚੁਣ ਕੇ ਪੰਜਾਬ ਦੇ ਮੁੱਦਿਆਂ ’ਤੇ ਆਪਣੇ ਬੜਬੋਲੇਪਨ ਨੂੰ ਦਿਖਾਉਣਾ ਚਾਹੁੰਦੇ ਹਨ, ਓਧਰ ਦੂਜੇ ਪਾਸੇ ਲੋਕ ਸਭਾ ’ਚ ਕਾਂਗਰਸ ਦੇ ਸੰਸਦ ਮੈਂਬਰਾਂ ਦਾ ਦਬਦਬਾ ਹੈ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੀ ਲੋਕ ਸਭਾ ਦੀ ਜ਼ਿਮਨੀ ਚੋਣ ਜਿੱਤ ਗਏ ਹਨ। ਉਨ੍ਹਾਂ ਦੇ ਲੋਕ ਸਭਾ ’ਚ ਪਹੁੰਚਣ ਦੇ ਬਾਅਦ ਪੰਜਾਬ ਹਿਤੈਸ਼ੀ ਮਾਮਲਿਆਂ ’ਤੇ ਬੋਲਣਾ ਹੁਣ ਬਾਦਲ ਜੋੜੇ ਲਈ ਮਜਬੂਰੀ ਬਣ ਗਿਆ ਹੈ ਕਿਉਂਕਿ ਸੰਸਦ ਦੇ ਪੰਜਾਬ ਦੇ 20 ਮੈਂਬਰਾਂ ’ਚੋਂ ਸਿਰਫ਼ 2 ਹੀ ਅਕਾਲੀ ਦਲ ਦੇ ਹਨ ਅਤੇ ਉਹ ਦੋਵੇਂ ਬਾਦਲ ਜੋੜਾ ਹਨ।

ਦਿੱਲੀ ’ਚ ਟੋਕਰੀ ਲੈ ਕੇ ਸਿੱਖਾਂ ਦਰਮਿਆਨ ਜਾਵੇਗੀ ਨਵੀਂ ਪਾਰਟੀ

ਸ਼੍ਰੋਮਣੀ ਅਕਾਲੀ ਦਲ (ਬਾਦਲ) ਤੋਂ ਟੁੱਟ ਕੇ ਬਣੀ ਨਵੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਨੂੰ ਚੋਣ ਨਿਸ਼ਾਨ ਟੋਕਰੀ ਮਿਲ ਗਿਆ। ਪਾਰਟੀ ਨੇ ਇਸ ਦੀ ਲਾਂਚਿੰਗ ਦਿੱਲੀ ’ਚ ਬੜੇ ਜ਼ੋਰ-ਸ਼ੋਰ ਨਾਲ ਕੀਤੀ। ਲਿਹਾਜ਼ਾ, ਸਮਰਥਨ ਦੇਣ ਲਈ ਵੀ ਕਈ ਮਹਾਰਥੀ ਆਗੂਆਂ ਅਤੇ ਭਾਜਪਾ ਸਮਰਥਿਤ ਕਈ ਵੱਡੇ ਸਿੱਖ ਨੇਤਾਵਾਂ ਨੇ ਹਾਜ਼ਰੀ ਭਰੀ। ਇਸ ’ਚ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ, ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ, ਲੋਕ ਭਲਾਈ ਪਾਰਟੀ ਦੇ ਪ੍ਰਧਾਨ ਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦੇ ਨਾਲ ਹੀ ਹਰਿਆਣਾ ਕਮੇਟੀ ਦੇ ਪ੍ਰਧਾਨ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਅਕਾਲੀ ਦਲ ਤੋਂ ਟੁੱਟ ਕੇ ਬਣੀ ਇਸ ਪਾਰਟੀ ਨੂੰ ਪੰਥ ਲਈ ਜ਼ਰੂਰੀ ਦੱਸਿਆ।

ਇਹ ਵੀ ਪੜ੍ਹੋ: ਚੈਕਿੰਗ ਕਰਨ ਗਏ ਕੇਂਦਰੀ ਜੇਲ੍ਹ ਪਟਿਆਲਾ ਦੇ ਸਹਾਇਕ ਸੁਪਰਡੈਂਟ ਹਰਪ੍ਰੀਤ ਸਿੰਘ ’ਤੇ ਜਾਨਲੇਵਾ ਹਮਲਾ

ਐੱਸ. ਜੀ. ਪੀ. ਸੀ. ਦੇ ਗੜ੍ਹ ’ਚ ਸੰਨ੍ਹ ਲਾਵੇਗੀ ਦਿੱਲੀ ਗੁਰਦੁਆਰਾ ਕਮੇਟੀ

ਸਿੱਖਾਂ ਦੀ ਸਰਵਉੱਚ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਦੇ ਗੜ੍ਹ ’ਚ ਵੜ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਵੱਡੀ ਸੰਨ੍ਹ ਲਾਉਣ ਦੀ ਤਿਆਰੀ ਕਰ ਰਹੀ ਹੈ। ਅੰਮ੍ਰਿਤਸਰ ’ਚ ਆਪਣਾ ਦਫ਼ਤਰ ਖੋਲ੍ਹ ਕੇ ਦਿੱਲੀ ਕਮੇਟੀ ਪੂਰੇ ਪੰਜਾਬ ’ਚ ਧਰਮ ਪ੍ਰਚਾਰ ਦੀ ਲਹਿਰ ਸ਼ੁਰੂ ਕਰੇਗੀ। ਇਸ ਦੇ ਪਿੱਛੇ ਦਲੀਲ ਦਿੱਤੀ ਜਾ ਰਹੀ ਹੈ ਕਿ ਸ਼੍ਰੋਮਣੀ ਕਮੇਟੀ ਪੰਜਾਬ ’ਚ ਵਧ ਰਹੇ ਇਸਾਈਕਰਨ ਨੂੰ ਰੋਕਣ ’ਚ ਅਸਫ਼ਲ ਰਹੀ ਹੈ। ਦਿੱਲੀ ਕਮੇਟੀ ਦੀ ਇਸ ਧਰਮ ਪ੍ਰਚਾਰ ਮੁਹਿੰਮ ’ਚ ਹਰਿਆਣਾ ਗੁਰਦੁਆਰਾ ਕਮੇਟੀ ਵੀ ਮਦਦ ਕਰੇਗੀ। ਦਿੱਲੀ ਕਮੇਟੀ ਪੰਜਾਬ ’ਚ ਜਲਦੀ ਆਪਣੀ ਮੁਹਿੰਮ ਸ਼ੁਰੂ ਕਰ ਦੇਵੇਗੀ। ਇਸ ਦੇ ਬਾਅਦ ਦੋਵਾਂ ਸੰਸਥਾਵਾਂ ’ਚ ਟਕਰਾਅ ਦੀ ਸੰਭਾਵਨਾ ਪੈਦਾ ਹੋਵੇਗੀ।

ਕੁਝ ਦਿਨ ਪਹਿਲਾਂ ਹੀ ਐੱਸ. ਜੀ. ਪੀ. ਸੀ. ਨੇ ਦਿੱਲੀ ’ਚ ਆਪਣਾ ਦਫ਼ਤਰ ਖੋਲ੍ਹ ਕੇ ਧਰਮ ਪ੍ਰਚਾਰ ਦਾ ਕੰਮ ਸ਼ੁਰੂ ਕੀਤਾ ਹੈ। ਇਸ ਮੁਹਿੰਮ ’ਤੇ ਮੋੜਵਾਂ ਵਾਰ ਕਰਦੇ ਹੋਏ ਦਿੱਲੀ ਕਮੇਟੀ ਹੁਣ ਐੱਸ. ਜੀ. ਪੀ. ਸੀ. ਦੇ ਹੀ ਇਲਾਕੇ ’ਚ ਪਹੁੰਚ ਕੇ ਆਪਣੀ ਤਾਕਤ ਦਿਖਾਵੇਗੀ। ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਦੀ ਦਲੀਲ ਹੈ ਕਿ ਐੱਸ. ਜੀ. ਪੀ. ਸੀ. ਨੂੰ ਜ਼ਿੰਮੇਵਾਰੀ ਦਿੱਤੀ ਗਈ ਸੀ ਕਿ ਸਿੱਖੀ ਨੂੰ ਸੁਰੱਖਿਆ ਦੇਣੀ ਅਤੇ ਗੁਰਧਾਮਾਂ ਦੀ ਸੇਵਾ ਕਰਨੀ ਹੈ ਪਰ ਸਿੱਖਾਂ ਦੀ ਇਹ ਸਿਰਮੌਰ ਸੰਸਥਾ ਆਪਣੀ ਜ਼ਿੰਮੇਵਾਰੀ ਨਿਭਾਉਣ ’ਚ ਅਸਫ਼ਲ ਰਹੀ ਹੈ ਜਿਸ ਦੇ ਨਤੀਜੇ ਵਜੋਂ ਦਿੱਲੀ ਕਮੇਟੀ ਅਤੇ ਹੁਣ ਹਰਿਆਣਾ ਗੁਰਦੁਆਰਾ ਕਮੇਟੀ ਹੋਂਦ ’ਚ ਆਈ ਹੈ।

ਸੁਨੀਲ ਪਾਂਡੇ
ਦਿੱਲੀ ਦੀ ਸਿੱਖ ਸਿਆਸਤ


author

Harnek Seechewal

Content Editor

Related News